Tuesday , 18 June 2019
Breaking News
You are here: Home » Editororial Page » ਜ਼ਿਲ੍ਹਾ ਸੰਗਰੂਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਜਥੇਬੰਦੀਆਂ ਅਤੇ ਹੋਰ ਵਰਗਾਂ ਵੱਲੋਂ ਪਦਮ ਭੂਸ਼ਣ ਐਵਾਰਡੀ ਸ. ਸੁਖਦੇਵ ਸਿੰਘ ਢੀਂਡਸਾ ਦਾ ਸਨਮਾਨ

ਜ਼ਿਲ੍ਹਾ ਸੰਗਰੂਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਜਥੇਬੰਦੀਆਂ ਅਤੇ ਹੋਰ ਵਰਗਾਂ ਵੱਲੋਂ ਪਦਮ ਭੂਸ਼ਣ ਐਵਾਰਡੀ ਸ. ਸੁਖਦੇਵ ਸਿੰਘ ਢੀਂਡਸਾ ਦਾ ਸਨਮਾਨ

ਲਹਿਰਾਗਾਗਾ- ਭਾਰਤ ਦੇ ਰਾਸ਼ਟਰਪਤੀ ਗੋਵਿੰਦ ਵਲੋਂ ਜਨਤਕ ਮਾਮਲਿਆਂ ਵਿਚ ਉਸਾਰੂ ਯੋਗਦਾਨ ਪਾਉਣ ਲਈ ਸ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ । ਸ ਢੀਂਡਸਾ ਉਹ ਆਗੂ ਹਨ ,ਜਿਨਾਂ ਵਲੋਂ ਵਖ ਵਖ ਰੂਪ ਵਿਚ ਕੌਮੀ ਹਿਤਾਂ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਭੂਮਿਕਾ ਨਿਭਾਈ ਗਈ ਹੈ । ਇਸ ਸੰਬੰਧੀ ਗਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਮੈਂਬਰ ਰਾਮਪਾਲ ਸਿੰਘ ਬਹਿਣੀਵਾਲ ਨੇ ਦਸਿਆ ਕਿ ਜ਼ਿਲ੍ਹਾ ਸੰਗਰੂਰ ਦੀਆਂ ਵਖ ਵਖ ਸਮਾਜਿਕ, ਧਾਰਮਿਕ, ਮੁਲਾਜ਼ਮ ਜਥੇਬੰਦੀਆਂ ਤੇ ਵਖ ਵਖ ਵਰਗਾਂ ਵਲੋਂ ਸਰਦਾਰ ਢੀਂਡਸਾ ਨੂੰ ਪਦਮ ਭੂਸ਼ਣ ਐਵਾਰਡ ਮਿਲਣ ਦੀ ਖੁਸ਼ੀ ਵਿਚ ਅਜ ਅਕਾਲ ਕਾਲਜ ਮਸਤੂਆਣਾ ਸਾਹਿਬ ਦੇ ਆਡੀਟੋਰੀਅਮ ਵਿਚ ਸਰਦਾਰ ਢੀਂਡਸਾ ਦਾ ਸਨਮਾਨ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਪਦਮ ਸ੍ਰੀ ਪੁਰਸਕਾਰ ਤਾਂ ਪਹਿਲਾਂ ਵੀ ਪੰਜਾਬੀਆਂ ਅਤੇ ਸਿਖਾਂ ਨੂੰ ਮਿਲਦੇ ਰਹੇ ਹਨ, ਪ੍ਰੰਤੂ ਪਦਮ ਭੂਸ਼ਣ ਪੁਰਸਕਾਰ ਪਹਿਲੀ ਵਾਰ ਕਿਸੇ ਸਿਖ ਅਤੇ ਖਾਸ ਤੌਰ ਤੇ ਅਕਾਲੀ ਦਲ ਦੇ ਨੇਤਾ ਨੂੰ ਦਿਤਾ ਗਿਆ ਹੈ । ਸ ਸੁਖਦੇਵ ਸਿੰਘ ਢੀਂਡਸਾ ਇਕ ਪ੍ਰਬੁਧ, ਸ਼ਰੀਫ, ਸੁਲਝਿਆ ਹੋਇਆ, ਸਿਆਣਾ, ਸ਼ਹਿਣਸ਼ੀਲ, ਸਹਿਯੋਗੀ, ਨਿਮਰਤਾ ਤੇ ਸਬਰ ਸੰਤੋਖ਼ ਵਾਲਾ, ਮਿਠਬੋਲੜਾ ਅਤੇ ਸਾਧਾਰਣਤਾ ਦਾ ਪ੍ਰਤੀਕ ਦਰਵੇਸ਼ ਸਿਆਤਦਾਨ ਹੈ । ਉਸਦੇ ਵਿਅਕਤੀਤਵ ਨਾਲ ਜਿੰਨੇ ਵੀ ਵਿਸ਼ੇਸ਼ਣ ਲਗਾ ਲਏ ਜਾਣ ਉੰਨੇ ਹੀ ਥੋੜ੍ਹੇ ਹਨ। ਉਨ੍ਹਾਂ ਸਿਆਸਤ ਵਿਚ ਆਪਣਾ ਸਥਾਨ ਆਪਣੀ ਹਿੰਮਤ, ਦਲੇਰੀ ਅਤੇ ਹਲੀਮੀ ਨਾਲ ਬਣਾਇਆ ਹੈ। ਇਕ ਆਮ ਦਿਹਾਤੀ ਖੇਤੀਬਾੜੀ ਕਰਨ ਵਾਲੇ ਪਰਿਵਾਰ ਵਿਚੋਂ ਉਠਕੇ ਭਾਰਤ ਦੀ ਸਿਆਸਤ ਵਿਚ ਆਪਣਾ ਵਿਲਖਣ ਸਥਾਨ ਬਣਾਇਆ ਹੈ । ਪਾਰਟੀ ਦੀ ਸਿਖਰਲੀ ਪੌੜੀ ਦੇ ਨਜ਼ਦੀਕ ਪਹੁੰਚਣਾ ਖਾਲਾ ਜੀ ਦਾ ਵਾੜਾ ਨਹੀਂ ਪ੍ਰੰਤੂ ਉਹਨਾਂ ਹਲੀਮੀ ਅਤੇ ਸਭੇ ਸਾਂਝੀਵਾਲ ਸਦਾਇਨ ਵਿਚ ਵਿਸ਼ਵਾਸ਼ ਰਖਣ ਦੀ ਪ੍ਰਵਿਰਤੀ ਨੇ ਪਾਰਟੀ ਦੇ ਸਕਤਰ ਜਨਰਲ ਦੇ ਅਹੁਦੇ ਤੇ ਪਹੁੰਚਾਇਆ। ਇਹ ਅਹੁਦਾ ਵੀ ਸੁਖਦੇਵ ਸਿੰਘ ਢੀਂਡਸਾ ਲਈ ਬਣਾਇਆ ਗਿਆ ਸੀ। ਅਹੁਦੇ ਪ੍ਰਾਪਤ ਕਰਨੇ ਔਖੇ ਨਹੀਂ ਹੁੰਦੇ ਪ੍ਰੰਤੂ ਇਨ੍ਹਾਂ ਅਹੁਦਿਆਂ ਦੀ ਸ਼ਾਲੀਨਤਾ ਨੂੰ ਬਣਾਈ ਰਖਣਾ ਅਸੰਭਵ ਹੁੰਦਾ ਹੈ। ਸ ਢੀਂਡਸਾ ਸਾਰੀ ਉਮਰ ਕਿਸੇ ਵਾਦਵਿਵਾਦ ਵਿਚ ਨਹੀਂ ਪਏ। ਆਪ ਦੀ ਵਿਲਖਣਤਾ ਇਹ ਹੈ ਕਿ ਇੰਨੇ ਲੰਮੇਂ ਸਿਆਸੀ ਕੈਰੀਅਰ ਵਿਚ ਜਦੋਂ ਕਿ ਆਪ ਪੰਜਾਬ ਅਤੇ ਕੇਂਦਰ ਸਰਕਾਰ ਵਿਚ ਵੀ ਮੰਤਰੀ ਰਹੇ ਅਤੇ ਮਹਤਵਪੂਰਨ ਖੇਡ ਸੰਸਥਾਵਾਂ ਦੇ ਮੁਖੀ ਰਹੇ ਪ੍ਰੰਤੂ ਅਜ ਤਕ ਭਰਿਸ਼ਟਾਚਾਰ ਦਾ ਕੋਈ ਇਲਜ਼ਾਮ ਨਹੀਂ ਲਗਿਆ। ਇਸ ਲਈ ਆਪਨੂੰ ਇਮਾਨਦਾਰੀ ਅਤੇ ਹਲੀਮੀ ਦਾ ਪ੍ਰਤੀਕ ਵੀ ਕਿਹਾ ਜਾ ਸਕਦਾ ਹੈ। ਆਪਨੇ ਆਪਣੀ ਸਿਆਸੀ ਚਿਟੀ ਚਾਦਰ ਨੂੰ ਕੋਈ ਦਾਗ਼ ਨਹੀਂ ਲਗਣ ਦਿਤਾ। ਸ੍ਰ ਸੁਖਦੇਵ ਸਿੰਘ ਢੀਂਡਸਾ ਦਾ ਜਨਮ ਸੰਗਰੂਰ ਜਿਲ੍ਹੇ ਦੇ ਪਿੰਡ ਉਭਾਵਾਲ ਵਿਖੇ ਇਕ ਸਾਧਾਰਨ ਜਟ ਸਿਖ ਪਰਿਵਾਰ ਵਿਚ ਸ੍ਰ ਰਤਨ ਸਿੰਘ ਅਤੇ ਮਾਤਾ ਲਾਭ ਕੌਰ ਦੇ ਘਰ 9 ਅਪ੍ਰੈਲ 1936 ਨੂੰ ਹੋਇਆ ਸੀ। ਆਪ ਨੇ ਮੁਢਲੀ ਸਿਖਿਆ ਗੁਰੂ ਨਾਨਕ ਹਾਈ ਸਕੂਲ ਸੰਗਰੂਰ ਅਤੇ ਬੀ ਏ ਦੀ ਡਿਗਰੀ ਰਣਬੀਰ ਕਾਲਜ ਸੰਗਰੂਰ ਤੋਂ ਪਾਸ ਕੀਤੀ। ਕਾਲਜ ਦੀ ਪੜ੍ਹਾਈ ਦੌਰਾਨ ਹੀ ਆਪ ਨੇ ਸਿਆਸਤ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿਤੀ ਤੇ ਆਪ ਕਾਲਜ ਦੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਹੇ। ਆਪ ਦਾ ਵਿਆਹ 1962 ਵਿਚ ਸ੍ਰੀਮਤੀ ਹਰਜੀਤ ਕੌਰ ਨਾਲ ਹੋ ਗਿਆ। ਆਪ ਦੇ ਇਕ ਲੜਕਾ ਪ੍ਰਮਿੰਦਰ ਸਿੰਘ ਅਤੇ ਦੋ ਲੜਕੀਆਂ ਹਨ। ਆਪ ਦਾ ਲੜਕਾ ਪ੍ਰਮਿੰਦਰ ਸਿੰਘ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿਚ ਵਿਤ ਮੰਤਰੀ ਰਿਹਾ ਹੈ ਅਤੇ ਹੁਣ ਲਹਿਰਾਗਾਗਾ ਹਲਕੇ ਤੋਂ ਵਿਧਾਇਕ ਹੈ। ਆਪਦਾ ਇਕ ਜਵਾਈ ਤੇਜਿੰਦਰਪਾਲ ਸਿੰਘ ਸਿਧੂ ਆਈ ਏ ਐਸ ਅਧਿਕਾਰੀ ਸੇਵਾ ਮੁਕਤ ਹੋਇਆ ਹੈ। ਸਿਆਸਤ ਦੀ ਪਹਿਲੀ ਪੌੜੀ ਆਪ ਨੇ ਪਿੰਡ ਉਭਾਵਾਲ ਦੇ 1962 ਵਿਚ ਸਰਪੰਚ ਬਣਕੇ ਸਰ ਕੀਤੀ। ਇਸ ਤੋਂ ਬਾਅਦ ਬਾਕਾਇਦਾ ਆਪ ਦਾ ਸਿਆਸੀ ਕੈਰੀਅਰ ਸ਼ੁਰੂ ਹੋ ਗਿਆ। ਆਪ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਮੈਂਬਰ ਵੀ ਰਹੇ ਹਨ। ਪਹਿਲੀ ਵਾਰ 1972 ਵਿਚ ਪੰਜਾਬ ਵਿਧਾਨ ਸਭਾ ਦੀ ਚੋਣ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੇ ਅਤੇ ਐਮ ਐਲ ਏ ਬਣੇ । ਇਸ ਤੋਂ ਬਾਦ ਆਪ ਪੰਜਾਬ ਵਿਧਾਨ ਸਭਾ ਲਈ 1977, 80 ਅਤੇ 85 ਵਿਚ ਚੋਣ ਲੜੇ ਅਤੇ ਐਮ ਐਲ ਏ ਬਣੇ । ਆਪ ਨੂੰ 1973 ਵਿਚ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕਤਰ ਬਣਾ ਦਿਤਾ ਗਿਆ ਕਿਉਂਕਿ ਆਪ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਹਮੇਸ਼ਾ ਦੁਖ ਸੁਖ ਦੇ ਸਾਥੀ ਰਹੇ ਹਨ। ਆਪ 1977 ਤੋਂ 80 ਤਕ ਪੰਜਾਬ ਮੰਤਰੀ ਮੰਡਲ ਵਿਚ ਖੇਡਾਂ, ਸਭਿਆਚਾਰਕ ਮਾਮਲੇ, ਸ਼ਹਿਰੀ ਹਵਾਬਾਜੀ ਅਤੇ ਟ੍ਰਾਂਸਪੋਰਟ ਵਿਭਾਗਾਂ ਦੇ ਮੰਤਰੀ ਰਹੇ। ਅਕਾਲੀ ਦਲ ਦੀ ਸਿਆਸਤ ਵਿਚ ਕਈ ਵਾਰ ਉਤਰਾਅ ਚੜ੍ਹਾਅ ਆਏ, ਜਿਸ ਕਰਕੇ ਫਿਰ ਆਪਨੂੰ 1997 ਵਿਚ ਪੰਜਾਬ ਰਾਜ ਬਿਜਲੀ ਬੋਰਡ ਦਾ ਚੇਅਰਮੈਨ ਲਗਾਇਆ ਗਿਆ, ਜਿਸ ਅਹੁਦੇ ਤੇ ਆਪ 1998 ਤਕ ਰਹੇ। 1998 ਵਿਚ ਹੀ ਆਪ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ। ਆਪ 1999 ਤੋਂ 2004 ਤਕ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿਚ ਯੁਵਕ ਮਾਮਲੇ, ਖੇਡਾਂ ਅਤੇ ਖਾਦ ਤੇ ਰਸਾਇਣ ਵਿਭਾਗਾਂ ਦੇ ਕੇਂਦਰੀ ਮੰਤਰੀ ਰਹੇ। ਆਪਨੇ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੀ ਯਾਤਰਾ ਕੀਤੀ। ਆਪ ਨੂੰ ਖੇਡਾਂ ਵਿਚ ਵਿਸ਼ੇਸ਼ ਦਿਲਚਸਪੀ ਹੈ ਅਤੇ ਆਪ ਪੰਜਾਬ ਓਲੰਪਿਕ ਐਸੋਸੀਏਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਖੇਡ ਸੰਸਥਾਵਾਂ ਦੇ ਪ੍ਰਧਾਨ ਹਨ, ਜਿਹਨਾਂ ਵਿਚ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ, ਪੰਜਾਬ ਬਾਕਸਿੰਗ ਅਤੇ ਰੋਇੰਗ ਐਸੋਸੀਏਸ਼ਨ ਸ਼ਾਮਲ ਹਨ। ਅਜ ਸਮੁਚਾ ਸੰਗਰੂਰ ਜਿਲਾ ਪਦਮ ਭੂਸ਼ਣ ਐਵਾਰਡ ਮਿਲਣ ਦੀ ਖੁਸ਼ੀ ਵਿਚ ਸ ਸੁਖਦੇਵ ਸਿੰਘ ਢੀਂਡਸਾ ਦਾ ਸਨਮਾਨ ਕਰਕੇ ਮਾਣ ਮਹਿਸੂਸ ਕਰ ਰਿਹਾ ਹੈ । ਇਸ ਮੌਕੇ ਪ੍ਰੀਤਮਹਿੰਦਰ ਸਿੰਘ ਪਿਸ਼ੌਰ, ਛਜੂ ਸਿੰਘ ਸਰਾਓ ਕਾਲਬੰਜਾਰਾ, ਐਡਵੋਕੇਟ ਜਗਦੀਪ ਸਿੰਘ ਜੌਲੀ ਸੰਧੂ, ਨੈਬ ਸਿੰਘ ਪੂਨੀਆਂ , ਸਮਾਜ ਸੇਵੀ ਦਲਜੀਤ ਸਿੰਘ ਸਰਾਓ, ਐਡਵੋਕੇਟ ਹਰਜਿੰਦਰ ਸਿੰਘ ਸਿਧੂ, ਗੁਰਦੀਪ ਸਿੰਘ ਸਿਧੂ ਗਾਗਾ, ਕੁਲਤੇਜ ਸਿੰਘ ਜਲੂਰ, ਚਮਕੌਰ ਸਿੰਘ ਬਾਦਲਗੜ, ਧਰਮਜੀਤ ਸਿੰਘ ਸੰਗਤਪੁਰਾ, ਸੁਖਵਿੰਦਰ ਸਿੰਘ ਬਿਲੂ ਖੰਡੇਵਾਦ, ਜਸਵੰਤ ਸਿੰਘ ਹੈਪੀ, ਪੂਰਨ ਸਿੰਘ ਖਾਈ ਆਦਿ ਹਾਜ਼ਰ ਸਨ ।
– ਜਤਿੰਦਰ ਜਲੂਰ
ਪੱਤਰਕਾਰ ‘ਪੰਜਾਬ ਟਾਇਮਜ਼’ ਲਹਿਰਾਗਾਗਾ
ਸੰਪਰਕ : 97812-77897

Comments are closed.

COMING SOON .....


Scroll To Top
11