Thursday , 23 May 2019
Breaking News
You are here: Home » Editororial Page » ਸੰਗੀਤ ਅਤੇ ਵਿਰਾਸਤ ਦੇ ਅਨਮੋਲ ਮੋਤੀ ਸਾਂਭੀ ਬੈਠਾ ਸ. ਬਲਕਾਰ ਸਿੰਘ ਹੰਸ

ਸੰਗੀਤ ਅਤੇ ਵਿਰਾਸਤ ਦੇ ਅਨਮੋਲ ਮੋਤੀ ਸਾਂਭੀ ਬੈਠਾ ਸ. ਬਲਕਾਰ ਸਿੰਘ ਹੰਸ

ਕਹਿੰਦੇ ਹਨ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਜਦੋਂ ਕਿਸੇ ਦਾ ਸ਼ੌਕ ਇੱਕ ਜਨੂੰਨ ਤੱਕ ਵਧ ਜਾਵੇ ਤਾਂ ਉਹ ਇਬਾਦਤ ਨਾਲ਼ੋਂ ਘੱਟ ਨਹੀਂ ਰਹਿੰਦਾ। ਪਾਲ਼ਿਆ ਹੋਇਆ ਮਾੜਾ ਸ਼ੌਕ ਇਨਸਾਨ ਦੀ ਬੁੱਧੀ ਭ੍ਰਿਸ਼ਟ ਕਰਕੇ ਉਸਨੂੰ ਗੁੰਮਨਾਮੀ ਦੇ ਹਨੇਰਿਆਂ ’ਚ ਧੱਕ ਸਕਦਾ ਹੈ ਅਤੇ ਚੰਗਾ ਸ਼ੌਕ ਦੁਨੀਆਂ ਤੋਂ ਵਾਹ-ਵਾਹ ਖੱਟਦਾ ਹੋਇਆ ਖ਼ਾਸ ’ਤੇ ਵਿਰਲੇ ਲੋਕਾਂ ਦੀ ਕਤਾਰ ਵਿੱਚ ਲਿਆ ਕੇ ਖੜ੍ਹਾ ਦਿੰਦਾ ਹੈ।ਉਨ੍ਹਾਂ ਹੀ ਖ਼ਾਸ ’ਤੇ ਵਿਰਲੇ ਲੋਕਾਂ ਵਿੱਚ ਸਮਾਰ ਹੋ ਚੁੱਕਾ ਨਾਮ ਹੈ ਵੈਦ ਬਲਕਾਰ ਸਿੰਘ ਹੰਸ਼।ਜੋ ਪੇਸ਼ੇ ਵਜੋਂ ਆਪਣੇ ਪਿਤਾ ਵੱਲੋਂ ਮਿਲੀ ਵਿਰਾਸਤੀ ਵੈਦਗੀ ਦੁਆਰਾ ਦੁਖੀਆਂ ਦੇ ਦੁੱਖ ਦੂਰ ਕਰ ਰਿਹਾ ਹੈ ਅਤੇ ਆਪਣੀ ਸੰਗੀਤਕ ਅਤੇ ਵਿਰਾਸਤੀ ਲਾਇਬ੍ਰੇਰੀ ਵਿੱਚ ਐਨਾਂ ਅਨਮੋਲ ਖ਼ਜਾਨਾਂ ਸਾਂਭੀ ਬੈਠਾ ਹੈ ਕਿ ਦੇਖਣ ਵਾਲ਼ਾ ਦੇਖਕੇ ਅਸ਼-ਅਸ਼ ਕਰ ਉਠਦਾ ਹੈ।ਸੰਗਰੂਰ ਜਿਲ੍ਹੇ ਦੀ ਤਹਿਸ਼ੀਲ ਧੂਰੀ ’ਚ ਆਪਣੇ ਘਰ ਵਿਖੇ ਬਣਾਈ ਇਸ ਲਾਇਬ੍ਰੇਰੀ ਵਿੱਚ ਜਦੋਂ ਵੀ ਕੋਈ ਕਲਾ ’ਤੇ ਸੰਗੀਤਕ ਪ੍ਰੇਮੀ ਪਹੁੰਚਦਾ ਹੈ ਤਾਂ ਹੰਸ਼ ਨੂੰ ਵਿਆਹ ਜਿੰਨ੍ਹਾਂ ਚਾਅ ਚੜ੍ਹ ਜਾਂਦਾ ਹੈ।ਹੰਸ਼ ਮਹਿਮਾਨ ਨਿਵਾਜ਼ੀ ਅਤੇ ਆਪਣੀ ਮਿੱਠੀ ਜੁਬਾਨ ਰਾਂਹੀ ਹਰ ਇਨਸਾਨ ਨੂੰ ਮੋਹ ਲੈਣ ਵਾਲ਼ਾ ਇੱਕ ਵਧੀਆ ਇਨਸਾਨ ਹੈ।ਇਸ ਅਵੱਲੇ ਸ਼ੌਕ ਦੀ ਲੱਗੀ ਚੇਟਕ ਬਾਰੇ ਪੁੱਛਣ ’ਤੇ ਉਹ ਦੱਸਦਾ ਹੈ ਕਿ ਉਨ੍ਹਾਂ ਦੇ ਪਿਤਾ ਜੀ ਨੂੰ ਪੁਰਾਣੇ ਸਸ਼ਤਰ ਜਿਵੇਂ ਤਲਵਾਰਾਂ, ਢਾਲ਼ਾਂ ਆਦਿ ਸਾਂਭਣ ਦਾ ਸ਼ੌਕ ਸੀ ਜਿੰਨ੍ਹਾਂ ਤੋਂ ਪ੍ਰੇਰਨਾਂ ਲੈ ਕੇ ਮੈਂ 15 ਕੁ ਸਾਲ ਪਹਿਲਾਂ ਪੰਜਾਬੀ ਅਤੇ ਹਿੰਦੀ ਸੰਗੀਤ ਦੇ ਤਵੇ ’ਤੇ ਕੈਸਿਟਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਨਾਲ਼ ਹੀ ਕਿਤੋਂ ਕੋਈ ਪੁਰਾਣੀ ਦੁਰਲੱਭ ਚੀਜ਼ ਮਿਲਣੀ, ਉਹ ਵੀ ਆਪਣੀ ਲਾਇਬ੍ਰੇਰੀ ਦਾ ਸ਼ਿਗਾਰ ਬਣਾ ਲੈਣੀਂ, ਇਸ ਤਰ੍ਹਾਂ ਇਹ ਸਿਲਸਿਲਾ ਮੁਸਲਸਲ ਜ਼ਾਰੀ ਹੈ।ਜੇਕਰ ਹੰਸ਼ ਦੀ ਸੰਗੀਤਕ ਲਾਇਬ੍ਰੇਰੀ ਦੀ ਗੱਲ ਕਰੀਏ ਤਾਂ ਉਸ ਵਿੱਚ ਇੱਕ ਸਦੀ ਤੋਂ ਵੀ ਪੁਰਾਣੇ ਪੰਜਾਬੀ ਅਤੇ ਹਿੰਦੀ ਗੀਤ ਸਾਂਭੇ ਪਏ ਹਨ ਜੋ 1929 ਸਨ ਵਿੱਚ ਇੰਗਲੈਂਡ ਦੀ ਬਣੀ ਟਿਊਬਾਂ ਨਾਲ਼ ਗਰਮ ਹੋ ਕੇ ਚੱਲਣ ਵਾਲ਼ੀ ਤਵਿਆਂ ਵਾਲ਼ੀ ਮਸ਼ੀਨ ਵਿੱਚ ਸੁਣੇ ਜਾ ਸਕਦੇ ਹਨ।ਪੱਥਰ ਦੇ ਤਵਿਆਂ ਤੋਂ ਬਾਅਦ ਪਲਾਸਟਿਕ ਦੇ ਤਵੇ ’ਤੇ ਫ਼ਿਰ ਆਏ ਕੈਸਿਟ ਯੁੱਗ ਦੀਆਂ ਪੁਰਾਣੀਆਂ ਯਾਦਾਂ ਹੰਸ਼ ਦੀ ਸੰਗੀਤਕ ਲਾਇਬ੍ਰੇਰੀ ਦਾ ਅਹਿਮ ਹਿੱਸਾ ਹਨ।ਹੋਰ ਵਿਰਾਸਤੀ ਚੀਜ਼ਾਂ ਵਿੱਚ ਸਦੀਆਂ ਪੁਰਾਣੇ ਸਿੱਕੇ ਅਤੇ ਦੇਸ਼ ਅਜ਼ਾਦ ਹੋਣ ਤੋਂ ਹੁਣ ਤੱਕ ਇੱਕ ਪੈਸੇ ਤੋਂ ਲੈ ਕੇ ਦੋ ’ਤੇ ਪੰਜ ਰੁਪਏ ਦੇ ਨੋਟਾਂ ਦੀਆਂ ਲੜੀਵਾਰ ਥਈਆਂ, ਪੁਰਾਣੇ ਵੱਟੇ, ਨਿਉਲੀ ਜ਼ਿੰਦੇ, ਕੁੱਤਾ ਪੰਪ, ਚਰਖਾ, ਅਟੇਰਨ, ਊਠ ਦੀ ਕਾਠੀ, ਚੱਕੀ, ਲਾਟਟੈਣ, ਲੰਪ, ਪੈਖੜ੍ਹ, ਅੰਗਰੇਜ਼ਾਂ ਮੌਕੇ ਦੇ ਪੁਰਾਣੇ ਕੈਮਰੇ, ਪੁਰਾਣੇ ਪਿੱਤਲ਼ ’ਤੇ ਤਾਂਬੇ ਦੇ ਦੁਰਲੱਭ ਭਾਂਡੇ, ਟੁੰਮਾਂ ਰੱਖਣ ਵਾਲ਼ੇ ਪਿੱਤਲ਼ ਦੇ ਬਖ਼ਸੇ, ਅੰਗਰੇਜ਼ੀ ਰਾਜ ਸਮੇਂ ਰਾਤ ਨੂੰ ਸਾਇਕਲ ’ਤੇ ਲਾਉਣ ਵਾਲ਼ੀ ਮਿੱਟੀ ਦੇ ਤੇਲ ’ਤੇ ਚੱਲਣ ਵਾਲ਼ੀ 100 ਸਾਲ ਪੁਰਾਣੀ ਲਾਇਟ, ਪੁਰਾਣੀਆਂ ਪਿੱਤਲ਼ ਦੀਆਂ ਦਵਾਤਾਂ ਆਦਿ ਤੋਂ ਇਲਾਵਾ ਅਨੇਕਾਂ ਹੀ ਅਜਿਹੀਆਂ ਦੁਰਲੱਭ ’ਤੇ ਨੈਆਬ ਵਸਤਾਂ ਮੌਜੂਦ ਹਨ ਜਿੰਨ੍ਹਾਂ ਦੇ ਨਾਮ ਵੀ ਅੱਜ ਪੰਜਾਬੀ ਮਾਂ ਬੋਲੀ ਵਿੱਚੋਂ ਵਿਸਰ ਚੁੱਕੇ ਹਨ ’ਤੇ ਉਹ ਚੀਜ਼ਾਂ ਵੀ ਸਮੇਂ ਦੀ ਗਰਦਿਸ ਵਿੱਚ ਅਲੋਪ ਹੋ ਚੁੱਕੀਆਂ ਹਨ।ਹੰਸ਼ ਦੱਸਦਾ ਹੈ ਕਿ ਮੇਰੀ ਇਸ ਲਾਇਬ੍ਰੇਰੀ ਨੂੰ ਦੇਖਣ ਹੁਣ ਤੱਕ ਅਨੇਕਾਂ ਮਹਾਨ ਸ਼ਖ਼ਸੀਅਤਾਂ ਵੀ ਆ ਚੁੱਕਿਆ ਹਨ ਜਿੰਨ੍ਹਾਂ ਵਿੱਚ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ, ਕਰਤਾਰ ਰਮਲਾ, ਨਜ਼ੀਰ ਮੁਹੰਮਦ, ਅਨੀਤਾ ਸਮਾਣਾ, ਪਰਮਜੀਤ ਸਲਾਰੀਆ ਅਤੇ ਗਾਇਕ ਬਲਦੇਵ ਸਿੰਘ ਆਦਿ ਦੇ ਨਾਮ ਜ਼ਿਰਕਯੋਗ ਹਨ। ਅਜਿਹੀਆਂ ਸ਼ਖ਼ਸੀਅਤਾਂ ਜਿੰਨ੍ਹਾਂ ਨੂੰ ਮੈਂ ਜ਼ਿੰਦਗੀ ਵਿੱਚ ਕਦੇ ਮਿਲਣ ਦਾ ਸੁਪਨਾਂ ਵੀ ਨਹੀਂ ਸੀ ਲੈ ਸਕਦਾ ਜਦੋਂ ਉਹ ਖ਼ੁਦ ਚੱਲਕੇ ਮੇਰੀ ਲਾਇਬਰੇਰੀ ਦੇਖਣ ਆਉਦੀਆਂ ਹਨ ’ਤੇ ਇਸ ਸ਼ੌਕ ਲਈ ਥਾਪੜਾ ਦਿੰਦਿਆਂ ਹਨ ਤਾਂ ਸੀਨਾਂ ਫ਼ਕਰ ਨਾਲ਼ ਹੋਰ ਚੌੜਾ ਹੋ ਜਾਂਦਾ ਹੈ ਅਤੇ ਆਪਣੇ ਇਸ ਸ਼ੌਕ ’ਤੇ ਮਾਣ ਮਹਿਸੂਸ ਹੁੰਦਾ ਹੈ। ਇਸ ਸ਼ੌਕ ਲਈ ਪਰਿਵਾਰ ਦੇ ਸਹਿਯੋਗ ਬਾਰੇ ਪੁੱਛਣ ’ਤੇ ਹੰਸ਼ ਦੱਸਦਾ ਹੈ ਕੋਈ ਵੀ ਸ਼ੌਕ ਤਦੇ ਨੇਪਰੇ ਚੜ੍ਹਦਾ ਹੈ ਜਦੋਂ ਪੂਰਾ ਪਰਿਵਾਰ ਸਹਿਯੋਗ ਦੇਵੇ, ਮੇਰੇ ਇਸ ਸ਼ੌਕ ਵਿੱਚ ਸਾਡੇ ਪੂਰੇ ਪਰਿਵਾਰ ਦਾ ਬਹੁਤ ਯੋਗਦਾਨ ਹੈ।ਮੇਰੇ ਪਿਤਾ ਜੀ ਤੋਂ ਵਿਰਾਸਤ ’ਚ ਮਿਲੇ ਇਸ ਸ਼ੌਕ ਨੂੰ ਹੁਣ ਮੇਰਾ ਬੇਟਾ ਅਮਰਜੋਤ ਸਿੰਘ ਅੱਗੇ ਤੋਰ ਰਿਹਾ ਹੈ ਜੋ ਸਾਡੀ ਇਸ ਵਿਰਾਸਤ ਨੂੰ ਅੱਗੇ ਸਾਂਭਣ ਦਾ ਸੰਕਲਪ ਕਰਕੇ ਇਸ ਵਿਰਾਸਤੀ ਸ਼ੌਕ ਨੂੰ ਸਮਰਪਿਤ ਹੈ।ਮਾਣ ਸਨਮਾਨ ਬਾਰੇ ਪੁੱਛਣ ’ਤੇ ਵੈਦ ਬਲਕਾਰ ਸਿੰਘ ਹੰਸ਼ ਦੱਸਦੇ ਹਨ ਕਿ ਹੁਣ ਤੱਕ ਅਨੇਕਾਂ ਸੰਸਥਾਵਾਂ, ਕਲੱਬਾਂ ’ਤੇ ਖੇਡ ਮੇਲਿਆਂ ’ਤੇ ਸਨਮਾਨ ਹੋ ਚੁੱਕਾ ਹੈ ਪਰ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਸਾਡੇ ਪ੍ਰਸੰਸ਼ਕ ਹਨ ਜੋ ਇੰਨ੍ਹਾਂ ਵਿਰਾਸਤੀ ਚੀਜ਼ਾਂ ਨੂੰ ਪਿਆਰ ਕਰਦੇ ਹਨ ਅਤੇ ਸਾਨੂੰ ਹੱਲਾਸ਼ੇਰੀ ਦਿੰਦੇ ਹਨ।

Comments are closed.

COMING SOON .....


Scroll To Top
11