Friday , 23 August 2019
Breaking News
You are here: Home » Editororial Page » ਸ੍ਰੀ ਗੁਰੂ ਗੰਰਥ ਸਾਹਿਬ ਜੀ: ਇਕ ਵਿਲੱਖਣ ਧਰਮ ਗ੍ਰੰਥ

ਸ੍ਰੀ ਗੁਰੂ ਗੰਰਥ ਸਾਹਿਬ ਜੀ: ਇਕ ਵਿਲੱਖਣ ਧਰਮ ਗ੍ਰੰਥ

ਸਿੱਖਾਂ ਦਾ ਸਰਬ ਉਚ ਧਰਮ ਗ੍ਰੰਥ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਕਹਿਣ ਨੂੰ ਤਾਂ ਭਾਵੇਂ ਸਿੱਖ ਗ੍ਰੰਥ ਹੈ, ਪਰ ਇਸ ਵਿੱਚ ਪੇਸ਼ ਕੀਤਾ ਗਿਆ ਜੀਵਨ ਫਲਸਫਾ ਅਸਲ ਵਿੱਚ ਸਮੁੱਚੀ ਮਾਨਵਤਾ ਦਾ ਮਾਰਗ ਦਰਸ਼ਨ ਕਰਨ ਦੇ ਸਮਰੱਥ ਹੈ। ਇਸਦਾ ਸੰਦੇਸ਼ ਨਾ ਕਿਸੇ ਕਿੱਤੇ-ਖਿੱਤੇ ਦਾ ਮੁਥਾਜ ਹੈ, ਨਾ ਕਿਸੇ ਜਾਤ-ਪਾਤ ਦੀ ਵਲਗਣ ਨੂੰ ਸਵੀਕਾਰ ਕਰਦਾ ਹੈ, ਨਾ ਕਿਸੇ ਗਰੀਬ-ਅਮੀਰ ਵਿੱਚ ਅੰਤਰ ਕਰਦਾ ਹੈ ਅਤੇ ਨਾ ਹੀ ਕਿਸੇ ਇੱਕ ਦੇਸ਼, ਕੌਮ ਜਾਂ ਫਿਰਕੇ ਦੇ ਹਿਤਾਂ ਦੀ ਗੱਲ ਕਰਦਾ ਹੈ। ਇਹ ਸਰਬਤ ਦਾ ਭਲਾ ਮੰਗਦਾ ਹੈ, ਇੱਕ ਹੀ ਪ੍ਰਭੂ-ਪ੍ਰਮਾਤਮਾ ਦਾ ਸਿਮਰਨ ਕਰਨ ਦਾ ਉਪਦੇਸ਼ ਦਿੰਦਾ ਹੈ, ਦਸਾਂ ਨਹੁੰਆਂ ਦੀ ਕਿਰਤ ਕਰਨ ਲਈ ਪ੍ਰੇਰਦਾ ਹੈ, ਵੰਡ ਕੇ ਖਾਣ ਦੀ ਤਾਕੀਦ ਕਰਦਾ ਹੈ ਅਤੇ ਸਾਫ਼-ਸੁਥਰਾ ਜੀਵਨ ਬਤੀਤ ਕਰਨ ਤੇ ਜ਼ੋਰ ਦਿੰਦਾ ਹੈ। ਸਮੁੱਚੇ ਗ੍ਰੰਥ ਸਾਹਿਬ ਵਿੱਚ ਇੱਕ ਵੀ ਸ਼ਬਦ ਅਜਿਹਾ ਨਹੀਂ ਜੋ ਮਨੁੱਖ ਦੇ ਮਨੁੱਖ ਦੁਆਰਾ ਸ਼ੋਸ਼ਣ ਨੂੰ, ਕਿਸੇ ਵੀ ਕਾਰਨ ਕੀਤੀ ਗਈ ਨਫ਼ਰਤ ਨੂੰ ਜਾ ਕਿਸੇ ਵੀ ਆਧਾਰ ਤੇ ਕੀਤੇ ਜਾ ਰਹੇ ਵਿਤਕਰੇ ਨੂੰ ਜਾਇਜ਼ ਠਹਿਰਾੳਂੁਦਾ ਹੋਵੇ। ਇਸ ਅਨੁਸਾਰ ਸਮੁੱਚੀ ਸ੍ਰਿਸ਼ਟੀ ਦੀ ਸਿਰਜਣਾ ਇੱਕ ਹੀ ਮਹਾਂ-ਸ਼ਕਤੀ ਦੁਆਰਾ ਕੀਤੀ ਗਈ ਹੈ ਜੋ ਸਰਬ ਵਿਆਪਕ, ਸਰਬ ਸ਼ਕਤੀਵਾਨ ਅਤੇ ਸਰਬ ਗਿਆਨਵਾਨ ਹੈ, ਅਕਾਲ ਅਤੇ ਅਜੂਨੀ ਹੈ, ਅਤੇ ਜਿਸਦਾ ਭੇਤ ਪਾਉਣਾ ਕਿਸੇ ਵੀ ਜੀਵ ਦੀ ਸਮਰੱਥਾ ਤੋਂ ਬਾਹਰ ਹੈ। ਉਹ ਸਾਡਾ ਸਭ ਦਾ ਪਿਤਾ ਹੈ, ਅਸੀਂ ਸਾਰੇ ਉਸਦੇ ਬੱਚੇ ਹਾਂ ਅਤੇ ਸਾਰਾ ਸੰਸਾਰ ਸਾਡਾ ਘਰ-ਪਰਿਵਾਰ ਹੈ। ਇਸ ਲਈ ਸਾਨੂੰ ਸਭ ਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਮਿਲਜੁਲ ਕੇ ਰਹਿਣਾ ਚਾਹੀਦਾ ਹੈ।
ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੱਲ ਝਾਤ ਮਾਰੀ ਜਾਵੇ ਤਾਂ ਵੀ ਸਾਨੂੰ ਇਸ ਵਿੱਚ ਕਈ ਵਿਲੱਖਣਤਾਵਾਂ ਨਜ਼ਰ ਆਉਣਗੀਆਂ। ਵਿਸ਼ਵ ਦੇ ਪ੍ਰਮੁੱਖ ਧਰਮ ਗ੍ਰੰਥਾਂ ਵਿੱਚੋਂ ਕੇਵਲ ਇਹ ਹੀ ਇੱਕ ਅਜਿਹਾ ਗ੍ਰੰਥ ਹੈ ਜਿਸਦੀ ਨਾ ਕੇਵਲ ਰਚਨਾ ਹੀ ਗੁਰੂ ਸਾਹਿਬਾਨ ਦੇ ਜੀਵਨ ਕਾਲ ਦੌਰਾਨ ਹੋਈ ਸਗੋਂ ਜਿਸਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਨਿਗਰਾਨੀ ਵਿੱਚ ਤਿਆਰ ਕਰਵਾਇਆ। ਇਸ ਤਰ੍ਹਾਂ ਇਸ ਵਿੱਚ ਕੁਝ ਵੀ ਅਜਿਹਾ ਸ਼ਾਮਿਲ ਕੀਤੇ ਜਾਣ ਦੀ ਗੁੰਜ਼ਾਇਸ ਖ਼ਤਮ ਹੋ ਗਈ ਜੋ ਗੁਰੂ ਸਾਹਿਬਾਨ ਨੂੰ ਪ੍ਰਵਾਨ ਨਾ ਹੋਵੇ ਅਤੇ ਜਿਸਨੂੰ ਸ਼ਰਧਾਲੂਆਂ ਨੇ ਕੇਵਲ ਸ਼ਰਧਾ ਵੱਸ ਸ਼ਾਮਿਲ ਕਰ ਲਿਆ ਹੋਵੇ। ਇਹ ਗੱਲ ਅਸੀਂ ਸ਼ਾਇਦ ਹੀ ਕਿਸੇ ਹੋਰ ਧਰਮ ਗ੍ਰੰਥ ਬਾਰੇ ਕਹਿ ਸਕਦੇ ਹੋਈਏ, ਕਿਉਂਕਿ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਵੀ ਨਾ ਤਾਂ ਕਿਸੇ ਪੀਰ-ਪੈਗੰਬਰ ਨੇ ਖੁਦ ਲਿਖਿਆ ਹੈ ਅਤੇ ਨਾ ਹੀ ਆਪਣੀ ਨਿਗਰਾਨੀ ਹੇਠ ਲਿਖਵਾਇਆ ਹੈ। ਇਹ ਸਾਰੇ ਹੀ ਗ੍ਰੰਥ ਉਹਨਾਂ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਉਹਨਾਂ ਦੇ ਪੈਰੋਕਾਰਾਂ ਦੁਆਰਾ ਲਿਖੇ ਦੱਸੇ ਜਾਂਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਦੂਜੀ ਵਿਲੱਖਣ ਗੱਲ ਇਹ ਹੈ ਕਿ ਦੁਨੀਆਂ ਭਰ ਵਿੱਚ ਕੇਵਲ ਇਹ ਹੀ ਇੱਕ ਅਜਿਹਾ ਗ੍ਰੰਥ ਹੈ ਜਿਸ ਵਿੱਚ ਸਿੱਖ ਗੁਰੂਆਂ ਤੋਂ ਇਲਾਵਾ ਦੂਸਰੇ ਧਰਮਾਂ ਨੂੰ ਮੰਨਣ ਵਾਲੇ ਮਹਾਂ-ਪੁਰਖਾਂ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਗ੍ਰੰਥ ਵਿੱਚ ਜਿੰਨ੍ਹਾਂ ਮਹਾਂ-ਪੁਰਸ਼ਾਂ ਦੀ ਬਾਣੀ ਸ਼ਾਮਿਲ ਹੈ ਉਹਨਾਂ ਵਿੱਚ ਛੇ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ), ਪੰਦਰਾਂ ਹਿੰਦੂ-ਮੁਸਲਮਾਨ ਸੰਤ ਫ਼ਕੀਰ, ਚਾਰ ਗੁਰੂ ਘਰ ਦੇ ਸ਼ਰਧਾਵਾਨ ਸਿੱਖ ਅਤੇ ਗਿਆਰਾਂ ਬ੍ਰਾਹਮਣ ਵਿਦਵਾਨ, ਜਿੰਨ੍ਹਾਂ ਨੂੰ ਭੱਟ ਕਿਹਾ ਜਾਂਦਾ ਸੀ, ਸ਼ਾਮਿਲ ਹਨ। ਇਸ ਤਰ੍ਹਾਂ ਨਾਲ ਇਹ ਗ੍ਰੰਥ ਕਿਸੇ ਇੱਕ ਪੀਰ ਪੈਗੰਬਰ ਦੇ ਇਲਹਾਮ ਦਾ ਇਜ਼ਹਾਰ ਨਾ ਕਰਦਾ ਹੋਇਆ, ਸਿਰਜਣਹਾਰ ਅਤੇ ਉਸਦੀ ਸਮੁੱਚੀ ਕਾਇਨਾਤ ਪ੍ਰਤੀ ਸਮੂਹਿਕ ਅਤੇ ਬਹੁਵਾਦੀ ਪਹੁੰਚ ਦਾ ਪ੍ਰਤੀਕ ਬਣਦਾ ਹੈ।
ਇਸ ਗ੍ਰੰਥ ਦੀ ਤੀਸਰੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਸ਼ਾਮਿਲ ਸਾਰੀ ਹੀ ਬਾਣੀ ਰਾਗਾਂ ਵਿੱਚ ਹੈ ਅਤੇ ਇਸ ਨੂੰ ਪੜ੍ਹਨ ਦੇ ਨਾਲ-ਨਾਲ ਗਾਇਆ ਵੀ ਜਾ ਸਕਦਾ ਹੈ। ਕਿਸੇ ਵੀ ਰਚਨਾ ਦਾ ਕਾਵਿਕ ਅਤੇ ਸੰਗੀਤਿਕ ਗੁਣ ਨਾ ਕੇਵਲ ਉਸ ਰਚਨਾ ਦੇ ਪ੍ਰਭਾਵ ਨੂੰ ਵਧਾੳਂੁਦਾ ਹੈ ਸਗੋਂ ਉਸਨੂੰ ਪਾਠਕਾਂ ਅਤੇ ਸਰੋਤਿਆਂ ਦੇ ਧੁਰ ਅੰਦਰ ਤੱਕ ਉਤਾਰਨ ਵਿੱਚ ਵੀ ਸਹਾਈ ਹੁੰਦਾ ਹੈ। ਇਸਤੋਂ ਇਲਾਵਾ, ਕਾਵਿਕ ਰਚਨਾ ਨਾ ਕੇਵਲ ਜਲਦੀ ਯਾਦ ਹੁੰਦੀ ਹੈ ਸਗੋਂ ਵਾਰਤਿਕ ਦੇ ਮੁਕਾਬਲੇ ਯਾਦ ਵੀ ਵਧੇਰੇ ਸਮੇਂ ਤਕ ਰਹਿੰਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੌਥੀ ਤੇ ਪ੍ਰਮੁੱਖ ਵਿਲੱਖਣਤਾ ਇਹ ਹੈ ਕਿ ਵਿਸ਼ਵ ਭਰ ਦਾ ਕੇਵਲ ਇਹ ਹੀ ਇੱਕ ਅਜਿਹਾ ਗ੍ਰੰਥ ਹੈ ਜਿਸਨੂੰ ਉਪਚਾਰਕ ਤੌਰ ਤੇ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਅਤੇ ਸਮੂਹ ਸਰਧਾਲੂਆਂ ਨੂੰ ਹਰ ਮਸਲੇ ਵਿੱਚ ਇਸ ਤੋਂ ਸੇਧ ਅਤੇ ਅਗਵਾਈ ਪ੍ਰਾਪਤ ਕਰਨ ਦੀ ਹਦਾਇਤ ਕੀਤੀ ਗਈ ਹੈ। ਸਿੱਖ ਧਰਮ ਵਿੱਚ ਨਾ ਤਾਂ ਕਿਸੇ ਦੇਹਧਾਰੀ ਗੁਰੂ ਲਈ ਕੋਈ ਸਥਾਨ ਹੈ ਅਤੇ ਨਾ ਹੀ ਕਿਸੇ ਮੂਰਤੀ ਪੂਜਾ ਦੀ ਆਗਿਆ ਹੈ। ਇਸ ਅਨੁਸਾਰ ‘ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਅਤੇ ‘ਜੋ ਪ੍ਰ੍ਯਭ ਕੋ ਮਿਲਬੋ ਚਹੇ ਖੋਜ ਸ਼ਬਦ ਮੇਲੇ’ ਦੀ ਤਾਕੀਦ ਕੀਤੀ ਗਈ ਹੈ। ਸਿੱਖ ਧਰਮ ਦੀ ਇਹ ਵਿਸ਼ੇਸ਼ਤਾ ਹੈ ਕਿ ਸਿੱਖ ਗੁਰੂ ਸਾਹਿਬਾਨਾਂ ਨੇ ਆਪਣੇ-ਆਪ ਨੂੰ ਕਿਤੇ ਵੀ ਨਾ ਤਾਂ ਪ੍ਰਮਾਤਮਾ ਅਤੇ ਨਾ ਹੀ ਪ੍ਰਮਾਤਮਾ ਦਾ ਪੁੱਤਰ ਜਾ ਵਿਸ਼ੇਸ਼ ਪ੍ਰਤੀਨਿਧੀ ਹੋਣ ਦਾ ਦਾਅਵਾ ਕੀਤਾ। ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣੀ ਅਮਰ ਰਚਨਾ ਬਚਿੱਤਰ ਨਾਟਕ ਵਿੱਚ ਸਪਸ਼ਟ ਕਿਹਾ ਹੈ:
ਜੋ ਮੁਝਕੋ ਪਰਮੇਸਰ ਉਚਰ ਹੈ,
ਤੇ ਸਭਿ ਨਰਕ ਕੁੰਡ ਮਹਿ ਪਰਹੈ।
ਮੈਂ ਹੋ ਪਰਮ ਪੁਰਖ ਕੋ ਦਾਸਾ,
ਦੇਖਣ ਆਯੋ ਜਗਤ ਤਮਾਸ਼ਾ।
ਉਹਨਾਂ ਕਿਤੇ ਇਹ ਵੀ ਨਹੀਂ ਕਿਹਾ ਕਿ ਉਹਨਾਂ ਦੀ ਪੂਜਾ ਕਰਕੇ ਜਾ ਉਹਨਾਂ ਦੇ ਲੜ ਲੱਗਕੇ ਮਨੁੱਖ ਮਾਤਰ ਦੀ ਮੁਕਤੀ ਹੋ ਜਾਵੇਗੀ, ਉਹ ਇਸ ਭਵ-ਸਾਗਰ ਤੋਂ ਪਾਰ ਹੋ ਜਾਵੇਗਾ ਜਾਂ ਉਸਦੀ ਹਰ ਚਾਹਤ ਪੂਰੀ ਹੋ ਜਾਵੇਗੀ। ਉਹਨਾਂ ਦਾ ਉਪਦੇਸ਼ ਤਾਂ ਦਿਆਨਤਦਾਰੀ ਨਾਲ ਕਿਰਤ ਕਰਨ, ਸਰਬ ਸ਼ਕਤੀਵਾਨ ਪ੍ਰਭੂ ਪ੍ਰਮੇਸ਼ਰ ਤੋਂ ਇਲਾਵਾ ਹੋਰ ਕਿਸੇ ਦੇ ਵੀ ਲੜ ਨਾ ਲੱਗਣਾ ਅਤੇ ਸੱਚਾ-ਸੁੱਚਾ ਜੀਵਨ ਬਤੀਤ ਕਰਨਾ ਹੈ। ਇਸ ਕਾਰਨ ਉਹਨਾਂ ਦੀ ਸਮੁੱਚੀ ਬਾਣੀ ਵਿਚੋਂ ‘ਮੈਂ’ ਸ਼ਬਦ ਬਿਲਕੁਲ ਅਲੋਪ ਹੈ ਅਤੇ ਇਸਦੀ ਥਾਂ ‘ਤੂੰ’ ਨੇ ਲਈ ਹੋਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਇਹ ਸਮੁੱਚਾ ਜੀਵਨ ਫਲਸਫਾ ਪੇਸ਼ ਕਰਦਾ ਹੈ ਅਤੇ ਇਹ ਫਲਸਫਾ ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਤੋਂ ਪੂਰੀ ਤਰ੍ਹਾਂ ਮੁਕਤ ਹੈ। ਜ਼ਿਕਰਯੋਗ ਹੈ ਕਿ ਇਹ ਧਰਮ ਕੇਵਲ ਮੰਦਰ-ਮਸਜਿਦ ਪਾਠ-ਪੂਜਾ, ਤੀਰਥ-ਵਰਤ, ਪੁੰਨ-ਦਾਨ ਜਾਂ ਭਜਨ-ਬੰਦਗੀ ਤਕ ਹੀ ਆਪਣੇ ਆਪ ਨੂੰ ਸੀਮਿਤ ਨਹੀਂ ਕਰਦਾ ਬਲਕਿ ਜੀਵਨ ਨੂੰ ਸਮੁੱਚੇ ਪਰਿਪੇਖ ਵਿੱਚ ਦੇਖਦਾ ਹੋਇਆ, ਇਸਦੇ ਵੱਖ-ਵੱਖ ਪਹਿਲੂਆਂ ਨੂੰ ਇੱਕ ਹੀ ਇਕਾਈ ਵਜੋਂ ਪ੍ਰਵਾਨ ਕਰਦਾ ਹੈ।
ਇਸ ਤਰ੍ਹਾਂ ਇਹ ਆਪਣੇ ਆਪ ਨੂੰ ਮਨੁੱਖ ਦੇ ਕੇਵਲ ਰੂਹਾਨੀ ਜੀਵਨ ਤੱਕ ਹੀ ਸੀਮਿਤ ਨਹੀਂ ਕਰਦਾ ਸਗੋਂ ਉਸਦੇ ਸਮਾਜਿਕ, ਆਰਥਿਕ, ਰਾਜਨੀਤਿਕ, ਸਦਾਚਾਰਕ ਅਤੇ ਸਰੀਰਿਕ ਪਹਿਲੂਆਂ ਨੂੰ ਵੀ ਆਪਣੇ ਕਲਾਵੇ ਵਿੱਚ ਲੈਂਦਾ ਹੈ।

 

 

Comments are closed.

COMING SOON .....


Scroll To Top
11