Monday , 14 October 2019
Breaking News
You are here: Home » Uncategorized » ਹੁਨਰ ਦੇ ਦਮ ’ਤੇ ਬਲਜੀਤ ਕੌਰ ਬਣੀ ਪੰਜਾਬ ਦੀ ਪਹਿਲੀ ਮਹਿਲਾ ‘ਢੋਲੀ’

ਹੁਨਰ ਦੇ ਦਮ ’ਤੇ ਬਲਜੀਤ ਕੌਰ ਬਣੀ ਪੰਜਾਬ ਦੀ ਪਹਿਲੀ ਮਹਿਲਾ ‘ਢੋਲੀ’

ਮਾਤਾ-ਪਿਤਾ ਦਾ ਸਾਇਆ ਸਿਰ ਤੇ ਹੋਵੇ ਤਾਂ ਹਰ ਇੰਨਸਾਨ ਦੇ ਹੌਂਸਲੇ ਬੁਲੰਦ ਹੁੰਦੇ ਹਨ, ਪਰ ਉਥੇ ਹੀ ਬਲਜੀਤ ਕੌਰ ਗਿੱਲ ਇਕ ਅਜਿਹੀ ਸ਼ਖਸੀਅਤ ਹੈ, ਜਿਸ ਦੇ ਸਿਰ ਤੋਂ ਬੇਸ਼ੱਕ ਛੋਟੀ ਉਮਰ ਵਿਚ ਪਿਤਾ ਦਾ ਸਾਇਆ ਉਠ ਗਿਆ, ਪਰ ਮਾਤਾ-ਪਿਤਾ ਦੀ ਇਸ ਇਕਲੋਤੀ ਧੀ ਨੇ ਜ਼ਿੰਦਗੀ ਦੇ ਸੰਘਰਸ਼ ਤੋਂ ਹਾਰ ਨਹੀਂ ਮੰਨੀ ਅਤੇ ਅੱਜ ਉਹ ਜਿਥੇ ਅੰਮ੍ਰਿਤਸਰ ਦੀਆਂ ਔਰਤਾਂ ਵਿਚ ਇਕੱਲੀ ਇਕ ਅਜਿਹੀ ਲੜਕੀ ਹੈ, ਜੋ ’ਢੋਲ’ ਵਜਾਉਣ ਦੀ ਕਲਾ ਵਿਚ ਬੇਹੱਦ ਨਾਮਣਾ ਅਤੇ ਇਨਾਮ ਹਾਸਲ ਕਰ ਚੁੱਕੀ ਹੈ, ਉਥੇ ਹੀ ਗਿੱਧੇ ਦੀ ਬੈਸਟ ਕੋਚ ਤੋਂ ਇਲਾਵਾ ’ਬੈਸਟ ਪਰਫਾਰਮੈਂਸ’ ਦਾ ਐਵਾਰਡ ਵੀ ਹਾਸਲ ਕੀਤਾ ਹੈ ਅਤੇ ਆਪਣੀ ਮਿਊਜਿਕ ਅਕੈਡਮੀ ਚਲਾ ਕੇ ਬੱਚਿਆਂ ਨੂੰ ਸੰਗੀਤ ਦਾ ਗਿਆਨ ਵੰਡ ਰਹੀ ਹੈ। ਬਲਜੀਤ ਗਿੱਲ ਨੇ ਇਕ ਮੁਲਾਕਾਤ ਦੋਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਪੰਜਾਬੀ ਸੱਭਿਆਚਾਰ ਤੋਂ ਪੱਛੜਦੀ ਜਾ ਰਹੀ ਹੈ। ਸ਼ਾਇਦ ਪੰਜਾਬੀ ਸੱਭਿਆਚਾਰ ਸਬੰਧੀ ਪੁਰਾਣੇ ਸਾਜਾਂ ਬਾਰੇ ਜਾਣਕਾਰੀ ਹੋਣਾ ਤਾਂ ਦੂਰ ਦੀ ਗੱਲ ਹੈ, ਉਨਾਂ ਦੇ ਨਾਂ ਵੀ ਬਹੁਤ ਘੱਟ ਨੂੰ ਪਤਾ ਹੁੰਦੇ ਹਨ, ਪਰ ਅੰਮ੍ਰਿਤਸਰ ਦੀ ਬਲਜੀਤ ਗਿੱਲ ਨਾ ਸਿਰਫ ਇੰਨ੍ਹਾਂ ਬਾਰੇ ਗਿਆਨ ਰੱਖਦੀ ਹੈ, ਬਲਕਿ ਕਰੀਬ 30 ਤੋਂ ਵੱਧ ਪੰਜਾਬੀ ਸਾਜ ਵੀ ਵਜਾਉਣੇ ਜਾਣਦੀ ਹੈ। ਬਲਜੀਤ ਗਿੱਲ ਅੰਮ੍ਰਿਤਸਰ ਦੀਆਂ ਔਰਤਾਂ ਵਿਚੋਂ ਇਕੱਲੀ ਇਕ ਅਜਿਹੀ ਸ਼ਖਸੀਅਤ ਹੈ, ਜੋ ਢੋਲ ਵਜਾਉਣ ਦੀ ਕਲਾ ਵਿਚ ਵੀ ਬੇਹੱਦ ਮਾਹਰ ਹੈ। ਇਥੋਂ ਤੱਕ ਜਿਹੜਾ ਉਸ ਨੇ ਸਪੈਸ਼ਲ ਢੋਲ ਬਣਵਾਇਆ ਹੈ, ਉਸ ਤੇ ਆਪਣਾ ਨਾਂ ’ਬਲਜੀਤ’ ਵੀ ਲਿਖਵਾਇਆ ਹੈ। ਬਲਜੀਤ ਕੌਰ ਦਾ ਜਨਮ 24 ਮਈ 1990 ਦਾ ਹੈ। ਬਲਜੀਤ ਕੌਰ ਨੇ ਬਾਰ੍ਹਵੀਂ ਕਲਾਸ ਤੱਕ ਦੀ ਸਿੱਖਿਆ ਖਾਲਸਾ ਕਾਲਜ ਫਾਰ ਪਬਲਿਕ ਸਕੂਲ ਤੋਂ ਹਾਸਲ ਕੀਤੀ, ਜਦ ਕਿ ਬੀ.ਏ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮਨ ਤੋਂ ਬੀ.ਏ,  ਐਮ.ਏ. ਪੰਜਾਬੀ ਕਰਨ ਤੋ ਇਲਾਵਾ ਜੀ.ਐਨ.ਡੀ.ਯੂ ਤੋਂ ਬੀ.ਐਡ ਵੀ ਕੀਤੀ ਹੈ। ਉਹ ਮਿਊਜਿਕ ਅਕੈਡਮੀ ਚਲਾ ਕੇ ਆਪਣਾ ਗੁਜਾਰਾ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਸੰਗੀਤ ਦੀ ਸਿੱਖਿਆ ਦਾ ਗਿਆਨ ਵੀ ਵੰਡ ਰਹੀ ਹੈ। ਬਲਜੀਤ ਦੇ ਪਿਤਾ ਸਵ: ਗੁਰਚਰਨ ਸਿੰਘ ਬਿਜਨਸਮੈਨ ਸਨ। ਉਹ ਉਸ ਸਮੇਂ ਬੀ.ਏ ਕਰ ਰਹੀ ਸੀ, ਜਦੋਂ ਪਿਤਾ ਦਾ ਸਾਇਆਂ ਸਿਰ ਉਠ ਗਿਆ। ਪਿਤਾ ਦੀ ਮੌਤ ਤੋਂ ਬਾਅਦ ਬਲਜੀਤ ਨੇ ਘਰ ਵਿਚ ਸੂਟਾਂ ਤੇ ਕਢਾਈ ਦਾ ਕੰਮ ਕਰਕੇ, ਜਿਥੇ ਆਪਣੀ ਮਾਂ ਮਨਜੀਤ ਕੌਰ ਦਾ ਸਹਾਰਾ ਬਣੀ। ਗਿੱਧੇ, ਭੰਗੜੇ ਦਾ ਸ਼ੌਂਕ ਬਚਪਨ ਤੋਂ ਸੀ। ਕਾਲਜ ਤੋਂ ਹੀ ਉਸ ਨੇ ਗਿੱਧਾ, ਭੰਗੜਾ, ਪੰਜਾਬੀ ਲੋਕ ਸਾਜ਼, ਕਲਾਸੀਕਲ ਸਾਜ਼, ਸਿਤਾਰ, ਕਲਾਸੀਕਲ ਡਾਂਸ ਕੱਥਕ ਦੀ ਸਿੱਖਿਆ ਲਈ। ਬਲਜੀਤ ਨੇ ਬਲੈਸਿੰਗ ਮਿਊਜਿਕ ਅਕੈਡਮੀ ਦੀ ਸ਼ੁਰੂਆਤ ਜੁਲਾਈ 2014 ਵਿਚ ਕੀਤੀ ਸੀ। ਪ੍ਰਸਿੱਧ ਕੋਚ ਸੋਨੂੰ ਬਟਾਲਾ ਅਤੇ ਉਸਤਾਦ ਚੁਚ ਮਾਹੀ ਤੋਂ ਢੋਲ ਵਜਾਉਣ ਦੀ ਕਲਾ ਹਾਸਲ ਕੀਤੀ। ਕਾਲਜ ਦੀ ਗਿੱਧਾ ਟੀਮ ਦੀ ਅਗਵਾਈ ਕੀਤੀ। 2011 ਵਿਚ ’ਪੀ.ਟੀ.ਸੀ ਐਵਾਰਡ’ ਸਮਾਰੋਹ ਵਿਚ ਉਸ ਨੂੰ ਆਪਣੀ ਅਕੈਡਮੀ ਦੇ ਜਰੀਏ ਲੋਕ ਸਾਜਾਂ ਸਬੰਧੀ ਪੇਸ਼ਕਾਰੀ ਕਰਨ ਦਾ ਮੌਕਾ ਮਿਲਿਆ। ਪ੍ਰਸਿੱਧ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। 2012 ਵਿਚ ਉਹ ਡੀ.ਡੀ ਪੰਜਾਬੀ ਤੇ ਡੀ.ਡੀ ਭਾਰਤੀ ਪ੍ਰੋਗਰਾਮ ’ਚ ਪੇਸ਼ਕਾਰੀ ਦੇ ਚੁੱਕੀ ਹੈ, ਉਥੋਂ ਉਸ ਨੇ 30 ਹਜ਼ਾਰ ਰੁਪਏ ਇਨਾਮ ਹਾਸਲ ਕੀਤਾ। 2013 ਵਿਚ ਉਸ ਨੂੰ ਢੋਲ ਵਜਾਉਣ ਤੇ ਬੈਸਟ ਪਰਫਾਰਮੈਂਸ ਦਾ ਐਵਾਰਡ ਮਿਲਿਆ। ਉਦੇਪੁਰ, ਬੰਗਲੋਰ, ਚੰਡੀਗੜ੍ਹ ਦੇ ਨੈਸ਼ਨਲ ਯੂਥ ਫੈਸਟੀਵਲਾਂ ਦੌਰਾਨ ਪੰਜਾਬ ਨੂੰ ਪੇਸ਼ ਕਰ ਚੁੱਕੀ ਹੈ। ਦਿੱਲੀ ਇੰਟਰ ਯੂਨੀਵਰਸਿਟੀ 2011 ਅਤੇ 2012 ਵਿਚ ਉਸ ਨੇ ਆਪਣੀ ਟੀਮ ਸਮੇਤ ਪੇਸ਼ਕਾਰੀ ਦਿੱਤੀ ਅਤੇ ਦੋਵੇਂ ਵਾਰ ਪਹਿਲਾ ਸਥਾਨ ਹਾਸਲ ਕੀਤਾ। ਰਾਜ ਪੱਧਰੀ ਯੁਵਕ ਦਿਵਸ ਸਮਾਰੋਹ ਚੰਡੀਗੜ੍ਹ 2015 ਵਿਚ ਪਹਿਲਾ ਸਥਾਨ ਹਾਸਲ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਯੂਥ ਫੈਸਟੀਵਲਾਂ ਦੌਰਾਨ 6 ਸਾਲ ਤੋਂ ਭਾਗ ਲੈ ਰਹੀ ਹੈ। ਜਿਸ ਵਿਚ ਉਸ ਨੇ ਵੱਖ-ਵੱਖ ਪੁਜੀਸ਼ਨਾਂ ਹਾਸਲ ਕਰਕੇ ਬੇਸ਼ੁਮਾਰ ਇਨਾਮ ਆਪਣੀ ਝੋਲੀ ਪਵਾਏ। ਵਾਰ, ਕਵੀਸ਼ਰੀ ਗਾਉਣ ਦੇ ਨਾਲ-ਨਾਲ ਉਸ ਦੇ ਢੋਲ ਵਜਾਉਣ ਦੀ ਕਲਾ ਨੂੰ ਦੇਖ ਹਰ ਕੋਈ ਅਸ਼-ਅਸ਼ ਕਰ ਉਠਦਾ ਹੈ। ਬਲਜੀਤ ਗਿੱਲ ਲਗਭਗ 30 ਦੇ ਕਰੀਬ ਲੋਕ ਸਾਜ ਸ਼ੰਖ, ਢੋਲ, ਬੀਨ, ਬੁਕਚੂ, ਤੂੰਬੀ, ਅਲਗੋਜੇ, ਮੰਜੀਰੇ, ਹੰਜਰੀ, ਡਫ, ਡਾਰੀਆ, ਡਫਲੀ, ਛੱਜ, ਘੜਾ, ਚਿਮਟਾ, ਕੈਂਚੀ, ਘੁੰਗਰੂ, ਕਾਟੋਂ , ਵੰਜਲੀ, ਬਬੀਹਾ, ਨਗਾੜਾ, ਕਲਾਸੀਕਲ ਸਿਤਾਰ ਆਦਿ ਵਜਾਉਣ ਦੀ ਮੁਹਾਰਤ ਰੱਖਦੀ ਹੈ। ਇਕ ਤੋਂ ਡੇਢ ਮਿੰਟ ਤੱਕ ਸ਼ੰਖ ਨਾਦ ਕਰਕੇ ਉਹ ਸਭ ਨੂੰ ਹੈਰਾਨ ਕਰ ਦਿੰਦੀ ਹੈ। ਉਸ ਦੀ ਅਕੈਡਮੀ ਦੀ ਟੀਮ ਵਿਚੋਂ 10 ਕੁੜੀਆਂ ਇੰਡੀਆ ਗੋਟ ਟੈਲੰਟ ਵਿਚ ਚੁਣੀਆਂ ਗਈਆਂ ਹਨ। ਉਹ ਕਹਿੰਦੀ ਹੈ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਸ ਨੂੰ ਡਾ. ਰਿਤੂ ਸ਼ਰਮਾ, ਡਾ. ਰੁਪਿੰਦਰ ਕੌਰ, ਪਦਮ ਸ਼੍ਰੀ ਪੂਰਨ ਚੰਦ ਵਡਾਲੀ, ਕਮਲਜੀਤ ਕੌਰ ਸਿੱਧੂ, ਮਨਪ੍ਰੀਤ ਬੁੱਟਰ, ਡਾ. ਰਾਣੀ ਬੀ.ਬੀ.ਕੇ, ਸੁਖਵਿੰਦਰ ਸਿੰਘ ਆਦਿ ਦੀਆਂ ’ਬਲੈਸਿੰਗ’ ਮਿਲੀਆਂ ਕਾਲਜਾਂ ਵਿਚ ਗਿੱਧੇ ਦੀ ਕੋਚਿੰਗ ਵੀ ਦੇ ਰਹੀ ਹੈ। ਬਲਜੀਤ ਇਕ ਕਾਮੇਡੀ ਫਿਲਮ ਜੁਗਨੀ ਵਿਚ ਕੰਮ ਕਰ ਚੁੱਕੀ ਹੈ ਅਤੇ ਜਲਦੀ ਹੀ ਇਕ ਧਾਰਮਿਕ ਸ਼ਬਦ ਦੀ ਵੀਡੀਓ ਵਿਚ ਵੀ ਉਹ ਦਿਖਾਈ ਦੇਵੇਗੀ। ਗਰੀਬ ਬੱਚਿਆਂ ਨੂੰ ਉਹ ਸੰਗੀਤ ਦਾ ਮੁਫਤ ਗਿਆਨ ਦਿੰਦੀ ਹੈ। ਬਲਜੀਤ ਨੇ ਦਸਵੀਂ ਵਿਚ ਬੈਸਟ ਸਟੂਡੈਂਟ ਆਫ ਸਕੂਲ, ਜ਼ਿਲ੍ਹਾ ਪੱਧਰੀ ਵਾਲੀਵਾਲ ਪ੍ਰਤੀਯੋਗਤਾ (ਅੰਡਰ-17) ਵਿਚ ਪਹਿਲਾ ਇਨਾਮ, ਬੀ.ਏ ਵਿਚ ਗਿੱਧਾ ਮੁਕਾਬਲਾ ਦੂਸਰਾ ਇਨਾਮ, ਸ਼੍ਰੀ ਕਰਤਾਰਪੁਰ ਸਾਹਿਬ ਵਿਚ ਗਿੱਧੇ ਵਿਚ ਪਹਿਲਾ ਸਥਾਨ, ਸ਼੍ਰੀ ਕਰਤਾਰਪੁਰ ਸਾਹਿਬ ਵਿਚ ਟੀਮ ਦੀ ਕੈਪਟਨ ਬਣ ਗਿੱਧੇ ਦੀ ਪੇਸ਼ਕਾਰੀ ਤੇ ਪਹਿਲਾ ਸਥਾਨ, ਜੀ.ਐਨ.ਡੀ.ਯੂ ਯੂਥ ਫੈਸਟੀਵਲ 2009 ਵਿਚ ਫੋਕ ਆਰਕੈਸਟਾ ਵਿਚ ਪਹਿਲਾ ਸਥਾਨ, ਫੋਕ ਆਰਟ ਪ੍ਰਦਰਸ਼ਨੀ 2009 ਵਿਚ ਫਸਟ ਪੁਜੀਸ਼ਨ,  ਪੰਜਾਬੀ ਅਕਾਦਮੀ ਦਿੱਲੀ ਅੰਤਰ ਯੂਨੀਵਰਸਿਟੀ ਸੱਭਿਆਚਾਰਕ 2012-13 ਵਿਚ ਦੋ ਵਾਰ ਪਹਿਲਾ ਸਥਾਨ, ਜੀ.ਐਨ.ਡੀ.ਯੂ ਯੂਥ ਫੈਸਟੀਵਲ ਵਿਚ 2011 ਵਿਚ ਫੋਕ ਆਰਕੈਸਟਾ ਵਿਚ ਪਹਿਲਾ ਸਥਾਨ, ਨੈਸ਼ਨਲ ਯੂਥ ਫੈਸਟੀਵਲ ਉਦੇਪੁਰ ਵਿਚ ਪੰਜਾਬ ਦੀ ਝਲਕੀਆਂ ਦਿਖਾਉਣ ਤੇ ਪਹਿਲਾ ਸਥਾਨ, ਐਵਾਰਡ ਆਫ ਆਨਰ ਯੂਥ ਸਰਵਸਿਜ ਵੈਲਫੇਅਰ ਸੁਸਾਇਟੀ, ਸੈਕਿੰਡ ਪੁਜੀਸ਼ਨ ਆਰਕੈਸਟਾ 2014 ਵਿਚ, ਫਸਟ ਪੁਜੀਸ਼ਨ ਆਰਕੈਸਟਾ 2013 ਵਿਚ, ਬੈਸਟ ਪ੍ਰਫਾਰਮਸ ਦਾ ਐਵਾਰਡ 2013 ਵਿਚ, ਦੂਸਰਾ ਸਥਾਨ ਜੋਸ਼ ਯੂਥ ਫੈਸਟੀਵਲ 2012 ਵਿਚ, ਥਰਡ ਪੁਜੀਸ਼ਨ 2014 ਵਿਚ, ਕਲਾ ਪ੍ਰਦਰਸਨੀ 2014 ਵਿਚ ਫਸਟ ਪੁਜੀਸ਼ਨ ਹਾਸਲ ਕੀਤੀ। ਉਸ ਦੀ ਮਾਂ ਮਨਜੀਤ ਕੌਰ ਉਸ ਲਈ ਸਭ ਕੁਝ ਹੈ। ਬਲਜੀਤ ਦੀ ਮਾਂ ਮਨਜੀਤ ਕੌਰ ਦਾ ਕਹਿਣਾ ਹੈ ਕਿ ਬਲਜੀਤ ਮੇਰੀ ਧੀ ਮੇਰੇ ਲਈ ਅਣਮੋਲ ਹੀਰਾ ਹੈ।

Comments are closed.

COMING SOON .....


Scroll To Top
11