Tuesday , 16 July 2019
Breaking News
You are here: Home » PUNJAB NEWS » ਸ. ਮਾਨ ਬਗ਼ਾਵਤ ਅਤੇ ਦੇਸ਼ ਧ੍ਰੋਹੀ ਦੇ 75ਵੇਂ ਆਖਰੀ ਕੇਸ ’ਚੋਂ ਵੀ ਬਰੀ

ਸ. ਮਾਨ ਬਗ਼ਾਵਤ ਅਤੇ ਦੇਸ਼ ਧ੍ਰੋਹੀ ਦੇ 75ਵੇਂ ਆਖਰੀ ਕੇਸ ’ਚੋਂ ਵੀ ਬਰੀ

ਕੇਸ ’ਚੋਂ ਬਰੀ ਹੋਣ ’ਤੇ ਸਿੱਖ ਕੌਮ ਨੂੰ ਮੁਬਾਰਕਬਾਦ : ਟਿਵਾਣਾ, ਮਹੇਸ਼ਪੁਰੀਆ

ਫ਼ਤਹਿਗੜ੍ਹ ਸਾਹਿਬ, 7 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-“ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਬੀਤੇ 30 ਸਾਲਾ ਤੋਂ ਸਿਖ ਕੌਮ ਦੀ ਆਜ਼ਾਦੀ ਪ੍ਰਾਪਤੀ ਲਈ ਪੂਰਨ ਦ੍ਰਿੜਤਾ ਅਤੇ ਸੰਜ਼ੀਦਗੀ ਨਾਲ ਬਾਦਲੀਲ ਢੰਗ ਰਾਹੀ ਕੌਮਾਂਤਰੀ ਪਧਰ ਤੇ ਲੜਾਈ ਲੜਦੇ ਆ ਰਹੇ ਹਨ, ਹਿੰਦੂਤਵ ਹੁਕਮਰਾਨਾਂ ਨੇ ਉਨ੍ਹਾਂ ਨੂੰ ਆਪਣੇ ਸਚੇ-ਸੁਚੇ ਮਿਸ਼ਨ ਤੋਂ ਥਿੜਕਾਉਣ ਲਈ ਅਤੇ ਆਜ਼ਾਦੀ ਦੀ ਗਲ ਨੂੰ ਭੰਬਲਭੂਸੇ ਵਿਚ ਪਾਉਣ ਲਈ ਮੰਦਭਾਵਨਾ ਅਧੀਨ ਪੰਜਾਬ ਅਤੇ ਹੋਰ ਸਥਾਨਾਂ ਉਤੇ ਇਕ ਡੂੰਘੀ ਸਾਜ਼ਿਸ ਤਹਿਤ ਕੋਈ 75 ਦੇ ਕਰੀਬ ਬਗ਼ਾਵਤ ਅਤੇ ਦੇਸ਼ ਧ੍ਰੋਹੀ ਦੇ ਕੇਸ ਦਰਜ ਕਰਵਾਏ ਸਨ, ਅਜਿਹੇ ਕੇਸਾਂ ਵਿਚ 20 ਸਾਲ ਦੀ ਸਜ਼ਾ ਜਾਂ ਉਮਰ ਕੈਦ ਵੀ ਹੋ ਸਕਦੀ ਸੀ । ਸ. ਮਾਨ ਅਕਸਰ ਹੀ ਆਪਣੇ ਮਹੀਨਾਵਾਰ ਕੌਮੀ ਅਤੇ ਪਾਰਟੀ ਕੰਮਾਂ ਵਿਚ ਜਿੰਮੇਵਾਰੀ ਨਿਭਾਉਦੇ ਹੋਏ ਅਦਾਲਤੀ ਕੇਸ ਭੁਗਤਣ ਲਈ ਜਾਂਦੇ ਰਹਿੰਦੇ ਸਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬਗ਼ਾਵਤ ਦੇ ਅਤੇ ਦੇਸ਼ ਧ੍ਰੋਹੀ ਦੇ 74 ਕੇਸਾਂ ਵਿਚੋਂ ਪਹਿਲੋ ਹੀ ਬਾਇਜ਼ਤ ਬਰੀ ਹੋ ਚੁਕੇ ਹਨ । ਜੋ ਬਸ਼ੀ ਪਠਾਣਾ ਵਿਖੇ 08/03/2006 ਨੂੰ ਮੁਕਦਮਾ ਨੰਬਰ 23 ਰਾਹੀ ਧਾਰਾ 124ਏ, 153ਏ, 153ਬੀ ਅਤੇ 505 ਆਈ.ਪੀ.ਸੀ. ਅਧੀਨ ਉਸ ਸਮੇਂ ਦੇ ਐਸ.ਪੀ.ਡੀ. ਫ਼ਤਹਿਗੜ੍ਹ ਸਾਹਿਬ ਸ੍ਰੀ ਪ੍ਰਿਤਪਾਲ ਸਿੰਘ ਵਿਰਕ ਵਲੋਂ ਦਰਜ ਕਰਵਾਇਆ ਗਿਆ ਸੀ, ਉਸ ਆਖਰੀ ਕੇਸ ਵਿਚੋਂ ਵੀ ਅਜ ਜ਼ਿਲ੍ਹਾ ਸੈਂਸਨ ਕੋਰਟ ਦੇ ਐਡੀਸ਼ਨਲ ਸੈਸਨ ਜਜ ਸ੍ਰੀ ਆਰ.ਕੇ. ਵਸਿਸਟ ਵਲੋਂ ਬਾਇਜ਼ਤ ਬਰੀ ਕਰਨ ਦੇ ਹੁਕਮ ਹੋਏ ਹਨ।
ਇਸ ਮੌਕੇ ਤੇ ਸਮੁਚੀ ਸਿਖ ਕੌਮ, ਸਿਖ ਸੰਗਠਨਾਂ, ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਇਨਸਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਜਿਥੇ ਮੁਬਾਰਕਬਾਦ ਭੇਜੀ ਜਾਂਦੀ ਹੈ, ਉਥੇ ਸਮੁਚੀ ਸਿਖ ਕੌਮ ਨੂੰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗੀ ਦ੍ਰਿੜ ਅਤੇ ਕੌਮੀ ਮਿਸ਼ਨ ਲਈ ਸੰਜ਼ੀਦਗੀ ਰਖਣ ਵਾਲੀ ਸਖਸ਼ੀਅਤ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਹਰ ਪਖੋਂ ਇਮਦਾਦ ਦੇਣ ਦੀ ਜੋਰਦਾਰ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਜਮਹੂਰੀਅਤ ਅਤੇ ਅਮਨਮਈ ਲੀਹਾਂ ਤੇ ਚਲਦੇ ਹੋਏ ਸਿਖ ਕੌਮ ਦੀ ਆਜ਼ਾਦੀ ਖ਼ਾਲਿਸਤਾਨ ਦੀ ਪ੍ਰਾਪਤੀ ਕਰਕੇ ਖ਼ਾਲਿਸਤਾਨ ਸਟੇਟ ਨੂੰ ਦੁਨੀਆਂ ਦੇ ਨਕਸੇ ਤੇ ਲਿਆਂਦਾ ਜਾ ਸਕੇ ਅਤੇ ਸਿਖ ਕੌਮ ਵੀ ਆਪਣੀ ਆਜ਼ਾਦੀ ਦਾ ਸਹੀ ਰੂਪ ਵਿਚ ਨਿਘ ਮਾਣ ਸਕੇ ।
”ਇਹ ਵਿਚਾਰ ਅਜ ਇਥੇ ਸ. ਇਕਬਾਲ ਸਿੰਘ ਟਿਵਾਣਾ ਮੁਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਸ. ਲਖਵੀਰ ਸਿੰਘ ਮਹੇਸ਼ਪੁਰੀਆ ਮੁਖ ਦਫ਼ਤਰ ਸਕਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਪਾਰਟੀ ਦੇ ਮੁਖ ਦਫ਼ਤਰ ਤੋਂ ਸਮੁਚੀ ਸਿਖ ਕੌਮ ਨੂੰ ਸ. ਮਾਨ ਦੇ ਆਖਰੀ ਰਹਿੰਦੇ ਇਕ ਕੇਸ ਵਿਚੋਂ ਬਰੀ ਹੋਣ ਉਤੇ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਅਤੇ ਸਮੁਚੀ ਸਿਖ ਕੌਮ ਨੂੰ ਕੌਮੀ ਨਿਸ਼ਾਨੇ ਉਤੇ ਦ੍ਰਿੜ ਰਹਿਣ, ਸ. ਮਾਨ ਨੂੰ ਹਰ ਤਰ੍ਹਾਂ ਮਦਦ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਜਾਣਕਾਰੀ ਦੇਣਾ ਅਸੀਂ ਆਪਣਾ ਫਰਜ ਸਮਝਦੇ ਹਾਂ ਕਿ ਸ. ਸਿਮਰਨਜੀਤ ਸਿੰਘ ਮਾਨ ਦੇ ਖਿਲਾਫ਼ 2006 ਵਿਚ ਇਕ ਸੀਡੀ ਨੂੰ ਆਧਾਰ ਬਣਾਕੇ ਮੁਕਦਮਾ ਦਰਜ ਕੀਤਾ ਗਿਆ ਸੀ, ਜਿਸ ਵਿਚ ਖ਼ਾਲਿਸਤਾਨ ਦੀ ਗਲ ਕਰਨ ਤੇ ਦੇਸ਼ ਧ੍ਰੋਹ ਦਾ ਦੋਸ਼ ਲਗਾਇਆ ਗਿਆ ਸੀ ।
ਉਸ ਸਮੇਂ ਕਾਂਗਰਸ ਦਾ ਰਾਜ ਸੀ । ਮੁਕਦਮੇ ਦੀ ਮਨਜੂਰੀ ਲੈਣ ਲਈ ਜਦੋਂ ਗ੍ਰਹਿ ਵਿਭਾਗ ਕੋਲ ਭੇਜਿਆ ਗਿਆ ਤਾਂ ਗ੍ਰਹਿ ਵਿਭਾਗ ਨੇ ਮਨਜੂਰੀ ਨਹੀਂ ਦਿਤੀ । ਪਰ ਦੁਖ ਅਤੇ ਅਫ਼ਸੋਸ ਹੈ ਕਿ 6 ਸਾਲ ਬਾਅਦ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਜਦੋਂ ਪੰਜਾਬ ਦੇ ਮੁਖ ਮੰਤਰੀ ਸਨ ਤਾਂ ਉਸ ਸਮੇਂ ਇਹ ਮਨਜੂਰੀ ਦੇ ਦਿਤੀ ਗਈ ਅਤੇ ਚਲਾਨ 2012 ਵਿਚ ਪੇਸ਼ ਹੋਇਆ ।
ਇਹ ਉਪਰੋਕਤ ਕਾਰਵਾਈ ਪ੍ਰਤਖ ਕਰਦੀ ਹੈ ਕਿ ਉਸ ਸਮੇਂ ਦੇ ਪੰਜਾਬ ਦੇ ਹੁਕਮਰਾਨਾਂ ਨੇ ਆਪਣੇ ਸਿਆਸੀ ਮੁਫਾਦਾ ਦੀ ਪੂਰਤੀ ਲਈ ਅਤੇ ਹਿੰਦੂ ਮੁਤਸਵੀਆਂ ਨੂੰ ਖੁਸ਼ ਕਰਨ ਲਈ ਇਹ ਚਲਾਨ ਪੇਸ਼ ਕਰਵਾਇਆ । ਪਰ ਇਨਸਾਫ਼ ਦੇ ਤਕਾਜੇ ਨੇ ਪ੍ਰਤਖ ਕਰ ਦਿਤਾ ਕਿ ਸ. ਮਾਨ ਉਤੇ ਹੁਣ ਤਕ ਬਣਾਏ ਗਏ ਅਤੇ ਇਹ 75ਵਾਂ ਕੇਸ ਜਿਸ ਵਿਚੋਂ ਬਰੀ ਹੋਏ ਹਨ, ਸਭ ਸਿਆਸੀ ਮੰਦਭਾਵਨਾ ਅਤੇ ਸਿਖ ਕੌਮ ਵਿਰੋਧੀ ਇਛਾਵਾ ਦੀ ਪੂਰਤੀ ਲਈ ਹੁਕਮਰਾਨਾਂ ਵਲੋਂ ਅਮਲ ਕੀਤੇ ਗਏ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਸੰਬੰਧਤ ਸ੍ਰੀ ਪ੍ਰਿਤਪਾਲ ਸਿੰਘ ਵਿਰਕ ਐਸ.ਪੀ.ਡੀ. ਜਿਸਨੇ ਸਰਕਾਰ ਦੀ ਮੰਦਭਾਵਨਾ ਉਤੇ ਅਮਲ ਕਰਦੇ ਹੋਏ ਸ. ਮਾਨ ਵਿਰੁਧ ਝੂਠਾਂ ਕੇਸ ਬਣਾਇਆ ਸੀ, ਉਹ ਅਜ ਮਨੁਖੀ ਅਧਿਕਾਰਾਂ ਦੇ ਉਲੰਘਣ ਅਤੇ ਕਤਲ ਕੇਸਾਂ ਵਿਚ ਜੇਲ੍ਹ ਵਿਚ ਬੰਦੀ ਹਨ । ਇਹ ਉਸ ਅਕਾਲ ਪੁਰਖ ਦਾ ਇਨਸਾਫ਼ ਹੈ ਕਿ ਸ. ਮਾਨ ਨੂੰ ਜੇਲ੍ਹਾਂ ਵਿਚ ਬੰਦੀ ਬਣਾਉਣ ਦੀ ਮੰਦਭਾਵਨਾ ਰਖਣ ਵਾਲੇ ਅਜ ਖੁਦ ਜੇਲ੍ਹ ਦੀਆਂ ਕਾਲਕੋਠੜੀਆ ਵਿਚ ਹਨ । ਸ. ਟਿਵਾਣਾ ਅਤੇ ਮਹੇਸ਼ਪੁਰੀਆ ਨੇ ਸ. ਸਿਮਰਨਜੀਤ ਸਿੰਘ ਮਾਨ ਦੇ ਕੇਸ ਲੜ ਰਹੇ ਸਾਡੇ ਸਤਿਕਾਰਯੋਗ ਐਡਵੋਕੇਟ ਸ. ਹਰਦੇਵ ਸਿੰਘ ਰਾਏ, ਸ. ਗੁਰਪ੍ਰੀਤ ਸਿੰਘ ਸੈਣੀ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦਾ ਪਾਰਟੀ ਵਲੋਂ ਅਤੇ ਸਿਖ ਕੌਮ ਵਲੋਂ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ । ਕਿਉਂਕਿ ਇਨ੍ਹਾਂ ਨੇ ਬਹੁਤ ਹੀ ਮਿਹਨਤ ਤੇ ਸਿਦਤ ਨਾਲ ਜਜ ਸਾਹਿਬ ਅਗੇ ਦਲੀਲ ਕਰਦੇ ਹੋਏ ਆਪਣੇ ਪਖ, ਸ. ਮਾਨ ਦੇ ਕੌਮੀ ਪਖ ਅਤੇ ਸਿਆਸੀ ਮੰਦਭਾਵਨਾ ਦੇ ਸਬੂਤ ਪੇਸ਼ ਕੀਤੇ ਅਤੇ ਦਲੀਲ ਕੀਤੀ, ਜਿਸਦੀ ਬਦੌਲਤ ਅਜ ਇਸ ਆਖਰੀ ਕੇਸ ਵਿਚ ਸ. ਮਾਨ ਅਤੇ ਸਮੁਚੇ ਖ਼ਾਲਿਸਤਾਨੀਆਂ ਦੀ ਕੌਮਾਂਤਰੀ ਪਧਰ ਤੇ ਫ਼ਤਹਿ ਹੋਈ ਹੈ ।
ਸ. ਮਾਨ ਦੇ ਬਰੀ ਹੋਣ ਤੇ ਅਦਾਲਤ ਵਿਚ ਉਨ੍ਹਾਂ ਨਾਲ ਸ. ਇਕਬਾਲ ਸਿੰਘ ਟਿਵਾਣਾ ਮੁਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ. ਲਖਵੀਰ ਸਿੰਘ ਮਹੇਸ਼ਪੁਰੀਆ ਮੁਖ ਦਫ਼ਤਰ ਸਕਤਰ, ਸ. ਗੁਰਜੰਟ ਸਿੰਘ ਕਟੂ ਪੀ.ਏ. ਸ. ਮਾਨ, ਸ. ਰਣਜੀਤ ਸਿੰਘ ਚੀਮਾਂ ਕਾਰਜਕਾਰੀ ਮੈਂਬਰ, ਫ਼ੌਜੀ ਸਾਹਿਬ ਫ਼ਤਹਿਪੁਰ, ਦਲਵਿੰਦਰ ਸਿੰਘ ਗਿੰਦਾ ਆਦਿ ਆਗੂ ਹਾਜਰ ਸਨ, ਜਿਨ੍ਹਾਂ ਨੇ ਮੁਬਾਰਕਬਾਦ ਦੇ ਨਾਲ-ਨਾਲ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ ਅਤੇ ਉਸ ਅਕਾਲ ਪੁਰਖ ਦਾ ਸੁਕਰਾਨਾ ਵੀ ਕੀਤਾ ।

Comments are closed.

COMING SOON .....


Scroll To Top
11