Tuesday , 21 January 2020
Breaking News
You are here: Home » BUSINESS NEWS » ਹਿੰਦੂਜਾ ਗਰੁੱਪ ਦਾ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ, ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਪਟਣ ਲਈ ਟਰਾਂਸਪੋਰਟ ਤੇ ਤਕਨਾਲੋਜੀ ਹੱਲ ਦੀ ਕੀਤੀ ਪੇਸ਼ਕਸ਼

ਹਿੰਦੂਜਾ ਗਰੁੱਪ ਦਾ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ, ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਪਟਣ ਲਈ ਟਰਾਂਸਪੋਰਟ ਤੇ ਤਕਨਾਲੋਜੀ ਹੱਲ ਦੀ ਕੀਤੀ ਪੇਸ਼ਕਸ਼

ਖੇਤੀਬਾੜੀ, ਟਰਾਂਸਪੋਰਟ, ਬੈਂਕਿੰਗ, ਹੈਲਥਕੇਅਰ ਤੇ ਆਟੋ ਸੈਕਟਰ ਵਿੱਚ ਨਿਵੇਸ਼ ‘ਚ ਵੀ ਦਿਲਚਸਪੀ ਦਿਖਾਈ
ਚੰਡੀਗੜ੍ਹ, 4 ਦਸੰਬਰ – ਹਿੰਦੂਜਾ ਗਰੁੱਪ ਨੇ ਬੁੱਧਵਾਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਪਟਣ ਵਾਸਤੇ ਸੂਬੇ ਵਿੱਚ ਖੇਤਾਂ ਵਿੱਚੋਂ ਪਰਾਲੀ ਨੂੰ ਈਥਾਨੇਲ ਪਲਾਂਟਾਂ ਦੀ ਵਰਤੋਂ ਲਈ ਚੁੱਕਣ ਲਈ ਪੇਸ਼ਕਸ਼ ਕੀਤੀ।ਇਹ ਪੇਸ਼ਕਸ਼ ਹਿੰਦੂਜਾ ਗਰੁੱਪ ਦੇ ਚੇਅਰਮੈਨ ਪ੍ਰਕਾਸ਼ ਹਿੰਦੂਜਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਹੋਈ ਮੀਟਿੰਗ ਦੌਰਾਨ ਕੀਤੀ ਗਈ। ਉਚ ਪੱਧਰੀ ਵਫਦ ਦੀ ਅਗਵਾਈ ਕਰ ਰਹੇ ਸ੍ਰੀ ਹਿੰਦੂਜਾ ਨੇ ਮੀਟਿੰਗ ਦੌਰਾਨ ਸੂਬੇ ਦੀ ਤਰੱਕੀ ਲਈ ਖੇਤੀਬਾੜੀ, ਟਰਾਂਸਪੋਰਟ, ਬੈਂਕਿੰਗ, ਹੈਲਥਕੇਅਰ ਤੇ ਆਟੋਮੋਬਾਈਲ ਖੇਤਰਾਂ ਵਿੱਚ ਨਿਵੇਸ਼ ਕਰਨ ‘ਚ ਵੀ ਦਿਲਚਸਪੀ ਦਿਖਾਈ।ਮੀਟਿੰਗ ਉਪਰੰਤ ਬੁਲਾਰੇ ਨੇ ਦੱਸਿਆ ਕਿ ਹਿੰਦੂਜਾ ਗਰੁੱਪ ਦੇ ਚੇਅਰਮੈਨ ਜੋ ਇਥੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਹਿੱਸੇ ਵਜੋਂ ਨਿਵੇਸ਼ ਦੇ ਮੌਕਿਆਂ ਬਾਰੇ ਵਿਚਾਰ ਚਰਚਾ ਕਰਨ ਆਏ ਸਨ, ਨੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਪਟਣ ਲਈ ਟਰਾਂਸਪੋਰਟ ਅਤੇ ਤਕਨਾਲੋਜੀ ਹੱਲ ਦੀ ਪੇਸ਼ਕਸ਼ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਗਰੁੱਪ ਦੇ ਟਿੱਪਰ ਸਮੇਂ ਸਿਰ ਖੇਤਾਂ ਵਿੱਚੋਂ ਪਰਾਲੀ ਨੂੰ ਚੁੱਕ ਲਿਆ ਕਰਨਗੇ ਜਿਸ ਨਾਲ ਸੂਬਾ ਸਰਕਾਰ ਵੱਲੋਂ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਦੀਆਂ ਕੋਸ਼ਿਸ਼ਾਂ ਨੂੰ ਬਲ ਮਿਲੇਗਾ। ਮੁੱਖ ਮੰਤਰੀ ਨੇ ਮੁੱਖ ਪ੍ਰਮੁੱਖ ਸਕੱਤਰ ਨੂੰ ਗਰੁੱਪ ਦੀ ਇਸ ਪੇਸ਼ਕਸ਼ ‘ਤੇ ਗੌਰ ਕਰਨ ਨੂੰ ਕਿਹਾ ਹੈ।ਸ੍ਰੀ ਹਿੰਦੂਜਾ ਨੇ ਕਿਹਾ ਕਿ ਉਨ੍ਹਾਂ ਦਾ ਗਰੁੱਪ ਬੇਰੁਜ਼ਗਾਰ ਨੌਜਵਾਨਾਂ, ਸੈਲਫ ਹੈਲਪ ਗਰੁੱਪਾਂ ਅਤੇ ਪ੍ਰਗਤੀਸ਼ੀਲ ਉਦਮੀਆਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ੇ ਮੁਹੱਈਆ ਕਰਵਾਉਣ ਲਈ ਬੈਂਕਿੰਗ ਖੇਤਰ ਵਿੱਚ ਵੀ ਨਿਵੇਸ਼ ਕਰ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪ੍ਰਸਤਾਵ ਨੂੰ ਮੰਨਦਿਆਂ ਗਰੁੱਪ ਨੇ ਰੋਜ਼ਗਾਰ ਮਿਸ਼ਨ ਤਹਿਤ ਸੂਬਾ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਯਾਰੀ ਐਂਟਰਪ੍ਰਾਈਜਜ਼’ ਨਾਲ ਹੱਥ ਮਿਲਾਉਣ ਦੀ ਸਹਿਮਤੀ ਦਿੱਤੀ ਜਿਸ ਰਾਹੀਂ ਬੱਸਾਂ ਚਲਾਉਣ ਲਈ ਹੁਨਰਮੰਦ ਡਰਾਈਵਰਾਂ ਨੂੰ ਸਸਤੇ ਕਰਜ਼ੇ ਮੁਹੱਈਆ ਕਰਵਾਏ ਜਾ ਸਕਣਗੇ। ਇਸ ਕੰਮ ਲਈ ਸੂਬਾ ਸਰਕਾਰ ਵੱਲੋਂ ਪਰਮਿਟ ਜਾਰੀ ਕੀਤੇ ਜਾਂਦੇ ਹਨ।ਸ੍ਰੀ ਹਿੰਦੂਜਾ ਨੇ ਕਿਹਾ ਕਿ ਗਰੁੱਪ ਸੂਬਾ ਸਰਕਾਰ ਤੇ ਇਜ਼ਰਾਇਲੀ ਕੰਪਨੀਆਂ ਨਾਲ ਵੀ ਹਿੱਸੇਦਾਰੀ ਪਾਉਣ ਦਾ ਇਛੁੱਕ ਹੈ ਤਾਂ ਜੋ ਫਲ ਉਤਪਾਦਾਂ ਦੀ ਗੁਣਵੱਤਾ ਨੂੰ ਕੌਮਾਂਤਰੀ ਮਾਪਦੰਡਾਂ ਤੱਕ ਵਧਾਉਣ ਲਈ ਵਧੀਆ ਤਕਨੀਕ ਦੀ ਵਰਤੋਂ ਕੀਤੀ ਜਾ ਸਕੇ ਅਤੇ ਮੁਨਾਫਿਆਂ ਦੀ ਵੰਡ ਦੇ ਆਧਾਰ ‘ਤੇ ਸਾਂਝੇ ਉਦਮ ਰਾਹੀਂ ਇਸ ਦਾ ਨਿਰਯਾਤ ਕੀਤਾ ਜਾ ਸਕੇ।ਉਨ੍ਹਾਂ ਪੰਜਾਬ ਸਰਕਾਰ ਨਾਲ ਮਿਲ ਕੇ ਨਿੱਜੀ ਜਨਤਕ ਭਾਈਵਾਲੀ ਦੇ ਆਧਾਰ ‘ਤੇ ਅਸ਼ੋਕਾ ਲੇਅਲੈਂਡ ਗਰੁੱਪ ਦਾ ਨਿਰਮਾਣ ਯੂਨਿਟ ਲਗਾਉਣ ਅਤੇ ਸੂਬੇ ਵਿੱਚ ਹੁਨਰ ਵਿਕਾਸ ਤੇ ਰੋਜ਼ਗਾਰ ਉਤਪਤੀ ਲਈ ਡਰਾਈਵਿੰਗ ਸਕੂਲ ਦਾ ਵੀ ਪ੍ਰਸਤਾਵ ਦਿੱਤਾ।ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ, ਵੱਡੇ ਸੁਧਾਰਾਂ ਨੂੰ ਲਿਆਉਣ ਅਤੇ ਪਰਵਾਸੀ ਭਾਰਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਤ ਕਰਨ ਦੀਆਂ ਕੋਸ਼ਿਸ਼ਾਂ ਦੀ ਸਲਾਹੁਤਾ ਕਰਦਿਆਂ ਸ੍ਰੀ ਹਿੰਦੂਜਾ ਨੇ ਪਹਿਲੀ ਅਪਰੈਲ ਤੋਂ ਲਾਗੂ ਹੋਣ ਵਾਲੇ ਬੀ.ਐਸ.-4 ਦੇ ਨਿਯਮਾਂ ਅਨੁਸਾਰ ਪੁਰਾਣੇ ਵਾਹਨਾਂ ਤੋਂ ਵੱਧ ਰਹੇ ਪ੍ਰਦੂਸ਼ਣ ਦੇ ਪੱਧਰਾਂ ਨੂੰ ਰੋਕਣ ਲਈ ਨੀਤੀਗਤ ਦਖਲਅੰਦਾਜ਼ੀ ਦਾ ਵੀ ਸੁਝਾਅ ਦਿੱਤਾ।ਸੂਬੇ ਵਿੱਚ ਗਰੁੱਪ ਦੇ ਨਵੇਂ ਪ੍ਰਾਜੈਕਟ ਸਥਾਪਤ ਕਰਨ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਉਂਦਿਆਂ ਮੁੱਖ ਮੰਤਰੀ ਨੇ ਕਪੂਰਥਲਾ ਜ਼ਿਲੇ ਵਿੱਚ ਆਟੋ ਪਾਰਕ ਸਥਾਪਤ ਕਰਨ ਦੀ ਤਜਵੀਜ਼ ਪੇਸ਼ ਕੀਤੀ ਜਿਸ ਦੀ ਰੂਪ-ਰੇਖਾ ਨੂੰ ਥੋੜੇਂ ਸਮੇਂ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਸੈਲਫ ਹੈਲਪ ਗਰੁੱਪਾਂ ਅਤੇ ਨੌਜਵਾਨ ਉਦਮੀਆਂ ਨੂੰ ਆਪਣੇ ਕਾਰੋਬਾਰ ਸਥਾਪਤ ਕਰਨ ਲਈ ਕਰਜ਼ੇ ਮੁਹੱਈਆ ਕਰਵਾਉਣ ਦੀ ਗਰੁੱਪ ਦੀ ਪਹਿਲ ਦੀ ਸ਼ਲਾਘਾ ਕੀਤੀ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ ਉਦਯੋਗ ਤੇ ਵਣਜ ਵਿਨੀ ਮਹਾਜਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11