Friday , 17 January 2020
Breaking News
You are here: Home » Editororial Page » ਸ. ਹਰਭਜਨ ਸਿੰਘ ਦਾ ਨਾ ਰਹਿਣਾ : ਯੂ. ਪੀ. ਦੀ ਸਿੱਖ ਸਿਆਸਤ ਲਈ ਵੱਡੀ ਘਾਟ

ਸ. ਹਰਭਜਨ ਸਿੰਘ ਦਾ ਨਾ ਰਹਿਣਾ : ਯੂ. ਪੀ. ਦੀ ਸਿੱਖ ਸਿਆਸਤ ਲਈ ਵੱਡੀ ਘਾਟ

ਯੂ. ਪੀ. ਦੀ ਸਿੱਖ ਸਿਆਸਤ ਦੇ ਬਾਬਾ ਬੋਹੜ ਸਰਦਾਰ ਹਰਭਜਨ ਸਿੰਘ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ। ਯੂ. ਪੀ. ਦੇ ਸਿੱਖ ਇੱਕ ਤੇਜ ਤਰਾਰ, ਈਮਾਨਦਾਰ , ਨਿਡਰ ਤੇ ਸੰਕਲਪ ਦੇ ਧਨੀ ਲੀਡਰ ਤੋਂ ਮਹਿਰੂਮ ਹੋ ਗਏ ਹਨ। ਆਪਣੀ ਸਾਫਗੋਈ ਤੇ ਸੰਗਠਨ ਸਮਰਥਾ ਲਈ ਮਸ਼ਹੂਰ ਸਰਦਾਰ ਹਰਭਜਨ ਸਿੰਘ , 86 ਵਰ੍ਹਿਆਂ ਦੀ ਉਮਰ ਵਿੱਚ ਵੀ ਪੂਰਨ ਸਰਗਰਮ ਰਹੇ ਤੇ ਆਪਣੀਆਂ ਜਿੰਮੇਵਾਰੀਆਂ ਜੀਵਨ ਦੇ ਅੰਤਮ ਪਲਾਂ ਤੱਕ ਨਿਭਾਈਆਂ। ਆਪ ਨੂੰ ਸੰਨ 1974 ਕਾਂਗਰਸ ਪਾਰਟੀ ਨੇ ਸੁਲਤਾਨਪੁਰ – ਪ੍ਰਤਾਪਗੜ੍ਹ – ਬਾਰਾਬੰਕੀ ਲੋਕਲ ਬਾਡੀਜ ਖੇਤਰ ਤੋਂ ਵਿਧਾਨ ਪ੍ਰੀਸ਼ਦ ਦਾ ਟਿਕਟ ਦਿੱਤਾ ਤਾਂ ਵੱਡੇ ਵੱਡੇ ਸਿਆਸੀ ਦਿੱਗਜ ਹੈਰਾਨ ਰਹਿ ਗਏ ਸਨ। ਯੂ. ਪੀ. ਦੇ ਇਹ ਜਿਲੇ ਕੱਟੜ ਜਾਤਵਾਦ ਲਈ ਬਦਨਾਮ ਸਨ। ਸਰਦਾਰ ਹਰਭਜਨ ਸਿੰਘ ਦਾ ਡੱਟ ਕੇ ਵਿਰੋਧ ਵੀ ਹੋਇਆ ਪਰ ਉਹ ਆਪਣੀ ਜਮੀਨੀ ਪਕੜ ਤੇ ਪੱਕੇ ਇਰਾਦਿਆਂ ਕਾਰਨ ਚੋਣ ਜਿੱਤ ਗਏ। ਉਸ ਵੇਲੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਿਰਾ ਗਾਂਧੀ ਨੇ ਦਿੱਲੀ ਸੰਸਦ ਭਵਨ ਦੇ ਸੇੰਟ੍ਰਲ ਹਾਲ ਵਿੱਚ ਸਰਦਾਰ ਹਰਭਜਨ ਸਿੰਘ ਦਾ ਪ੍ਰੀਚੈ ਕਰਾਉਂਦਾ ਕਿਹਾ ਸੀ ਕਿ ਇਹ ਜਿਸ ਖੇਤਰ ਤੋਂ ਜਿੱਤ ਕੇ ਆਏ ਹਨ ਉੱਥੇ ਮਾਤਰ ਇੱਕ ਸਿੱਖ ਵੋਟਰ ਹੈ। ਛੇਤੀ ਹੀ ਸਰਦਾਰ ਹਰਭਜਨ ਸਿੰਘ ਸਿਆਸਤ ਦਾ ਇਕ ਜਾਣਿਆ ਪਛਾਨਿਆ ਚਿਹਰਾ ਬਣ ਗਏ। ਵੱਡੇ ਸਿੱਖ ਲੀਡਰਾਂ ਸਰਦਾਰ ਸਵਰਨ ਸਿੰਘ , ਗਿਆਨੀ ਜੈਲ ਸਿੰਘ , ਸਰਦਾਰ ਦਰਬਾਰਾ ਸਿੰਘ , ਸਰਦਾਰ ਗੁਰਚਰਨ ਸਿੰਘ ਟੋਹੜਾ ਆਦਿਕ ਨਾਲ ਉਨ੍ਹਾਂ ਦੇ ਨੇੜਤਾ ਦੇ ਸਬੰਧ ਬਣ ਗਏ। ਆਪ ਯੂ. ਪੀ. ਮਾਇਨਾਰਟੀਜ ਫੋਰਮ ਤੇ ਪ੍ਰਧਾਨ ਚੁਣੇ ਗਏ ਜਿਸ ਕਾਰਨ ਆਪ ਦਾ ਸਿਆਸੀ ਦਾਇਰਾ ਕਾਫੀ ਵੱਡਾ ਹੁੰਦਾ ਗਿਆ। ਯੂ.ਪੀ. ਦੇ ਸਿੱਖਾਂ ਨੂੰ ਇੱਕਜੁੱਟ ਕਾਰਣ ਲਈ ਯੂ.ਪੀ. ਨੇਸ਼ਨਲਿਸ਼ਟ ਸਿੱਖ ਫ਼ੇਡਰੇਸ਼ਨ ਦਾ ਗਠਨ ਹੋਇਆ ਤਾਂ ਆਪ ਉਸ ਦੇ ਵੀ ਪ੍ਰਧਾਨ ਥਾਪੇ ਗਏ। ਸਰਦਾਰ ਹਰਭਜਨ ਸਿੰਘ ਭਾਵੇਂ ਕਾਂਗਰਸ ਵਿੱਚ ਸਨ ਪਰ ਹਰ ਸਿਆਸੀ ਦਲ ਵਿੱਚ ਆਪ ਨੇ ਮਿਤਰ ਬਨਾਏ। ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਸ੍ਰੀ ਮੁਲਾਇਮ ਸਿੰਘ ਯਾਦਵ ਨਾਲ ਆਪ ਦੀ ਦੋਸਤੀ ਸਿਆਸੀ ਹਲਕਿਆਂ ਵਿੱਚ ਖਾਸ ਜਾਣੀ ਜਾਂਦੀ ਸੀ। ਸਿਆਸਤ ਦੀਆਂ ਬੁਲੰਦੀਆਂ ਤੇ ਪੁੱਜਣ ਵਾਲੇ ਸਰਦਾਰ ਹਰਭਜਨ ਸਿੰਘ ਜੀ ਦੀ ਸਿਆਸੀ ਹੀ ਨਹੀਂ ਨਿਜੀ ਜੀਵਨ ਦਾ ਸਫਰ ਵੀ ਹਰ ਕਿਸੀ ਨੂੰ ਹੈਰਾਨ ਕਰ ਦੇਣ ਵਾਲਾ ਹੈ। ਸੰਨ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਆਪ 14 ਸਾਲ ਦੀ ਉਮਰ ਵਿੱਚ ਇਕੱਲੇ ਦਮ ਤੇ ਯੂ. ਪੀ. ਦੇ ਇੱਕ ਨਿੱਕੇ ਜਿਹੇ ਜਿਲੇ ਸੁਲਤਾਨਪੁਰ ਤੋਂ ਖਾਲੀ ਹੱਥੀਂ ਆਪਣਾ ਜੀਵਨ ਆਰੰਭ ਕਰਨ ਵਾਲੇ ਸਰਦਾਰ ਹਰਭਜਨ ਸਿੰਘ ਜੀ ਦਾ ਪੂਰਾ ਪਰਿਵਾਰ ਪਾਕਿਸਤਾਨ ਵਿੱਚ ਜਿੰਦਾ ਜਲਾ ਕੇ ਸਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਵੱਡੀ ਹਵੇਲੀ ਅੱਗ ਵਿੱਚ ਭਸਮ ਹੋ ਗਈ। ਉਨ੍ਹਾਂ ਆਪਣੀ ਜਿੰਦਗੀ ਦੀ ਰਾਹ ਆਪ ਬਣਾਈ ਤੇ ਬਿਨਾ ਕਿਸੇ ਮਦਦ ਅੱਗੇ ਵੱਧਦੇ ਗਏ। ਆਪ ਨੇ ਹਰ ਫਰੰਟ ਤੇ ਸੰਘਰਸ਼ ਕੀਤਾ , ਭਾਵੇਂ ਪਰਿਵਾਰ ਬਣਾਉਣਾ ਹੋਵੇ ਜਾਂ ਸਮਾਜ ਤੇ ਸਿਆਸਤ ਵਿੱਚ ਥਾਂ। ਸ. ਹਰਭਜਨ ਸਿੰਘ ਜੀ ਕਿਹਾ ਕਰਦੇ ਸਨ ਕਿ ਉਨ੍ਹਾਂ ਨੂੰ ਜੀਵਨ ਵਿੱਚ ਨਿੱਕੀ ਤੋਂ ਨਿੱਕੀ ਚੀਜ ਲਈ ਵੀ ਲੜਾਈ ਲੜਨੀ ਪਈ। ਕੋਈ ਵੀ ਚੀਜ ਸੁਗਾਤ ਵਜੋਂ ਜਾਂ ਸੁਭਾਵਕ ਹੀ ਨਹੀਂ ਮਿਲ ਗਈ। ਉਨ੍ਹਾਂ ਦੀ ਇਹ ਗੱਲ ਵੀ ਮਸ਼ਹੂਰ ਸੀ ਕਿ ਉਹ ਵੱਡੇ ਤੋਂ ਵੱਡਾ ਦੁਖ ਸਹਿ ਚੁਕੇ ਹਨ। ਇਸ ਕਾਰਨ ਹੁਣ ਕੋਈ ਦੁਖ ਬਚਿਆ ਨਹੀਂ ਜੋ ਉਨ੍ਹਾਂ ਨੂੰ ਡਰਾ ਸਕੇ। ਸ. ਹਰਭਜਨ ਸਿੰਘ ਜਿੱਥੇ ਆਪਨੇ ਖੇਤਰ ਦੇ ਲੋਕਾਂ ਲਈ ਸਮਰਪਤ ਸਨ , ਸਿੱਖ ਕੌਮ ਲਈ ਆਪਨੇ ਫਰਜ ਵੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਰਹੇ। ਉੱਤਰ ਪ੍ਰਦੇਸ਼ ਜਿੰਨਾ ਵੱਡਾ ਪ੍ਰਾਂਤ ਹੈ , ਇੱਥੇ ਦੀ ਸਿਆਸਤ ਨੂੰ ਸਮਝਨਾ ਵੀ ਉੰਨਾਂ ਹੀ ਔਖਾ ਹੈ। ਲਗਾਤਾਰ ਦੌਰੇ ਕਰਦੇ ਰਹਿਣ ਕਾਰਨ ਆਪ ਦੀ ਪੂਰੇ ਪ੍ਰਾਂਤ ਦੇ ਸਥਾਨਕ ਹਾਲਾਤ ਤੇ ਚੰਗੀ ਪਕੜ ਸੀ। ਸਿੱਖਾਂ ਨੂੰ ਇੱਕ ਮੰਚ ਤੇ ਲਿਆਉਣ ਲਈ ਆਪ ਨੇ ਸੰਨ 1978 ਵਿੱਚ ਲਖਨਊ ਦੀ ਕੈਸਰਬਾਗ ਬਾਰਾਦਰੀ ਵਿੱਚ ਇੱਕ ਕਨਵੇਨਸ਼ਨ ਕਰਾਈ ਜਿਸ ਵਿੱਚ ਲਗਭਗ ਹਰ ਜਿਲੇ ਦੇ ਸਿੱਖ ਨੁਮਾਇੰਦੇ ਸ਼ਾਮਲ ਹੋਏ। ਪਹਿਲੀ ਵਾਰ ਲੰਬੇ ਬਹਿਸ ਮੁਬਾਹਿਸੇ ਤੋਂ ਬਾਅਦ ਇਕ ਮਤਾ ਪਾਸ ਕਰ ਯੂ.ਪੀ. ਦੇ ਸਿੱਖਾਂ ਦੀਆਂ ਮੁੱਖ ਮੰਗਾਂ ਤੇ ਸਮਸਿਆਵਾਂ ਦੀ ਪਛਾਣ ਕੀਤੀ ਗਈ। ਇਸ ਸੰਮੇਲਨ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਸ੍ਰੀ ਬਨਾਰਸੀ ਦਾਸ ਵੀ ਆਏ ਤੇ ਉਨ੍ਹਾਂ ਕਿਹਾ ਕਿ ਪ੍ਰਦੇਸ਼ ਵਿੱਚ ਸਿੱਖਾਂ ਦੀ ਅਜਿਹੀ ਸਮਾਜੀ – ਸਿਆਸੀ ਤਾਕਤ ਦਾ ਉਨ੍ਹਾਂ ਨੂੰ ਅੰਦਾਜਾ ਵੀ ਨਹੀਂ ਸੀ।
ਸ. ਹਰਭਜਨ ਸਿੰਘ ਨੇ ਤਰਾਈ ਦੇ ਸਿੱਖਾਂ ਦੇ ਮੁੱਦੇ ਬਰਾਬਰ ਚੁੱਕੇ ਤੇ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ। ਆਪ ਨੇ ਉੱਤਰ ਪ੍ਰਦੇਸ਼ ਵਿੱਚ ਪੰਜਾਬੀ ਅਕਾਦਮੀ ਦੇ ਗਠਨ ਦੀ ਮੰਗ ਚੁੱਕੀ ਤੇ ਵਿਧਾਨ ਪ੍ਰੀਸ਼ਦ ਵਿੱਚ ਗੈਰ ਸਰਕਾਰੀ ਸੰਕਲਪ ਪਤਰ ਵੀ ਪੇਸ਼ ਕੀਤਾ ਸੀ। ਆਪ ਦੇ ਜਤਨਾਂ ਨਾਲ ਹੀ ਪ੍ਰਾਂਤ ਦੀ ਸਰਕਾਰ ਨੇ ਪੰਜਾਬੀ ਅਕਾਦਮੀ ਦਾ ਗਠਨ ਕੀਤਾ। ਭਾਵੇਂ ਆਪ ਕਾਂਗਰਸ ਪਾਰਟੀ ਵਿੱਚ ਸਰਗਰਮ ਸਨ ਪਰ ਹਰ ਸਿਆਸੀ ਦਲ ਨਾਲ ਆਪ ਦੇ ਸੁਖਾਵੇਂ ਸਬੰਧ ਸਨ ਜਿਸ ਦਾ ਲਾਭ ਪ੍ਰਾਂਤ ਦੇ ਸਿੱਖਾਂ ਨੂੰ ਸਦਾ ਮਿਲਦਾ ਰਿਹਾ। ਜੂਨ ਚੁਰਾਸੀ ਦੇ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਆਪ ਦਾ ਕਾਂਗਰਸ ਤੋਂ ਮੋਹ ਭੰਗ ਹੋ ਗਿਆ ਸੀ। ਉਸ ਤੋਂ ਬਾਅਦ ਆਪ ਨੇ ਕਦੇ ਵੀ ਕਾਂਗਰਸ ਦੀ ਮੈਂਬਰਸ਼ਿਪ ਦਾ ਫਾਰਮ ਨਹੀਂ ਭਰਿਆ। ਸ. ਹਰਭਜਨ ਸਿੰਘ ਅਕਾਲੀ ਲੀਡਰ ਸਰਦਾਰ ਗੁਰਚਰਨ ਸਿੰਘ ਟੋਹੜਾ ਤੋਂ ਕਾਫੀ ਪ੍ਰਭਾਵਤ ਸਨ। ਉਨ੍ਹਾਂ ਦੇ ਟੋਹੜਾ ਜੀ ਨਾਲ ਲੰਬੇ ਵੀਚਾਰ ਵਟਾਂਦਰੇ ਹੋਇਆ ਕਰਦੇ ਸਨ। ਅਜਿਹੇ ਨੇੜਤਾ ਦੇ ਸਬੰਧ ਉਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਨਾਲ ਵੀ ਮਾਣਦੇ ਰਹੇ ਤੇ ਕਈ ਵਾਰ ਯੂ.ਪੀ. ਵਿੱਚ ਉਨ੍ਹਾਂ ਦੇ ਪ੍ਰੇਗਰਾਮ ਵੀ ਲਗਵਾਏ। ਸ. ਹਰਭਜਨ ਸਿੰਘ ਦਾ ਵਿਸ਼ਵਾਸ ਸੀ ਕਿ ਘੱਟ ਗਿਣਤੀ ਕੌਮਾ ਦਾ ਭਲਾ ਆਪਨੇ ਹਿਤਾਂ ਦੀ ਲੜਾਈ ਨਾਲ ਰਹਿ ਕੇ ਲੜਨ ਵਿੱਚ ਹੈ। ਯੂ.ਪੀ. ਮਾਇਨਾਰਟੀਜ ਫੋਰਮ ਦੇ ਚੇਅਰਮੈਨ ਦੇ ਤੌਰ ਤੇ ਆਪ ਕਾਫੀ ਸਰਗਰਮ ਰਹੇ ਤੇ ਕਈ ਅਹਿਮ ਫੈਸਲਿਆਂ ਵਿੱਚ ਆਪਣਾ ਯੋਗਦਾਨ ਪਾਇਆ।
ਆਪ ਕੁਝ ਸਮਾਂ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਵਿਧਾਇਕ ਵੀ ਰਹੇ ਤੇ ਹਾਉਸ ਦੀ ਕਾਰਜਵਾਈ ਬੜੇ ਹੀ ਸੁਚੱਜੇ ਢੰਗ ਨਾਲ ਚਲਾਉਣ ਲਈ ਪ੍ਰਸ਼ੰਸਾ ਪ੍ਰਾਪਤ ਕੀਤੀ। ਯੂ.ਪੀ. ਦੇ ਲਗਭਗ ਸਾਰੇ ਜਿਲਿਆਂ ਦੇ ਸਿੱਖਾਂ ਨਾਲ ਉਨ੍ਹਾਂ ਦਾ ਸੰਪਰਕ ਬਣਿਆ ਰਹਿੰਦਾ ਸੀ। ਸ. ਹਰਭਜਨ ਸਿੰਘ ਜੀ ਆਪ ਮਾਰਗ ਦਰਸ਼ਨ ਦਿੰਦੇ ਰਹਿੰਦੇ। ਆਪ ਚਿੰਤਾ ਕਰਦੇ ਸਨ ਕਿ ਸਿੱਖ ਵੰਡੇ ਹੋਏ ਹਨ ਤੇ ਆਪ ਹੀ ਆਪਣਾ ਨੁਕਸਾਨ ਕਰੀ ਜਾਂਦੇ ਹਨ। ਆਪ ਕਹਿੰਦੇ ਸਨ ਕਿ ਹੱਕ ਖੁਸ਼ਾਮਦ ਨਾਲ ਨਹੀਂ ਤਾਕਤ ਦੇ ਮੁਜਾਹਿਰੇ ਨਾਲ ਮਿਲਦੇ ਹਨ। ਸਿੱਖ ਰਾਜਨੀਤੀ ਨੂੰ ਖੁਸ਼ਾਮਦ ਨੇ ਇੱਕ ਕਮਜੋਰ ਮਜਾਕ ਬਣਾ ਕੇ ਰੱਖ ਦਿੱਤਾ ਹੈ। ਸਿੱਖਾਂ ਦਾ ਗੁਰੂ ਸਾਹਿਬਾਨ ਤੇ ਗੁਰ ਸ਼ਬਦ ਤੇ ਵੀ ਭਰੋਸਾ ਨਹੀਂ ਰਿਹਾ। ਸਰਦਾਰ ਹਰਭਜਨ ਸਿੰਘ ਦਾ ਅੰਤ ਤੱਕ ਨੇਮ ਰਿਹਾ ਕਿ ਉਹ ਗੁਰਦੁਆਰੇ ਮੱਥਾ ਟੇਕਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈਣ ਤੋਂ ਬਾਅਦ ਹੀ ਆਪਨੇ ਦਿਨ ਦੀ ਸ਼ੁਰੂਆਤ ਕਰਦੇ ਸਨ। ਸਾਲ ਵਿੱਚ ਇੱਕ ਵਾਰ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਜਰੂਰ ਜਾਇਆ ਕਰਦੇ ਸਨ ਤੇ ਇਸਨਾਨ ਜਰੂਰ ਕਰਦੇ ਸਨ। ਆਤਮ ਪ੍ਰਚਾਰ ਤੋਂ ਸਦਾ ਦੂਰ ਰਹਿਣ ਵਾਲੇ ਸਰਦਾਰ ਹਰਭਜਨ ਸਿੰਘ ਆਪਨੇ ਪ੍ਰਸ਼ੰਸਕਾਂ ਲਈ ਪ੍ਰੇਰਨਾ ਦੇ ਵੱਡੇ ਸ੍ਰੋਤ ਸਨ ਕਿ ਕਿਵੇਂ ਆਪਣੀ ਈਮਾਨਦਾਰੀ ਤੇ ਮਿਹਨਤ ਦੀ ਬਦੌਲਤ ਜੀਵਨ ਵਿੱਚ ਊਚਾ ਮੁਕਾਮ ਪਾਇਆ ਜਾ ਸੱਕਦਾ ਹੈ। ਆਪ ਦੇ ਪ੍ਰਸ਼ੰਸਕਾਂ ਵਿੱਚ ਹਰ ਧਰਮ , ਵਰਗ ਦੇ ਲੋਗ ਸ਼ਾਮਲ ਸਨ। ਸਰਦਾਰ ਹਰਭਜਨ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਆਪ ਖੁਸ਼ ਕਿਸਮਤ ਸਨ ਕਿ ਲਗਭਗ ਉਹ ਸਾਰੀਆਂ ਪ੍ਰਾਪਤੀਆਂ ਹਾਸਲ ਕੇੰ ਵਿੱਚ ਸਫਲ ਰਹੇ ਜਿਨ੍ਹਾਂ ਦੀ ਉਨ੍ਹਾਂ ਨੂੰ ਮੋਟੇ ਤੌਰ ਤੇ ਆਸ ਸੀ। ਆਪ ਨੂੰ ਕਦੇ ਵੀ ਕਿਸੇ ਨੇ ਨਿਰਾਸ਼ ਜਾਂ ਉਦਾਸ ਨਹੀਂ ਵੇਖਿਆ। ਹਰ ਮੁਸ਼ਿਕਲ ਵਿੱਚ ਰਾਹ ਲੱਭ ਲੈਣਾ ਸ਼ਾਇਦ ਉਨ੍ਹਾਂ ਤੇ ਪਰਮਾਤਮਾ ਦੀ ਅਪਾਰ ਬਖਸ਼ਿਸ਼ ਕਾਰਨ ਹੀ। ਉਨ੍ਹਾਂ ਦੇ ਸਾਹਮਣੇ ਹਰ ਔਂਕੜ ਹਾਰਦੀ ਰਹੀ। ਸੰਸਾਰ ਅੰਦਰ ਕੋਈ ਵੀ ਅਮਰ ਨਹੀਂ ਹੈ ਤੇ ਕੋਈ ਵੀ ਸੰਪੂਰਣ ਨਹੀਂ ਹੈ ਪਰ ਸਰਦਾਰ ਹਰਭਜਨ ਸਿੰਘ ਜਿਹੀ ਸ਼ਖਸੀਅਤ ਨਾ ਰਹਿਣਾ ਯੂ.ਪੀ. ਦੀ ਸਿੱਖ ਰਾਜਨੀਤੀ ਲਈ ਕਦੇ ਨਾ ਪੂਰੀ ਹੋਣ ਵਾਲੀ ਘਾਟ ਹੈ।

Comments are closed.

COMING SOON .....


Scroll To Top
11