Wednesday , 16 January 2019
Breaking News
You are here: Home » Editororial Page » ਜ਼ਿਲ੍ਹਾ ਮਾਨਸਾ ‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ’ ਦੇ ਆਇਨੇ ’ਚੋਂ

ਜ਼ਿਲ੍ਹਾ ਮਾਨਸਾ ‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ’ ਦੇ ਆਇਨੇ ’ਚੋਂ

ਸਿੱਖਿਆ ਮਹਿਜ ਅੱਖਰ ਗਿਆਨ ਨਹੀਂ ਹੈ । ਸਿੱਖਿਆ ਨੂੰ ਸਿਰਫ ਪਾਸ ਹੋਣ ਨਾਲ ਵੀ ਨਹੀਂ ਮਾਪਿਆ ਜਾਣਾ ਚਾਹੀਦਾ । ਸਿੱਖਿਆ ਦਾ ਮੂਲ ਸਾਡੇ ਗਿਆਨ ਨਾਲ ਜੁੜਿਆ ਹੋਇਆ ਹੈ ਜਿਹੜਾ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਉਂਦਾ ਹੈ , ਜਿਹੜਾ ਸਾਨੁੂੰ ਸਮਾਜਿਕ ਪ੍ਰਾਣੀਆਂ ਦੀ ਪਹਿਲੀ ਕਤਾਰ ਵਿਚ ਖੜਾ ਕਰਦਾ ਹੈ ਤੇ ਜਿਹੜਾ ਸਾਡੀ ਕਲਾ ਕੁਸ਼ਲਤਾ ਨੂੰ ਪ੍ਰਪੱਕ ਕਰਕੇ ਸਾਨੂੰ ਜ਼ਿੰਦਗੀ ਦੀਆਂ ਮੰਜ਼ਿਲਾ ਸਰ ਕਰਨ ਵੱਲ ਤੋਰਦਾ ਹੈ । ਇਸ ਲਈ ਸਿੱਖਿਆ ਦਾ ਸਿਰਫ ਸਿੱਖਿਆ ਨਾ ਹੋ ਕੇ ਗੁਣਾਤਮਕ ਸਿੱਖਿਆ ਦੇ ਪੈਮਾਨੇ ਉ¤ਤੇ ਖਰਾ ਉਤਰਨਾ ਬਹੁਤ ਜਰੂਰੀ ਹੈ।ਜਿਹੜੀ ਸਿੱਖਿਆ ਮਹਿਜ ਸਾਨੂੰ ਕਿਤਾਬ ਦੇ ਗਿਣਤੀ ਦੇ ਪਾਠਾ ਤੱਕ ਸੀਮਤ ਕਰ ਦਿੰਦੀ ਹੈ , ਜਿਹੜੀ ਸਿੱਖਿਆ ਸਾਨੂੰ ਸਿਰਫ ਸਾਖਰ ਲੋਕਾਂ ਦੀ ਗਿਣਤੀ ਵਿਚ ਖੜਾ ਕਰਦੀ ਹੈ ਤੇ ਜਿਹੜੀ ਸਿੱਖਿਆ ਮਹਿਜ ਰਟਿਆ ਰਟਾਇਆ ਕੰਮ ਕਰਵਾ ਕੇ ਅਗਾਂਹ ਤੋਰ ਦਿੰਦੀ ਹੈ ਉਸ ਸਿੱਖਿਆ ਨੂੰ ਅਸੀਂ ਗੁਣਾਤਮਕ ਸਿੱਖਿਆ ਨਹੀਂ ਕਿਹਾ ਜਾ ਸਕਦਾ ਤੇ ਪੰਜਾਬ ਸਰਕਾਰ ਦੁਆਰਾ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿਚ ਚਲਾਇਆ ਜਾ ਰਿਹਾ ਪੜ੍ਹੋ ਪੰਜਾਬ , ਪੜ੍ਹਾਓ ਪੰਜਾਬ ਪ੍ਰੋੈਜਕਟ ਹੈ ਜਿਸਦਾ ਵਧੇਰੇ ਜ਼ੋਰ ਗੁਣਾਤਮਕ ਸਿੱਖਿਆ ਉਪਰ ਹੈ । ਬੇਸ਼ੱਕ ਪ੍ਰੋਜੈਕਟ ਵੱਖ ਵੱਖ ਨਾਵਾਂ ਹੇਠ ਸਮੇਂ ਸਮੇਂ ਤੇ ਲਗਾਤਾਰ ਚਲਦਾ ਆ ਰਿਹਾ ਹੈ ਪਰ ਜੋ ਰਫਤਾਰ ਇਸ ਨੇ ਪਿਛਲੇ ਸ਼ੈਸ਼ਨ ਵਿਚ ਫੜੀ ਹੈ ਉਹ ਵਾਕਿਆ ਹੀ ਕਾਬਿਲੇ ਗੌਰ ਹੈ।
ਜ਼ਿਲ੍ਹਾ ਮਾਨਸਾ ਨੇ ਜਿੱਥੇ ਪਹਿਲਾ ਬਾਰਵੀਂ ਦੀ ਬੋਰਡ ਦੀਆਂ ਪ੍ਰੀਖਿਆਵਾਂ ਵਿਚੋਂ ਪੂਰੇ ਪੰਜਾਬ ਵਿਚੋਂ ਦੂਜੇ ਨੰਬਰ ਤੇ ਅਤੇ ਦਸਵੀਂ ਦੀ ਬੋਰਡ ਦੀ ਪ੍ਰੀਖਿਆ ਵਿਚੋਂ ਪੂਰੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਪਛੜੇਪਣ ਦੇ ਉਲਾਂਭੇ ਨੂੰ ਲਾਹਿਆ ਹੈ ਉ¤ਥੇ ਹੀ ਪ੍ਰਾਇਮਰੀ ਸਕੂਲਾਂ ਵਿਚ ਚਲ ਰਹੇ ਪੜ੍ਹੋ ਪੰਜਾਬ , ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਵੀ ਵੱਡੀਆਂ ਮੱਲਾਂ ਮਾਰੀਆਂ ਹਨ ।ਇਸ ਨੂੰ ਸਿਰਫ ਤੇ ਸਿਰਫ ਅੰਕੜਿਆਂ ਦੇ ਪੱਖੋ ਹੀ ਨਹੀਂ ਗੁਣਾਤਮਕ ਪੱਖੋਂ ਵੀ ਜ਼ਿਲ੍ਹੇ ਵਿਚ ਸਮੂਹ ਪ੍ਰਾਇਮਰੀ ਅਧਿਆਪਕਾਂ ਦੀ ਮਿਹਨਤ ਸਦਕਾ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ ।ਜ਼ਿਲ੍ਹਾ ਮਾਨਸਾ ਦੇ ਪ੍ਰੋਫਾਇਲ ਤੇ ਨਜ਼ਰ ਮਾਰੀਏ ਤਾਂ ਜ਼ਿਲ਼੍ਹੇ ਵਿਚ 5 ਬਲਾਕ ਅਤੇ 34 ਕਲੱਸਟਰ ਹਨ ਜਿੰਨਾਂ ਵਿਚ 1251 ਪ੍ਰਾਇਮਰੀ ਅਧਿਆਪਕ ਕੰਮ ਕਰ ਹਨ ਅਤੇ ਇਹਨਾਂ ਸਕੂਲਾਂ ਵਿਚ ਲਗਭਗ 30514 ਦੇ ਕਰੀਬ ਵਿਦਿਆਰਥੀ ਪੜਦੇ ਹਨ ।ਅਗਸਤ ਵਿਚ ਜਦੋਂ ਪੜ੍ਹੋ ਪੰਜਾਬ , ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਬੇਸਲਾਇਨ ਕੀਤੀ ਗਈ ਉਸ ਮੁਤਾਬਿਕ ਜੋ ਅੰਕੜਾ ਸਾਹਮਣੇ ਆਇਆ ਉਸ ਵਿਚ ਬਲਾਕ ਬਰੇਟਾ ਦਾ ਨਤੀਜਾ 30.13 ਪ੍ਰਤੀਸ਼ਤ , ਬਲਾਕ ਮਾਨਸਾ ਦਾ ਨਤੀਜਾ 29.90 ਪ੍ਰਤੀਸ਼ਤ , ਬਲਾਕ ਝੁਨੀਰ ਦਾ ਨਤੀਜਾ 29.21 ਪ੍ਰਤੀਸ਼ਤ ,ਬਲਾਕ ਬੁਢਲਾਡਾ 31.61 ਪ੍ਰਤੀਸ਼ਤ ਅਤੇ ਬਲਾਕ ਸਰਦੂਲਗੜ੍ਹ ਦਾ ਨਤੀਜਾ 29.81 ਪ੍ਰਤੀਸ਼ਤ ਸੀ । ਇਸ ਪ੍ਰਕਾਰ ਇਹਨਾਂ ਅੰਕੜਿਆ ਮੁਤਾਬਿਕ ਜ਼ਿਲ੍ਹਾ ਮਾਨਸਾ ਦਾ ਨਤੀਜਾ 30.21 ਪ੍ਰਤੀਸ਼ਤ ਬਣਦਾ ਸੀ ।ਇਸ ਨਤੀਜੇ ਤੋਂ ਇਹ ਗੱਲ ਭਲੀਭਾਂਤ ਸਾਹਮਣੇ ਆਉਂਦੀ ਸੀ ਸਕੂਲਾਂ ਦੇ ਬੱਚਿਆਂ ਨੂੰ ਆਪਣੀ ਬੇਸਿੱਕ ਸਿੱਖਿਆ ਜਿਹੜੀ ਕਿ ਪੰਜਾਬੀ ਪੜ੍ਹਨਾ , ਜੋੜ ਘਟਾਓ ਕਰਨਾ ਜਾਂ ਅੰਗਰੇਜ਼ੀ ਦੇ ਮੁੱਢਲੇ ਅੱਖਰਾਂ ਦਾ ਵੀ ਗਿਆਨ ਨਹੀਂ ਸੀ । ਇਸ ਗੱਲ ਦਾ ਮਤਲਬ ਇਹ ਵੀ ਕੱਢਿਆ ਜਾ ਸਕਦਾ ਕਿ ਇਸ ਤੋਂ ਪਹਿਲਾਂ ਸਕੂਲਾਂ ਵਿਚ ਅਧਿਆਪਕ ਬਿਲਕੁਲ ਵੀ ਪੜਾ ਨਹੀਂ ਰਹੇ ਸਨ ਸਗੋਂ ਸਿੱਖਿਆ ਇੱਕ ਨਿਰਧਾਰਿਤ ਟੀਚਾ ਕੇਂਦਰਿਤ ਨਾ ਹੋਣ ਕਰਕੇ ਇੱਕ ਰੁਟੀਨ ਦੀ ਗਤੀਵਿਧੀ ਬਣ ਗਈ ਸੀ ਜਿਸ ਵਿਚ ਸਾਰਾ ਕੰਮ ਇੱਕ ਔਸਤਨ ਤੌਰ ਤੁਰ ਰਿਹਾ ਸੀ । ਨਾਲ ਹੀ ਇਹ ਸਪੱਸ਼ਟ ਕਰਨਾ ਬਣਦਾ ਹੈ ਕਿ ਅਜਿਹੇ ਸਮੇਂ ਵਿਚ ਕੁਝ ਸਕੂਲ ਜ਼ਿਲ੍ਹੇ ਵਿਚ ਬਹੁਤ ਵਧੀਆ ਕੰਮ ਕਰ ਰਹੇ ਸਨ ਪਰ ਪੜ੍ਹੋ ਪੰਜਾਬ , ਪੜ੍ਹਾਓ ਪੰਜਾਬ ਪ੍ਰੋਜੈਕਟ ਜਿੱਥੇ ਟੀਚਾ ਅਧਾਰਿਤ ਸਿੱਖਿਆ ਕਰਕੇ ਇਸ ਸਪੀਡ ਨੂੰ ਤੇਜ ਕੀਤਾ ਉਥੇ ਸਿੱਖਿਆ ਵਿਚ ਗੁਣਾਤਮਕਤਾ ਦਾ ਪੱਖ ਵੀ ਭਾਰੂ ਹੋਇਆ । ਬੱਚਿਆਂ ਨੂੰ ਸਿਰਫ ਅਗਾਂਹ ਅਗਾਂਹ ਤੋਰਨ ਦੇ ਚੱਕਰ ਵਿਚ ਪਾਸ ਕਰਨ ਦੀ ਬਜਾਏ ਉਹਨਾਂ ਵਿਚ ਉਹਨਾਂ ਦੇ ਸਿਲੇਬਸ ਮੁਤਬਿਕ ਲੋੜੀਂਦੀ ਗੁਣਾਤਮਕਤਾ ਪੈਦਾ ਕਰਨ ਦਾ ਬੀੜਾ ਵੀ ਚੁੱਕਿਆ ।ਪੜ੍ਹਾਈ ਦੇ ਨਾਲ ਨਾਲ ਅਧਿਆਪਕਾਂ ਅਤੇ ਸਕੂਲਾਂ ਦੇ ਚੰਗੇ ਪੱਖਾਂ ਨੂੰ ਵੀ ਉਭਾਰਿਆ ਗਿਆ ਜਿਸ ਤਹਿਤ ਸਕੂਲਾਂ ਵਿਚ ਕਮਾਲ ਦੇ ਰੀਡਿੰਗ ਸੈਲ , ਮੈਥ ਕਾਰਨਰ , ਸਮਾਰਟ ਕਲਾਸਰੂਮ , ਵਿੱਦਿਅਕ ਪਾਰਕ ਹੋਂਦ ਵਿਚ ਆਏ ।
ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਕੂਲਾਂ ਵਿਚ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਨੇ ਅਧਿਆਪਕਾਂ ਨਾਲ ਮਿਲ ਕੇ ਅਨੇਕਾਂ ਨਵੀਆਂ ਤਕਨੀਕਾਂ ਨਾਲ ਸਕੂਲਾਂ ਵਿਚ ਪੜਾਈ ਕਰਵਾਈ । ਅਧਿਆਪਕਾਂ ਨੇ ਆਪਣੀ ਮਿਹਨਤ ਨਾਲ ਕਲਾਸਾਂ ਵਿਚ ਆਪਣੇ ਕਮਜ਼ੋਰ ਬੱਚਿਆਂ ਤੇ ਫੋਕਸ ਕੀਤਾ। ਸੈਮੀਨਾਰ ਲਾ ਕੇ ਅਧਿਆਪਕਾਂ ਨੂੰ ਖੇਡ ਖੇਡ ਰਾਹੀਂ ਬੱਚੇ ਨੂੰ ਪੜ੍ਹਾਉਣ , ਸਿੱਖਿਆ ਨੂੰ ਵੱਧ ਤੋਂ ਵੱਧ ਰੌਚਕ ਬਣਾਉਣ ਦੀਆਂ ਗਤੀਵਿਧੀਆਂ ਕਰਵਾਈਆਂ ਜਾਣ ਲੱਗੀਆਂ । ਬਹੁਤ ਮਿਹਨਤੀ ਅਧਿਆਪਕਾਂ ਨੇ ਸਕੂਲ ਸਮੇਂ ਤੋਂ ਵਾਧੂ ਸਮਾਂ ਲਗਾ ਕੇ ਤੇ ਛੁੱਟੀਆਂ ਵਿਚ ਸਕੂਲ ਖੋਲ ਕਿ ਵੀ ਖੂਬ ਮਿਹਨਤ ਕੀਤੀ ।ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਪ੍ਰਾਇਮਰੀ ਸਕੂਲਾਂ ਵਿੱਚ ਪੜ ਰਹੇ ਬੱਚਿਆਂ ਦੇ ਸੱਭਿਆਚਾਰਕ, ਵਿੱਦਿਅਕ ਮੁਕਾਬਲੇ ਕਰਵਾਉਣ ਨਾਲ ਜਿੱਥੇ ਸਾਡੇ ਬੱਚਿਆਂ ਵਿੱਚ ਗੁਣਵੱਤਾ ਝਲਕਦੀ ਹੈ ਉ¤ਥੇ ਬੱਚਿਆਂ ਵਿੱਚ ਮੌਲਿਕ ਗੁਣਾਂ ਦੀ ਭਰਮਾਰ ਵੱਧਦੀ ਹੈ ਅਤੇ ਬੱਚਿਆਂ ਦਾ ਪੜਾਈ ਦੇ ਨਾਲ ਸਰਭਪੱਖੀ ਵਿਕਾਸ ਹੋ ਰਿਹਾ ਹੁੰਦਾ ਹੈ। ਇਹਨਾਂ ਸਾਰੇ ਯਤਨਾਂ ਤੋਂ ਬਾਅਦ ਜਦੋਂ ਪ੍ਰੋਜੈਕਟ ਤਹਿਤ ਪੋਸਟ ਟੈਸਟ ਕੀਤਾ ਗਿਆ ਤਾਂ ਜ਼ਿਲ੍ਹੇ ਵਿਚ ਬੜੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ ।ਬਲਾਕ ਬਰੇਟਾ ਅਗਸਤ ਵਿਚ ਜਿਸਦਾ ਬੇਸਲਾਇਨ ਨਤੀਜਾ 30.13 ਸੀ ਉਹ ਪੋਸਟ ਟੈਸਟ ਵੇਲੇ 75.82 ਪ੍ਰਤੀਸ਼ਤ ਆਇਆ , ਇਸੇ ਤਰਾਂ ਬਲਾਕ ਮਾਨਸਾ 29.90 ਤੋਂ 72.74 ਤੱਕ ਪਹੁੰਚਿਆ , ਬਲਾਕ ਝੁਨੀਰ 29.21 ਤੋਂ 71.86 , ਬਲਾਕ ਬੁਢਲਾਡਾ 31.61 ਤੋਂ 71.69 ਅਤੇ ਬਲਾਕ ਸਰਦੂਲਗੜ੍ਹ 29.81 ਤੋਂ 71.60 ਤੱਕ ਅੱਪੜਿਆ । ਉਪਰੋਕਤ ਅੰਕੜਿਆ ਅਨੁਸਾਰ ਜ਼ਿਲ੍ਹਾ ਮਾਨਸਾ ਦਾ ਬੇਸਲਾਇਨ ਨਤੀਜਾ ਜਿਹੜਾ ਕੇ ਅਗਸਤ ਵਿਚ 30.21 ਪ੍ਰਤੀਸ਼ਤ ਸੀ ਉਹ ਮਾਰਚ ਦੇ ਪੋਸਟ ਟੈਸਟ ਵਿਚ 72.73 ਪ੍ਰਤੀਸ਼ਤ ਆਇਆ । ਇਸ ਪ੍ਰਕਾਰ ਬਲਾਕ ਬਰੇਟਾ ਨੇ ਆਪਣੇ ਨਤੀਜਿਆ ਵਿਚ 45.69 , ਬਲਾਕ ਮਾਨਸਾ ਨੇ 42.84 , ਬਲਾਕ ਝੁਨੀਰ ਨੇ 42.65 ਬਲਾਕ ਬੁਢਲਾਡਾ ਨੇ 40.08 , ਬਲਾਕ ਸਰਦੂਲਗੜ੍ਹ ਨੇ 41.79 ਅਤੇ ਪੂਰੇ ਜ਼ਿਲ੍ਹੇ ਨੇ 42.52 ਪ੍ਰਤੀਸ਼ਤ ਪ੍ਰਗਤੀ ਕੀਤੀ ਜਿਹੜੀ ਕਿ ਸਿੱਖਿਆ ਦੇ ਖੇਤਰ ਵਿਚ ਇੱਕ ਵੱਡੀ ਉਪਲਬਧੀ ਹੈ ।ਇੱਥੇ ਹੀ ਬੱਸ ਨਹੀਂ ਜ਼ਿਲ੍ਹੇ ਵਿਚ ਬਹੁਤ ਸਾਰੇ ਸਕੂਲਾਂ ਦਾ ਨਤੀਜਾ 100 % ਵੀ ਆਇਆ ।
ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਪ੍ਰੀ ਪ੍ਰਾਇਮਰੀ ਦਾਖਲਿਆਂ ਵਿਚ ਵੀ ਵੱਡੀਆਂ ਮੱਲਾਂ ਮਾਰੀਆਂ ਹਨ । ਪਹਿਲੇ ਵਿੱਦਿਅਕ ਸ਼ੈਸ਼ਨ ਵਿਚ ਹੀ ਜ਼ਿਲ੍ਹੇ ਵਿਚ 5000 ਬੱਚਾਂ ਪ੍ਰੀ ਪ੍ਰਾਇਮਰੀ ਕਲਾਸਾਂ ਵਿਚ ਦਾਖਲ ਹੋ ਚੁੱਕਾਂ ਹੈ ਜਿਸ ਵਿਚ ਬਲਾਕ ਵਾਇਜ ਮਾਨਸਾ 1118 , ਬਰੇਟਾ 1108 , ਬੁਢਲਾਡਾ 980 , ਝੁਨੀਰ 883 , ਸਰਦੂਲਗੜ੍ਹ 866 ਦੀ ਗਿਣਤੀ ਸ਼ਾਮਿਲ ਹੈ ।ਪੜ੍ਹੋ ਪੰਜਾਬ , ਪੜ੍ਹਾਓ ਪੰਜਾਬ ਪ੍ਰੋਜੈਕਟ ਨੇ ਅਧਿਆਪਕਾਂ ਦੀ ਮਿਹਨਤ ਸਦਕਾ ਸਰਕਾਰੀ ਸਕੂਲਾਂ ਵਿਚ ਮਾਪਿਆ ਦਾ ਵਿਸ਼ਵਾਸ ਫਿਰ ਤੋਂ ਬਹਾਲ ਕੀਤਾ ਹੈ ਜਿਸ ਤਹਿਤ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਮੁੜ ਤੋਂ ਵਧਣ ਲੱਗੀ ਹੈ ।ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਹਟ ਕੇ ਸਰਕਾਰੀ ਸਕੂਲਾਂ ਵਿਚ ਦਾਖਲ ਹੋ ਰਹੇ ਹਨ ।ਸਰਕਾਰ ਦੁਆਰਾ ਕੀਤੇ ਜਾ ਰਹੇ ਉਪਰਾਲਿਆ ਤਹਿਤ ਸਿਲੇਬਸ ਨੂੰ ਬਦਲ ਕਿ ਕਿਤਾਬਾਂ ਨੂੰ ਜਿਸ ਨਵੇਂ ਰੂਪ ਵਿਚ ਤਿਆਰ ਕੀਤਾ ਗਿਆ ਹੈ ਇਸਦਾ ਵੀ ਅਧਿਆਪਕਾਂ ਵਲੋਂ ਸਵਾਗਤ ਕੀਤਾ ਜਾ ਰਿਹਾ ਹੈ ।ਅਧਿਆਪਕਾਂ ਦੀ ਮੰਗ ਅਨੁਸਾਰ ਕਿਤਾਬਾਂ ਨੂੰ ਬਦਲਣਾ ਸਮੇਂ ਦੀ ਵੱਡੀ ਲੋੜ ਸੀ ।
ਇਸ ਪ੍ਰਕਾਰ ਜ਼ਿਲ੍ਹਾ ਮਾਨਸਾ ਦੇ ਪ੍ਰੋਫਾਇਲ ਤੇ ਝਾਤੀ ਮਾਰਿਆ ਜਿੱਥੇ ਪੜ੍ਹੋ ਪੰਜਾਬ , ਪੜ੍ਹਾਓ ਪੰਜਾਬ ਪ੍ਰੋਜੈਕਟ ਦੀ ਸਫਲਤਾ ਸਭ ਦੇ ਨਜ਼ਰੀ ਪੈਂਦੀ ਹੈ ਉਥੇ ਸਿੱਖਿਆ ਦੇ ਗੁਣਾਤਮਕ ਸੁਧਾਰ ਲਈ ਅਧਿਆਪਕਾਂ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਵੀ ਸਲਾਘਾ ਕਰਨੀ ਬਣਦੀ ਹੈ ।
ਇਸ ਨਾਲ ਜਿੱਥੇ ਇੱਕ ਪਾਸੇ ਸਿੱਖਿਆ ਵਿਚ ਸੁਧਾਰਾ ਦੀ ਗੱਲ ਚੱਲੀ ਹੈ ਉਥੇ ਦੂਜੇ ਪਾਸੇ ਗਰੀਬ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੇ ਸੁਪਨੇ ਵੀ ਪੂੁਰੇ ਹੋ ਰਹੇ ਹਨ।

Comments are closed.

COMING SOON .....


Scroll To Top
11