Thursday , 27 February 2020
Breaking News
You are here: Home » Editororial Page » ਸੜਕ ਸੁਰੱਖਿਆ ਨੂੰ ਤਰਜੀਹ ਦੇਣ ਦੀ ਜ਼ਰੂਰਤ

ਸੜਕ ਸੁਰੱਖਿਆ ਨੂੰ ਤਰਜੀਹ ਦੇਣ ਦੀ ਜ਼ਰੂਰਤ

ਹਰ ਰੋਜ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਹਾਲਾਤ ਓਦੋਂ ਹੋਰ ਵੀ ਭਿਆਨਕ ਲੱਗਣਗੇ ਜਦੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਅਸੀਂ ਹਰ ਸਾਲ ਇਕੱਲੇ ਪੰਜਾਬ ਰਾਜ ਵਿੱਚ 5000 ਤੋਂ ਜਿਆਦਾ ਕੀਮਤੀ ਜਾਨਾਂ ਸੜਕ ਹਾਦਸਿਆਂ ਵਿਚ ਗੁਆ ਰਹੇ ਹਾਂ ਇਹ ਗਿਣਤੀ ਕਿਸੇ ਵੀ ਸਮੇਂ ਕਿਸੇ ਦੂਸਰੀ ਕੁਦਰਤੀ ਜਾਂ ਗੈਰ ਕੁਦਰਤੀ ਮਹਾਮਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ ਤੋਂ ਜਿਆਦਾ ਹੈ। ਜਿਆਦਾਤਰ ਸੜਕ ਹਾਦਸਿਆਂ ਵਿਚ ਮਰਨ ਵਾਲੇ ਬੇਕਸੂਰ ਹੁੰਦੇ ਹਨ ਸਕੂਲੀ ਬੱਚਿਆਂ ਦੀ ਮੌਤ ਵਿੱਚ ਭਾਰੀ ਵਾਧਾ ਹੋਇਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਵਿੱਚ ਆਵਾਜਾਈ ਨਾਲ ਸਬੰਧਤ ਲੱਗਭਗ ਪੰਜ ਲੱਖ ਦੁਰਘਟਨਾਵਾਂ ਇੱਕ ਸਾਲ ਵਿੱਚ ਹੁੰਦੀਆਂ ਹਨ। ਤੇ ਹਰ ਸਾਲ ਅਸੀਂ ਲੱਗਭੱਗ ਡੇਢ ਲੱਖ ਲੋਕਾਂ ਨੂੰ ਇਨ੍ਹਾਂ ਹਾਦਸਿਆਂ ਵਿੱਚ ਗੁਆ ਲੈਂਦੇ ਹਾਂ। ਜ਼ਖਮੀਆਂ ਦੀ ਗਿਣਤੀ ਲੱਗਭਗ ਤਿੰਨ ਗੁਣਾ ਜ਼ਿਆਦਾ ਹੈ। ਪਰ ਅਸਲ ਗਿਣਤੀ ਇਸ ਤੋਂ ਵੀ ਵਧੇਰੇ ਹੋ ਸਕਦੀ ਹੈ ਕਿਉਂਕਿ ਨਾ ਤਾਂ ਹਰ ਹਾਦਸੇ ਦੀ ਰਿਪੋਰਟ ਹੁੰਦੀ ਹੈ ਅਤੇ ਨਾ ਹੀ ਹਰ ਹਾਦਸੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਰਨੀ ਸੰਭਵ ਹੈ। ਇਹ ਗਿਣਤੀ ਸੱਚਮੁੱਚ ਬਹੁਤ ਹੀ ਜ਼ਿਆਦਾ ਭਿਆਨਕ ਹੈ ਕਿਉਂਕਿ ਇਨ੍ਹਾਂ ਹਾਦਸਿਆਂ ਵਿੱਚ ਮਰਨ ਵਾਲੇ 90% ਲੋਕ ਲਗਭਗ ਬੇਕਸੂਰ ਹੁੰਦੇ ਹਨ। ਇੱਕ ਸਾਲ ਵਿੱਚ ਲਗਪਗ 5500 ਕਰੋੜ ਰੁਪਏ ਦਾ ਆਰਥਿਕ ਨੁਕਸਾਨ ਵੀ ਇਨ੍ਹਾਂ ਹਾਦਸਿਆਂ ਵਿੱਚ ਹੁੰਦਾ ਹੈ। ਲੱਗਭਗ ਅੱਧੀਆਂ ਮੌਤਾਂ ਸਿਰਫ ਦੋ ਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਦੀਆਂ ਹੁੰਦੀਆਂ ਹਨ। ਬਹੁਤ ਸਾਰੇ ਲੋਕ ਅਪਾਹਜ ਹੋ ਜਾਂਦੇ ਹਨ। ਮਹਿੰਗੇ ਇਲਾਜਾਂ ਦੀ ਮਾਰ ਝੱਲਦੇ ਹਨ ਤੇ ਆਰਥਿਕ ਤੌਰ ਤੇ ਕੰਗਾਲ ਹੋ ਜਾਂਦੇ ਹਨ। ਬਹੁਤ ਸਾਰੇ ਪਰਿਵਾਰਾਂ ਦੇ ਕਮਾਊ ਜੀ ਇਨ੍ਹਾਂ ਦੁਰਘਟਨਾਵਾਂ ਵਿੱਚ ਚਲੇ ਜਾਂਦੇ ਹਨ ਅਤੇ ਕਈ ਵਾਰ ਤਾਂ ਤੋਂ ਘਟਨਾਵਾਂ ਇੰਨੀਆਂ ਭਿਆਨਕ ਹੁੰਦੀਆਂ ਹਨ ਕਿ ਇਨ੍ਹਾਂ ਦੁਰਘਟਨਾਵਾਂ ਵਿਚ ਪੂਰੇ ਦੇ ਪੂਰੇ ਪਰਿਵਾਰ ਵੀ ਖਤਮ ਹੋ ਜਾਂਦੇ ਹਨ।। ਬਿਨਾਂ ਸ਼ੱਕ ਸਾਨੂੰ ਹਰ ਤਰ੍ਹਾਂ ਦੀਆਂ ਦੁਰਘਟਨਾਵਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਸੁਰੱਖਿਆ ਦੇ ਸਬੰਧ ਵਿੱਚ ਗੰਭੀਰ ਹੋਣ ਦੀ ਲੋੜ ਹੈ।। ਸੁਰੱਖਿਆ ਦਾ ਸਿੱਧਾ ਅਰਥ ਹੈ ਜਾਨੀ ਅਤੇ ਮਾਲੀ ਦੋਹਾਂ ਤਰ੍ਹਾਂ ਦੇ ਨੁਕਸਾਨ ਹੋਣ ਤੋਂ ਬਚਾਅ ਕਰਨਾ। ਦੁਰਘਟਨਾਵਾਂ ਨਾ ਹੋਣ ਇਸ ਲਈ ਖਤਰਿਆਂ ਦੀ ਅਗਾਊਂ ਪਹਿਚਾਣ ਕਰਨਾ ਹੀ ਸੁਰੱਖਿਆ ਦੀ ਪਹਿਲੀ ਪੌੜੀ ਹੈ। ਸਾਨੂੰ ਆਪਣੇ ਆਲੇ ਦੁਆਲੇ ਵਿਚ ਹੋ ਰਹੇ ਬਦਲਾਅ ਬਾਰੇ ਚੰਗੀ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ ਹੈ। ਜਿਸ ਨਾਲ ਸਾਨੂੰ ਇਹ ਪਤਾ ਲੱਗ ਸਕੇ ਕਿ ਕਿਸੇ ਖਾਸ ਕਾਰਨ ਨਾਲ ਕੋਈ ਦੁਰਘਟਨਾ ਹੋ ਸਕਦੀ ਹੈ ਉਸ ਕਾਰਨ ਦੀ ਪਛਾਣ ਕਰਕੇ ਉਸ ਦਾ ਯੋਗ ਹੱਲ ਕਰਨ ਨਾਲ ਅਸੀਂ ਹੋਣ ਵਾਲੀ ਦੁਰਘਟਨਾ ਅਤੇ ਉਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਅ ਕਰ ਸਕਦੇ ਹਾਂ। ਉਦਾਹਰਨ ਦੇ ਤੌਰ ‘ਤੇ ਜੇਕਰ ਅਸੀਂ ਦੇਖਦੇ ਹਾਂ ਕਿ ਰਸਤੇ ਉੱਪਰ ਕੋਈ ਪੱਥਰ ਜਾਂ ਕੋਈ ਗੈਰ ਜ਼ਰੂਰੀ ਵਸਤੂ ਪਈ ਹੈ ਤਾਂ ਸਾਨੂੰ ਇਸ ਗੱਲ ਦਾ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸੇ ਵੀ ਰਾਹੀ ਨਾਲ ਦੁਰਘਟਨਾ ਹੋ ਸਕਦੀ ਹੈ। ਜੇਕਰ ਅਸੀਂ ਉਹ ਗੈਰ ਜ਼ਰੂਰੀ ਵਸਤੂ ਜਾਂ ਪੱਥਰ ਰਸਤੇ ਵਿੱਚੋਂ ਹਟਾ ਸਕਦੇ ਹਾਂ ਤਾਂ ਬਿਨਾਂ ਸ਼ੱਕ ਅਸੀਂ ਉੱਥੋਂ ਲੰਘਣ ਵਾਲਿਆਂ ਦਾ ਬਚਾਅ ਕੀਤਾ ਹੈ ਅਤੇ ਇਹ ਕਰਨਾ ਸਾਡਾ ਨੈਤਿਕ ਫਰਜ਼ ਵੀ ਹੈ। ਵੱਖ ਵੱਖ ਤਰ੍ਹਾਂ ਦੀਆਂ ਘਟਨਾਵਾਂ ਨੂੰ ਵੱਖ ਵੱਖ ਪੱਧਰਾਂ ‘ਤੇ ਜਾਂਚਣ ਪਰਖਣ ਤੋਂ ਬਾਅਦ ਇੱਕ ਗੱਲ ਜੋ ਸਭ ਲਈ ਸਮਾਨ ਰੂਪ ਵਿੱਚ ਸਾਹਮਣੇ ਆਉਂਦੀ ਹੈ ਉਹ ਇਹ ਹੁੰਦੀ ਹੈ ਕਿ ਦੁਰਘਟਨਾਵਾਂ ਹੋਣ ਦੇ ਕੁਝ ਖਾਸ ਕਾਰਨ ਹੁੰਦੇ ਹਨ।ਅਤੇ ਇਨ੍ਹਾਂ ਹੋ ਚੁੱਕੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਸੀ ਜੇਕਰ ਸਮਾਂ ਰਹਿੰਦੇ ਖਤਰਿਆਂ ਦੀ ਪਹਿਚਾਣ ਸਹੀ ਤਰੀਕੇ ਨਾਲ ਕੀਤੀ ਜਾ ਸਕਦੀ।
ਇਹਨਾਂ ਸੜਕ ਹਾਦਸਿਆਂ ਵਿੱਚ ਜ਼ਿੰਮੇਵਾਰ ਕਾਰਕਾਂ ਵਿੱਚ ਮੁੱਖ ਰੂਪ ਵਿੱਚ ਸੁਰੱਖਿਆ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਨਾ ਕਰਨਾ, ਘੱਟ ਸਿੱਖਿਅਤ ਲੋਕਾਂ ਵੱਲੋਂ ਗੈਰ ਜਿੰਮੇਵਾਰ ਤਰੀਕੇ ਨਾਲ ਡਰਾਈਵਿੰਗ ਕਰਨਾ, ਭੱਜ ਦੌੜ ਅਤੇ ਕਾਹਲ ਭਰੀ ਜੀਵਨ ਸ਼ੈਲੀ ਦਾ ਹੋਣਾ ਅਤੇ ਆਵਾਜਾਈ ਦੇ ਸਾਧਨਾਂ ਦਾ ਸਮੇਂ ਸਿਰ ਅਤੇ ਚੰਗੀ ਤਰ੍ਹਾਂ ਮੁਰੰਮਤ ਨਾ ਕਰਵਾਉਣਾ ਵੀ ਸ਼ਾਮਲ ਹੈ। ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਸਾਡੇ ਦੇਸ਼ ਦੇ ਲੋਕ ਅਕਸਰ ਇਹਨਾਂ ਨਿਯਮਾਂ ਨੂੰ ਫਾਲਤੂ ਸਮਝ ਕੇ ਅਣਦੇਖੀ ਕਰਦੇ ਹਨ। ਬਹੁਤ ਵਾਰ ਉਨ੍ਹਾਂ ਨੂੰ ਇਸਦਾ ਖਾਮਿਆਜ਼ਾ ਵੀ ਭਰਨਾ ਪੈਂਦਾ ਹੈ ਪਰ ਕਈ ਵਾਰ ਇਹ ਗਲਤੀਆਂ ਦੂਸਰੇ ਬੇਕਸੂਰ ਲੋਕਾਂ ਦੇ ਨੁਕਸਾਨ ਦਾ ਕਾਰਨ ਬਣਦੀਆਂ ਹਨ। ਜਿਵੇਂ ਕਿ ਗਲਤ ਸਾਈਡ ਤੇ ਚੱਲਣ ਵਾਲੇ ਲੋਕ ਅਕਸਰ ਦੂਸਰੇ ਲੋਕਾਂ ਲਈ ਮੁਸ਼ਕਿਲ ਪੈਦਾ ਕਰਦੇ ਹਨ। ਓਵਰਲੋਡ ਅਤੇ ਬੇਢੰਗੇ ਤਰੀਕੇ ਨਾਲ ਭਰੇ ਹੋਏ ਵਾਹਨ ਅਕਸਰ ਸੜਕਾਂ ਤੇ ਪਲਟੇ ਹੋਏ ਮਿਲਦੇ ਹਨ ਤੇ ਕਈ ਵਾਰ ਜਾਨੀ ਨੁਕਸਾਨ ਦਾ ਕਾਰਨ ਵੀ ਬਣਦੇ ਹਨ। ਬਹੁਤ ਜਿਆਦਾ ਰਫਤਾਰ ਨਾਲ ਵਾਹਨ ਚਲਾਉਣਾ ਖਤਰੇ ਤੋਂ ਖਾਲੀ ਨਹੀਂ ਹੋ ਸਕਦਾ। ਅਜਿਹੀਆਂ ਦੁਰਘਟਨਾਵਾਂ ਵਿੱਚ ਆਮ ਤੌਰ ‘ਤੇ ਕਸੂਰਵਾਰ ਦੇ ਨਾਲ ਨਾਲ ਬੇਕਸੂਰ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਬਹੁਤ ਵਾਰ ਨੌਜਵਾਨ ਲੜਕੇ ਲੜਕੀਆਂ ਸੜਕਾਂ ਤੇ ਕਰਤੱਬ ਦਿਖਾਉਂਦੇ ਦੇਖੇ ਜਾਂਦੇ ਹਨ। ਬੇਸ਼ੱਕ ਉਹ ਲੋਕ ਇਸ ਕੰਮ ਵਿੱਚ ਮਾਹਿਰ ਹੋ ਸਕਦੇ ਹਨ ਪਰ ਸੜਕ ਜਿੱਥੇ ਕਿ ਹਜਾਰਾਂ ਲੋਕਾਂ ਦੀ ਆਵਾਜਾਈ ਹੁੰਦੀ ਹੈ, ਇਸ ਤਰ੍ਹਾਂ ਦੀ ਹਰਕਤ ਲਈ ਸਹੀ ਥਾਂ ਨਹੀਂ ਹੈ ਕਿਸੇ ਵੀ ਵਿਅਕਤੀ ਦਾ ਧਿਆਨ ਭਟਕਣ ਨਾਲ ਹਾਦਸਾ ਵਾਪਰ ਸਕਦਾ ਹੈ। ਸੜਕ ਸੁਰੱਖਿਆ ਵਿੱਚ ਆਵਾਜਾਈ ਨਾਲ ਸੰਬੰਧਿਤ ਇਸ਼ਾਰਿਆ ਦੀ ਯੋਗ ਵਰਤੋਂ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਅਤੇ ਕਈ ਵਾਰ ਇਨ੍ਹਾਂ ਇਸ਼ਾਰਿਆਂ ਦੀ ਸਹੀ ਤਰੀਕੇ ਨਾਲ ਵਰਤੋਂ ਨਾ ਕਰਨਾ ਵੀ ਅਕਸਰ ਹਾਦਸਿਆਂ ਨੂੰ ਜਨਮ ਦਿੰਦਾ ਹੈ। ਆਪਣੇ ਆਵਾਜਾਈ ਦੇ ਸਾਧਨਾਂ ਦੀ ਸਮੇਂ ਸਿਰ ਅਤੇ ਵਧੀਆ ਤਰੀਕੇ ਨਾਲ ਮੁਰੰਮਤ ਨਾ ਕਰਵਾਉਣਾ ਵੀ ਖਤਰਨਾਕ ਹੋ ਸਕਦਾ ਹੈ।। ਲਾਈਟਾਂ, ਇਸ਼ਾਰੇ , ਬ੍ਰੇਕ, ਕਲੱਚ ਅਤੇ ਸਟੇਰਿੰਗ ਇਨ੍ਹਾਂ ਵਿੱਚੋਂ ਕਿਸੇ ਇੱਕ ਦਾ ਸਹੀ ਤਰੀਕੇ ਨਾਲ ਸਮੇਂ ਸਿਰ ਕੰਮ ਨਾ ਕਰਨਾ ਵੱਡੇ ਹਾਦਸੇ ਨੂੰ ਜਨਮ ਦੇ ਸਕਦਾ ਹੈ। ਧੁੰਦ ਦੇ ਦਿਨਾਂ ਵਿਚ ਸੜਕਾਂ ਤੇ ਹਾਦਸੇ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਕੋਸ਼ਿਸ਼ ਕਰੋ ਕਿ ਅਜਿਹੇ ਹਾਲਾਤ ਪੈਦਾ ਨਾ ਹੋਣ ਕਿ ਤੁਸੀਂ ਕਿਸੇ ਅਣਸੁਖਾਵੀਂ ਘਟਨਾ ਦੇ ਸ਼ਿਕਾਰ ਹੋ ਜਾਵੋ। ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੀ ਸਾਵਧਾਨੀ ਵਰਤੋਂ ਜੇਕਰ ਸੰਭਵ ਹੋ ਸਕੇ ਤਾਂ ਲੰਬੇ ਸਫਰ ਤੇ ਜਾਣ ਲਈ ਕਾਰ ਜਾਂ ਬਾਈਕ ਤੇ ਸਫਰ ਕਰਨ ਦੀ ਬਜਾਏ ਬੱਸ ਜਾਂ ਰੇਲ ਗੱਡੀ ਦੁਆਰਾ ਸਫਰ ਕੀਤਾ ਜਾ ਸਕਦਾ ਹੈ। ਦੋਪਹੀਆ ਵਹੀਕਲ ਤੇ ਸਫਰ ਕਰਨ ਵਾਲੇ ਲੋਕਾਂ ਲਈ ਇਹ ਬਹੁਤ ਹੀ ਜਰੂਰੀ ਹੈ ਕਿ ਉਹ ਆਪਣੀ ਸਪੀਡ ਨੂੰ ਨਿਯੰਤਰਣ ਵਿੱਚ ਰੱਖਣ ਕਿਉਂਕਿ ਕਿਸੇ ਵੀ ਹਾਲਤ ਵਿਚ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਆਪਣੇ ਵਹੀਕਲ ਨੂੰ ਕੰਟਰੋਲ ਕਰਨਾ ਸੌਖਾ ਹੁੰਦਾ ਹੈ। ਆਮ ਤੌਰ ‘ਤੇ ਇਹ ਦੇਖਣ ਵਿੱਚ ਆਉਂਦਾ ਹੈ ਕਿ ਦੋਪਹੀਆ ਵਹੀਕਲ ਦੇ ਹਾਦਸਿਆਂ ਵਿੱਚ ਰਫਤਾਰ ਇੱਕ ਅਹਿਮ ਭੂਮਿਕਾ ਨਿਭਾਉਦੀ ਹੈ ਜੇਕਰ ਤੁਸੀਂ ਆਪਣੀ ਰਫਤਾਰ ਨੂੰ ਕੰਟਰੋਲ ਵਿੱਚ ਰੱਖਦੇ ਹੋਏ ਡਰਾਈਵਿੰਗ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਸਕਦੇ ਹੋ।
ਜਿੱਥੋਂ ਤੱਕ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਅਤੇ ਨੁਕਸਾਨ ਦਾ ਸਬੰਧ ਹੈ, ਸਾਡੇ ਦੇਸ਼ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਕੁੱਲ ਮੌਤਾਂ ਵਿੱਚੋਂ 95 ਪ੍ਰਤੀਸ਼ਤ ਮੌਤਾਂ ਸਿਰਫ਼ ਵੇਲੇ ਸਿਰ ਮੁੱਢਲੀ ਸਹਾਇਤਾ ਨਾ ਮਿਲਣ ਕਰਕੇ ਹੁੰਦੀਆਂ ਹਨ। ਜਿੱਥੇ ਸਾਡੇ ਦੇਸ਼ ਭਾਰਤ ਵਿੱਚ ਹਰ ਕੋਈ ਇੱਕ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਹੈ, ਉੱਥੇ ਇਹ ਗੱਲ ਹੋਰ ਵੀ ਦਿਲ ਕੰਬਾਊ ਹੋ ਜਾਂਦੀ ਹੈ ਕਿ ਆਪਣੀ ਗੱਡੀ ਦੇ ਡੈਸ਼ਬੋਰਡ ਤੇ ਗੁਰੂਆਂ, ਭਗਤਾਂ, ਪੀਰ – ਫਕੀਰਾਂ ਦੀਆਂ ਤਸਵੀਰਾਂ ਸਜਾ ਕੇ ਰੱਖਣ ਵਾਲੇ ਅਤੇ ਪਰਮਾਤਮਾ ਨੂੰ ਆਪਣਾ ਸਭ ਕੁਝ ਮੰਨਣ ਵਾਲੇ ਲੋਕ ਸੜਕ ਤੇ ਚੱਲਦੇ ਸਮੇਂ ਇਨਸਾਨੀਅਤ ਨੂੰ ਭੁੱਲ ਜਾਂਦੇ ਹਨ। ਸੜਕ ਤੇ ਚੱਲਣ ਸਮੇਂ ਸੜਕ ਦੇ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗਦੇ ਹੋਏ ਕਿਸੇ ਦੂਸਰੇ ਵਾਹਨ ਨੂੰ ਟੱਕਰ ਮਾਰ ਕੇ ਭੱਜਣ ਵਿੱਚ ਹੀ ਆਪਣੀ ਭਲਾਈ ਸਮਝਦੇ ਹਨ। ਅਜਿਹੇ ਨਾਜ਼ੁਕ ਮੌਕੇ ਤੇ ਬਹੁਤੇ ਲੋਕਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਜਿਸ ਵਾਹਨ ਜਾਂ ਵਿਅਕਤੀ ਨੂੰ ਉਨ੍ਹਾਂ ਨੇ ਟੱਕਰ ਮਾਰੀ ਹੈ, ਉਹ ਜਿੰਦਾ ਹਨ ਜਾਂ ਫਿਰ ਮਰ ਗਏ। ਅਕਸਰ ਆਮ ਤੌਰ ਤੇ ਦੇਖਣ ਵਿੱਚ ਆਉਂਦਾ ਹੈ ਕਿ ਜੋ ਲੋਕ ਆਪਣੀ ਨਿੱਜੀ ਜਿੰਦਗੀ ਵਿੱਚ ਆਪਣੇ ਆਪ ਨੂੰ ਬਹੁਤ ਹੀ ਬਹਾਦਰ, ਅਮੀਰ, ਦਿਆਲੂ, ਤੇਜ ਤਰਾਰ ਅਤੇ ਸਿਆਣੇ ਅਖਵਾਉੰਦੇ ਹਨ ਜ਼ਖਮੀ ਹੋਏ ਲੋਕਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਜਾਂ ਕਿਸੇ ਹੋਰ ਤਰ੍ਹਾਂ ਦੀ ਸਹਾਇਤਾ ਦੇਣ ਵਿੱਚ ਹਿਚਕਚਾਹਟ ਮਹਿਸੂਸ ਕਰਦੇ ਹਨ। ਅਜਿਹੇ ਨਾਜ਼ੁਕ ਮੌਕਿਆਂ ਤੇ ਇੱਕ ਗੱਲ ਜੋ ਸਭ ਤੋਂ ਬੁਰੇ ਰੂਪ ਵਿੱਚ ਦੇਖਣ ਨੂੰ ਮਿਲਦੀ ਹੈ ਉਹ ਹੈ ਜ਼ਖ਼ਮੀ ਹਾਲਤ ਵਿੱਚ ਤੜਪ ਰਹੇ ਲੋਕਾਂ ਦੀ ਵੀਡੀਓ ਬਣਾਉਣੀ ਜਾਂ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਜੋ ਕਿ ਇਕ ਬੜਾ ਹੀ ਨਿੰਦਣਯੋਗ ਤੇ ਘਟੀਆ ਕੰਮ ਹੈ ਜਿਸ ਸਮੇਂ ਜ਼ਖਮੀ ਲੋਕਾਂ ਨੂੰ ਤੁਹਾਡੀ ਮਦਦ ਦੀ ਲੋੜ ਹੁੰਦੀ ਹੈ ਠੀਕ ਉਸੇ ਸਮੇਂ ਤੁਸੀਂ ਆਪਣੇ ਮੋਬਾਈਲ ਨਾਲ ਉਨ੍ਹਾਂ ਲੋਕਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਹੋ ਜਦੋਂ ਕਿ ਉਸ ਸਮੇਂ ਤੁਹਾਡਾ ਫਰਜ਼ ਇਹ ਹੁੰਦਾ ਹੈ ਕਿ ਤੁਸੀਂ ਜ਼ਖਮੀ ਲੋਕਾਂ ਦੀ ਸਹਾਇਤਾ ਕਰਨ ਲਈ ਆਪਣੇ ਆਪ ਨੂੰ ਪੇਸ਼ ਕਰੋ ਤਾਂ ਜੋ ਕਿਸੇ ਦੀ ਜਾਨ ਬਚਾਈ ਜਾ ਸਕੇ।
ਕੁਝ ਜਰੂਰੀ ਨੁਕਤੇ :
ਤੁਹਾਡੀ ਜ਼ਿੰਦਗੀ ਤੁਹਾਨੂੰ ਪਿਆਰ ਕਰਨ ਵਾਲਿਆਂ ਦੀ ਅਮਾਨਤ ਹੈ।
ਆਪਣੀ ਜਿੰਮੇਵਾਰੀ ਨੂੰ ਸਮਝੋ, ਸੁਰੱਖਿਅਤ ਡਰਾਈਵਿੰਗ ਕਰੋ।
ਆਪਣੇ ਵਹੀਕਲ ਦੀਆਂ ਲਾਇਟਾਂ, ਬ੍ਰੇਕ, ਇੰਡੀਕੇਟਰ,ਹੌਰਨ ਆਦਿ ਚੰਗੀ ਤਰ੍ਹਾਂ ਨਾਲ ਕੰਮ ਕਰਦੇ ਹਨ ਇਹ ਯਕੀਨੀ ਬਣਾਇਆ ਜਾਵੇ।
ਆਪਣੀ ਸਪੀਡ ਨੂੰ ਨਿਯੰਤਰਣ ਵਿੱਚ ਰੱਖਿਆ ਜਾਵੇ।
ਡਰਾਈਵਿੰਗ ਕਰਦੇ ਹੋਏ ਕਦੇ ਵੀ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਜੇਕਰ ਜਰੂਰੀ ਹੋਵੇ ਤਾਂ ਆਪਣੇ ਵਹੀਕਲ ਨੂੰ ਇੱਕ ਸਾਈਡ ਤੇ ਰੋਕ ਕੇ ਗੱਲਬਾਤ ਕੀਤੀ ਜਾਵੇ।
ਆਪਣੀ ਗੱਡੀ ਵਿੱਚ ਇੱਕ ਮੁਢਲੀ ਸਹਾਇਤਾ ਕਿੱਟ ਜਰੂਰ ਰੱਖੋ।
ਧੁੰਦ ਵਿੱਚ ਡਰਾਈਵਿੰਗ ਕਰਨ ਸਮੇਂ ਲਾਈਟਾਂ ਚਾਲੂ ਰੱਖੋ।
ਬਾਈਕ ਤੇ ਸਫਰ ਕਰਦੇ ਸਮੇਂ ਕਰੈਸ਼ ਹੈਲਮਟ ਜ਼ਰੂਰ ਪਹਿਨਿਆ ਜਾਵੇ।
ਕਾਮਨਾ ਹੈ ਕਿ ਤੁਸੀਂ ਆਪਣੇ ਘਰ ਤੋਂ ਹੱਸਦੇ ਹੋਏ ਸਫਰ ਤੇ ਨਿਕਲੋ ਅਤੇ ਖੁਸ਼ੀ ਖੁਸ਼ੀ ਘਰ ਵਾਪਸ ਆਓ।

Comments are closed.

COMING SOON .....


Scroll To Top
11