Monday , 17 June 2019
Breaking News
You are here: Home » PUNJAB NEWS » ਸ. ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ’ਚ ‘ਪੰਜਾਬੀ ਏਕਤਾ ਪਾਰਟੀ’ ਕਾਇਮ

ਸ. ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ’ਚ ‘ਪੰਜਾਬੀ ਏਕਤਾ ਪਾਰਟੀ’ ਕਾਇਮ

‘ਆਪ’ ਦੇ 6 ਵਿਧਾਇਕਾਂ ਅਤੇ ਸੰਸਦ ਮੈਂਬਰ ਗਾਂਧੀ ਵੱਲੋਂ ਸਮਰਥਨ

ਚੰਡੀਗੜ੍ਹ, 8 ਜਨਵਰੀ- ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਚੁਕੇ ਆਗੂ ਸ. ਸੁਖਪਾਲ ਸਿੰਘ ਖਹਿਰਾ ਨੇ ਮੰਗਲਵਾਰ ਨੂੰ ਆਪਣੀ ਵੱਖਰੀ ਸਿਆਸੀ ਪਾਰਟੀ ‘ਪੰਜਾਬੀ ਏਕਤਾ ਪਾਰਟੀ’ (ਪੀ.ਏ.ਪੀ.) ਕਾਇਮ ਕਰਨ ਦਾ ਐਲਾਨ ਕੀਤਾ ਹੈ। ਨਵੀਂ ਪਾਰਟੀ ਦੇ ਐਲਾਨ ਸਮੇਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ 6 ਵਿਧਾਇਕਾਂ ਅਤੇ ਸੰਸਦ ਮੈਂਬਰ ਧਰਮਵੀਰ ਗਾਂਧੀ ਵੱਲੋਂ ਸਮਰਥਨ ਦਿੱਤਾ ਗਿਆ ਹੈ। ਪਾਰਟੀ ਦੇ ਚੰਡੀਗੜ੍ਹ ਵਿਖੇ ਐਲਾਨ ਸਮੇਂ ‘ਆਪ’ ਦੇ 6 ਵਿਧਾਇਕ ਸ੍ਰੀ ਕੰਵਰ ਸੰਧੂ, ਸ. ਨਾਜਰ ਸਿੰਘ ਮਾਨਸ਼ਾਹੀਆ, ਸ. ਪਿਰਮਲ ਸਿੰਘ ਖਾਲਸਾ, ਸ. ਜਗਤਾਰ ਸਿੰਘ ਜਗਾ ਹਿਸੋਵਾਲ, ਸ. ਜਗਦੇਵ ਸਿੰਘ ਕਮਾਲੂ ਤੇ ਮਾਸਟਰ ਬਲਦੇਵ ਸਿੰਘ ਜੈਤੋ ਮੌਜੂਦ ਸਨ। ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਵੀ ਨਵੀਂ ਪਾਰਟੀ ਦਾ ਸਮਰਥਨ ਕੀਤਾ ਹੈ। ਸ. ਖਹਿਰਾ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ‘ਆਪ’ ਦੇ 8 ਵਿਧਾਇਕਾਂ ਵੱਲੋਂ ਸਮਰਥਨ ਪ੍ਰਾਪਤ ਹੈ। ਨਵੀਂ ਪਾਰਟੀ ਦੇ ਐਲਾਨ ਮੌਕੇ ਸ. ਖਹਿਰਾ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਹਨ। ਉਨ੍ਹਾਂ ਕਿਹਾ ਕਿ ਨਵੀਂ ‘ਪੰਜਾਬੀ ਏਕਤਾ ਪਾਰਟੀ’ ਕਿਸਾਨਾਂ ਦੀ ਆਤਮ ਹੱਤਿਆ ਅਤੇ ਕਰਜ਼ੇ ਦਾ ਹੱਲ ਕੱਢੇਗੀ। ਕਿਸਾਨਾਂ ਨੂੰ ਸਬਸਿਡੀ ਨਗਦੀ ਵਜੋਂ ਟ੍ਰਾਂਸਫਰ ਹੋਵੇਗੀ। ਕਿਸਾਨਾਂ ਦੇ ਕਰਜ਼ਿਆਂ ਉਪਰ ਵਿਆਜ਼ ਦਰਾਂ ਅੱਧੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਾਰੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਭ੍ਰਿਸ਼ਟਾਚਾਰ ਨੂੰ ਠਲ੍ਹ ਪਾਉਣਗੇ, ਅਫ਼ਸਰਸ਼ਾਹੀ ਨੂੰ ਟਾਰਗੇਟ ਕੀਤਾ ਜਾਵੇਗਾ, ਲੋਕ ਪਾਲ ਬਿਲ ਬਣਾਉਣਗੇ। ਇਸ ਤੋਂ ਇਲਾਵਾ ਉਨ੍ਹਾਂ ਮੌਕਾਪ੍ਰਸਤ ਪਾਰਟੀਆਂ ਕੋਲੋਂ ਪੰਜਾਬ ਨੂੰ ਅਜ਼ਾਦ ਕਰਵਾਉਣ ਦਾ ਵੀ ਦਾਅਵਾ ਕੀਤਾ।ਸ. ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ, ਉਸ ਨੂੰ ਵੇਖਦਿਆਂ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਉਨ੍ਹਾਂ ਨੂੰ ਮੁਸ਼ਕਲ ਫੈਸਲਾ ਲੈਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ ’ਤੇ ਵੀ ਨਿਸ਼ਾਨੇ ਲਾਏ। ਸ. ਖਹਿਰਾ ਨੇ ਅਕਾਲੀਆਂ ’ਤੇ ਪੰਜਾਬ ਅੰਦਰ ਨਸ਼ਾ ਫੈਲਾਉਣ ਦੇ ਇਲਜ਼ਾਮ ਲਾਏ।ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਵੀ ਘੇਰੀ।ਉਨ੍ਹਾਂ ਕਿਹਾ ਕਿ ਕੇਂਦਰ ਨੇ ਪਹਾੜੀ ਸੂਬਿਆਂ ਨੂੰ ਟੈਕਸ ’ਚ ਛੋਟ ਦਿਤੀ ਪਰ ਪੰਜਾਬ ਦੀਆਂ ਫੈਕਟਰੀਆਂ ਨੂੰ ਕੋਈ ਰਾਹਤ ਨਹੀਂ ਦਿਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੱਸ ਮਾਫੀਆ ’ਤੇ ਨਕੇਲ ਕੱਸੀ ਜਾਵੇਗੀ। ਕਨਫਲਿਕਟ ਆਫ ਇੰਟਰਸਟ ਕਾਨੂੰਨ ਲਿਆਂਦਾ ਜਾਵੇਗਾ। ਸਿਹਤ ਅਤੇ ਸਿੱਖਿਆ ਖੇਤਰ ਨੂੰ ਮਜ਼ਬੂਤ ਕੀਤਾ ਜਾਵੇਗਾ।
ਪਾਰਟੀ ਗਰੀਬ ਪਰਿਵਾਰਾਂ ਨੂੰ ਸਿਹਤ, ਸਿੱਖਿਆ ਸੇਵਾਵਾਂ ਅਤੇ ਮੁਫਤ ਮਕਾਨ ਦੀ ਸਹੂਲਤ ਦੇਵੇਗੀ। ਪੰਜਾਬ ਵਿੱਚ ਬਿਜਲੀ ਦੀਆਂ ਦਰਾਂ 5 ਰੁਪਏ ਪ੍ਰਤੀ ਯੂਨਿਟ ਕੀਤੀਆਂ ਜਾਣਗੀਆਂ। ਪੰਚਾਂ ਸਰਪੰਚਾਂ ਨੂੰ ਪੂਰੇ ਅਧਿਕਾਰ ਦਿੱਤੇ ਜਾਣਗੇ। ਕਾਮਿਆਂ ਅਤੇ ਪੈਨਸ਼ਰਾਂ ਨੂੰ ਉਨ੍ਹਾਂ ਦੇ ਬਕਾਏ ਤੁਰੰਤ ਅਦਾ ਕੀਤੇ ਜਾਣਗੇ। ਖਹਿਰਾ ਨੇ ਕਿਹਾ ਕਿ ਜੇਕਰ ਪਾਰਟੀ ਮੈਨੀਫੈਸਟੋ ’ਚ ਕੀਤੇ ਗਏ ਵਾਅਦਿਆਂ ’ਤੇ ਅਮਲ ਨਾ ਕਰੇ ਤਦ ਪਾਰਟੀ ਖੁਦ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਪਾਰਟੀ ਦੀ ਮਾਨਤਾ ਖਤਮ ਕਰਨ ਦੀ ਮੰਗ ਕਰੇਗੀ।

Comments are closed.

COMING SOON .....


Scroll To Top
11