Monday , 14 October 2019
Breaking News
You are here: Home » Editororial Page » ਹੈਲੋ ਵਧਾਈ ਹੋ ! ਆਪਕੀ ਬੀਸ ਲਾਖ ਕੀ ਲਾਟਰੀ ਨਿਕਲੀ ਹੈ

ਹੈਲੋ ਵਧਾਈ ਹੋ ! ਆਪਕੀ ਬੀਸ ਲਾਖ ਕੀ ਲਾਟਰੀ ਨਿਕਲੀ ਹੈ

ਅੱਜ ਕੱਲ੍ਹ ਲੱਗਭਗ ਹਰ ਇੱਕ ਵਿਅਕਤੀ ਨੂੰ ਅਜਿਹੇ ਅਨੇਕਾਂ ਸੰਦੇਸ਼ ਕਈ ਵਾਰ ਜਾਂ ਵਾਰ – ਵਾਰ ਮੋਬਾਇਲ ਫੋਨ ਰਾਹੀਂ , ਈ – ਮੇਲਜ਼ ਰਾਹੀਂ , ਵਟਸਐਪ ਜਾਂ ਫੇਸਬੁੱਕ ‘ਤੇ ਆਉਂਦੇ ਰਹਿੰਦੇ ਹਨ , ਜੋ ਕਿ ਹਰ ਕਿਸੇ ਨੂੰ ਭਰਮਾ ਲੈਂਦੇ ਹਨ ਅਤੇ ਉਹਨਾਂ ਨੂੰ ਅਜਿਹੀ ਰੋਚਕ ਦੁਨੀਆਂ ਦੇ ਸੁਪਨੇ ਦਿਖਾਉਂਦੇ ਹਨ ਜੋ ਕਿ ਹਕੀਕਤ ਵਿੱਚ ਹੁੰਦੀ ਹੀ ਨਹੀਂ । ਅਜਿਹੇ ਝੂਠੇ ਫੋਨ ਕਰਨ ਵਾਲੇ ਜਾਂ ਝੂਠੇ ਸੁਨੇਹੇ ਭੇਜਣ ਵਾਲੇ ਖੁਦ ਝੂਠੇ ਹੁੰਦੇ ਹਨ , ਠੱਗ ਹੁੰਦੇ ਹਨ ਅਤੇ ਧੋਖੇਬਾਜ਼ ਹੁੰਦੇ ਹਨ ; ਜੋ ਆਨੇ – ਬਹਾਨੇ ਸਾਡੀ ਖ਼ੂਨ – ਪਸੀਨੇ ਦੀ ਕਮਾਈ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਿਨਾਂ ਮਿਹਨਤ ਕੀਤਿਆਂ ਝੂਠੇ ਸਜਗਬਾਗ ਦਿਖਾ ਕੇ ਹੜੱਪਣਾ ਚਾਹੁੰਦੇ ਹੁੰਦੇ ਹਨ । ਅਜਿਹੇ ਨੌਸਰਬਾਜ਼ ਕਦੇ ਬੈਂਕ ਖਾਤਾ ਬੰਦ ਹੋ ਜਾਣ ਦੀ ਗੱਲ ਕਰਦੇ ਹਨ , ਕਦੇ ਸਾਡੇ ਏ.ਟੀ.ਐੱਮ. ਕਾਰਡ ਦੇ ਬਲਾਕ ਹੋ ਜਾਣ ਦੀ ਗੱਲ ਕਰਦੇ ਹਨ , ਕਦੇ ਕਿਸੇ ਕੰਪਨੀ ਦਾ ਨਾਂ ਲੈ ਕੇ ਸਾਨੂੰ ਇਨਾਮ ਦਿਵਾਉਣ ਦੀ ਗੱਲ ਕਰਦੇ ਹਨ , ਕਦੇ ਝੂਠੀ ਲਾਟਰੀ ਨਿਕਲ ਜਾਣ ਦੀ ਗੱਲ ਕਰਦੇ ਹਨ , ਕਦੇ ਕਿਸੇ ਲੱਕੀ ਡਰਾਅ ਵਿੱਚ ਜੋ ਕਿ ਅਸੀਂ ਕਦੀ ਪਾਇਆ ਵੀ ਨਹੀਂ ਹੁੰਦਾ ਤੇ ਉਸ ਬਾਰੇ ਸੁਣਿਆ ਵੀ ਨਹੀਂ ਹੁੰਦਾ , ਅਜਿਹੇ ਲੱਕੀ ਡਰਾਅ ਵਿੱਚ ਸਾਡੇ ਚੁਣੇ ਜਾਣ ਦੀ ਗੱਲ ਕਰਦੇ ਹਨ , ਕਦੇ ਕਿਸੇ ਜਾਅਲੀ ਵੈਰੀਫਿਕੇਸ਼ਨ ਦੀ ਗੱਲ ਕਰਦੇ ਹਨ , ਕਦੇ ਆਖਣਗੇ ਕਿ ਤੁਹਾਡਾ ਮੋਬਾਈਲ ਫੋਨ ਦਾ ਨੰਬਰ ਕਿਸੇ ਇਨਾਮ ਲਈ ਚੁਣਿਆ ਗਿਆ ਹੈ ਤੇ ਕਦੇ ਸੰਦੇਸ਼ ਭੇਜਣਗੇ ਕਿ ਤੁਸੀਂ ਫਲਾਣੇ ਡਰਾਅ ਦੇ ਤਹਿਤ ਇੰਨੇ ਲੱਖ ਜਾਂ ਕਰੋੜ ਰੁਪਏ ਜਿੱਤ ਚੁੱਕੇ ਹੋ । ਅਜਿਹੇ ਝੂਠੇ ਲੋਕ ਅਜਿਹੇ ਝੂਠੇ ਫੋਨ ਕਰਕੇ ਜਾਂ ਸੰਦੇਸ਼ ਭੇਜ ਕੇ ਸਾਡੇ ਕੋਲੋਂ ਪੈਸੇ ਦੀ ਮੰਗ ਕਰਦੇ ਹਨ , ਤਾਂ ਜੋ ਸਾਨੂੰ ਝੂਠੀ – ਮੂਠੀ ਦੀ ਕਰੋੜਾਂ ਰੁਪਏ ਦੀ ਰਕਮ ਭੇਜੀ ਜਾ ਸਕੇ । ਅਜਿਹੇ ਗਲਤ ਸੰਦੇਸ਼ ਮਿਲਣ ‘ਤੇ ਆਪਣੇ ਬੈਂਕ ਸਬੰਧੀ , ਆਪਣੇ ਏ.ਟੀ.ਐੱਮ. ਸਬੰਧੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਕਿਸੇ ਨੂੰ ਕਦੇ ਵੀ ਨਹੀਂ ਦੇਣੀ ਚਾਹੀਦੀ , ਕਿਉਂਕਿ ਕੋਈ ਵੀ ਬੈਂਕ ਅਦਾਰਾ ਜਾਂ ਹੋਰ ਸੰਸਥਾ ਕਦੇ ਵੀ ਸਾਡੇ ਕੋਲੋਂ ਅਜਿਹੀ ਜਾਣਕਾਰੀ ਦੀ ਮੰਗ ਨਹੀਂ ਕਰਦੀ । ਅਜਿਹੇ ਜਾਲਸਾਜ਼ ਬੜੀ ਤੇਜ਼ੀ ਦੇ ਨਾਲ ਅਤੇ ਫੁਰਤੀ ਦੇ ਨਾਲ ਆਪਣਾ ਅਤੇ ਆਪਣੀ ਕੰਪਨੀਆਂ ਦਾ ਨਾਂ ਦੱਸਣਗੇ , ਤਾਂ ਜੋ ਸੁਣਨ ਵਾਲੇ ਨੂੰ ਪਤਾ ਹੀ ਨਾ ਲੱਗੇ ਅਤੇ ਫਿਰ ਆਵਾਜ਼ ਦੀ ਗਤੀ ਘੱਟ ਕਰਨਗੇ ਤੇ ਹੌਲੀ – ਹੌਲੀ ਤੁਹਾਨੂੰ ਝੂਠੇ ਲਾਰੇ ਝੂਠੇ ਸੁਪਨੇ ਸਮਝਾਉਣਗੇ ਤੇ ਦੱਸਣਗੇ ।ਇੱਕ ਹਾਸੋਹੀਣੀ ਗੱਲ ਹੈ ਜਦੋਂ ਇੱਕ ਲੜਕੀ ਦਾ ਮੈਨੂੰ ਵੀ ਫੋਨ ਆਇਆ ਤੇ ਉਹ ਬੋਲੀ , “ ਮੈਂ ……, ……. ਕੰਪਨੀ ਸੇ ਬੋਲ ਰਹੀ ਹੂੰ ।“ ਮੈਂ ਉਸ ਦੀ ਗੱਲ ਕੱਟਦੇ ਹੋਏ ਤੁਰੰਤ ਆਖਿਆ , “ਮੁਝੇ ਆਪ ਕਾ ਔਰ ਆਪ ਕੀ ਕੰਪਨੀ ਦਾ ਨਾਮ ਅੱਛੀ ਤਰਹ ਸੁਣਾਈ ਨਹੀਂ ਦਿਆ ।“ ਉਹ ਕੁੜੀ ਆਪਣੇ ਝੂਠੇ ਡਰਾਮੇ ਕਰਦੀ ਹੋਈ ਵਾਰ – ਵਾਰ ਬੜੀ ਫੁਰਤੀ ਦੇ ਨਾਲ ਕੰਪਨੀ ਦਾ ਨਾਂ ਦੱਸਣ ਦੀ ਕੋਸ਼ਿਸ਼ ਕਰਨ ਲੱਗੀ , ਪਰ ਮੈਂ ਘੱਟੋ – ਘੱਟ ਪੰਜ – ਸੱਤ ਵਾਰ ਉਸ ਨੂੰ ਟੋਕਿਆ ਤੇ ਕਿਹਾ , “ ਆਪ ਕੀ ਕੰਪਨੀ ਕਾ ਨਾਮ ਮੁਝੇ ਅਬ ਭੀ ਅੱਛੀ ਤਰਹ ਸਮਝ ਨਹੀਂ ਆ ਰਹਾ ਹੈ, ਕ੍ਰਿਪਾ ਦੁਬਾਰਾ ਸਮਝਾਏ ।“ ਆਖਿਰ ਜਦੋਂ ਉਸ ਨੌਸਰਬਾਜ਼ ਦੀ ਦਾਲ ਨਾ ਗਲੀ ਤਾਂ ਉਸ ਨੇ ਦੁਖੀ ਹੋ ਕੇ ਫੋਨ ਹੀ ਕੱਟ ਦਿੱਤਾ ।ਸੋ ਸਾਡੇ ਸਭ ਦੇ ਧਿਆਨ ਵਿੱਚ ਲਿਆਉਣ , ਸੋਚਣ , ਸਮਝਣ ਅਤੇ ਵਿਚਾਰਨ ਦੀ ਇਹ ਬਹੁਤ ਵੱਡੀ ਗੱਲ ਹੈ ਜਦੋਂ ਅਸੀਂ ਕੋਈ ਮਿਹਨਤ ਨਹੀਂ ਕੀਤੀ , ਕਿਸੇ ਡਰਾਅ ਵਿੱਚ ਹਿੱਸਾ ਨਹੀਂ ਲਿਆ , ਕੋਈ ਲਾਟਰੀ ਕਿਸੇ ਵੀ ਸਟੇਟ ਦੀ ਨਹੀਂ ਖਰੀਦੀ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਸ ਨਾਲ ਸਾਨੂੰ ਅਚਾਨਕ ਧਨ – ਦੌਲਤ ਪੈਸਾ ਜਾਂ ਹੋਰ ਮਾਇਆ ਆਦਿ ਦਾ ਗੱਫਾ ਮਿਲ ਸਕੇ , ਤਾਂ ਸੋਚਣ ਵਾਲੀ ਗੱਲ ਹੈ ਕਿ “ ਇਹ ਕੌਣ ਅਜਿਹੇ ਲੋਕ ਹਨ ? ਜੋ ਸਾਨੂੰ ਬਿਨਾਂ ਕੁਝ ਕੀਤਿਆਂ , ਘਰ ਬੈਠੇ – ਬਿਠਾਇਆਂ ਲੱਖਾਂ – ਕਰੋੜਾਂ ਰੁਪਏ ਦੇਣ ਲਈ ਉਤਾਵਲੇ ਹੋਏ ਪਏ ਨੇ ??? ਇਸ ਲਈ ਪਿਆਰੇ ਪਾਠਕੋ ! ਸਾਨੂੰ ਅਜਿਹੇ ਠੱਗਾਂ , ਝੂਠੇ ਲੋਕਾਂ , ਨੌਸਰਬਾਜ਼ਾਂ ਤੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਹੋ ਜਾਣਾ ਚਾਹੀਦਾ ਹੈ , ਅਜਿਹੇ ਲੋਕਾਂ ਦੀ ਪੁਲਿਸ ਕੋਲ ਸ਼ਿਕਾਇਤ ਕਰਨੀ ਚਾਹੀਦੀ ਹੈ ਅਤੇ ਆਪਣੇ ਘਰ – ਪਰਿਵਾਰ ਵਿੱਚ ਅਜਿਹੇ ਲੋਕਾਂ ਬਾਰੇ ਵਿਚਾਰ- ਵਟਾਂਦਰਾ ਜ਼ਰੂਰ ਕਰਨਾ ਚਾਹੀਦਾ ਤੇ ਸੁਚੇਤ ਰਹਿਣਾ ਚਾਹੀਦਾ ਹੈ । ਇਹ ਗੱਲ ਆਪਣੇ ਦਿਲੋ ਦਿਮਾਗ ਵਿੱਚ ਪੱਕੇ ਤੇ ਪੂਰਨ ਤੌਰ ‘ਤੇ ਸੋਚ ਲੈਣੀ ਚਾਹੀਦੀ ਹੈ ਤੇ ਸਮਝ ਲੈਣੀ ਚਾਹੀਦੀ ਹੈ ਕਿ ਬਿਨਾਂ ਕਿਸੇ ਵਜ੍ਹਾ ਤੋਂ , ਬਿਨਾਂ ਕਿਸੇ ਕਾਰਨ ਤੋਂ , ਬਿਨਾਂ ਕਿਸੇ ਕੰਮ ਤੋਂ ਜਾਂ ਬਿਨਾਂ ਕਿਸੇ ਮਤਲਬ ਤੋਂ ਕੋਈ ਵੀ ਵਿਅਕਤੀ ਕਿਸੇ ਨੂੰ ਪੈਸੇ ਜਾਂ ਹੋਰ ਵਸਤੂਆਂ ਫ੍ਰੀ ਵਿਚ /ਮੁਫ਼ਤ ਵਿੱਚ ਕਦੇ ਵੀ ਨਹੀਂ ਦਿੰਦਾ । ਫਿਰ ਵੀ ਜੇਕਰ ਕੋਈ ਤੁਹਾਡੇ ਨਾਲ ਅਜਿਹਾ ਕਰਨ ਦੀ ਗੱਲ ਕਰਦਾ ਹੈ , ਦੱਸਦਾ ਹੈ , ਸੰਦੇਸ਼ ਭੇਜਦਾ ਹੈ ਜਾਂ ਕਹਿੰਦਾ ਹੈ ਤੇ ਦਾਅਵਾ ਕਰਦਾ ਹੈ ਤਾਂ ਉਹ ਝੂਠਾ ਹੈ, ਠੱਗ ਹੈ, ਫਰੇਬੀ ਹੈ, ਨੌਸਰਬਾਜ਼ ਹੈ , ਪਾਖੰਡੀ ਹੈ ਜਾਲ ਸਾਜ ਹੈ ਅਤੇ ਤੁਹਾਨੂੰ ਲੁੱਟਣ ਵਾਲਾ ਕੋਈ ਅਨਸਰ ਹੈ । ਇਸ ਲਈ ਸਾਨੂੰ ਅਜਿਹੇ ਫੋਨ ਕਾਲ, ਸੁਨੇਹਿਆਂ , ਵਟਸਐਪ ਸੰਦੇਸ਼ਾਂ , ਈ – ਮੇਲਜ਼ ਆਦਿ ਤੋਂ ਬਹੁਤ ਜ਼ਿਆਦਾ ਸੁਚੇਤ ਹੋਣਾ ਚਾਹੀਦਾ ਹੈ ਅਤੇ ਕਿਸੇ ਕਿਸਮ ਦੇ ਝੂਠੇ ਲੋਭ ਲਾਲਚ ਜਾਂ ਮਾਇਆ ਦੇ ਲਾਲਚ ਵਿੱਚ ਪੈਣ ਤੋਂ ਬਚਣਾ ਚਾਹੀਦਾ ਹੈ । ਅਜਿਹੇ ਫੋਨ ਕਾਲ ਦੇ ਬਾਰੇ ਵਿੱਚ ਆਪਣੇ ਘਰ ਪਰਿਵਾਰ ਵਿੱਚ ਜ਼ਰੂਰ ਜ਼ਰੂਰ ਗੱਲਬਾਤ ਕਰਨੀ ਚਾਹੀਦੀ ਹੈ । ਅਜਿਹੇ ਮੋਬਾਈਲ ਫੋਨ ਨੰਬਰਾਂ ਨੂੰ ਬਲੈਕ ਲਿਸਟ ਕਰ ਦੇਣਾ ਚਾਹੀਦਾ ਹੈ ਅਤੇ ਅਜਿਹੇ ਲੋਕਾਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ , ਤਾਂ ਜੋ ਅਸੀਂ ਖ਼ੁਦ ਬਚ ਸਕੀਏ ਤੇ ਸਾਡਾ ਪਰਿਵਾਰ ਅਤੇ ਦੂਸਰੇ ਵੀ ਬੱਚ ਸਕਣ । ਇਸੇ ਵਿੱਚ ਹੀ ਸਾਡੀ ਅਤੇ ਸਾਡੇ ਪਰਿਵਾਰ ਦੀ ਭਲਾਈ ਹੈ ।

Comments are closed.

COMING SOON .....


Scroll To Top
11