Tuesday , 15 October 2019
Breaking News
You are here: Home » Editororial Page » ਜ਼ੁਬਾਨ ਕੀਮਤੀ ਤੋਹਫਾ ਹੈ- ਇਸ ਦੀ ਸੁਚੱਜੀ ਵਰਤੋਂ ਕਰੀਏ

ਜ਼ੁਬਾਨ ਕੀਮਤੀ ਤੋਹਫਾ ਹੈ- ਇਸ ਦੀ ਸੁਚੱਜੀ ਵਰਤੋਂ ਕਰੀਏ

ਮਨੁੱਖੀ ਜੀਵਨ ਪਰਮਾਤਮਾ ਵੱਲੋਂ ਮਿਲਿਆ ਹੋਇਆ ਇੱਕ ਵਰਦਾਨ ਹੈ। ਜ਼ੁਬਾਨ ਮਨੁੱਖੀ ਜੀਵ ਦਾ ਮਹੱਤਵਪੂਰਨ ਅੰਗ ਹੈ। ਜ਼ੁਬਾਨ ਮਨੁੱਖ ਦਾ ਜਨਮ ਤੋਂ ਲੈ ਕੇ ਮਰਨ ਤੱਕ ਸਾਥ ਨਿਭਾਉਂਦੀ ਹੈ। ਦੰਦ ਤਾਂ ਜਨਮ ਲੈਣ ਤੋਂ ਬਾਅਦ ਆਉਦੇ, ਟੁੱਟਦੇ, ਫਿਰ ਨਵੇਂ ਆਉਂਦੇਂ ਅਤੇ ਬੁਢਾਪੇ ਵਿੱਚ ਵੀ ਸਾਥ ਛੱਡ ਜਾਂਦੇ ਹਨ ਪਰ ਜੀਭ ਮਰਨ ਤੱਕ ਸਾਥ ਨਿਭਾਉਂਦੀ ਹੈ। ਜ਼ੁਬਾਨ ਹੈ ਤਾਂ ਅਸੀਂ ਆਪਣੇ ਮਨ ਦੇ ਹਾਵ-ਭਾਵ ਬੋਲ ਕੇ ਦੂਜਿਆਂ ਨਾਲ ਸਾਂਝੇ ਕਰਦੇ ਹਾਂ। ਜ਼ੁਬਾਨ ‘ਚੋਂ ਨਿਕਲਿਆ ਹਰ ਇੱਕ ਲਫਜ਼ ਤੀਰ ਨਾਲੋਂ ਵੀ ਜ਼ਿਆਦਾ ਵਾਰ ਕਰ ਜਾਂਦਾ ਹੈ। ਤੀਰ ਕਮਾਨ ‘ਚੋਂ, ਪਰਾਣ ਸਰੀਰ ‘ਚੋਂ ਅਤੇ ਬੋਲ ਜ਼ੁਬਾਨ ‘ਚੋਂ ਇੱਕ ਵਾਰ ਨਿਕਲ ਜਾਣ ਤਾਂ ਵਾਪਸ ਨਹੀਂ ਆਉਂਦੇ। ਜ਼ਖ਼ਮ ਦੇ ਫੱਟ ਤਾਂ ਮਿਟ ਜਾਂਦੇ ਹਨ ਪਰ ਜ਼ੁਬਾਨ ਦੇ ਫੱਟ ਕਦੇ ਨਹੀਂ ਮਿਟਦੇ। ਕਿਸੇ ਦੇ ਮੂੰਹ ‘ਚੋਂ ਨਿਕਲਿਆ ਮਾੜਾ ਸ਼ਬਦ ਸਾਰੀ ਉਮਰ ਰੜਕਦਾ ਰਹਿੰਦਾ ਹੈ। ਕਈ ਇਨਸਾਨਾਂ ਦੀ ਜ਼ੁਬਾਨ ‘ਚ ਇੰਨੀ ਮਿਠਾਸ ਹੁੰਦੀ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਹੈ ਅਤੇ ਕਈਆਂ ਦੇ ਬੋਲ ਚੁੱਭਦੇ ਹਨ। ਬੋਲੀ ਤੋਂ ਹੀ ਸਾਡੀ ਸ਼ਖਸ਼ੀਅਤ ਝਲਕਦੀ ਹੈ। ਸਾਡੇ ਮੂੰਹ ਤੇ ਸਾਡੀ ਯੋਗਤਾ ਨਹੀਂ ਲਿਖੀ, ਸਾਡੇ ਬੋਲਾਂ ਤੋਂ ਸਾਡੀ ਕਾਬਲੀਅਤ ਦਾ ਪਤਾ ਲੱਗਦਾ ਹੈ। ਇਸ ਕਰਕੇ ਸਾਨੂੰ ਹਮੇਸ਼ਾਂ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। “ਪਹਿਲਾਂ ਤੋਲੋ, ਫਿਰ ਬੋਲੋ” ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਕੰਮਾਂ ਜਾਂ ਬੋਲਾਂ ਨਾਲ ਕਿਸੇ ਦਾ ਦਿਲ ਨਾ ਦੁਖੇ। ਇਹ ਸਾਰਾ ਸੰਸਾਰ ਇੱਕ ਬਾਗ ਦੀ ਨਿਆਈਂ ਹੈ, ਜਿਸ ਵਿੱਚ ਰੰਗ-ਬਿਰੰਗੇ ਫੁੱਲ ਖਿੜੇ ਹੋਏ ਹਨ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਬੋਲਾਂ ਨਾਲ ਕਿਸੇ ਫੁੱਲ ਨੂੰ ਕੋਈ ਨੁਕਸਾਨ ਨਾ ਹੋਵੇ। ਸ਼ੇਖ ਫਰੀਦ ਜੀ ਕਹਿੰਦੇ ਹਨ, “ਇਕੁ ਫਿਕਾ ਨਾ ਗਾਲਾਇ ਸਭਨਾ ਮੈ ਸਚਾ ਧਣੀ।। ਹਿਆਨ ਕੈਹੀ ਠਾਹਿ ਮਾਣਕ ਸਭ ਅਮੋਲਵੇ” ਸਾਨੂੰ ਕਦੇ ਵੀ ਮਾੜਾ ਬਚਨ ਬੋਲ ਕੇ ਕਿਸੇ ਦਾ ਹਿਰਦਾ ਨਹੀਂ ਦੁਖਾਉਣਾ ਚਾਹੀਦਾ ਕਿਉਂਕਿ ਸਾਰਿਆਂ ਦੇ ਹਿਰਦੇ ਕੀਮਤੀ ਮੋਤੀ ਹਨ। ਜ਼ੁਬਾਨ ਦੇ ਰਸ ਦੀ ਇੱਕ ਨਿੱਕੀ ਜਿਹੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ :- ਇੱਕ ਵਾਰ ਇੱਕ ਮੰਗਤਾ ਕਿਸੇ ਦੇ ਘਰ ਮੰਗਣ ਚਲਾ ਗਿਆ। ਘਰ ਦੀ ਸਵਾਣੀ ਨੇ ਬੜੇ ਸਤਿਕਾਰ ਨਾਲ ਮੰਗਤੇ ਨੂੰ ਮੰਜੇ ਤੇ ਬਿਠਾਇਆ ਅਤੇ ਕਿਹਾ, “ ਬੈਠੋ ਬਾਬਾ ਜੀ, ਖੀਰ ਰਿੱਝ ਰਹੀ ਆ ਚੁੱਲ੍ਹੇ ਤੇ, ਖਾ ਕੇ ਹੀ ਜਾਇ?” ਸਵਾਣੀ ਨੇ ਸੋਚਿਆ ਕਿ ਖੀਰ ਖਾ ਕੇ ਮੰਗਤਾ ਸਾਨੂੰ ਅਸੀਸਾਂ ਦੇਵੇਗਾ ਅਤੇ ਮੇਰੇ ਘਰ -ਪਰਿਵਾਰ ਤੇ ਮਿਹਰ ਰਹੇਗੀ। ਮੰਗਤਾ ਮੰਜੇ ‘ਤੇ ਬੈਠਾ ਘਰ ਵਿੱਚ ਪਈਆਂ ਹੋਈਆਂ ਚੀਜਾਂ ਵੱਲ ਦੇਖਦਾ ਰਿਹਾ। ਸਾਰੀਆਂ ਚੀਜਾਂ ਵੱਲ ਦੇਖਦੇ- ਦੇਖਦੇ ਮੰਗਤੇ ਦੀ ਨਜ਼ਰ ਘਰ ਵਿੱਚ ਖਲੋਤੀ ਮੱਝ ਤੇ ਪੈ ਗਈ। ਮੰਗਤੇ ਨੇ ਘਰ ਦੀ ਸਵਾਣੀ ਨੂੰ ਕਿਹਾ, “ ਬੀਬੀ ਜੀ, ਹੋਰ ਤਾਂ ਤੁਹਾਡੇ ਘਰ ਸਭ ਠੀਕ ਹੈ ਪਰ ਤੁਹਾਡੇ ਘਰ ਦਾ ਬੂਹਾ ਬਹੁਤ ਤੰਗ ਹੈ, ਜੇਕਰ ਤੁਹਾਡੀ ਆਹ ਮੱਝ ਮਰ ਜਾਵੇ ਤਾਂ ਤੰਗ ਦਰਵਾਜ਼ੇ ‘ ਚੋ ਕਿਵੇਂ ਬਾਹਰ ਕੱਢੋਗੇ?“ ਇਹ ਗੱਲ ਸੁਣ ਕੇ ਘਰ ਦੀ ਸਵਾਣੀ ਨੂੰ ਅੱਗ ਲੱਗ ਗਈ ਤੇ ਉਸ ਨੇ ਗੁੱਸੇ ਵਿੱਚ ਆ ਕੇ ਸੜਦੀ ਬਲਦੀ ਅੱਧ ਪੱਕੀ ਖੀਰ ਮੰਗਤੇ ਦੀ ਝੋਲੀ ਵਿੱਚ ਪਾ ਦਿੱਤੀ ਤੇ ਘਰੋਂ ਦਫਾ? ਹੋਣ ਲਈ ਕਿਹਾ। ਬਾਹਰ ਰਸਤੇ ਤੇ ਤੁਰੇ ਜਾਂਦੇ ਮੰਗਤੇ ਨੂੰ ਕਿਸੇ ਰਾਹੀ ਨੇ ਪੁੱਛਿਆ, “ ਬਾਬਾ!
ਤੇਰੀ ਝੋਲੀ ‘ਚੋ ਕੀ ਚੋਅ ਰਿਹਾ ਹੈ? “ ਮੰਗਤੇ ਨੇ ਜਵਾਬ ਦਿੱਤਾ, “ਇਹ ਮੇਰੀ ਜ਼ੁਬਾਨ ਦਾ ਰਸ ਹੈ।“ ਸੋ ਇਸ ਤਰ੍ਹਾਂ ਜ਼ੁਬਾਨ ਸਾਰੀਆਂ ਚੰਗਿਆਈਆਂ ਦਾ ਨਿਚੋੜ ਹੁੰਦੀ ਹੈ। ਗੁਰੂਆਂ ਪੀਰਾਂ ਨੇ ਹਮੇਸ਼ਾ ਮਿੱਠਾ ਬੋਲਣਾ ਸਿਖਾਇਆ ਹੈ। ਜ਼ੁਬਾਨ ਦੀ ਮਿਠਾਸ ਨਾਲ ਕੋਈ ਵੀ ਕਾਰੋਬਾਰ ਸਫ਼ਲ ਹੋ ਜਾਂਦਾ ਹੈ। ਦੁਕਾਨਦਾਰ ਆਪਣੇ ਜ਼ੁਬਾਨ ਦੇ ਰਸ ਕਾਰਨ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਦੇ ਯੋਗ ਹੋ ਜਾਂਦੇ ਹਨ। ਦੁਨੀਆਂ ਦੇ ਅਨੇਕਾਂ ਲੋਕ ਆਪਣਾ ਮੁੱਲ ਨਹੀਂ ਪੁਆ ਸਕੇ ਕਿਉਂਕਿ ਉਨ੍ਹਾਂ ਕੋਲ ਜ਼ੁਬਾਨ ਦੇ ਰਸ ਦੀ ਥਾਂ ਕਸੋਹਣੇ, ਛਿੱਥੇ, ਚੁੱਭਵੇਂ ਅਤੇ ਕੌੜੇ ਲਫਜ਼ ਸਨ, ਜੋ ਉਨ੍ਹਾਂ ਨੂੰ ਬੇ-ਕੀਮਤੀ ਬਣਾ ਗਏ। ਆਉ, ਜ਼ੁਬਾਨ ਦਾ ਰਸ ਪੈਦਾ ਕਰੀਏ। ਜ਼ੁਬਾਨ ਸਾਨੂੰ ਪਰਮਾਤਮਾ ਵੱਲੋਂ ਮਿਲਿਆ ਬਹੁਤ ਹੀ ਮਹਿੰਗਾ ਅਤੇ ਕੀਮਤੀ ਤੋਹਫਾ ਹੈ, ਇਸ ਦੀ ਸੁਚੱਜੀ ਵਰਤੋਂ ਕਰੀਏ।

Comments are closed.

COMING SOON .....


Scroll To Top
11