Tuesday , 15 October 2019
Breaking News
You are here: Home » Religion » ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੋਕਿਕ ਨਗਰ ਕੀਰਤਨ ਦਾ ਅਮਰਗੜ੍ਹ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੋਕਿਕ ਨਗਰ ਕੀਰਤਨ ਦਾ ਅਮਰਗੜ੍ਹ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ

ਅਮਰਗੜ੍ਹ, 22 ਸਤੰਬਰ (ਸੁਖਵਿੰਦਰ ਸਿੰਘ ਅਟਵਾਲ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ,ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚੱਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਅਤੇ ਖ਼ਾਲਸਾ ਸ਼ਤਾਬਦੀ ਕਮੇਟੀ ਪਟਿਆਲਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਏ ‘ਬੇਬੇ ਨਾਨਕੀ ਇਤਿਹਾਸਕ ਨਗਰ ਕੀਰਤਨ’ ਦਾ ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਪਹੁੰਚਣ ‘ਤੇ ਪਿੰਡ ਬਾਗੜੀਆਂ ਅਤੇ ਅਮਰਗੜ੍ਹ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਪਟਿਆਲਾ ਤੋਂ ਆਰੰਭ ਹੋਇਆ ਇਹ ਨਗਰ ਕੀਰਤਨ ਬਾਗੜੀਆਂ ਅਤੇ ਅਮਰਗੜ੍ਹ ਵਿੱਚੋਂ ਦੀ ਹੁੰਦਾ ਹੋਇਆ ਮਾਲੇਰਕੋਟਲਾ, ਰਾਏਕੋਟ, ਜਗਰਾਵਾਂ, ਰਾਹੀਂ ਲੰਘਦਾ ਹੋਇਆ ਸੁਲਤਾਨਪੁਰ ਲੋਧੀ ਵਿਖੇ ਜਾ ਕੇ ਸਮਾਪਤ ਹੋਵੇਗਾ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਬਾਗੜੀਆਂ ਵਿਖੇ ਪਹੁੰਚਣ ‘ਤੇ ਇਸ ਮਹਾਨ ਨਗਰ ਕੀਰਤਨ ਨੂੰ ਜਿੱਥੇ ਪੁਲਿਸ ਦੇ ਜਵਾਨਾਂ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਉੱਥੇ ਹੀ ਨਾਇਬ ਤਹਿਸੀਲਦਾਰ ਨਰਿੰਦਰਪਾਲ ਸਿੰਘ ਬੜੈਚ ਅਤੇ ਥਾਣਾ ਅਮਰਗੜ੍ਹ ਦੇ ਮੁਖੀ ਰਾਜੇਸ਼ ਕੁਮਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤਾ ਗਿਆ। ਇਸ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਗੜੀਆਂ ਅਤੇ ਅਮਰਗੜ੍ਹ ਵੱਲੋਂ ਵੀ ਪੰਜ ਪਿਆਰੇ ਸਾਹਿਬਾਨ ਨੂੰ ਸਿਰਪਾਓ ਭੇਂਟ ਕੀਤੇ ਗਏ। ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਸੰਗਤਾਂ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਨਗਰ ਕੀਰਤਨ ਵਿੱਚ 550 ਵਾਹਨਾਂ ਦਾ ਲੰਮਾ ਕਾਫ਼ਲਾ ਚੱਲ ਰਿਹਾ ਸੀ। ਭਾਵੇਂ ਕਿ ਅਮਰਗੜ੍ਹ ਦਾ ਬਾਜ਼ਾਰ ਤੰਗ ਹੈ ਫਿਰ ਵੀ ਟ੍ਰੈਫਿਕ ਇੰਚਾਰਜ਼ ਕੇਸ਼ਰ ਸਿੰਘ ਬੁਗਰਾ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ ਜਿਨ੍ਹਾਂ ਤਹਿਤ ਅੱਗਿਓਂ ਆਉਣ ਵਾਲੇ ਵਾਹਨਾਂ ਨੂੰ ਬਾਈਪਾਸ ਰਾਹੀਂ ਲੰਘਾਇਆ ਗਿਆ ਜਿਸ ਨਾਲ ਨਗਰ ਕੀਰਤਨ ਨਾਲ ਚੱਲ ਰਹੀਆਂ ਸੰਗਤਾਂ ਅਤੇ ਆਮ ਲੰਘਣ ਵਾਲੇ ਲੋਕਾਂ ਨੂੰ ਕੋਈ ਦਿੱਕਤ ਮਹਿਸੂਸ ਨਹੀਂ ਹੋਈ। ਇਸ ਮੌਕੇ ਚਰਨਜੀਤ ਕੌਰ ਸਰਪੰਚ ਬਾਗੜੀਆਂ, ਬਲਵੀਰ ਸਿੰਘ ਸੋਹੀ, ਗੁਰਮੀਤ ਸਿੰਘ ਜੱਗੀ, ਬਲਵੰਤ ਸਿੰਘ ਨਿਰਮਾਣ, ਗੁਰਪ੍ਰੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਗੜੀਆਂ, ਜਸਵੰਤ ਸਿੰਘ, ਮਨਜਿੰਦਰ ਸਿੰਘ ਬਾਵਾ, ਜਥੇਦਾਰ ਮੇਵਾ ਸਿੰਘ, ਜੋਗਾ ਸਿੰਘ ਲਾਂਗੜੀਆਂ, ਸੁਖਵਿੰਦਰ ਸਿੰਘ ਬੱਬੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Comments are closed.

COMING SOON .....


Scroll To Top
11