Monday , 16 December 2019
Breaking News
You are here: Home » EDITORIALS » ਸ੍ਰੀ ਮੋਦੀ ਵੀ ਧੰਨਵਾਦ ਦੇ ਹੱਕਦਾਰ

ਸ੍ਰੀ ਮੋਦੀ ਵੀ ਧੰਨਵਾਦ ਦੇ ਹੱਕਦਾਰ

ਸਿੱਖ ਭਾਈਚਾਰੇ ਲਈ ਬੇਹੱਦ ਮਹੱਤਵਪੂਰਨ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਪ੍ਰਵਾਨਗੀ ਅਤੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਦਮੋਦਰਦਾਸ ਮੋਦੀ ਜੀ ਦੀ ਵੀ ਅਹਿਮ ਭੂਮਿਕਾ ਹੈ। ਜੇਕਰ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਇਸ ਗੱਲ ਵਿੱਚ ਦਿਲਚਸਪੀ ਨਾ ਲੈਂਦੇ ਤਾਂ ਪਾਕਿਸਤਾਨ ਦੀ ਪਹਿਲ ਦੇ ਬਾਵਜੂਦ ਲਾਂਘੇ ਦਾ ਕਾਰਜ ਨੇਪਰੇ ਨਹੀਂ ਚੜ੍ਹ ਸਕਦਾ ਸੀ। ਇਹ ਗੱਲ ਵੱਖਰੀ ਹੈ ਕਿ ਸਰਕਾਰੀ ਧਿਰ ਦਾ ਇਕ ਹਿੱਸਾ ਲਾਂਘੇ ਨੂੰ ਖੋਲ੍ਹਣ ਦੇ ਹੱਕ ਵਿੱਚ ਨਹੀਂ ਸੀ। ਉਨ੍ਹਾਂ ਦੀਆਂ ਆਪਣੀਆਂ ਦਲੀਲਾਂ ਸਨ। ਪ੍ਰੰਤੂ ਸਿੱਖ ਭਾਈਚਾਰੇ ਨੂੰ ਇਸ ਗੱਲ ਲਈ ਪ੍ਰਧਾਨ ਮੰਤਰੀ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਸਾਰੇ ਖਦਸ਼ਿਆਂ ਅਤੇ ਸਿਆਸੀ ਘਾਟਿਆਂ-ਵਾਧਿਆਂ ਨੂੰ ਦਰਕਿਨਾਰ ਕਰਦੇ ਹੋਏ ਲਾਂਘੇ ਦੇ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਵਿੱਚ ਉਤਸ਼ਾਹ ਨਾਲ ਕਾਰਜ ਕੀਤਾ ਹੈ। ਭਾਰਤ ਸਰਕਾਰ ਵੱਲੋਂ ਅਰਬਾਂ ਰੁਪਏ ਖਰਚ ਕੇ ਇਸ ਪ੍ਰੋਜੈਕਟ ਨੂੰ ਬਹੁਤ ਥੋੜ੍ਹੇ ਸਮੇਂ ਵਿੱਚ ਮੁਕੰਮਲ ਕਰਵਾਇਆ ਗਿਆ ਹੈ। ਇਸ ਦੀ ਖੂਬਸੂਰਤੀ ਵੀ ਦੇਖਦਿਆਂ ਹੀ ਬਣਦੀ ਹੈ। ਇਸ ਤੋਂ ਵੱਡੀ ਗੱਲ ਇਹ ਹੈ ਕਿ ਲਾਂਘੇ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨੇ ਖੁਦ ਪਹੁੰਚ ਕੇ ਸਿੱਖ ਭਾਈਚਾਰੇ ਨੂੰ ਵੱਡਾ ਮਾਣ ਦਿੱਤਾ ਹੈ। ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਇਕ ਆਮ ਸ਼ਰਧਾਲੂ ਵਾਂਗ ਸੁਲਤਾਨਪੁਰ ਲੋਧੀ ਜਾਣਾ ਵੀ ਵੱਡੀ ਅਹਿਮੀਅਤ ਰੱਖਦਾ ਹੈ। ਬਾਅਦ ਵਿੱਚ ਉਨ੍ਹਾਂ ਨੇ ਹੋਰਨਾਂ ਨੇਤਾਵਾਂ ਦੀ ਹਾਜ਼ਰੀ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਬਣਾਏ ਗਏ ਟਰਮੀਨਲ ਦਾ ਉਦਘਾਟਨ ਕੀਤਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪਹਿਲੇ ਜਥੇ ਨੂੰ ਰਵਾਨਾ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਵੱਲੋਂ ਬਹੁਤ ਹੀ ਸੁੰਦਰ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਨੇ ਕੋਈ ਵੀ ਅਜਿਹੀ ਗੱਲ ਨਹੀਂ ਬੋਲੀ ਜਿਹੜੀ ਇਸ ਮੌਕੇ ‘ਤੇ ਢੁੱਕਵੇਂ ਨਹੀਂ ਸੀ। ਪਾਕਿਸਤਾਨ ਨਾਲ ਮਾੜੇ ਸਬੰਧਾਂ ਦੇ ਬਾਵਜੂਦ ਉਨ੍ਹਾਂ ਵੱਲੋਂ ਆਪਣੇ ਭਾਸ਼ਣ ਦੌਰਾਨ ਇਸ ਮੁੱਦੇ ‘ਤੇ ਸੰਜਮ ਰੱਖਣਾ ਵੀ ਕਾਫੀ ਅਹਿਮ ਹੈ। ਇਨ੍ਹਾਂ ਸਾਰੇ ਪ੍ਰੋਗਰਾਮਾਂ ਦੌਰਾਨ ਪ੍ਰਧਾਨ ਮੰਤਰੀ ਦਾ ਸਲੀਕਾ ਅਤੇ ਸਰੀਰਕ ਭਾਸ਼ਾ (ਬੋਡੀ ਲੈਂਗੂਏਜ਼) ਵੀ ਬਹੁਤ ਕਮਾਲ ਦੀ ਸੀ। ਉਨ੍ਹਾਂ ਦੇ ਚੇਹਰੇ ਉੱਪਰ ਕੋਈ ਤਣਾਅ ਨਹੀਂ ਸੀ ਸਗੋਂ ਉਨ੍ਹਾਂ ਨੇ ਪੂਰਾ ਸਮਾਂ ਖੁਸ਼ੀ-ਖੁਸ਼ੀ ਸਾਰੀਆਂ ਰਸਮਾਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਪ੍ਰੋਗਰਾਮ ਨੂੰ ਕਿਸੇ ਤਰ੍ਹਾਂ ਦੀ ਸਿਆਸੀ ਰੰਗਤ ਵੀ ਨਹੀਂ ਦਿੱਤੀ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬਰਾਬਰ ਸਤਿਕਾਰ ਦਿੱਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਨੇਤਾਵਾਂ ਨੂੰ ਵੀ ਨਾਲ ਰੱਖਿਆ ਗਿਆ। ਬੇਸ਼ਕ ਸਿੱਖਾਂ ਵਿੱਚ ਕੁਝ ਧਿਰਾਂ ਹਿੰਦੂ ਰਾਸ਼ਟਰਵਾਦੀ ਨੀਤੀਆਂ ਕਾਰਨ ਸ਼੍ਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੀਆਂ ਕਰੜੀਆਂ ਆਲੋਚਕ ਹਨ। ਪ੍ਰੰਤੂ ਲਾਂਘੇ ਦੀ ਪ੍ਰਵਾਨਗੀ ਤੋਂ ਬਾਅਦ ਲਾਂਘੇ ਦੇ ਉਦਘਾਟਨ ਮੌਕੇ ਨਿਭਾਈ ਗਈ ਭੂਮਿਕਾ ਕਾਰਨ ਸ਼੍ਰੀ ਮੋਦੀ ਨੇ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਦਿਲ ਜਿੱਤ ਲਿਆ ਹੈ। ਇਹ ਸ਼ਾਇਦ ਪਹਿਲਾ ਮੌਕਾ ਹੈ ਜਦੋਂ ਪੰਜਾਬ ਨਾਲ ਜੁੜੇ ਮੀਡੀਆ, ਸੋਸ਼ਲ ਮੀਡੀਆ ਅਤੇ ਆਮ ਚਰਚਾ ਵਿੱਚ ਪ੍ਰਧਾਨ ਮੰਤਰੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਹੋ ਰਹੀ ਹੈ। ਲਾਂਘੇ ਦੇ ਇਤਿਹਾਸ ਵਿੱਚ ਸ਼੍ਰੀ ਮੋਦੀ ਦਾ ਨਾਮ ਵੀ ਇਕ ਅਹਿਮ ਸਖਸ਼ੀਅਤ ਵਜੋਂ ਜੁੜ ਗਿਆ ਹੈ। ਸਿੱਖ ਭਾਈਚਾਰਾ ਲਾਂਘੇ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਹਮੇਸ਼ਾਂ ਉਨ੍ਹਾਂ ਦਾ ਅਹਿਸਾਨਮੰਦ ਅਤੇ ਧੰਨਵਾਦੀ ਰਹੇਗਾ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11