Tuesday , 20 November 2018
Breaking News
You are here: Home » PUNJAB NEWS » 19 ਸਤੰਬਰ ਨੂੰ ਹੋਣਗੀਆਂ ਪੰਜਾਬ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਤੇ 150 ਪੰਚਾਇਤ ਸਮਿਤੀਆਂ ਦੀਆਂ ਚੋਣਾਂ

19 ਸਤੰਬਰ ਨੂੰ ਹੋਣਗੀਆਂ ਪੰਜਾਬ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਤੇ 150 ਪੰਚਾਇਤ ਸਮਿਤੀਆਂ ਦੀਆਂ ਚੋਣਾਂ

ਚੰਡੀਗੜ੍ਹ, 29 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਰਾਜ ਚੋਣ ਕਮਿਸ਼ਨਰ, ਪੰਜਾਬ ਜਗਪਾਲ ਸਿੰਘ ਸੰਧੂ ਨੇ ਅੱਜ ਇੱਥੇ ਪੰਜਾਬ ਭਵਨ ਵਿੱਚ ਪ੍ਰ੍ਯੈੱਸ ਕਾਨਫਰੰਸ ਕਰਕੇ ਰਾਜ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 150 ਪੰਚਾਇਤ ਸਮਿਤੀਆਂ ਦੀਆਂ ਚੋਣਾਂ ਕਰਵਾਉਣ ਸਬੰਧੀ ਪ੍ਰੋਗਰਾਮ ਦਾ ਐਲਾਨ ਕੀਤਾ। ਇਸ ਸਬੰਧੀ ਰਾਜ ਚੋਣ ਕਮਿਸ਼ਨਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਰਾਜ ਭਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਚੋਣ ਜ਼ਾਬਤਾ ਚੋਣ ਅਮਲ ਮੁਕੰਮਲ ਹੋਣ ਤੱਕ ਲਾਗੂ ਰਹੇਗਾ। ਚੋਣ ਪ੍ਰੋਗਰਾਮ ਸਬੰਧੀ ਪ੍ਰ੍ਯੈੱਸ ਕਾਨਫਰੰਸ ਦੌਰਾਨ ਸ੍ਰੀ ਜਗਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਸਬੰਧੀ ਨਾਮਜ਼ਦਗੀ ਦਾਖਲ ਕਰਨ ਦੀ ਪ੍ਰੀਕਿਰਿਆ ਮਿਤੀ 4 ਸਤੰਬਰ 2018 ਨੂੰ ਸ਼ੁਰੂ ਹੋਵੇਗੀ ਅਤੇ ਮਿਤੀ 7 ਸਤੰਬਰ 2018 ਤੱਕ ਸਬੰਧਤ ਰਿਟਰਨਿੰਗ ਅਫਸਰ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ ਅਤੇ ਮਿਤੀ 10 ਸਤੰਬਰ 2018 ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਨਾਲ ਹੀ ਦੱਸਿਆ ਕਿ 11 ਸਤੰਬਰ 2018 ਤਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਇਸੇ ਦਿਨ 11 ਸਤੰਬਰ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਮਿਤੀ 19 ਸਤੰਬਰ 2018 ਦਿਨ ਬੁੱਧਵਾਰ ਨੂੰ ਸਵੇਰੇ 8:00 ਤੋਂ ਸ਼ਾਮ 4:00 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਦਾ ਐਲਾਨ ਮਿਤੀ 22 ਸਤੰਬਰ 2018 ਨੂੰ ਕੀਤਾ ਜਾਵੇਗਾ। ਸ੍ਰੀ ਸੰਧੂ ਨੇ ਕਿਹਾ ਕਿ 22 ਜ਼ਿਲ੍ਹਾ ਪ੍ਰੀਸ਼ਦ ਦੇ 354 ਮੈਂਬਰਾਂ ਅਤੇ 150 ਪੰਚਾਇਤ ਸਮਿਤੀਆਂ ਦੇ 2900 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਵਿੱਚ ਔਰਤਾਂ ਲਈ 50 ਫੀਸਦੀ ਸੀਟਾਂ ਰਾਖਵੀਆਂ ਕੀਤੀਆਂ ਜਾਣਗੀਆਂ। ਸ੍ਰੀ ਸੰਧੂ ਨੇ ਦੱਸਿਆ ਕਿ ਚੋਣ ਅਮਲ ਨੂੰ ਨਿਯਮਾਂ ਅਨੁਸਾਰ ਨੇਪਰੇ ਚਾੜ੍ਹਨ ਲਈ 35 ਅਬਜ਼ਰਵਰ ਲਗਾਏ ਗਏ ਹਨ। ਰਾਜ ਚੋਣ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਉਮੀਦਵਾਰ ਵੱਲੋਂ ਕੀਤੇ ਜਾਣ ਵਾਲੇ ਖਰਚ ਦੀ ਹੱਦ ਜ਼ਿਲ੍ਹਾ ਪ੍ਰੀਸ਼ਦ ਲਈ 1.90 ਲੱਖ ਰੁਪਏ ਮਿੱਥੀ ਗਈ ਹੈ, ਜਦੋਂ ਕਿ ਪੰਚਾਇਤ ਸਮਿਤੀਆਂ ਲਈ 80000 ਰੁਪਏ ਹੈ। ਸ੍ਰੀ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸਮਿਤੀਆਂ ਵਿੱਚ ਵੋਟਰ ਸੂਚੀਆਂ ਨੂੰ ਕੁਆਲੀਫਾਇੰਗ ਮਿਤੀ 1 ਜਨਵਰੀ 2018 ਤੱਕ ਅਪਡੇਟ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸਮਿਤੀਆਂ ਚੋਣਾਂ ਲਈ ਰਾਜ ਵਿੱਚ ਕੁੱਲ 12787395 ਵੋਟਰਾਂ ਦਾ ਨਾਮ ਦਰਜ ਹਨ, ਜਿਨ੍ਹਾਂ ਵਿੱਚੋਂ 6688245 ਪੁਰਸ਼ ਵੋਟਰ ਹਨ, ਜਦੋਂ ਕਿ 6099245 ਮਹਿਲਾ ਵੋਟਰ ਹਨ ਅਤੇ 97 ਥਰਡ ਜੈਂਡਰ ਹਨ। ਉਨ੍ਹਾਂ ਸਮੂਹ ਸਬੰਧਤ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਚੋਣ ਅਮਲ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਰਾਜ ਵਿੱਚ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ 17268 ਬੂਥ ਸਥਾਪਤ ਕੀਤੇ ਗਏ ਹਨ ਅਤੇ 86340 ਸਰਕਾਰੀ ਮੁਲਾਜ਼ਮ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਵਿੱਚ ਲਾਇਆ ਗਿਆ ਹੈ।

Comments are closed.

COMING SOON .....


Scroll To Top
11