Friday , 6 December 2019
Breaking News
You are here: Home » EDITORIALS » ਸ. ਫੂਲਕਾ ਦੀ ਸਿਆਸੀ ਸੇਧ

ਸ. ਫੂਲਕਾ ਦੀ ਸਿਆਸੀ ਸੇਧ

ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਲੰਬੀ ਉਡੀਕ ਤੋਂ ਬਾਅਦ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪਦਮਸ਼੍ਰੀ ਐਚ.ਐਸ. ਫੂਲਕਾ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਦੇ ਇਸ ਅਸਤੀਫੇ ਨਾਲ ਹਲਕਾ ਦਾਖਾ ਵਿਧਾਨ ਸਭਾ ਵਿੱਚ ਨੁਮਾਇੰਦਗੀ ਰਹਿਤ ਹੋ ਗਿਆ ਹੈ। ਸ਼੍ਰੀ ਫੂਲਕਾ ਨੇ ਕੁਝ ਮਹੀਨੇ ਪਹਿਲਾਂ ਪਾਰਟੀ ਅਤੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਹ ਅਸਤੀਫਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵਿਰੁੱਧ ਕਾਂਗਰਸ ਸਰਕਾਰ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਦੇ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਦੇ ਦੋ ਮੰਤਰੀਆਂ ਤੋਂ ਅਸਤੀਫੇ ਦੀ ਮੰਗ ਕੀਤੀ ਸੀ ਜੋ ਪ੍ਰਵਾਨ ਨਹੀਂ ਹੋ ਸਕੀ। ਵਿਧਾਇਕ ਵਜੋਂ ਅਸਤੀਫਾ ਪ੍ਰਵਾਨ ਹੋਣ ਤੋਂ ਬਾਅਦ ਉਨ੍ਹਾਂ ਨੇ ਬੇਅਦਬੀਆਂ ਵਿਰੁੱਧ ਰੋਸ ਵਜੋਂ ਪੰਜਾਬ ਦੇ ਹੋਰ ਵਿਧਾਇਕਾਂ ਨੂੰ ਅਸਤੀਫੇ ਦੇਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਵਿਸ਼ੇਸ਼ ਕਰਕੇ ਸਾਬਕਾ ਮੰਤਰੀ ਸ. ਨਵਜੋਤ ਸਿੰਘ ਸਿੱਧੂ, ਕਾਂਗਰਸੀ ਵਿਧਾਇਕਾਂ ਸ. ਰਮਨਜੀਤ ਸਿੰਘ ਸਿੱਕੀ ਤੇ ਸ. ਹਰਮਿੰਦਰ ਸਿੰਘ ਗਿੱਲ, ਬੈਂਸ ਭਰਾਵਾਂ ਅਤੇ ਸ. ਸੁਖਪਾਲ ਸਿੰਘ ਖਹਿਰਾ ਨੂੰ ਬੇਅਦਬੀ ਕਾਂਡ ਉਪਰ ਪਰਦਾ ਪਾਉਣ ਲਈ ਕੈਪਟਨ ਅਤੇ ਬਾਦਲਾਂ ਵੱਲੋਂ ਖੇਡੀ ਜਾ ਰਹੀ ਕਥਿਤ ਦੋਸਤਾਨਾ ਖੇਡ ਵਿਰੁੱਧ ਆਪਣੀਆਂ ਜ਼ਮੀਰਾਂ ਦੀ ਆਵਾਜ਼ ਪਛਾਣ ਕੇ ਅਸਤੀਫ਼ੇ ਦੇ ਕੇ ਰੂਹਾਨੀ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੀ ਇਸ ਅਪੀਲ ਨੂੰ ਸਬੰਧਤ ਵਿਧਾਇਕ ਕੀ ਹੁੰਗਾਰਾ ਭਰਦੇ ਹਨ ਇਹ ਗੱਲ ਵੱਖਰੀ ਹੈ ਪ੍ਰੰਤੂ ਕਿਸੇ ਵੀ ਪੱਖ ਤੋਂ ਉਨ੍ਹਾਂ ਦੀ ਇਹ ਰਾਏ ਜਾਂ ਦਲੀਲ ਕਾਰਗਰ ਨਹੀਂ ਹੈ। ਖੁਦ ਸ. ਫੂਲਕਾ ਦੇ ਅਸਤੀਫੇ ਦਾ ਸਰਕਾਰ ਜਾਂ ਕਿਸੇ ਸਿਆਸੀ ਧਿਰ ‘ਤੇ ਕੋਈ ਅਸਰ ਨਹੀਂ ਪਿਆ। ਜੇਕਰ ਦੋ ਚਾਰ ਹੋਰ ਵਿਧਾਇਕ ਇਸ ਮੁੱਦੇ ‘ਤੇ ਅਸਤੀਫਾ ਦਿੰਦੇ ਹਨ ਤਦ ਵੀ ਸਿਆਸੀ ਹਾਲਾਤਾਂ ਵਿੱਚ ਮੋੜਾ ਪਾਉਣਾ ਸੰਭਵ ਨਹੀਂ ਲੱਗ ਰਿਹਾ ਹੈ। ਸ. ਫੂਲਕਾ ਦੀ ਇਹ ਸਿਆਸੀ ਸੋਚ ਦਰੁਸਤ ਨਹੀਂ ਹੈ। ਲੜਾਈ ਲੜਨ ਦੇ ਹੋਰ ਬਹੁਤ ਢੰਗ ਤਰੀਕੇ ਹਨ। ਵਿਧਾਇਕੀ ਤੋਂ ਅਸਤੀਫਾ ਦਿੱਤੇ ਬਿਨਾਂ ਵੀ ਇਸ ਲੜਾਈ ਨੂੰ ਬਹੁਤ ਬੇਹਤਰ ਤਰੀਕੇ ਨਾਲ ਲੜਿਆ ਜਾ ਸਕਦਾ ਹੈ। ਵਿਧਾਇਕਾਂ ਨੂੰ ਅਸਤੀਫੇ ਦੇਣ ਦੀ ਸਲਾਹ ਸੂਬੇ ਦੇ ਵੋਟਰਾਂ ਨਾਲ ਵੀ ਜ਼ਿਆਦਤੀ ਹੈ। ਹਰ ਹਲਕੇ ਦੇ ਵੋਟਰ ਆਪਣੇ ਵਿਧਾਇਕ ਨੂੰ 5 ਸਾਲ ਲਈ ਚੁਣਦੇ ਹਨ। ਜੇਕਰ ਕੋਈ ਵਿਧਾਇਕ ਉਨ੍ਹਾਂ ਨੂੰ ਅੱਧ ਵਿਚਕਾਰ ਛੱਡ ਜਾਂਦਾ ਹੈ ਤਦ ਇਹ ਵੋਟਰਾਂ ਨਾਲ ਵੱਡਾ ਧੋਖਾ ਹੈ। ਜੇਕਰ ਸ. ਫੂਲਕਾ ਨੂੰ ਇਹ ਲੱਗਦਾ ਸੀ ਕਿ ਉਹ ਵਿਧਾਇਕ ਵਜੋਂ ਅਸਰਦਾਰ ਭੂਮਿਕਾ ਨਹੀਂ ਨਿਭਾਅ ਸਕਦੇ ਸਨ ਤਦ ਉਨ੍ਹਾਂ ਨੂੰ ਇਹ ਚੋਣ ਨਹੀ ਲੜਨੀ ਚਾਹੀਦੀ ਸੀ। ਹੁਣ ਦੂਸਰੇ ਵਿਧਾਇਕਾਂ ਨੂੰ ਅਸਤੀਫੇ ਦੇਣ ਦੀ ਸਲਾਹ ਦੇ ਕੇ ਉਹ ਇਸ ਗਲਤੀ ਨੂੰ ਕਈ ਵਾਰ ਦੁਹਰਾਉਣਾ ਚਾਹੁੰਦੇ ਹਨ। ਸ. ਫੂਲਕਾ ਇਕ ਚੰਗੇ ਵਕੀਲ ਹਨ। ਉਨ੍ਹਾਂ ਨੂੰ ਆਪਣੀ ਸਿਆਸੀ ਪਹੁੰਚ ਬਾਰੇ ਮੁੜ ਤੋਂ ਸੋਚਣਾ ਵਿਚਾਰਨਾਂ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ ਦੀ ਲੜਾਈ ਨੂੰ ਜਾਰੀ ਰੱਖਣ ਦੀ ਵੱਡੀ ਜ਼ਰੂਰਤ ਹੈ। ਸ. ਫੂਲਕਾ ਨੂੰ ਇਸ ਮੁੱਦੇ ‘ਤੇ ਫੌਕੀ ਬਿਆਨਬਾਜ਼ੀ ਦੀ ਥਾਂ ਮੈਦਾਨ ਵਿੱਚ ਨਿੱਤਰਣ ਅਤੇ ਸੰਗਤ ਦੀ ਅਗਵਾਈ ਕਰਨ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11