Friday , 23 August 2019
Breaking News
You are here: Home » EDITORIALS » ਸੜਕੀ ਜਾਮ ’ਚ ਫਸਿਆ ਪੰਜਾਬ

ਸੜਕੀ ਜਾਮ ’ਚ ਫਸਿਆ ਪੰਜਾਬ

ਸਿਆਸੀ ਨੇਤਾ, ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਵਿਕਾਸ ਦੀਆਂ ਗੱਲਾਂ ਕਰ ਰਹੇ ਹਨ ਪ੍ਰੰਤੂ ਲੋਕ ਸੜਕਾਂ ’ਤੇ ਜਾਮ ਵਿੱਚ ਫਸੇ ਹੋਏ ਹਨ। ਚੰਗੇ ਸੜਕੀ ਅਤੇ ਆਵਾਜਾਈ ਪ੍ਰਬੰਧਾਂ ਤੋਂ ਬਿਨਾ ਕੋਈ ਵੀ ਖਿੱਤਾ ਤਰੱਕੀ ਨਹੀਂ ਕਰ ਸਕਦਾ। ਇਹ ਬਦਕਿਸਮਤੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਲਈ ਇਹ ਕੋਈ ਮੁੱਦਾ ਹੀ ਨਹੀਂ ਹੈ। ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣ ਲਈ ਹੁਣ 5 ਘੰਟੇ ਤੋਂ ਵੱਧ ਸਮਾਂ ਲੱਗਦਾ ਹੈ। ਅੰਮ੍ਰਿਤਸਰ ਤੋਂ ਜਲੰਧਰ ਤੱਕ ਜੀ.ਟੀ. ਰੋਡ ਦਾ ਟੁੱਕੜਾ ਹਾਲੇ ਵੀ ਕਈ ਥਾਵਾਂ ਤੋਂ ਮੁਕੰਮਲ ਨਹੀਂ ਹੋ ਸਕਿਆ। ਜਲੰਧਰ ਤੋਂ ਚੰਡੀਗੜ੍ਹ ਤੱਕ ਸੜਕ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਕੇਵਲ ਬੰਗਾ ਸ਼ਹਿਰ ਨੂੰ ਪਾਰ ਕਰਨ ਵਿੱਚ ਹੀ ਅੱਧਾ-ਪੌਣਾ ਘੰਟਾ ਲੱਗ ਜਾਂਦਾ ਹੈ। ਇਹੋ ਹਾਲ ਨਵਾਂਸ਼ਹਿਰ ਵਿੱਚ ਹੈ। ਬੰਗਾ ਸ਼ਹਿਰ ’ਚੋਂ ਫਲਾਈ ਓਵਰ ਦਾ ਕੰਮ ਬਹੁਤ ਠੰਡੀ ਰਫਤਾਰ ਨਾਲ ਚੱਲ ਰਿਹਾ ਹੈ। ਬਦਲਵਾਂ ਰਸਤਾ ਵੀ ਨਹੀਂ ਬਣਾਇਆ ਗਿਆ। ਵੱਡੀ ਗੱਲ ਤਾਂ ਇਹ ਹੈ ਕਿ ਸਾਰੀ ਟਰੈਫਿਕ ਉਸਾਰੇ ਜਾ ਰਹੇ ਫਲਾਈ ਓਵਰ ਦੇ ਹੇਠੋਂ ਲੰਘਦੀ ਹੈ। ਸੁਰੱਖਿਆ ਨਿਯਮਾਂ ਦੀ ਕੋਈ ਪਾਲਣਾ ਨਹੀਂ ਹੋ ਰਹੀ। ਫਲਾਈ ਓਵਰ ਉਪਰ ਕੰਮ ਕਰ ਰਹੇ ਕਾਮਿਆਂ ਅਤੇ ਲੰਘਣ ਵਾਲੇ ਲੋਕਾਂ ਦਾ ਜੀਵਨ ਵੀ ਖਤਰੇ ਵਿੱਚ ਹੈ। ਕਿਸੇ ਵੀ ਸਮੇਂ ਇਥੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਫਲਾਈ ਓਵਰ ਦਾ ਕੰਮ ਹਾਲੇ ਘੱਟੋ-ਘੱਟ 6 ਤੋਂ 7 ਮਹੀਨੇ ਵਿੱਚ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਜਲੰਧਰ ਵਿੱਚ ਪੀ.ਏ.ਪੀ. ਅਤੇ ਰਾਮਾ ਮੰਡੀ ਫਲਾਈ ਓਵਰ ਵੀ ਇਸੇ ਤਰ੍ਹਾਂ ਫਸੇ ਹੋਏ ਹਨ। ਇਸ ਕਾਰਨ ਜਲੰਧਰ ਨੂੰ ਪਾਰ ਕਰਨਾ ਅਤੇ ਜਲੰਧਰ ਵਿੱਚ ਦਾਖਲ ਹੋਣਾ ਵੀ ਬਹੁਤ ਔਖਾ ਹੋ ਗਿਆ ਹੈ। ਫਗਵਾੜੇ ਵਿੱਚ ਤਾਂ ਦਹਾਕਿਆਂ ਤੋਂ ਜੀ.ਟੀ. ਰੋਡ ਦਾ ਕੰਮ ਰੁਕਿਆ ਹੋਇਆ ਹੈ। ਇਸ ਕੰਮ ਦੇ ਨੇਪਰੇ ਚੜ੍ਹਨ ਦਾ ਹਾਲੇ ਵੀ ਕੋਈ ਆਸਾਰ ਨਹੀਂ। ਜਲੰਧਰ ਵਾਂਗ ਇਥੇ ਵੀ ਟਰੈਫਿਕ ਜਾਮ ਲੱਗਦਾ ਹੈ। ਚੰਡੀਗੜ੍ਹ ਵਿੱਚ ਦਾਖਲ ਹੋਣ ਤੋਂ ਪਹਿਲਾਂ ਖਰੜ ਨੂੰ ਪਾਰ ਕਰਨ ਲਈ ਵੀ ਵੱਡਾ ਜਿਗਰਾ ਅਤੇ ਠਰੰਮਾ ਚਾਹੀਦਾ ਹੈ। ਇਥੇ ਅੱਧੇ ਤੋਂ ਇਕ ਘੰਟੇ ਤੱਕ ਸਮਾਂ ਆਮ ਹੀ ਖਰਾਬ ਹੋ ਜਾਂਦਾ ਹੈ। ਚੰਡੀਗੜ੍ਹ ਤੋਂ ਪਟਿਆਲੇ ਵੱਲ ਜਾਂਦਿਆਂ ਜ਼ੀਰਕਪੁਰ ਵਿੱਚ ਵੀ ਲਗਾਤਾਰ ਜਾਮ ਲੱਗਦੇ ਹਨ। ਰਾਜਪੁਰਾ ਵਿਖੇ ਲੁਧਿਆਣਾ ਵੱਲ ਜੀ.ਟੀ. ਰੋਡ ਉਪਰ ਚੜ੍ਹਨ ਲਈ ਵੀ ਲੋਕਾਂ ਨੂੰ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ। ਲੁਧਿਆਣਾ ਸ਼ਹਿਰ ਵਿੱਚੋਂ ਲੰਘਣਾ ਵੀ ਕੋਈ ਸੌਖਾ ਨਹੀਂ ਹੈ। ਜਗਰਾਉਂ ਪੁਲ ’ਤੇ ਹਰ ਵੇਲੇ ਟ੍ਰੈਫਿਕ ਜਾਮ ਲੱਗਿਆ ਰਹਿੰਦਾ ਹੈ। ਲੁਧਿਆਣਾ ਦੀ ਜਲੰਧਰ ਬਾਈਪਾਸ ’ਤੇ ਵੀ ਸੜਕੀ ਪ੍ਰਬੰਧ ਬਹੁਤ ਮਾੜਾ ਹੋਣ ਕਾਰਨ ਲੋਕਾਂ ਦਾ ਘੱਟੋ-ਘੱਟ ਅੱਧਾ ਘੰਟਾ ਖਰਾਬ ਹੋ ਜਾਂਦਾ ਹੈ। ਇਸੇ ਤਰ੍ਹਾਂ ਟੋਲ ਪਲਾਜ਼ੇ ਵੀ ਸੜਕੀ ਆਵਾਜਾਈ ਵਿੱਚ ਵੱਡਾ ਅੜਿਕਾ ਬਣੇ ਹੋਏ ਹਨ। ਅੰਮ੍ਰਿਤਸਰ-ਜਲੰਧਰ ਰੋਡ ’ਤੇ ਲੱਗੇ ਟੋਲ ਪਲਾਜ਼ੇ, ਰੋਪੜ ਟੋਲ ਪਲਾਜ਼ਾ ਅਤੇ ਸਤਲੁਜ ਪੁਲ ਕੋਲ ਲੱਗਾ ਟੋਲ ਪਲਾਜ਼ਾ ਤਾਂ ਪੂਰੇ ਪੰਜਾਬ ਦਾ ਰਾਹ ਰੋਕ ਕੇ ਖੜ੍ਹੇ ਹਨ। ਹੋਰ ਤਾਂ ਹੋਰ ਅਰਬਾਂ ਰੁਪਏ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਬਣਾਇਆ ਗਿਆ ਵਿਸ਼ੇਸ਼ ਫਲਾਈ ਓਵਰ ਵੀ ਪਾਰਕਿੰਗ ਦੀ ਸਮੱਸਿਆ ਕਾਰਨ ਜਾਮ ਦਾ ਸ਼ਿਕਾਰ ਹੋਇਆ ਰਹਿੰਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਸਾਰਾ ਪੰਜਾਬ ਹਰ ਰੋਜ਼ ਸੜਕੀ ਜਾਮ ਵਿੱਚ ਜੁਝਦਾ ਨਜ਼ਰ ਆਉਂਦਾ ਹੈ। ਲੱਖਾਂ ਲੀਟਰ ਵਾਧੂ ਪੈਟਰੋਲ ਅਤੇ ਡੀਜ਼ਲ ਫੂਕਿਆ ਜਾ ਰਿਹਾ ਹੈ। ਲੋਕਾਂ ਦਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ। ਗੱਡੀਆਂ ਦਾ ਅੱਡ ਨੁਕਸਾਨ ਹੋ ਰਿਹਾ ਹੈ। ਆਰਥਿਕ ਮੰਦਹਾਲੀ ਵਿੱਚ ਫਸੇ ਪੰਜਾਬ ਲਈ ਮਾੜਾ ਸੜਕੀ ਅਤੇ ਆਵਾਜਾਈ ਪ੍ਰਬੰਧ ਇਕ ਤਰ੍ਹਾਂ ਨਾਲ ਵੱਡਾ ਬੋਝ ਬਣ ਗਿਆ ਹੈ। ਸਿਤਮ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਕੋਲ ਵੱਡੀ ਪੁਲਿਸ ਨਫਰੀ ਹੈ, ਪ੍ਰੰਤੂ ਉਹ ਸੜਕੀ ਆਵਾਜਾਈ ਨੂੰ ਦਰੁਸਤ ਤਰੀਕੇ ਚਲਾਉਣ ਲਈ ਕਿਧਰੇ ਨਜ਼ਰ ਨਹੀਂ ਆਉਂਦੀ। ਮੰਤਰੀ ਮੰਡਲ ਦੀਆਂ ਬੈਠਕਾਂ ਹੁੰਦੀਆਂ ਹਨ ਪਰੰਤੂ ਇਹ ਮੁੱਦਾ ਕਦੇ ਨਹੀਂ ਉਠਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਪੰਜਾਬ ਵਿੱਚ ਸੜਕੀ ਸਫ਼ਰ ਨਹੀਂ ਕਰਦੇ ਇਸ ਕਾਰਨ ਉਨ੍ਹਾਂ ਨੂੰ ਲੋਕਾਂ ਦੀ ਇਸ ਵੱਡੀ ਸਮੱਸਿਆ ਤੋਂ ਸ਼ਾਇਦ ਕੋਈ ਵਾਕਫੀ ਨਹੀਂ ਹੈ। ਇਸ ਮਸਲੇ ਕਾਰਨ ਪੰਜਾਬ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਆਰਥਿਕ ਸਰਗਰਮੀਆਂ ਪ੍ਰਭਾਵਿਤ ਹੋ ਰਹੀਆਂ ਹਨ। ਅਜਿਹੇ ਮਾੜੇ ਸੜਕੀ ਅਤੇ ਆਵਾਜਾਈ ਪ੍ਰਬੰਧ ਨੂੰ ਠੀਕ ਕਰਨ ਲਈ ਸਰਕਾਰ ਅੱਗੇ ਨਹੀਂ ਆ ਰਹੀ। ਅਜਿਹੇ ਹਾਲਾਤਾਂ ਵਿੱਚ ਪੰਜਾਬ ਦੇ ਵਿਕਾਸ ਲਈ ਨਾਅਰੇ ਬੇਮਾਅਨੇ ਹਨ। ਪੰਜਾਬ ਆਉਣ ਵਾਲਾ ਹਰ ਵਿਅਕਤੀ ਮਾੜੇ ਤਜ਼ਰਬੇ ਲੈ ਕੇ ਵਾਪਸ ਜਾਂਦਾ ਹੈ। ਲੋਕ ਸਭਾ ਚੋਣਾਂ ਵਿੱਚ ਇਹ ਵੀ ਇਕ ਮੁੱਦਾ ਹੋਣਾ ਚਾਹੀਦਾ ਹੈ। ਲੋਕਾਂ ਨੂੰ ਇਸ ਮੁੱਦੇ ਦੇ ਆਧਾਰ ’ਤੇ ਵੀ ਆਪਣੀ ਵੋਟ ਅਧਿਕਾਰ ਦਾ ਇਸਤੇਮਾਲ ਕਰਨਾ ਹੋਵੇਗਾ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11