Monday , 14 October 2019
Breaking News
You are here: Home » Editororial Page » ਸੰਘਰਸ਼ ਹੀ ਹੈ ਸਫ਼ਲਤਾ ਦੀ ਉਡਾਣ

ਸੰਘਰਸ਼ ਹੀ ਹੈ ਸਫ਼ਲਤਾ ਦੀ ਉਡਾਣ

ਅਧਿਆਪਕ ਨੇ ਬੱਚਿਆਂ ਨੂੰ ਤਿਤਲੀ ਦਾ ਕੋਕੂਨ ਵਿਖਾਉਂਦੇ ਹੋਏ ਕਿਹਾ ਕਿ ਇਸ ਵਿੱਚੋਂ ਤਿਤਲੀ ਬਾਹਰ ਆਉਂਦੇ ਹੋਏ ਵੇਖੋ। ਬੱਚਿਆਂ ਨੂੰ ਕੋਕੂਨ ’ਚ ਛੋਟਾ ਜਿਹਾ ਛੇਕ ਵਿਖਾਈ ਦਿੱਤਾ, ਜਿਸ ਵਿੱਚੋਂ ਤਿਤਲੀ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ। ਬੱਚੇ ਕਾਫੀ ਦੇਰ ਤੱਕ ਉਸ ਤਿਤਲੀ ਨੂੰ ਵੇਖਦੇ ਰਹੇ, ਜੋ ਉਸ ਛੋਟੇ ਜਿਹੇ ਛੇਕ ਵਿੱਚੋਂ ਆਪਣਾ ਸਰੀਰ ਬਾਹਰ ਕੱਢਣ ਲਈ ਸੰਘਰਸ਼ ਕਰ ਰਹੀ ਸੀ। ਕੁੱਝ ਦੇਰ ਬਾਅਦ ਬੱਚਿਆਂ ਨੇ ਵੇਖਿਆ ਤਿਤਲੀ ਨੇ ਹਿਲਜੁੱਲ ਬੰਦ ਕਰ ਦਿੱਤੀ ਅਤੇ ਉਨ੍ਹਾਂ ਸੋਚਿਆ ਕਿ ਤਿਤਲੀ ਆਪਣੇ ਆਪ ਨੂੰ ਕੋਕੂਨ ਵਿੱਚੋਂ ਜਿੰਨਾ ਵੀ ਵੱਧ ਤੋਂ ਵੱਧ ਬਾਹਰ ਕੱਢ ਸਕਦੀ ਸੀ, ਕੱਢ ਚੁੱਕੀ ਸੀ ਅਤੇ ਇਸ ਤੋਂ ਵੱਧ ਅਗਾਂਹ ਉਹ ਜਾ ਨਹੀਂ ਸਕਦੀ ਸੀ। ਇਹ ਸੋਚ ਕੇ ਇਕ ਬੱਚੇ ਨੇ ਤਿਤਲੀ ਦੀ ਮਦਦ ਕਰਨ ਦਾ ਫੈਸਲਾ ਕੀਤਾ। ਉਸ ਨੇ ਕੈਂਚੀ ਲਈ ਅਤੇ ਕੋਕੂਨ ਦਾ ਬਾਕੀ ਰਹਿੰਦਾ ਹਿੱਸਾ ਵੀ ਕੱਟ ਦਿੱਤਾ। ਬੱਚਿਆਂ ਨੂੰ ਇਹ ਵੇਖਕੇ ਕਿ ਉਸ ਦਾ ਸਰੀਰ ਸੁਜਿਆ ਪਿਆ ਸੀ ਅਤੇ ਉਸ ਦੇ ਖੰਭ ਸੁੱਕੇ ਪਏ ਸਨ। ਅਧਿਆਪਕ ਨੇ ਬੱਚਿਆਂ ਨੂੰ ਸਮਝਾਇਆ ਕਿ ਕੋਕੂਨ ਨਹੀਂ ਕੱਟਣਾ ਚਾਹੀਦਾ ਸੀ ਕਿਉਂਕਿ ਛੋਟੇ ਜਿਹੇ ਛੇਕ ਵਿੱਚੋਂ ਨਿਕਲਣ ਦੀ ਕੋਸ਼ਿਸ਼ ਦੇ ਸੰਘਰਸ਼ ਨੇ ਹੀ ਉਸ ਦੇ ਸਰੀਰ ਵਿੱਚੋਂ ਇੱਕ ਤਰਲ ਪਦਾਰਥ ਨੂੰ ਕੱਢ ਕੇ ਖੰਭਾਂ ਤੱਕ ਪਹੁੰਚਾਉਣਾ ਸੀ। ਸਰੀਰ ’ਚੋਂ ਨਿਕਲਣ ਵਾਲੇ ਉਸ ਤਰਲ ਪਦਾਰਥ ਨਾਲ ਉਸ ਦੇ ਖੰਭਾਂ ਨੇ ਮਜ਼ਬੂਤ ਹੋਣਾ ਸੀ ਅਤੇ ਉਸੇ ਪਦਾਰਥ ਦੇ ਬਾਹਰ ਨਿੱਕਲਣ ਸਦਕਾ ਹੀ ਉਸ ਦੇ ਸਰੀਰ ਦੀ ਸੋਜਿਸ਼ ਵੀ ਘਟਣੀ ਸੀ। ਇਸੇ ਪ੍ਰਕਿਰਿਆ ਰਾਹੀਂ ਤਾਂ ਕੋਕੂਨ ਵਿੱਚੋਂ ਬਾਹਰ ਨਿਕਲਣ ਤੋਂ ਬਾਅਦ ਹੀ ਉਹ ਤਿਤਲੀ ਉਡਣ ਲਈ ਤਿਆਰ ਹੁੰਦੀ ਹੈ। ਤਿਤਲੀ ਦੀ ਉਡਾਣ ਲਈ ਕੁਦਰਤ ਵੱਲੋਂ ਬਣਾਈ ਇਹ ਪ੍ਰੀਕ੍ਰਿਆ ਇਹ ਸੂਤਰ ਸਪੱਸ਼ਟ ਕਰਦੀ ਹੈ ਕਿ ਮਨੁੱਖ ਵੀ ਜੇ ਉਚੀਆਂ ਉਡਾਰੀਆਂ ਮਾਰਨੀਆਂ ਚਾਹੁੰਦਾ ਹੈ ਤਾਂ ਉਸ ਨੂੰ ਵੀ ਤਿਤਲੀ ਵਾਂਗ ਇਕ ਸੰਘਰਸ਼ ਵਿੱਚੋਂ ਗੁਜਾਰਨਾ ਪੈਂਦਾ ਹੈ। ਇਸੇ ਤਰ੍ਹਾਂ ਦੇ ਸੰਘਰਸ਼ ਵਿੱਚੋਂ ਗੁਜਾਰ ਕੇ ਹੀ ਸੈਮੂਅਲ ਵਾਲਟਨ 1982 ਤੋਂ 1988 ਤੱਕ ਲਗਾਤਾਰ ਛੇ ਸਾਲ ਅਮਰੀਕਾ ਦਾ ਸਭ ਤੋਂ ਅਮੀਰ ਆਦਮੀ ਬਣਿਆ ਰਿਹਾ। ਵਾਲਮਾਰਟ ਦਾ ਸੰਸਥਾਪਕ ਅਤੇ ਮਾਲਕ ਸੈਮਯੂਲ 29 ਮਾਰਚ, 1918 ਇਕ ਕਿਸਾਨ ਪਰਿਵਾਰ ਦੇ ਵਿੱਚ ਕਿੰਗ ਫੀਸ਼ਰ (ਅਮਰੀਕਾ) ਵਿੱਚ ਪੈਦਾ ਹੋਇਆ। ਗਰੀਬੀ ਕਾਰਨ ਪਰਿਵਾਰ ਚੰਗੇ ਰੁਜ਼ਗਾਰ ਦੀ ਭਾਲ ਵਿੱਚ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਕੇ ਵਸਦੇ ਰਹੇ। ਸੈਮਯੂਲ ਨੂੰ ਪਰਿਵਾਰ ਦੀ ਮੱਦਦ ਲਈ ਕਈ ਧੰਦੇ ਕਰਨੇ ਪਏ। ਉਹ ਗਾਊਆਂ ਦੀ ਧਾਰਾਂ ਕੱਢਦਾ, ਦੁੱਧ ਨੂੰ ਬੋਤਲਾਂ ਵਿੱਚ ਭਰਦਾ ਅਤੇ ਫਿਰ ਗਾਹਕਾਂ ਕੋਲ ਪਹੁੰਚਾਕੇ ਆਉਂਦਾ। ਦੁੱਧ ਪਾਉਣ ਤੋਂ ਬਾਅਦ ਉਹ ‘ਕੋਲੰਬੀਆ ਡੇਲੀ ਟ੍ਰਿਬਿਊਨ’ ਅਖ਼ਬਾਰ ਵੰਡਣ ਦਾ ਕੰਮ ਕਰਦਾ। ਉਸ ਨੂੰ ਆਪਣੀ ਕਾਲਜ ਦੀ ਪੜ੍ਹਾਈ ਲਈ ਵੀ ਕਈ ਕਿਸਮ ਦੇ ਪਾਪੜ ਵੇਲਨੇ ਪਏ। ਕਾਲਜ ਦੀ ਪੜ੍ਹਾਈ ਪੂਰੀ ਕਰਕੇ ਉਹ ਅਮਰੀਕਨ ਫੌਜ ਵਿੱਚ ਭਰਤੀ ਹੋ ਗਿਆ। ਦੂਜੇ ਮਹਾਂਯੁੱਧ ਤੋਂ ਬਾਅਦ ਉਸ ਨੇ ਫੌਜ ਦੀ ਨੌਕਰੀ ਛੱਡ ਦਿੱਤੀ। ਫੌਜ ਦੀ ਨੌਕਰੀ ਦੌਰਾਨ ਉਸ ਨੇ 5000 ਡਾਲਰ ਇਕੱਠੇ ਕਰ ਲਏ ਸਨ ਅਤੇ 20000 ਡਾਲਰ ਉਸ ਨੇ ਆਪਣੇ ਸੁਹਰੇ ਤੋਂ ਉਧਾਰ ਲਏ। 25000 ਡਾਲਰ ਨਾਲ ਉਸ ਨੇ ਇਕ ਸਟੋਰ ਖੋਲ੍ਹਿਆ। ਅਸਲ ਵਿੱਚ ਨਿਊਪੋਰਟ ਵਿਖੇ ਖੋਲ੍ਹਿਆ ਇਹ ਸਟੋਰ ਬਟਲਰ ਬਰਦਰਜ਼ ਚੇਨ ਦੀ ਫਰੈਂਚਾਈਜ਼ ਸੀ। ਸੈਮੂਅਲ ਗਾਹਕਾਂ ਦੀ ਮਾਨਸਿਕਤਾ ਨੂੰ ਸਮਝਦਾ ਸੀ ਅਤੇ ਉਸ ਨੇ ਗਾਹਕਾਂ ਦੀ ਤਸੱਲੀ ਮੁਤਾਬਿਕ ਕੰਮ ਕਰਨਾ ਸ਼ੁਰੂ ਕਰ ਦਿੱਤਾ। ਵੇਖਦੇ-ਵੇਖਦੇ ਸਫਲਤਾ ਉਸ ਦੇ ਦਰ ਖਟਕਾਉਣ ਲੱਗੀ ਅਤੇ ਉਸ ਦੀ ਵਿਕਰੀ ਲਗਾਤਾਰ ਵੱਧਣ ਲੱਗੀ। ਉਹ ਇਕ ਤੋਂ ਬਾਅਦ ਦੂਜਾ ਸਟੋਰ ਖੋਲ੍ਹਣ ਲਗੇ।
2 ਜੁਲਾਈ 1962 ਨੂੰ ਰਿਟੇਲ ਮਾਰਕੀਟ ਵਿੱਚ ਇਕ ਇਤਿਹਾਸ ਰਚਿਆ ਗਿਆ ਜਦੋਂ ਰੋਜ਼ਰ ਵਿਖੇ ਸੈਮ ਨੇ ਪਹਿਲਾ ਵਾਲਮਾਰਟ ਸਟੋਰ ਖੋਲ੍ਹਿਆ। ਸੈਮੂਅਲ ਨੇ ਆਪਣੇ ਭਰਾਵਾਂ ਅਤੇ ਸਹੁਰਿਆਂ ਨੂੰ ਆਪਣੇ ਆਪਣੇ ਧੰਦੇ ਵਿੱਚ ਸ਼ਾਮਲ ਕੀਤਾ ਅਤੇ ਲਗਾਤਾਰ ਆਪਣੇ ਕੰਮ ਨੂੰ ਵਧਾਉਣ ਲੱਗਾ। 1985 ਤੱਕ ਵਾਲਮਾਰਟ ਸਟੋਰਾਂ ਦੀ ਗਿਣਤੀ 800 ਤੱਕ ਪਹੁੰਚ ਗਈ ਸੀ। ਪੰਜ ਅਪ੍ਰੈਲ 1992 ਨੂੰ ਜਦੋਂ ਸੈਮੂਅਲ ਇਸ ਦੁਨੀਆਂ ਤੋਂ ਰੁਖਸਤ ਹੋਇਆ ਉਸ ਸਮੇਂ ਵਾਲਮਾਰਟ ਸਟੋਰਾਂ ਦੀ ਗਿਣਤੀ 1735 ਹੋ ਚੁੱਕੀ ਸੀ ਅਤੇ 380000 ਹਜ਼ਾਰ ਲੋਕ ਵਾਲਮਾਰਟ ਸਟੋਰਾਂ ਵਿੱਚ ਰੁਜ਼ਗਾਰ ’ਤੇ ਲਗੇ ਹੋਏ ਸਨ। ਇਨ੍ਹਾਂ ਵਾਲਮਾਰਟ ਸਟੋਰਾਂ ਦੀ ਸਾਲਾਨਾ ਵਿਕਰੀ 50 ਮਿਲੀਅਨ ਡਾਲਰ ਹੋ ਚੁੱਕੀ ਸੀ।
ਸੈਮੂਅਲ ਵਾਲਟ ਦੀ ਸਫ਼ਲਤਾ ਦੀ ਕਥਾ ਇਕ ਮਹਾਨ ਸੰਘਰਸ਼ ਦੀ ਗਾਥਾ ਹੈ ਜਿਸ ਨੇ ਗਰੀਬੀ ਵਿੱਚ ਜਿਊਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਨਾਲ ਸਫ਼ਲਤਾ ਦੀਆਂ ਸਿਖਰਾਂ ਨੂੰ ਛੂ ਲਿਆ। ਜਿਵੇਂ ਸੰਘਰਸ਼ ਤੋਂ ਬਾਅਦ ਹੀ ਤਿਤਲੀ ਉਡਣ ਦੇ ਕਾਬਲ ਹੁੰਦੀ ਹੈ ਉਵੇਂ ਹੀ ਮਨੁੱਖ ਵੀ।

Comments are closed.

COMING SOON .....


Scroll To Top
11