Sunday , 26 May 2019
Breaking News
You are here: Home » Religion » ਸ੍ਰੀ ਹਰਿਮੰਦਰ ਸਾਹਿਬ ਵਿਖੇ ਆਨਲਾਈਨ ਭੇਟਾ ਜਮ੍ਹਾਂ ਕਰਵਾਉਣ ਸਮੇਂ ਹੁਣ ਮੌਕੇ ’ਤੇ ਹੀ ਮਿਲੇਗੀ ਰਸੀਦ

ਸ੍ਰੀ ਹਰਿਮੰਦਰ ਸਾਹਿਬ ਵਿਖੇ ਆਨਲਾਈਨ ਭੇਟਾ ਜਮ੍ਹਾਂ ਕਰਵਾਉਣ ਸਮੇਂ ਹੁਣ ਮੌਕੇ ’ਤੇ ਹੀ ਮਿਲੇਗੀ ਰਸੀਦ

ਭਾਈ ਲੌਂਗੋਵਾਲ ਨੇ ਕੀਤਾ ‘ਆਨਲਾਈਨ ਸੇਵਾ ਸਿਸਟਮ’ ਦਾ ਉਦਘਾਟਨ

ਅੰਮ੍ਰਿਤਸਰ, 18 ਸਤੰਬਰ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਹੁਣ ਆਨਲਾਈਨ ਵਿਧੀ ਰਾਹੀਂ ਭੇਟਾ ਰਾਸ਼ੀ ਜਮ੍ਹਾਂ ਕਰਵਾ ਕੇ ਮੌਕੇ ’ਤੇ ਹੀ ਰਸੀਦ ਪ੍ਰਾਪਤ ਕਰ ਸਕਣਗੀਆਂ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਚੱਲ ਰਹੀ ਆਨਲਾਈਨ ਸੇਵਾ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਇਹ ਸੇਵਾ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਡਬਲਿਊ ਡਬਲਿਊ ਡਬਲਿਊ ਡਾਟ ਐਸਜੀਪੀਸੀ ਡਾਟ ਨੈਟ (ਾ.ਸਗਪਚ.ਨੲਟ) ’ਤੇ ਉਪਲੱਬਧ ਹੈ। ਬੀਤੇ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਆਨਲਾਈਨ ਸੇਵਾ ਸਿਸਟਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਸ ਸੁਵਿਧਾ ਲਈ ਐਚ.ਡੀ.ਐਫ.ਸੀ. ਬੈਂਕ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਬਿਲਕੁਲ ਮੁਫਤ ਤਿਆਰ ਕਰ ਕੇ ਦਿੱਤੇ ਸਾਫਟਵੇਅਰ ਦੁਆਰਾ ਸੰਗਤਾਂ ਨੂੰ ਆਨਲਾਈਨ ਭੇਟਾ ਦੇਣ ਸਮੇਂ ਮੌਕੇ ’ਤੇ ਹੀ ਰਸੀਦ ਮਿਲਿਆ ਕਰੇਗੀ, ਜਦਕਿ ਇਸ ਤੋਂ ਪਹਿਲਾਂ ਇਹ ਸੇਵਾ ਉਪਲਬਧ ਨਹੀਂ ਸੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸੇਵਾ ਦਾ ਸੰਗਤਾਂ ਲਈ ਕਾਰਗਰ ਸਾਬਤ ਹੋਵੇਗੀ। ਭੇਟਾ ਜਮ੍ਹਾਂ ਕਰਵਾਉਣ ਦੇ ਆਨਲਾਈਨ ਢੰਗ ਬਾਰੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਵਿੱਤ ਸ. ਸਤਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ’ਤੇ ਸੰਗਤਾਂ ‘ਆਨਲਾਈਨ ਸੇਵਾ ਸਿਸਟਮ’ ਲਿੰਕ ’ਤੇ ਜਾ ਕੇ ਆਪਣੇ ਬੈਂਕ ਕਾਰਡ ਰਾਹੀਂ ਭੇਟਾ ਜਮ੍ਹਾਂ ਕਰਵਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਲਿੰਕ ’ਤੇ ਜਾਣ ਬਾਅਦ ਇਕ ਡੋਨੇਸ਼ਨ ਫਾਰਮ ਖੁੱਲ੍ਹੇਗਾ, ਜਿਸ ਵਿਚ ਕੁਝ ਜਾਣਕਾਰੀ ਭਰਨ ਤੋਂ ਬਾਅਦ ਸੌਖੇ ਢੰਗ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਭੇਟਾ ਰਾਸ਼ੀ ਦਿੱਤੀ ਜਾ ਸਕੇਗੀ। ਇਸ ਲਈ ਡੈਬਿਟ, ਕ੍ਰੈਡਿਟ ਕਾਰਡ ਦੇ ਨਾਲ-ਨਾਲ ਨੈਟ ਬੈਂਕਿੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਸੇਵਾ ਦੀ ਸ਼ੁਰੂਆਤ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਅੰਤ੍ਰਿੰਗ ਕਮੇਟੀ ਮੈਂਬਰ ਸ. ਰਵਿੰਦਰ ਸਿੰਘ ਚੱਕ, ਸ. ਜਗਜੀਤ ਸਿੰਘ ਜੱਗੀ ਨਿੱਜੀ ਸਕੱਤਰ, ਸ. ਸਤਿੰਦਰ ਸਿੰਘ ਕੋਹਲੀ, ਸ. ਸਤਿੰਦਰ ਸਿੰਘ ਮੀਤ ਸਕੱਤਰ, ਸ. ਦਰਸ਼ਨ ਸਿੰਘ ਲੌਂਗੋਵਾਲ ਪੀ.ਏ., ਐਚ.ਡੀ.ਐਫ.ਸੀ. ਬੈਂਕ ਦੇ ਮੈਨੇਜਰ ਸ. ਮਧੁਰ ਸਿੰਘ ਸਮੇਤ ਹੋਰ ਮੌਜੂਦ ਸਨ।

Comments are closed.

COMING SOON .....


Scroll To Top
11