Friday , 19 July 2019
Breaking News
You are here: Home » EDITORIALS » ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਭੁੱਲਿਆ

ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਭੁੱਲਿਆ

ਕੁਰਬਾਨੀਆਂ ਨਾਲ ਹੋਂਦ ਵਿੱਚ ਆਇਆ ਸ਼੍ਰੋ੍ਰਮਣੀ ਅਕਾਲੀ ਦਲ ਕਿਸ ਗਲੀ ਵਿੱਚ ਗੁੰਮ ਗਿਆ ਹੈ। ਹੁਣ ਤਾਂ ਅਕਾਲੀ ਦਲ ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਵੀ ਭੁਲ ਗਿਆ ਹੈ। ਅਕਾਲੀ ਦਲ ਦੀ ਉਹ ਪੰਥਕ ਰਾਜਨੀਤੀ ਹੁਣ ‘ਗਰੀਬ-ਗੁਰਬੇ’ ਤੋਂ ‘ਕੁਰਬਾਨ’ ਹੋ ਗਈ ਹੈ। ਖੁਦਮੁਖਤਿਆਰੀ ਦੇ ਨਾਅਰਿਆ ਨਾਲ ਸਿੱਖਾਂ ਦੇ ਘਰ ਉਜਾੜਨ ਵਾਲੇ ਹੁਣ ‘ਗਰੀਬਾਂ’ ਦੇ ਚੁੱਲ੍ਹੇ ਅੱਗ ਪਾਉਣ ਦੀ ਫ਼ਿਕਰ ‘ਚ ਹਨ। ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਵਾਲੇ ਕਾਗਜ਼ ਮੁਗਫਲੀ ਦੇ ਲਿਫਾਫਿਆਂ ‘ਚ ਬਦਲ ਗਏ ਹਨ। ਸ਼੍ਰੋਮਣੀ ਅਕਾਲੀ ਦਲ ਹੁਣ ਸਿੱਖਾਂ ਲਈ ਬੇਗਾਨਾ ਹੋ ਗਿਆ ਹੈ। ਬਸ ਪੰਥ ਦਾ ਫੱਟਾ ਹੀ ਬਾਕੀ ਬਚਿਆ ਹੈ। ਸਿੱਖਾਂ ਦੇ ‘ਕੌਮੀ ਘਰ’ ਦੀ ਸਿਰਜਣਾ ਦੇ ‘ਸਬਜ਼ਬਾਗ’ ਦਿਖਾਉਣ ਵਾਲੇ ਆਗੂ ਹੁਣ ਸਿਆਸੀ ਰੋਟੀਆਂ ਸੇਕਣ ਲਈ ਹੁਣ ਦੁਕਾਨਾਂ ਖੋਲ੍ਹਕੇ ਬੈਠ ਗਏ ਹਨ। ਦੁਕਾਨ-ਜਿਸ ‘ਤੇ ਸਿਰਫ਼ ਈਮਾਨ ਵਿਕਦਾ ਹੈ। ਦੁਕਾਨ-ਜਿਸ ‘ਚ ਕੂੜ ਦੀ ਸੌਦੇਬਾਜ਼ੀ ਹੁੰਦੀ ਹੈ। ਜਿਨ੍ਹਾਂ ਨੇ ਕੁਫਰ ਤੋਲਣਾ ਹੋਵੇ ਉਨ੍ਹਾਂ ਲਈ ਵੱਟਿਆਂ ਦਾ ਕੋਈ ਅਰਥ ਨਹੀਂ ਹੁੰਦਾ। ਜਿਨ੍ਹਾਂ ਦੀ ਸਿਆਸੀ ‘ਫਿਲਾਸਫੀ’ ਦਾ ਹਰ ਰਾਹ ਘਰ ਵੱਲ ਆਉਂਦਾ ਹੋਵੇ, ਉਨ੍ਹਾਂ ਲਈ ਕੌਮਾਂ ਦੀ ਲੜਾਈ ਮਹਿਜ ‘ਝਗੜਾ’ ਹੁੰਦੀ ਹੈ। ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਪਿੰਡ ਦੇ ਛੱਪੜ ‘ਚ ਡੋਬਣ ਪਿੱਛੋਂ ਅਕਾਲੀ ਨੇਤਾਵਾਂ ਨੇ ਕਸਮ ਚੁੱਕ ਲਈ ਹੈ ਕਿ ਕਦੇ ਕਿਸੇ ‘ਕੌਮੀ ਝਗੜੇ’ ਦਾ ਭੁਲਕੇ ਵੀ ਕਿੱਧਰੇ ਜ਼ਿਕਰ ਨਹੀਂ ਕਰਨਾ। ਸਿੱਖਾਂ ਦੇ ਘਰ ਤਾਂ ਲੋਥਾਂ ਨਾਲ, ਹੌਂਕਿਆਂ ਨਾਲ ਅਤੇ ਪੁੱਤਾਂ ਦੇ ਵਿਛੋੜਿਆਂ ਦੇ ਦਰਦ ਨਾਲ ਭਰ ਗਏ ਹਨ ਪਰ ਅਕਾਲੀ ਨੇਤਾਵਾਂ ਨੂੰ ਹਾਲੇ ਵੀ ਸਬਰ ਨਹੀਂ ਆ ਰਿਹਾ। ਖੂਨ ਦੇ ਛੱਪੜਾਂ ਦਰਮਿਆਨ ‘ਕੌਮੀ ਘਰ’ ਦੀ ਸਥਾਪਨਾ ਲਈ ਆਖਿਰ ਥਾਂ ਹੀ ਕਿੱਥੇ ਬਚਿਆ ਹੈ। ਸਾਰੀਆਂ ਪੰਥਕ ਧਿਰਾਂ ਹੁਣ ਆਪੋ-ਆਪਣੇ ਵਿਕਾਸ ਵਿੱਚ ਜੁਟੀਆਂ ਹੋਈਆਂ ਹਨ। ਕੌਮ ਦੀ ਫਿਕਰ ਹੁਣ ਕਿਸੇ ਵਿਰਲੇ ਨੂੰ ਹੀ ਹੈ। ਸ੍ਰੀ ਹਰਿਮੰਦਰ ਸਾਹਿਬ ਉੱਪਰ ਫੌਜੀ ਹਮਲੇ ਦੀ ਸਾਲਾਨਾ ਯਾਦ ਹੁਣ ਰਸਮ ਹੀ ਰਹਿ ਗਈ ਹੈ। ਇਸ ਨਾਲ ਜੁੜੇ ਮੁੱਦੇ ਹਵਾ ਹੋ ਗਏ ਹਨ। ਸਿੱਖ ਭਾਈਚਾਰੇ ਦੀ ਸਾਰ ਲੈਣ ਵਾਲਾ ਹੁਣ ਕੋਈ ਨਹੀਂ ਹੈ। ਕਿਸੇ ਨੂੰ ਇਹ ਫਿਕਰ ਨਹੀਂ ਹੈ ਕਿ ਧਰਮ ਯੁੱਧ ਮੋਰਚੇ ਦੌਰਾਨ ਰੁਲ ਗਏ ਪਰਿਵਾਰਾਂ ਦੇ ਪੁਨਰਵਾਸ ਲਈ ਕੁਝ ਕੀਤਾ ਜਾਣਾ ਚਾਹੀਦਾ ਹੈ। ਨੇਤਾਵਾਂ ਦਾ ਸਿਆਸੀ ਪੁਨਰਵਾਸ ਹੀ ਸਭ ਕੁਝ ਹੋ ਗਿਆ ਹੈ। ਸਿੱਖ ਮਹਿਜ ਵੋਟਰ ਬਣ ਕੇ ਰਹਿ ਗਏ ਹਨ। ਉਹ ਪਹਿਲਾਂ ਦੂਸਰੇ ਦਰਜੇ ਦੇ ਨਾਗਰਿਕ ਸਨ। ਹੁਣ ਇਹ ਦਰਜਾ ਚੌਥਾ, ਪੰਜਵਾਂ ਹੋ ਗਿਆ ਹੈ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11