Sunday , 17 December 2017
Breaking News
You are here: Home » Editororial Page » ਸੰਸਦ ਮੈਂਬਰਾਂ ਦੀ ਗੈਰ ਜ਼ਿੰਮੇਵਾਰ ਪਹੁੰਚ

ਸੰਸਦ ਮੈਂਬਰਾਂ ਦੀ ਗੈਰ ਜ਼ਿੰਮੇਵਾਰ ਪਹੁੰਚ

ਇਹ ਬੇਹੱਦ ਚਿੰਤਾ ਵਾਲੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਵੱਲੋਂ ਚੁਣੇ ਗਏ ਸੰਸਦ ਮੈਂਬਰ ਸੂਬੇ ਦੇ ਹਿੱਤਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਕੇਂਦਰ ਸਰਕਾਰ ਨਾਲ ਸਬੰਧਤ ਮੁਦਿਆਂ ‘ਤੇ ਚਰਚਾ ਕਰਨ ਲਈ ਸਦੀ ਸਰਬ ਪਾਰਟੀ ਮੀਟਿੰਗ ਬਹੁਤੇ ਸੰਸਦ ਮੈਂਬਰਾਂ ਦਾ ਨਾ ਪੁੱਜਣਾ ਬਹੁਤ ਹੀ ਨਿਖੇਧੀਜਨਕ ਹੈ। ਇਸ ਮੀਟਿੰਗ ਵਿੱਚ ਹਾਕਮ ਧਿਰ ਕਾਂਗਰਸ ਦੇ ਸਤ ਸੰਸਦ ਮੈਂਬਰਾਂ ਵਿਚੋਂ ਕੇਵਲ ਤਿੰਨ ਅਤੇ ਆਮ ਆਦਮੀ ਪਾਰਟੀ ਤੋਂ ਬਾਗੀ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਸਣੇ ਕੁਨ ਚਾਰ ਸੰਸਦ ਮੈਂਬਰ ਹੀ ਹਾਜ਼ਰ ਹੋਏ, ਜਦੋਂਕਿ 16 ਸੰਸਦ ਮੈਂਬਰ ਮੀਟਿੰਗ ਵਿਚ ਨਹੀਂ ਆਏ। ਕਾਂਗਰਸ ਪਾਰਟੀ ਦੇ ਤਿੰਨ ਸੀਨੀਅਰ ਰਾਜ ਸਭਾ ਮੈਂਬਰ ਅੰਬਿਕਾ ਸੋਨੀ, ਪ੍ਰਤਾਪ ਸਿੰਘ ਬਜਾਵਾ, ਸ਼ਮਸ਼ੇਰ ਸਿੰਘ ਦੂਲੋ ਇਸ ਬੈਠਕ ਵਿੱਚ ਇਸ ਕਰਕੇ ਨਹੀਂ ਆਏ ਕਿਉਂਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬੈਠਕ ਵਿਚ ਨਹੀਂ ਆਉਣਾ ਸੀ। ਕਾਂਗਰਸ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਸ਼੍ਰੀ ਰਵਨੀਤ ਸਿੰਘ ਬਿਟੂ ਸੰਸਦ ਦੀ ਸਥਾਈ ਕਮੇਟੀ ਦੀ ਮੀਟਿੰਗ ਵਿਚ ਹਿਸਾ ਲੈਣ ਕਾਰਨ ਮੀਟਿੰਗ ਵਿੱਚ ਹਾਜ਼ਰੀ ਨਹੀਂ ਭਰ ਸਕੇ। ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਪਹਿਲਾਂ ਤੋਂ ਲਏ ਸਿਆਸੀ ਸਟੈਂਡ ਮੁਤਾਬਕ ਬੈਠਕ ਵਿਚ ਸ਼ਾਮਲ ਨਹੀਂ ਹੋਏ। ਸੰਸਦ ਮੈਂਬਰਾਂ ਦਾ ਇਸ ਬੈਠਕ ਵਿੱਚ ਸ਼ਾਮਲ ਨਾ ਹੋਣਾ ਇਹ ਦੱਸ ਰਿਹਾ ਹੈ ਕਿ ਉਹ ਪੰਜਾਬ ਦੇ ਮਸਲਿਆਂ ਪ੍ਰਤੀ ਗੰਭੀਰ ਨਹੀਂ ਹਨ। ਹਰ ਮਸਲੇ ਉਪਰ ਬੇਲੋੜੀ ਰਾਜਨੀਤੀ ਕਰਨਾ ਵੀ ਸਹੀ ਨਹੀਂ ਹੈ। ਸਾਰੀਆਂ ਸਿਆਸੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਘੱਟੋ-ਘੱਟ ਅਜਿਹੀਆਂ ਬੈਠਕਾਂ ਵਿੱਚ ਸ਼ਾਮਿਲ ਹੋ ਕੇ ਆਪਣੇ ਵਿਚਾਰ ਰੱਖਣੇ ਚਾਹੀਦੇ ਹਨ। ਚੰਡੀਗੜ੍ਹ ਬੈਠਕ ਵਿੱਚ ਪੰਜਾਬ ਸਿਰ ਚੜ੍ਹੇ ਕਰਜ਼ੇ, ਕੇਂਦਰ ਵਲੋਂ ਪਹਾੜੀ ਸੂਬਿਆਂ ਨੂੰ ਟੈਕਸ ਰਿਆਇਤਾਂ ਦੇਣ ਸਮੇਤ 26 ਅਹਿਮ ਮੁਦਿਆਂ ‘ਤੇ ਵਿਚਾਰ ਕੀਤੀ ਜਾਣੀ ਸੀ। ਇਹ ਮੁੱਦੇ ਆਉਣ ਵਾਲੇ ਸਮੇਂ ਵਿੱਚ ਸੰਸਦ ਵਿੱਚ ਉਠਾਏ ਜਾਣੇ ਸਨ। ਸੰਸਦ ਮੈਂਬਰਾਂ ਦੇ ਗੈਰ ਜ਼ਿੰਮੇਵਾਰ ਵਿਵਹਾਰ ਕਾਰਨ ਇਹ ਰਣਨੀਤੀ ਧਰੀ ਧਰਾਈ ਰਹਿ ਗਈ। ਇਹ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਹਰ ਮਸਲੇ ਉਪਰ ਬੇਲੋੜੀ ਰਾਜਨੀਤੀ ਹੋ ਰਹੀ ਹੈ। ਪੰਜਾਬ ਦੇ ਸਾਂਝੇ ਮਸਲਿਆਂ ਲਈ ਵੀ ਸਿਆਸੀ ਆਗੂ ਇਕਜੁੱਟ ਹੋਣ ਲਈ ਤਿਆਰ ਨਹੀਂ ਹਨ। ਪੰਜਾਬ ਦੇ ਸੰਸਦ ਮੈਂਬਰਾਂ ਨੂੰ ਦੂਸਰੇ ਸੂਬਿਆਂ ਤੋਂ ਇਸ ਸਬੰਧੀ ਸਬਕ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਪਾਰਟੀ ਪੱਧਰ ਤੋਂ ਉਪਰ ਉਠ ਕੇ ਪੰਜਾਬ ਦੇ ਮਸਲੇ ਸੰਸਦ ਵਿੱਚ ਉਠਾਉਣੇ ਚਾਹੀਦੇ ਹਨ। ਇਸ ਸਮੇਂ ਪੰਜਾਬ ਨੂੰ ਮੌਜੂਦਾ ਸੰਕਟ ਵਿੱਚੋਂ ਬਾਹਰ ਕੱਢਣ ਲਈ ਵੱਡੇ ਯਤਨਾਂ ਦੀ ਜ਼ਰੂਰਤ ਹੈ। ਇਕੱਲੇ ਤੌਰ ’ਤੇ ਪੰਜਾਬ ਸਰਕਾਰ ਇਸ ਵਿੱਚ ਸਫਲ ਨਹੀਂ ਹੋ ਸਕਦੀ। ਸਮੂਹ ਸੰਸਦ ਮੈਂਬਰਾਂ ਦੇ ਸਹਿਯੋਗ ਨਾਲ ਪੰਜਾਬ ਦੇ ਮਸਲਿਆਂ ਨੂੰ ਕੇਂਦਰ ਕੋਲ ਉਠਾਇਆ ਜਾ ਸਕਦਾ ਹੈ ਅਤੇ ਕੇਂਦਰ ਸਰਕਾਰ ਤੋਂ ਇਸ ਸਬੰਧੀ ਮੱਦਦ ਹਾਸਿਲ ਕੀਤੀ ਜਾ ਸਕਦੀ ਹੈ। ਸਾਰੇ ਸੰਸਦ ਮੈਂਬਰਾਂ ਨੂੰ ਪੰਜਾਬ ਦੇ ਲੋਕਾਂ ਪ੍ਰਤੀ ਆਪਣੀ ਜਵਾਬਦੇਹੀ ਦਾ ਖਿਆਲ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਘੱਟੋ-ਘੱਟ ਪੰਜਾਬ ਦੇ ਬੁਨਿਆਦੀ ਮਸਲਿਆਂ ’ਤੇ ਇਕਜੁੱਟ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ

Comments are closed.

COMING SOON .....
Scroll To Top
11