Thursday , 27 June 2019
Breaking News
You are here: Home » Editororial Page » ਸੱਸੀ ਦੇ ਹਾਸ਼ਮ ਦਾ ਸੂਫੀ ਕਲਾਮ

ਸੱਸੀ ਦੇ ਹਾਸ਼ਮ ਦਾ ਸੂਫੀ ਕਲਾਮ

ਸਈਅਦ ਮੁਹੰਮਦ ਹਾਸ਼ਮ ਸ਼ਾਹ ਨੂੰ ਦੁਨੀਆ ਇਕ ਕਿੱਸਾਕਾਰ ਦੇ ਤੌਰ ਤੇ ਜਾਣਦੀ ਹੈ, ਜਿਸ ਨੇ ਸੱਸੀ ਪੁਨੂੰ ਦਾ ਜਗਤ ਪ੍ਰਸਿੱਧ ਕਿੱਸਾ ਲਿਖ ਕੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਇਆ। ਹਾਸ਼ਮ ਵੱਲੋਂ ਲਿਖਿਆ ਇਹ ਕਿੱਸਾ ਉਸ ਸਮੇਂ ਘਰ ਘਰ ਗਾਇਆ ਜਾਂਦਾ ਸੀ। ਸ਼ਾਇਦ ਇਸੇ ਲਈ ਬਾਵਾ ਬੁੱਧ ਸਿੰਘ ਨੇ ਕਿਹਾ ਸੀ ਹਾਸ਼ਮ ਨੇ ਸੱਸੀ ਕਾਹਦੀ ਲਿਖੀ ਘਰ ਘਰ ਬਿਰਹੋਂ ਦੀ ਅੱਗ ਲਗਾ ਦਿੱਤੀੌ। ਹਾਸ਼ਮ ਨੇ ਸੱਸੀ ਪੁਨੂੰ ਦਾ ਕਿੱਸਾ ਲਿਖ ਕੇ ਸੱਸੀ ਨੂੰ ਅਮਰ ਕਰ ਦਿੱਤਾ ਅਤੇ ਉਸਦੀ ਸੱਸੀ ਨੇ ਹਾਸ਼ਮ ਦਾ ਨਾਂਮ ਰਹਿੰਦੀ ਦੁਨੀਆਂ ਤੱਕ ਮਕਬੂਲ ਕਰ ਦਿੱਤਾ।
ਹਾਸ਼ਮ ਸ਼ਾਹ ਦਾ ਜਨਮ 1735 ਈਸਵੀ ਵਿਚ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਸਭ ਤੋਂ ਮਸ਼ਹੂਰ ਪਿੰਡ ਜਗਦੇਵ ਕਲਾਂ ਵਿਚ ਹਾਜ਼ੀ ਮੁਹੰਮਦ ਸ਼ਰੀਫ ਦੇ ਘਰ ਹੋਇਆ ਮੰਨਿਆ ਜਾਂਦਾ ਹੈ।ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਆਉਣ ਤੋਂ ਪਹਿਲਾਂ ਉਹ ਆਪਣਾ ਪਿਤਾ ਪੁਰਖੀ ਤਰਖਾਣੀ ਦਾ ਕੰਮ ਕਰਦਾ ਰਿਹਾ ਪਰ ਲਾਹੌਰ ਦਰਬਾਰ ਵਲੋਂ ਜਾਗੀਰ ਮਿਲਣ ਉਪਰੰਤ ਉਨ੍ਹਾਂ ਇਹ ਕਿੱਤਾ ਛੱਡ ਦਿੱਤਾ।
ਹਾਸ਼ਮ ਨੂੰ ਲਾਹੌਰ ਦਰਬਾਰ ਤੋਂ ਜਾਗੀਰ ਮਿਲਣ ਦਾ ਕਿੱਸਾ ਵੀ ਬੜਾ ਰੌਚਕ ਹੈ।ਇਕ ਵਾਰ ਕਿਸੇ ਬ੍ਰਾਹਮਣ ਔਰਤ ਨੂੰ ਕੋੜ ਹੋ ਜਾਣ ਕਾਰਨ ਘਰੋਂ ਕੱਢ ਦਿੱਤਾ ਗਿਆ ਅਤੇ ਉਹ ਆਸਰੇ ਲਈ ਹਾਸ਼ਮ ਕੋਲ ਮਸੀਤ ਵਿਚ ਚਲੀ ਗਈ। ਹਾਸ਼ਮ ਨੇ ਉਸ ਦੀ ਦਵਾਈ ਬੂਟੀ ਦਾ ਪ੍ਰਬੰਧ ਕੀਤਾ ਅਤੇ ਉਹ ਕੁੱਝ ਦਿਨਾਂ ਵਿਚ ਹੀ ਠੀਕ ਹੋ ਗਈ। ਇਸ ਉਪਰੰਤ ਉਹ ਔਰਤ ਲੋਕਾਂ ਵਿਚ ਹਾਸ਼ਮ ਦਾ ਗੁਣਗਾਣ ਕਰਨ ਲੱਗੀ। ਪਿੰਡ ਦੇ ਲੋਕਾਂ ਨੇ ਉਸ ਔਰਤ ਨੂੰ ਇਹ ਕਹਿ ਕੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਬ੍ਰਾਹਮਣ ਔਰਤ ਤਾਂ ਹਾਸ਼ਮ ਦੀ ਆਸ਼ਕ ਹੈ। ਲਾਹੌਰ ਦਰਬਾਰ ਵਿਚ ਸ਼ਿਕਾਇਤ ਪਹੁੰਚਣ ਤੇ ਹਾਸ਼ਮ ਅਤੇ ਉਸ ਔਰਤ ਨੂੰ ਕੈਦ ਕਰ ਲਿਆ ਗਿਆ। ਇਕ ਦਿਨ ਸ਼ੇਰੇ ਪੰਜਾਬ ਨੇ ਆਪਣੇ ਦਰਬਾਰੀਆਂ ਨੂੰ ਕਿਸੇ ਨਵੇਂ ਸ਼ਾਇਰ ਦੀਆਂ ਨਜ਼ਮਾਂ ਸੁਣਨ ਦੀ ਇੱਛਾ ਜ਼ਾਹਰ ਕੀਤੀ ਤਾਂ ਅਹਿਲਕਾਰਾਂ ਨੇ ਮਹਾਰਾਜੇ ਨੂੰ ਹਾਸ਼ਮ ਬਾਰੇ ਦੱਸਿਆ। ਮਹਾਰਾਜੇ ਦੇ ਕਹਿਣ ਤੇ ਹਾਸ਼ਮ ਨੂੰ ਦਰਬਾਰ ਵਿਚ ਆਪਣੀ ਨਜ਼ਮ ਸੁਣਾਉਣ ਲਈ ਪੇਸ਼ ਕੀਤਾ ਗਿਆ। ਕਿਹਾ ਜਾਂਦਾ ਹੈ ਕਿ ਉਸ ਵੇਲੇ ਹਾਸ਼ਮ ਸ਼ਾਹ ਨੇ ਇਹ ਡਿਉਢ ਸੁਣਾਇਆ:
ਕਾਮਲ ਸ਼ੌਂਕ ਮਾਹੀ ਦਾ ਮੈਨੂੰ, ਨਿੱਤ ਰਹੇ ਜਿਗਰ ਵਿਚ ਵਸਦਾ, ਲੂੰ ਲੂੰ ਰਸਦਾ
ਰਾਂਝਣ ਬੇਪਰਵਾਹੀ ਕਰਦਾ, ਕੋਈ ਗੁਨਾਹ ਨਾ ਦਸਦਾ, ਉਠ ਉਠ ਨਸਦਾ
ਜਿਉਂ ਜਿਉਂ ਹਾਲ ਸੁਣਾਵਾਂ ਰੋਵਾਂ, ਦੇਖ ਤੱਤੀ ਵੱਲ ਹੱਸਦਾ, ਜ਼ਰਾ ਨਾ ਖਸਦਾ
ਹਾਸ਼ਮ ਕੰਮ ਨਹੀਂ ਹਰ ਕਸ ਦਾ, ਆਸ਼ਕ ਹੋਣ ਦਰਸ ਦਾ, ਬਿਰਹੋਂ ਰਸ ਦਾ
ਸੂਫੀ ਵਿਚਾਰਾਂ ਨਾਲ ਭਰਪੂਰ ਇਹ ਡਿਉਢ ਸੁਣ ਕੇ ਮਹਾਰਾਜਾ ਹਾਸ਼ਮ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਖੁਸ਼ ਹੋ ਕੇ ਹਾਸ਼ਮ ਸ਼ਾਹ ਨੂੰ ਸਿਆਲਕੋਟ ਵਿਖੇ ਇਕ ਜਾਗੀਰ ਇਨਾਮ ਵਜੋਂ ਦੇ ਦਿੱਤੀ। ਕੁੱਝ ਇਤਿਹਾਸਕਾਰਾਂ ਵਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਮਹਾਰਾਜੇ ਨੇ ਹਾਸ਼ਮ ਨੁੂੰ ਆਪਣਾ ਦਰਬਾਰੀ ਕਵੀ ਬਣਾ ਲਿਆ ਸੀ।
ਹਾਸ਼ਮ ਦੀਆਂ ਰਚਨਾਵਾਂ ਪੰਜਾਬੀ ਤੋਂ ਇਲਾਵਾ ਪਰਸ਼ੀਅਨ, ਉਰਦੂ ਅਤੇ ਹਿੰਦੀ ਵਿਚ ਵੀ ਮਿਲਦੀਆਂ ਹਨ। ਉਸਨੇ ਸੱਸੀ ਪੁੰਨੂ ਤੋਂ ਇਲਾਵਾ ਸੋਹਣੀ ਮਹੀਂਵਾਲ, ਹੀਰ ਰਾਂਝਾ ਅਤੇ ਸ਼ੀਰੀ ਫਰਹਾਦ ਦੇ ਕਿੱਸੇ ਵੀ ਲਿਖੇ।ਇਸ ਤੋਂ ਇਲਾਵਾ ਉਸਦੇ ਲਿਖੇ ਦੋਹੜੇ, ਡਿਉਢਾਂ, ਸਿਹਰਫੀਆਂ ਅਤੇ ਬਾਰਾਮਾਹ ਸੂਫੀ ਕਲਾਮ ਨਾਲ ਭਰਪੂਰ ਹਨ।
ਸੂਫੀ ਕਵੀ ਦੇ ਤੌਰ ਤੇ ਉਹ ਇਸ਼ਕ ਹਕੀਕੀ ਦੀ ਗੱਲ ਕਰਦਾ ਹੈ ਜਦੋਂ ਕਿ ਉਸ ਦੇ ਕਿੱਸਿਆ ਵਿਚ ਇਸ਼ਕ ਮਜਾਜੀ ਦੀ ਗੱਲ ਹੋਈ ਹੈ ਪ੍ਰੰਤੂ ਇਹ ਦੋਵੇਂ ਇਕੋ ਬੂਟੇ ਦੇ ਦੋ ਫੁੱਲ ਹਨ। ਉਸ ਨੇ ਇਸ਼ਕ ਮਜਾਜੀ ਨੂੰ ਇਸ਼ਕ ਹਕੀਕੀ ਦੀ ਪਹਿਲੀ ਪਉੜੀ ਆਖਿਆ ਹੈ।ਹਾਸ਼ਮ ਦੇ ਕਿੱਸਿਆਂ ਵਿਚ ਸਾਨੂੰ ਕਿਤੇ ਵੀ ਅਸ਼ਲੀਲਤਾ ਦਾ ਅੰਸ਼ ਦੇਖਣ ਨੂੰ ਨਹੀਂ ਮਿਲਦਾ, ਜਦੋਂ ਕਿ ਉਸ ਸਮੇਂ ਇਹ ਆਮ ਰਿਵਾਜ ਸੀ।
ਹਾਸ਼ਮ ਸ਼ਾਹ ਤੇ ਆਪਣੇ ਪਿਤਾ ਹਾਜ਼ੀ ਮੁਹੰਮਦ ਸ਼ਰੀਫ ਦਾ ਵੀ ਕਾਫੀ ਪ੍ਰਭਾਵ ਸੀ, ਜੋ ਕਿ ਖੁਦ ਇਕ ਸੂਫੀ ਕਵੀ ਸਨ। ਉਹ ਹਮੇਸ਼ਾਂ ਹੀ ਇਸ਼ਕ ਹਕੀਕੀ ਵਿਚ ਗਲਤਾਨ ਰਹਿੰਦੇ ਸਨ। ਚੜ੍ਹਦੀ ਉਮਰੇ ਹਾਸ਼ਮ ਨੇ ਵੀ ਇਸ਼ਕ ਕੀਤਾ ਪਰ ਸਿਰੇ ਨਾ ਚੜ੍ਹ ਸਕਿਆ। ਸ਼ਾਇਦ ਦੁਨਿਆਵੀ ਇਸ਼ਕ ਦੀ ਅਸਫਲਤਾ ਨੇ ਹੀ ਉਸ ਨੂੰ ਇਸ਼ਕ ਹਕੀਕੀ ਦੇ ਰਾਹ ਤੇ ਤੋਰਿਆ।
ਹਾਸ਼ਮ ਦੇ ਅਧਿਆਤਮਕ ਵਿਚਾਰਾਂ ਦੀ ਪੇਸ਼ਕਾਰੀ ਉਸ ਦੇ ਲਿਖੇ ਦੋਹੜੇ, ਡਿਉਢਾਂ, ਸਿਹਰਫੀਆਂ ਅਤੇ ਬਾਰਾਮਾਹਾਂ ਵਿਚ ਦੇਖਣ ਨੂੰ ਮਿਲਦੀ ਹੈ। ਉਸ ਦੇ ਦੋਹੜੇ ਸੂਫੀ ਭਾਵਾਂ ਨਾਲ ਭਰਪੂਰ ਹਨ। ਉਹ ਆਪਣੇ ਦੋਹੜਿਆਂ ਵਿਚ ਇਹੀ ਗੱਲ ਪੇਸ਼ ਕਰਦਾ ਹੈ ਕਿ ਮਨੁੱਖ ਪ੍ਰਮਾਤਮਾ ਤੋਂ ਵਿਛੜਿਆ ਹੋਇਆ ਹੈ।
ਪ੍ਰਮਾਤਮਾ ਵਿਚ ਲੀਨ ਹੋਣਾ ਹੀ ਮਨੁੱਖ ਦਾ ਉਦੇਸ਼ ਹੈ ਅਤੇ ਪ੍ਰਮਾਤਮਾ ਵਿਚ ਅਭੇਦ ਹੋਣ ਲਈ ਬੰਦਗੀ ਦਾ ਰਾਹ ਅਪਣਾਉਣਾ ਚਾਹੀਦਾ ਹੈ। ਹਾਸ਼ਮ ਦੇ ਦੋਹੜਿਆਂ ਵਿਚ ਸੂਫੀ ਕਲਾਮ ਬਹੁਤ ਡੂੰਘਾਈ ਨਾਲ ਪੇਸ਼ ਹੋਇਆ ਹੈ।ਉਸ ਦਾ ਲਿਖਿਆ ਦੋਹੜਾ:
ਮੈਂ ਵਿਚ ਦੋਸ਼ ਨਹੀਂ ਕੁਝ ਮੂਲੋਂ, ਮੈਨੂੰ ਲਿਖਿਆ ਲੇਖ ਭੁਲਾਵੇ
ਜਿਸ ਨੂੰ ਨਫਰ ਕੀਤਾ ਤਕਦੀਰੋਂ, ਉਹਨੂੰ ਸਾਹਿਬ ਕੌਣ ਬਣਾਵੇ
ਮੈਂ ਗੁੱਡੀ ਆਂ ਹੱਥ ਡੋਰ ਖਿਡਾਰੀ, ਮੈਨੂੰ ਖੁਆਹਸ਼ ਨਾਲ ਫਿਰਾਵੇ
ਹਾਸ਼ਮ ਨਰਦ ਹੋਵੇ ਵਸ ਪਾਸੇ, ਉਹਨੂੰ ਪਰਤ ਪਵੇ ਵਸ ਆਵੇ
ਅਜਿਹੇ ਹੀ ਵਿਚਾਰ ਉਸਦੀਆਂ ਸੀਹਰਫੀਆਂ ਵਿਚ ਵੀ ਵੇਖਣ ਨੂੰ ਮਿਲਦੇ ਹਨ, ਜਿਵੇਂ
ਅਲਫ ਇਕ ਨਹੀਂ ਕੋਇ ਦੋਇ ਨਹੀਂ,
ਰੰਗ ਰਸ ਜਹਾਨ ਦਾ ਚੱਖ ਗਏ
ਲੱਦੇ ਨਾਲ ਜਵਾਹਰ ਮੋਤੀਆਂ ਦੇ
ਵਾਰੀ ਚਲਦੀ ਨਾਲ ਨਾ ਕੱਖ ਗਏ
ਡੇਰੇ ਪਾਉਂਦੇ ਰਖਦੇ ਲਸ਼ਕਰਾਂ ਨੂੰ
ਫੜੇ ਮੌਤ ਦੇ ਵਖੋ ਹੀ ਵੱਖ ਗਏ
ਜ਼ਰਾ ਖੋਜ ਨ ਦਿਸਦਾ ਵੇਖੋ ਹਾਸ਼ਮੋ
ਜਿਸ ਰਾਹ ਕਰੋੜ ਤੇ ਲੱਖ ਗਏ
ਦੁਨੀਆਂ ਹਾਸ਼ਮ ਨੂੰ ਸਿਰਫ ਇਕ ਕਿੱਸਾਕਾਰ ਵਜੋਂ ਹੀ ਜਾਣਦੀ ਹੈ, ਜਦੋਂ ਕਿ ਉਹ ਆਹਲਾ ਦਰਜੇ ਦਾ ਪਹੁੰਚਿਆ ਹੋਇਆ ਇਕ ਸੂਫੀ ਕਵੀ ਵੀ ਸੀ। ਉਸ ਨੇ ਆਪਣੇ ਸ਼ੁਰੂਆਤੀ ਜੀਵਨ ਵਿਚ ਕਿੱਸਿਆਂ ਦੀ ਰਚਨਾ ਕੀਤੀ ਪਰ ਆਪਣੇ ਜੀਵਨ ਦੇ ਆਖਰੀ ਹਿੱਸੇ ਨੂੰ ਧਰਮ, ਸੂਫੀ ਕਲਾਮ ਅਤੇ ਬੰਦਗੀ ਦੇ ਲੇਖੇ ਲਗਾ ਦਿੱਤਾ। ਆਪਣੇ ਕਿੱਸਿਆਂ ਅਤੇ ਸੂਫੀ ਕਲਾਮ ਨਾਲ ਹਰ ਦਿਲ ਨੂੰ ਟੁੰਬਣ ਵਾਲਾ ਇਹ ਸੂਫੀ ਕਿੱਸਾਕਾਰ 1843 ਈਸਵੀ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ।

Comments are closed.

COMING SOON .....


Scroll To Top
11