Monday , 14 October 2019
Breaking News
You are here: Home » NATIONAL NEWS » ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿ ਵਿਚਾਲੇ ਬੈਠਕ ਅੱਜ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿ ਵਿਚਾਲੇ ਬੈਠਕ ਅੱਜ

ਉਦਘਾਟਨ ਦੀ ਤਰੀਕ ਤੋਂ ਇਲਾਵਾ ਕਈ ਅਹਿਮ ਮੁੱਦੇ ਵਿਚਾਰੇ ਜਾਣ ਦੀ ਚਰਚਾ

ਨਵੀਂ ਦਿੱਲੀ, 13 ਜੁਲਾਈ- ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਲਕੇ ਭਾਵ ਕਿ 14 ਜੁਲਾਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਬੈਠਕ ਹੋਣ ਜਾ ਰਹੀ ਹੈ। ਇਹ ਬੈਠਕ ਸਵੇਰੇ 9.30 ਵਜੇ ਵਾਹਗਾ ਵਿਖੇ ਹੋਵੇਗੀ। ਭਾਰਤੀ ਸਿੱਖ ਯਾਤਰੂਆਂ ਦੀ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਦੀ ਸਹੂਲਤ ਅਤੇ ਗਲਿਆਰੇ ਨਾਲ ਸਬੰਧਿਤ ਬਕਾਇਆ ਤਕਨੀਕੀ ਮੁੱਦਿਆਂ ਨੂੰ ਸੁਲਝਾਉਣ ਵਾਲੇ ਸਮਝੌਤੇ ‘ਤੇ ਵਿਸਥਾਰ ਨਾਲ ਚਰਚਾ ਕਰਨ ਸਬੰਧੀ ਇਸ ਬੈਠਕ ਵਿੱਚ ਭਾਰਤ-ਪਾਕਿ ਤਕਨੀਕੀ ਮਾਹਿਰਾਂ ਵੱਲੋਂ ਅਹਿਮ ਗੱਲਬਾਤ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬੈਠਕ ‘ਚ ਜਿਨ੍ਹਾਂ ਮੁੱਦਿਆਂ ‘ਤੇ ਗੱਲਬਾਤ ਕੀਤੀ ਜਾਣੀ ਹੈ, ਉਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਲਾਂਘੇ ਦੇ ਉਦਘਾਟਨੀ ਸਮਾਰੋਹ ਦੀ ਤਰੀਕ ਅਤੇ ਸਮਾਂ ਨਿਸ਼ਚਿਤ ਕਰਨਾ ਰਹੇਗਾ। ਇਸ ਤੋਂ ਇਲਾਵਾ ਇਸੇ ਨਾਲ ਸਬੰਧਿਤ ਕੁਝ ਹੋਰ ਨੁਕਤੇ, ਜਿਵੇਂ ਕਿ ਕੀ ਉਦਘਾਟਨੀ ਸਮਾਰੋਹ ਸਾਂਝੇ ਤੌਰ ‘ਤੇ ਹੋਵੇਗਾ ਅਤੇ ਇਸ ‘ਚ ਕਿਹੜੀ-ਕਿਹੜੀ ਮੁੱਖ ਸ਼ਖ਼ਸੀਅਤ ਸ਼ਾਮਿਲ ਹੋਵੇਗੀ, ਬਾਰੇ ਵੀ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿ ਇਸ ਬਾਰੇ ਪਹਿਲਾਂ ਹੀ ਤੈਅ ਕਰ ਚੁੱਕਿਆ ਹੈ ਕਿ ਉਕਤ ਸਮਾਗਮ ‘ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਦੀ ਜੋੜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਵੇਗੀ ਅਤੇ ਏਧਰ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰ ਸਕਦੇ ਹਨ। ਉਕਤ ਤੋਂ ਇਲਾਵਾ ਬੈਠਕ ‘ਚ ਭਾਰਤੀ ਧਿਰ ਵੱਲੋਂ ਪਾਕਿ ਨੂੰ ਇਹ ਵੀ ਯਕੀਨੀ ਬਣਾਉਣ ਲਈ ਵੀ ਕਿਹਾ ਜਾ ਸਕਦਾ ਹੈ ਕਿ ਲਾਂਘੇ ਦੇ ਉਦਘਾਟਨੀ ਸਮਾਰੋਹ ‘ਚ ਕੋਈ ਵੀ ਭਾਰਤ ਵਿਰੋਧੀ ਪਾਕਿਸਤਾਨ ਜਾਂ ਕਿਸੇ ਹੋਰ ਦੇਸ਼ ਦਾ ਨਾਗਰਿਕ ਜਾਂ ਜਥੇਬੰਦੀ ਮੌਜੂਦ ਨਹੀਂ ਰਹੇਗੀ ਅਤੇ ਹੋਰਨਾਂ ਦਿਨਾਂ ‘ਚ ਵੀ ਲਾਂਘੇ ਰਾਹੀਂ ਭਾਰਤੀ ਸੰਗਤ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਮੌਕੇ ਉੱਥੇ ਕੋਈ ਹੋਰ ਨਹੀਂ ਰਹੇਗਾ। ਬੈਠਕ ‘ਚ ਪਹਿਲੇ ਜਥੇ ਵਿੱਚ ਕਿੰਨੇ ਮੈਂਬਰ ਜਾਣਗੇ, ਸਾਲ ‘ਚ ਕਿਹੜੇ-ਕਿਹੜੇ ਦਿਨ ਲਾਂਘਾ ਬੰਦ ਰੱਖਿਆ ਜਾਵੇਗਾ, ਭਾਰਤੀ ਯਾਤਰੂ ਆਪਣੇ ਨਾਲ ਕਿੰਨੀ ਰਕਮ ਲੈ ਕੇ ਜਾ ਸਕਣਗੇ, ਯਾਤਰੂਆਂ ਦੀ ਰਜਿਸਟਰੇਸ਼ਨ ਸਾਂਝੇ ਤੌਰ ‘ਤੇ ਹੋਵੇਗੀ ਜਾਂ ਵੱਖ-ਵੱਖ, ਪਾਕਿ ਯਾਤਰੂਆਂ ਪਾਸੋਂ ਕਿੰਨੀ ਯਾਤਰਾ ਫ਼ੀਸ ਲਵੇਗਾ, ਗੁਰਪੁਰਬ ਅਤੇ ਵਿਸ਼ੇਸ਼ ਦਿਹਾੜਿਆਂ ਮੌਕੇ ਕਿੰਨੀ ਗਿਣਤੀ ‘ਚ ਸੰਗਤ ਜਾ ਸਕੇਗੀ, ਯਾਤਰੂਆਂ ਦੀ ਸਿਹਤ ਅਤੇ ਐਮਰਜੈਂਸੀ ਲਈ ਕਿਸ ਪ੍ਰਕਾਰ ਦੀਆਂ ਸੇਵਾਵਾਂ ਰਹਿਣਗੀਆਂ ਦੇ ਨਾਲ-ਨਾਲ ਸੰਯੁਕਤ ਵੀਡੀਓ ਚੌਕਸੀ ਅਤੇ ਇਮੀਗ੍ਰੇਸ਼ਨ ਤੇ ਕਸਟਮ ਦੀ ਹਾਟ ਲਾਈਨ ਸਰਵਿਸ ਆਦਿ ਬਾਰੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਹੋਣ ਵਾਲੀ ਬੈਠਕ ‘ਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ‘ਤੇ ਮੋਬਾਈਲ ਜਾਂ ਕੈਮਰਾ ਲੈ ਕੇ ਜਾਣ ‘ਤੇ ਪਾਬੰਦੀ ਲਾਉਣ ਦੀ ਗੱਲ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਤੇ ਭਾਰਤ ਵਿਚਾਲੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਕਾਰੀਡੋਰ ਦੇ ਤਕਨੀਕੀ ਪੱਖਾਂ ਬਾਰੇ ਜ਼ੀਰੋ ਪੁਆਇੰਟ ‘ਤੇ ਤਕਨੀਕੀ ਮਾਹਿਰਾਂ ਦੀਆਂ ਹੋਈਆਂ ਅਜੇ ਤੱਕ ਦੀਆਂ ਬੈਠਕਾਂ ਕਿਸੇ ਵਿਸ਼ੇਸ਼ ਸਿੱਟੇ ‘ਤੇ ਨਹੀਂ ਪਹੁੰਚ ਸਕੀਆਂ ਹਨ ਅਤੇ ਇਸ ਤੋਂ ਪਹਿਲਾਂ 14 ਮਾਰਚ ਨੂੰ ਅਟਾਰੀ ਵਿਖੇ ਹੋਈ ਬੈਠਕ ‘ਚ ਦੋਵਾਂ ਧਿਰਾਂ ਨੇ ਡੇਰਾ ਬਾਬਾ ਨਾਨਕ-ਕਰਤਾਰਪੁਰ ਸਾਹਿਬ ਲਾਂਘੇ ‘ਚ ਸਰਹੱਦ ‘ਤੇ ਵਾੜ ਅਤੇ ਵਿਕਾਸ ਦੇ ਲਈ ਆਪਣੀਆਂ-ਆਪਣੀਆਂ ਸਰਕਾਰਾਂ ਨੂੰ ਸਰਵੇਖਣ ਅਤੇ ਨਕਸ਼ੇ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਤਕਨੀਕੀ ਪੱਧਰ ‘ਤੇ ਗੱਲਬਾਤ ਲਈ 16 ਅਪ੍ਰੈਲ ਦਾ ਦਿਨ ਨਿਰਧਾਰਿਤ ਕੀਤਾ ਸੀ, ਪਰ ਭਾਰਤੀ ਅਧਿਕਾਰੀਆਂ ਨੇ ਲਾਂਘੇ ਦੇ ਪ੍ਰਬੰਧਾਂ ਸਬੰਧੀ ਪਾਕਿਸਤਾਨ ਵੱਲੋਂ ਬਣਾਈ ਗਈ ਕਮੇਟੀ ‘ਚ ਖ਼ਾਲਿਸਤਾਨ ਪੱਖੀ ਸਮਰਥਕਾਂ ਦੇ ਸ਼ਾਮਿਲ ਹੋਣ ਦੀ ਗੱਲ ਕਹਿ ਕੇ ਉਕਤ ਬੈਠਕ ਨੂੰ ਮੁਲਤਵੀ ਕਰ ਦਿੱਤਾ ਸੀ।

Comments are closed.

COMING SOON .....


Scroll To Top
11