Monday , 16 December 2019
Breaking News
You are here: Home » EDITORIALS » ਹਰ ਤਰ੍ਹਾਂ ਦੇ ਪ੍ਰਦੂਸ਼ਣ ਰੋਕਿਆ ਜਾਵੇ

ਹਰ ਤਰ੍ਹਾਂ ਦੇ ਪ੍ਰਦੂਸ਼ਣ ਰੋਕਿਆ ਜਾਵੇ

ਪੰਜਾਬ, ਹਰਿਆਣਾ, ਦਿੱਲੀ ਅਤੇ ਨਾਲ ਲੱਗਦੇ ਹੋਰ ਖੇਤਰਾਂ ‘ਚ ਪ੍ਰਦੂਸ਼ਿਤ ਧੁੰਦ ਕਾਰਨ ਲੋਕਾਂ ਲਈ ਸਾਹ ਲੈਣਾ ਮੁਸ਼ਕਿਲ ਹੋਇਆ ਪਿਆ ਹੈ। ਇਸ ਖੇਤਰ ਵਿੱਚ ਹਵਾ ਦੀ ਗੁਣਵੱਤਾ ਬਹੁਤ ਖਤਰਨਾਕ ਪੱਧਰ ‘ਤੇ ਪਹੁੰਚ ਗਈ ਹੈ। ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਇਹ ਪ੍ਰਦੂਸ਼ਿਤ ਧੁੰਦ ਖੇਤਾਂ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਏ ਜਾਣ ਕਾਰਨ ਪੈਦਾ ਹੋ ਰਹੀ ਹੈ। ਦਿੱਲੀ ਸਰਕਾਰ ਵੱਲੋਂ ਇਸ ਪ੍ਰਦੂਸ਼ਣ ਲਈ ਪੰਜਾਬ ਅਤੇ ਹਰਿਆਣਾ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਵੱਲੋਂ ਜਵਾਬੀ ਤਰਕ ਦਿੱਤੇ ਜਾ ਰਹੇ ਹਨ। ਆਸਮਾਨ ਵਿੱਚ ਛਾਈ ਧੁਆਂਖੀ ਧੁੰਦ ਕਾਰਨ ਜ਼ਿਆਦਾਤਰ ਇਲਾਕਿਆਂ ‘ਚ ਦੂਰ ਤੱਕ ਦੇਖਣ ਦੀ ਸਮਰੱਥਾ ਬਹੁਤ ਘਟ ਗਈ ਹੈ। ਪੰਜਾਬ ਦੇ ਸਾਰੇ ਪ੍ਰਮੁੱਖ ਸ਼ਹਿਰਾਂ ‘ਚ ਹਵਾ ਦੀ ਗੁਣਵੱਤਾ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ। ਬਠਿੰਡਾ ‘ਚ ਹਵਾ ਗੁਣਵੱਤਾ ‘ਚ ਪ੍ਰਦੂਸ਼ਣ ਦਾ ਪੱਧਰ 318 ਮਾਪਿਆ ਗਿਆ ਹੈ। ਲੁਧਿਆਣਾ ‘ਚ 302, ਜਲੰਧਰ 278, ਅੰਮ੍ਰਿਤਸਰ 274 ਤੇ ਪਟਿਆਲਾ ਵਿਚ 263 ਹਵਾ ਗੁਣਵੱਤਾ ਦਾ ਪੱਧਰ ਰਿਕਾਰਡ ਕੀਤਾ ਗਿਆ ਹੈ। ਚੰਡੀਗੜ੍ਹ ‘ਚ ਹਵਾ ਗੁਣਵੱਤਾ ਦਾ ਪੱਧਰ 280 ਰਿਹਾ। ਹਵਾ ਗੁਣਵੱਤਾ ਦਾ ਪੱਧਰ 0 ਤੋਂ 50 ਤੱਕ ਚੰਗਾ ਸਮਝਿਆ ਜਾਂਦਾ ਹੈ। 51 ਤੋਂ 100 ਤੱਕ ਦਰਮਿਆਨਾ ਜਦੋਂ ਕਿ 201 ਤੋਂ 300 ਤੱਕ ਮਾੜਾ ਅਤੇ 301 ਤੋਂ 400 ਤੱਕ ਬਹੁਤ ਮਾੜਾ ਸਮਝਿਆ ਜਾਂਦਾ ਹੈ। 401 ਤੋਂ 500 ਤੱਕ ਇਸ ਨੂੰ ਗੰਭੀਰ ਸਮਝਿਆ ਜਾਂਦਾ ਹੈ ਜਦੋਂ ਕਿ 500 ਤੋਂ ਉੱਪਰ ਦੇ ਪੱਧਰ ਨੂੰ ਅਤਿ ਗੰਭੀਰ ਹਵਾ ਗੁਣਵੱਤਾ ਪੱਧਰ ਦੀ ਸ਼੍ਰੇਣੀ ਵਿਚ ਆਉਂਦਾ ਹੈ। ਹਵਾ ਦੀ ਗੁਣਵਤਾ ਦਾ ਖਰਾਬ ਹੋਣ ਲਈ ਸਿਰਫ ਕਿਸਾਨਾਂ ਨੂੰ ਹੀ ਜ਼ਿੰਮਵਾਰ ਨਹੀਂ ਸਮਝਿਆ ਜਾ ਸਕਦਾ ਇਸ ਲਈ ਦੂਸਰੇ ਕਾਰਨ ਵੀ ਮੌਜੂਦ ਹਨ। ਗੱਡੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕਾਰਖਾਨਿਆਂ ਆਦਿ ਦੀਆਂ ਜਹਿਰੀਲੀਆਂ ਗੈਸਾਂ ਵੀ ਆਪਣੀ ਭੂਮਿਕਾ ਨਿਭਾਅ ਰਹੀਆਂ ਹਨ। ਇਹ ਗੱਲ ਵੱਖਰੀ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਹੁਣ ਤੱਕ ਸਰਕਾਰੀ ਅਦਾਰੇ ਇਸ ਦਿਸ਼ਾ ਵਿੱਚ ਪ੍ਰਭਾਵਸ਼ਾਲੀ ਕਾਰਜ ਨਹੀਂ ਕਰ ਸਕੇ। ਵਾਅਦਿਆਂ ਦੇ ਬਾਵਜੂਦ ਸਰਕਾਰ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਲਈ ਲੋੜੀਂਦੀ ਮਦਦ ਵੀ ਨਹੀਂ ਦੇ ਰਹੀ। ਇਸ ਹਾਲਤ ਦਾ ਖਮਿਆਜਾ ਖੁਦ ਲੋਕਾਂ ਨੂੰ ਹੀ ਭੁਗਤਣਾ ਪੈ ਰਿਹਾ ਹੈ। ਹਵਾ ਦੇ ਪ੍ਰਦੂਸ਼ਣ ਕਾਰਨ ਗੰਭੀਰ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ। ਇਸ ਦਾ ਸਮੁੱਚੇ ਜਨਜੀਵਨ ਉੱਪਰ ਬਹੁਤ ਮਾੜਾ ਅਸਰ ਪੈ ਰਿਹਾ ਹੈ। ਇਹ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਇਸ ਸਮੱਸਿਆ ਦਾ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਰਲ ਮਿਲ ਕੇ ਕੋਈ ਪੱਕਾ ਹੱਲ ਕੱਢਣਾ ਚਾਹੀਦਾ ਹੈ। ਹਵਾ ਪ੍ਰਦੂਸ਼ਣ ਦੇ ਨਾਲ-ਨਾਲ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਖਤੀ ਵਰਤੀ ਜਾਣੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11