ਪਟਿਆਲਾ, 2 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-‘‘ਵਿਅਕਤੀ ਨੂੰ ਪਹਿਲਾ ਖੁਦ ਨੂੰ ਜਾਣਨਾ ਚਾਹੀਦਾ ਹੈ, ਆਪਣੇ ਆਪ ਨੂੰ ਪਿਆਰ ਕਰਨਾ ਚਾਹੀਦਾ ਹੈ ਤਾਂ ਹੀ ਉਹ ਸਮਾਜ ਪ੍ਰਤੀ ਸਕਾਰਾਤਮਕ ਨਜ਼ਰੀਆ ਅਪਣਾ ਸਕਦਾ ਹੈ’’ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਾਇਰੈਕਟਰ, ਐਕਟਰ ਅਤੇ ਲੇਖਕ ਰਾਣਾ ਰਣਬੀਰ ਨੇ ਕਾਲਜ ਵਿਖੇ ਵਿਦਿਆਰਥੀਆਂ ਨਾਲ ਹੋਏ ਰੂ-ਬ-ਰੂ ਪ੍ਰੋਗਰਾਮ ਵਿਚ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸਿੱਖਣ ਦੀ ਕੋਈ ਸੀਮਾਂ ਨਹੀਂ ਅਤੇ ਸਖ਼ਤ ਮਿਹਨਤ, ਲਗਨ, ਹੁਨਰ ਅਤੇ ਕਿਤਾਬਾਂ ਜ਼ਿੰਦਗੀ ਦਾ ਅਨਿਖੜਵਾਂ ਹਿੱਸਾ ਹਨ ਅਤੇ ਸਾਹਿਤ ਪੜ੍ਹਨ ਨਾਲ ਵਿਅਕਤੀ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਪਤਾ ਲਗਦਾ ਹੈ।
ਵਿਅਕਤੀ ਨੂੰ ਖੁਦ ਦਾ ਪ੍ਰਸੰਸਕ ਅਤੇ ਅਲੋਚਕ ਹੋ ਕੇ ਸਮਾਜ ਪ੍ਰਤੀ ਸੰਵੇਦਨਸ਼ੀਲ ਬਣਦਾ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਰਾਣਾ ਰਣਬੀਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਹੀ ਸਾਹਿਤ ਨਾਲ ਜੁੜਨਾ ਚਾਹੀਦਾ ਹੈ। ਜ਼ਿੰਦਗੀ ਵਿਚ ਸਕਾਰਾਤਮਕ ਰਹਿ ਕੇ ਵੱਡੀ ਤੋਂ ਵੱਡੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਪੰਜਾਬੀ ਭਾਸ਼ਾ, ਮਾਂ-ਬੋਲੀ, ਪੰਜਾਬੀ ਰੰਗ-ਮੰਚ ਅਤੇ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ ਕਰਨਾ ਅਤੇ ਇਸ ਨੂੰ ਸੰਜੀਦਗੀ ਨਾਲ ਵਿਦਿਆਰਥੀਆਂ ਦੇ ਜੀਵਨ ਵਿਚ ਲਾਗੂ ਕਰਨਾ ਕਾਲਜ ਦੀ ਪਹਿਲ ਕਦਮੀ ਹੈ। ਇਸ ਮੌਕੇ ਕਾਲਜ ਪਹੁੰਚੇ ਇਸ ਮੌਕੇ ਰਾਣਾ ਰਣਬੀਰ ਦੇ ਨਾਲ ਪੰਜਾਬੀ ਥੀਏਟਰ ਦੇ ਕਲਾਕਾਰ ਡਾ. ਜਗਦੀਪ ਵੀ ਪਹੁੰਚੇ। ਇਨ੍ਹਾਂ ਤੋਂ ਇਲਾਵਾ ਡਾ. ਹਰਵਿੰਦਰ ਕੌਰ, ਡੀਨ, ਸਭਿਆਚਾਰਕ ਸਰਗਰਮੀਆਂ, ਡਾ. ਵੰਦਨਾ ਕਪੂਰ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ, ਵਿਦਿਆਰਥੀ ਹਾਜ਼ਰ ਸਨ।