ਸੁਨਹਿਰੀ ਇਤਿਹਾਸ
7. ਥੜਾ ਸਾਹਿਬ- ਸ੍ਰੀ ਹਰਿਮੰਦਰ ਸਾਹਿਬ ਤੇ ਹਰਿ ਕੀ ਪੌੜੀ ਦੇ ਸਾਹਮਣੇ ਸਰੋਵਰ ਦੀ ਪੂਰਬੀ ਬਾਹੀ ’ਤੇ ਗੁਰਦੁਆਰਾ ਬੇਰ ਦੁੱਖ-ਭੰਜਨੀ ਸਾਹਿਬ ਦੇ ਦੱਖਣ ਵੱਲ ਇੱਕ ਥੜਾ ਸੰਗਮਰਮਰ ਦਾ ਬਣਿਆ ਹੋਇਆ ਹੈ। ਸਰੋਵਰ ਦੀ ਕਾਰ ਸੇਵਾ ਸਮੇਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਅਤੇ ਫਿਰ ਗੁਰੂ ਅਰਜਨ ਦੇਵ ਜੀ ਇਸ ਥੜ੍ਹੇ ਵਾਲੀ ਥਾਂ ਉੱਪਰ ਬੈਠਿਆ ਕਰਦੇ ਸਨ। ਗੋਇੰਦਵਾਲ ਸਾਹਿਬ ਤੋਂ ਗੁਰਬਾਣੀ ਦੀਆਂ ਸੈਂਚੀਆਂ ਵੀ ਗੁਰੂ ਅਰਜਨ ਦੇਵ ਜੀ ਨੇ ਪਹਿਲੋਂ ਇਥੇ ਲਿਆ ਕੇ ਸਥਾਪਿਤ ਕੀਤੀਆਂ ਸਨ। ਇਥੇ ਬੈਠ ਕੇ ਸਾਰੀ ਰਾਤ ਕੀਰਤਨ ਕਰਦੇ ਰਹੇ ਅਤੇ ਆਈਆਂ ਸੰਗਤਾਂ ਨੂੰ ਉਪਦੇਸ਼ ਦੇਂਦੇ ਰਹੇ ਤੇ ਕਾਰ ਸੇਵਾ ਦੀ ਨਿਗਰਾਨੀ ਵੀ ਕਰਦੇ ਰਹੇ। ਇਸ ਨੂੰ ਪੱਕਾ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ। ਥੜ੍ਹੇ ਉੱਪਰ ਸੰਗਮਰਮਰ ਦੀ ਮੰਜੀ ਸਾਹਿਬ ਬਣੀ ਹੋਈ ਹੈ। 1923 ਈ: ਦੀ ਕਾਰ ਸੇਵਾ ਸਮੇਂ ਇਸ ਥੜ੍ਹੇ ਨੂੰ ਢਾਹ ਕੇ ਪੋਣਾ ਬਣਾ ਦਿੱਤਾ ਗਿਆ ਸੀ, ਪਰ ਸੰਗਤਾਂ ਦੇ ਵਿਰੋਧ ਕਰਨ ਦੇ ਕਾਰਨ ਪ੍ਰਬੰਧਕਾਂ ਨੇ ਮੁੜ ਕੇ ਥੜ੍ਹਾ ਬਣਾ ਕੇ ਉਹੋ ਸੰਗਮਰਮਰ ਦਾ ਮੰਜੀ ਸਥਾਪਿਤ ਕਰ ਦਿੱਤੀ ਹੈ।
8. ਅਠਸਠ ਘਾਟ- ਉਪਰੋਕਤ ਥੜ੍ਹੇ ਦੇ ਦੱਖਣ ਦੀ ਤਰਫ਼ ਨਾਲ ਲੱਗਦੇ ਘਾਟ ਨੂੰ ਅਠਸਠ ਘਾਟ ਕਹਿੰਦੇ ਹਨ। ਮਹਾਨ ਕੋਸ਼ ਅਨੁਸਾਰ ਇਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘‘ਅਠਸਠਿ ਤੀਰਥ ਜਹ ਸਾਧੂ ਪਗ ਧਰਹਿ॥’’ ਰਾਮਕਲੀ ਰਾਗ ਵਿੱਚ ਸ਼ਬਦ ਉਚਾਰਿਆ ਸੀ। ਇਥੇ ਸ੍ਰੀ ਗੁਰੂ ਨਾਨਕ ਦੇਵ ਦੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਚਰਨ ਪਾਏ ਸਨ। ਮਹਾਂ-ਪੁਰਸ਼ ਕਿਹਾ ਕਰਦੇ ਸਨ, ਕਿ ਅਠਾਹਠ ਤੀਰਥਾਂ ਨੇ ਇਸ ਘਾਟ ਰਾਹੀਂ ਅੰਮ੍ਰਿਤਸਰ ਸਰੋਵਰ ਵਿੱਚ ਪ੍ਰਵੇਸ਼ ਕੀਤਾ ਸੀ। ਇਥੇ ਇਸ਼ਨਾਨ ਕਰਨ ਨਾਲ ਅਠਾਹਠ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ ਹੈ। ਇਥੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਬਣਵਾਇਆ ਹੋਇਆ ਛੋਟੇ ਸੁਨਹਿਰੀ ਗੁੰਬਦ ਵਾਲਾ ਮੰਦਰ ਸੀ, ਪਰ ਹੁਣ ਨਹੀਂ, ਹੁਣ ਸਿਰਫ਼ ਘਾਟ ਹੀ ਹੈ।
9. ਗੁਰਦੁਆਰਾ ਇਲਾਇਚੀ ਬੇਰ-ਦਰਸ਼ਨੀ ਦਰਵਾਜ਼ੇ ਦੇ ਨਾਲ ਹੀ ਦੱਖਣ ਦੀ ਤਰਫ਼ ਇਕ ਬੇਰੀ ਹੈ ਜਿਸ ਨੂੰ ਇਲਾਇਚੀ ਵਰਗੇ ਬੇਰ ਲੱਗਦੇ ਹਨ। ਇਸ ਦਾ ਨਾਮ ਇਲਾਇਚੀ ਬੇਰ ਰੱਖਿਆ। ਇਸ ਬੇਰੀ ਹੇਠ ਬੈਠ ਕੇ ਸ੍ਰੀ ਗੁਰੂ ਅਰਜਨ ਦੇਲ ਦੀ ਸਰੋਵਰ ਦੀ ਕਾਰ-ਸੇਵਾ ਕਰਵਾਉਂਦੇ ਹੁੰਦੇ ਸਨ। ਗੁਰੂ ਕੇ ਪਰਮ ਸੇਵਕ ਭਾਈ ਸਾਲ੍ਹੋ ਜੀ ਵੀ ਇਸ ਬੇਰੀ ਹੇਠ ਬੈਠ ਕੇ ਕਾਰ-ਸੇਵਾ ਦੀ ਨਿਗਰਾਨੀ ਕੀਤਾ ਕਰਦੇ ਸਨ। ਏਸੇ ਬੇਰੀ ਨਾਲ ਘੋੜੇ ਬੰਨ੍ਹ ਕੇ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਨੇ ਬੀਕਾਨੇਰ ਤੋਂ ਆ ਕੇ ਮੱਸੇ ਰੰਘੜ ਦਾ ਸਿਰ ਵੱਡਿਆ ਸੀ।
ਸੰਮਤ 1904 ਈ: ਵਿੱਚ ਇਲਾਇਚੀ ਬੇਰੀ ਦੇ ਨਾਲ ਦਾ ਗੁੰਬਦ ਵਾਲਾ ਛੋਟਾ ਗੁਰਦੁਆਰਾ ਹੀਰਾ ਸਿੰਘ ਪਸ਼ੌਰੀਏ ਨੇ ਤਿਆਰ ਕਰਵਾਇਆ, ਜਿਸ ਵਿੱਚ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਪੁਰਾਤਨ ਸਮੇਂ ਇਸ ਦੇ ਪਿਛਲੇ ਪਾਸੇ ਪੋਣਾ ਸੀ ਪਰ ਹੁਣ ਨਹੀਂ, ਸੰਗਤਾਂ ਦੀ ਸਹੂਲਤ ਲਈ ਹੁਣ ਸੰਗਮਰਮਰ ਦਾ ਪੁਲ ਬਣਿਆ ਹੋਇਆ ਹੈ। ਪੁਲ ’ਤੇ ਗੁਰਦੁਆਰੇ ਦੇ ਵਿਚਕਾਰ ਦੀ ਜਗ੍ਹਾ ਵਿੱਚ ਵੱਡੇ ਮੇਲਿਆਂ ਦੇ ਸਮੇਂ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਹੈ।
10. ਪ੍ਰਕਰਮਾ ਸਰੋਵਰ ਸ੍ਰੀ ਅੰਮ੍ਰਿਤਸਰ – ਪੁਜਾਰੀਆਂ ਦੇ ਸਮੇਂ ਪਵਿੱਤਰ ਸਰੋਵਰ ਦੇ ਚੌਗਿਰਦ ਪ੍ਰਕਰਮਾ ਇਕ ਪ੍ਰਕਾਰ ਦਾ ਬਾਜ਼ਾਰ ਬਣਿਆ ਹੋਇਆ ਸੀ, ਜਿਸ ਵਿੱਚ ਕੰਘੇ, ਕੜੇ, ਕਿਰਪਾਨਾਂ ਤੇ ਕਿਤਾਬਾਂ ਦੀਆਂ ਦੁਕਾਨਾਂ ਤੋਂ ਇਲਾਵਾ ਆਲੂ ਛੋਲੇ ਤੇ ਹੋਰ ਖਾਣ ਪੀਣ ਦੀਆਂ ਛਾਬੜੀਆਂ ਵੀ ਲੱਗੀਆਂ ਹੁੰਦੀਆਂ ਸਨ। ਥਾਂ-ਥਾਂ ਜੂਠੇ ਪੱਤ੍ਰਾਂ ਤੇ ਡੂਨਿਆਂ ਦੇ ਫੇਰ ਲਗੇ ਹੁੰਦੇ ਸਨ। ਸਫਾਈ ਆਦਿ ਦਾ ਕੋਈ ਪ੍ਰਬੰਧ ਨਹੀਂ ਸੀ। ਪ੍ਰਕਰਮਾ ਵਿੱਚ ਅਵਾਰਾ ਪਸ਼ੂ ਅਤੇ ਕੁੱਤੇ ਆਮ ਫਿਰਦੇ ਹੁੰਦੇ ਸਨ। ਇਨ੍ਹਾਂ ਨੂੰ ਹਟਾਉਣ ਲਈ ਕੋਈ ਸੇਵਾਦਾਰ ਨਹੀਂ ਸੀ ਹੁੰਦਾ। ਸ਼ਾਮ ਵੇਲੇ ਬਦਮਾਸ਼ ਮਰਦ ਤੇ ਔਰਤਾਂ ਪ੍ਰਕਰਮਾ ਵਿੱਚ ਆ ਜਾਂਦੇ ਸਨ ਉਨ੍ਹਾਂ ਨੂੰ ਭੈੜੀਆਂ ਗੱਲਾਂ ਤੋਂ ਰੋਕਣ ਵਾਲਾ ਕੋਈ ਨਹੀਂ ਸੀ ਹੁੰਦਾ। ਚੋਰਾਂ ਅਤੇ ਗੰਢ ਕੱਟਾਂ ਲਈ ਇਹ ਚੰਗਾ ਅੱਡਾ ਬਣਿਆ ਹੋਇਆ ਸੀ। ਪ੍ਰਕਰਮਾ ਵਿੱਚ ਥਾਂ-ਥਾਂ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਸਨ ਤੇ ਮੂਰਤੀ ਪੂਜਾ ਆਮ ਸੀ। ਗੁਰਮਤਿ ਪ੍ਰਚਾਰ ਅਤੇ ਗੁਰਇਤਿਹਾਸ ਦੀ ਕਥਾ ਦੀ ਥਾਂ ਮਨਮਤਿ ਦਾ ਪ੍ਰਚਾਰ ਪ੍ਰਚੱਲਤ ਸੀ।
ਪੰਥਕ ਪ੍ਰਬੰਧ ਕਾਇਮ ਹੋਣ ’ਤੇ ਉਪਰੋਕਤ ਗੁਰਮਤਿ ਵਿਰੋਧੀ ਕਾਰਵਾਈਆਂ ਉਕਾ ਹੀ ਬੰਦ ਕਰ ਦਿੱਤੀਆਂ ਗਈਆਂ।