Tuesday , 21 January 2020
Breaking News
You are here: Home » Editororial Page » ਸੌਣ ਬਹਿਣ ਦਾ ਰਿਹਾ ਨਾ ਚੱਜ ਕੋਈ- ਸਾਰਾ ਜੀਵਨ ਹੀ ਤਾਲੋਂ ਬੇਤਾਲ ਕੀਤਾ

ਸੌਣ ਬਹਿਣ ਦਾ ਰਿਹਾ ਨਾ ਚੱਜ ਕੋਈ- ਸਾਰਾ ਜੀਵਨ ਹੀ ਤਾਲੋਂ ਬੇਤਾਲ ਕੀਤਾ

ਖ਼ਬਰ ਹੈ ਕਿ ਉੱਘੇ ਸਨੱਅਤਕਾਰ ਰਾਹੁਲ ਬਜਾਜ ਨੇ ਕਿਹਾ ਹੈ ਕਿ ਮੌਜੂਦਾ ਸਰਕਾਰ ਨੇ ਦੇਸ਼ ਵਿੱਚ ਡਰ ਅਤੇ ਬੇਯਕੀਨੀ ਦਾ ਮਾਹੌਲ ਬਣਾ ਦਿੱਤਾ ਹੈ। ਉਹਨਾ ਇਕਨਾਮਿਕ ਟਾਈਮਜ਼ ਦੇ ਇੱਕ ਪ੍ਰੋਗਰਾਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਵਾਲ ਕਰਦਿਆਂ ਕਿਹਾ ਹੈ ਕਿ ਡਰ ਦਾ ਮਾਹੌਲ ਹੈ ਤੇ ਲੋਕ ਸਰਕਾਰ ਦੀ ਅਲੋਚਨਾ ਕਰਨ ਤੋਂ ਡਰਦੇ ਹਨ। ਉਹਨਾ ਕਿਹਾ ਕਿ ਸਾਡੇ ਸਨੱਅਤਕਾਰ ਦੋਸਤਾਂ ਵਿੱਚੋਂ ਕੋਈ ਨਹੀਂ ਬੋਲੇਗਾ ਪਰ ਮੈਂ ਖੁਲ੍ਹੇ ਤੌਰ ਤੇ ਇਹ ਗੱਲ ਕਹਿੰਦਾ ਹਾਂ “ਦੇਸ਼ ਵਿੱਚ ਅਸਹਿਣਸ਼ੀਲਤਾ ਦੀ ਹਵਾ ਹੈ। ਅਸੀਂ ਡਰਦੇ ਹਾਂ। ਕੁਝ ਗੱਲਾਂ ਕਹਿਣੀਆਂ ਚਾਹੁੰਦੇ ਹਾਂ, ਪਰ ਇਹ ਵੀ ਦੇਖ ਰਹੇ ਹਾਂ ਕਿ ਕੋਈ ਦੋਸ਼ੀ ਹੀ ਸਿੱਧ ਨਹੀਂ ਹੋਇਆ ਅਜੇ ਤੱਕ“।
ਡਰ ਹੀ ਡਰ ਹੈ। ਲਾਲ ਫੀਤਾ ਸ਼ਾਹੀ ਦਾ ਡਰ। ਨੇਤਾਗਿਰੀ ਦਾ ਡਰ। ਪੈਸੇ ਇਧਰੋਂ-ਉਧਰ ਕਰਨ ਦਾ ਡਰ। ਰੋਟੀ ਖਾਕੇ ਪਾਣੀ ਪੀਣ ਦਾ ਡਰ। ਵਾਧੂ ਖਾਕੇ ਮੁੜ ਉਸਨੂੰ ਹਜ਼ਮ ਕਰਨ ਦਾ ਡਰ। ਕੁਝ ਬੋਲੇ ਤਾਂ ਦੇਸ਼ ਧ੍ਰੋਹੀ ਕਹਾਉਣ ਦਾ ਡਰ।
ਡਰ ਹੀ ਡਰ ਹੈ। ਸ਼ਾਹ-ਮੋਦੀ ਜੋੜੀ ਦਾ ਇਸ ਗੱਲੋਂ ਡਰ ਕਿ ਪਤਾ ਨਹੀਂ ਰਾਤ-ਬਰਾਤੇ ਕਿਹੜਾ ਫੁਰਮਾਨ ਸੁਣਾ ਦੇਣ। ਉਸ ਨੋਟ ਬੰਦੀ ਕੀਤੀ, ਲੋਕਾਂ ਦੀ ਬੋਲਤੀ ਬੰਦ ਕਰ ਦਿੱਤੀ। ਜੀ ਐਸ ਟੀ ਦਾ ਫੁਰਮਾਨ ਸੁਣਾਇਆ, ਉਦਯੋਗਪਤੀਆਂ ਨੂੰ ਪੜ੍ਹਨੇ ਪਾਇਆ। ਕਰਨਾਟਕ ‘ਚ ਕਾਂਗਰਸ ਨੂੰ ਮੂਧੇ ਮੂੰਹ ਕੀਤਾ। ਮਹਾਰਾਸ਼ਟਰ ‘ਚ ਰਾਤੋਂ-ਰਾਤ ਰਾਸ਼ਟਰਪਤੀ ਰਾਜ ਲਾਇਆ। ਆਪਣੇ ਨੂੰ ਮੁੱਖ ਮੰਤਰੀ ਬਣਾਇਆ। ਪਰ ਜਦੋਂ ਨਕਦ ਨਰੈਣ ਕੰਮ ਨਾ ਆਇਆ ਤਾਂ ਡਰ ਦੇ ਮਾਰੇ ਆਪਣੇ ਤੋਂ ਅਸਤੀਫ਼ਾ ਦੁਆਇਆ। ਰਾਤੀ ਸੁਫ਼ਨਾ ਆਇਆ 370 ਹਟਾ ਤੀ ਤੇ ਕਸ਼ਮੀਰੀਆਂ ਲਈ ਨਵੀਂ ਚੁਆਤੀ ਲਾ ਤੀ।
ਓ ਭਾਈ, ਸਰਕਾਰ ਆ। ਵੱਡੀ ਸਰਕਾਰ! ਜੀਹਦੀ ਆੜੀ ਟਰੰਪ ਨਾਲ ਆ। ਜੀਹਦੀ ਆੜੀ ਰੂਸੀਆਂ, ਫਰਾਂਸਸੀਆਂ, ਜਪਾਨੀਆਂ ਨਾਲ ਆ। ਨਿੱਤ ਉਡਾਰੀ ਲਗਦੀ ਆ। ਦੇਸ਼ ਜਾਏ ਢੱਠੇ ਖੂਹ ‘ਚ। ਦੇਸ਼ ਦੀ ਤਰੱਕੀ ਜਾਵੇ ਟੋਬੇ ‘ਚ। ਗੰਢੇ ਮਿਲਣ ਸੌ ਨੂੰ ਜਾਂ ਸਵਾ ਸੌ ਨੂੰ। ਮਹਿੰਗ ਹੋਵੇ ਜਾਂ ਸਸਤ। ਯਾਰਾਂ ਨੇ ਤਾਂ ਇਕੋ ਗੱਲ ਕਹਿਣੀ ਆ, “ਇਹੋ ਜਿਹਾ ਰਾਜ ਨਾ ਪਹਿਲਾਂ ਹੋਇਆ 70ਵਰ੍ਹੇ, ਨਾ ਹੋਊ ਅੱਗੇ। ਲੋਕੀਂ ਲੱਖ ਪਏ ਆਖਣ, “ਸੌਣ ਬਹਿਣ ਦਾ ਰਿਹਾ ਨਾ ਚੱਜ ਕੋਈ, ਸਾਰਾ ਜੀਵਨ ਹੀ ਤਾਲੋਂ ਬੇਤਾਲ ਹੋਇਆ।”
ਛਾਂਗ ਦਿੱਤਾ ਏ ਰੁੱਖ ਪੰਜਾਬ ਵਾਲਾ
ਬਿਨ੍ਹਾਂ ਛੁਰੀ ਤੋਂ ਇਹਨੂੰ ਹਲਾਲ ਕੀਤਾ
ਖ਼ਬਰ ਹੈ ਕਿ ਰੁਜ਼ਗਾਰ ਉਤਪਾਦਨ ਵਿੱਛ ਚੰਡੀਗੜ੍ਹ ਪਿੱਛੇ ਹੈ। ਪੰਜਾਬ ਅਤੇ ਹਰਿਆਣਾ ਦਾ ਵੀ ਰੁਜ਼ਗਾਰ ਦੇਣ ਦੇ ਮਾਮਲੇ ‘ਚ ਬੁਰਾ ਹਾਲ ਹੈ। ਸਾਲ 2019-20 ਦੇ ਅੰਕੜਿਆਂ ਅਨੁਸਾਰ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਨ ਪ੍ਰੋਗਰਾਮ ਦੇ ਤਹਿਤ 72 ਲੋਕਾਂ ਨੂੰ ਰੁਜ਼ਗਾਰ ਮਿਲਿਆ ਜਦਕਿ ਪੰਜਾਬ ‘ਚ 6784 ਅਤੇ ਹਰਿਆਣਾ ਵਿੱਚ 7136 ਲੋਕਾਂ ਨੂੰ ਰੁਜ਼ਗਾਰ ਮਿਲਿਆ। ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਨ ਪ੍ਰੋਗਰਾਮ ਵਿੱਚ ਯੁਵਕਾਂ ਨੂੰ ਆਪਣੇ ਰੁਜ਼ਗਾਰ ਖੋਹਲਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸਦਾ ਉਦੇਸ਼ ਪੇਂਡੂ, ਕਸਬਿਆਂ ਵਿੱਚ ਛੋਟੇ-ਛੋਟੇ ਕਾਰੋਬਾਰ ਖੋਲ੍ਹਣਾ ਹੈ ਤਾਂ ਕਿ ਨੌਜਵਾਨ ਆਪਣੀ ਰੋਟੀ-ਰੋਜੀ ਕਮਾ ਸਕਣ ।
‘ਆਇਲਿਟਸ’ (ਅੰਗਰੇਜ਼ੀ) ਪੜ੍ਹਕੇ ਪਿਛਲੇ ਵਰ੍ਹੇ ਡੇਢ ਲੱਖ ਪੰਜਾਬੀ ਨੌਜਵਾਨ ਕੈਨੇਡਾ ਤੁਰ ਗਏ। ਵਲੈਤ ਗਿਆਂ ਦਾ ਤਾਂ ਕੋਈ ਹਿਸਾਬ-ਕਿਤਾਬ ਹੀ ਨਹੀਂ। ਬੋਰੇ ਭਰ ਪੈਸੇ ਕੁਝ ਏਜੰਟਾਂ ਹਵਾਲੇ ਤੇ ਕੁਝ ਵਿਦੇਸ਼ੀ ਯੂਨੀਵਰਸਿਟੀ ਦੇ ਖਾਤਿਆਂ ‘ਚ ਪਾਕੇ ਉਹਨਾ ਦੇ ਵਾਰੇ ਨਿਆਰੇ ਕਰ ਤੇ। ਇੱਟ ਚੁੱਕੋ ਤਾਂ ਆਇਲੈਟਸ ਸੈਂਟਰ। ਅੰਦਰ ਜਾਓ ਤਾਂ ਸਿੱਧੀ ਵਿਦੇਸ਼ ਦੀ ਟਿਕਟ ਦਾ ਲਾਰਾ। ਨਾ ਕੁੜੀ ਤੇ ਨਾ ਰਹੇ ਮੁੰਡਾ ਕੁਆਰਾ। ਸਾਰੀ ਪੜ੍ਹਾਈ, ਸਾਰਾ ਰੁਜ਼ਗਾਰ, ਪੰਜਾਬੀਆਂ ਲਈ ਵਿਦੇਸ਼ ‘ਚ ਹੀ ਹੋਊ।
ਪੰਜਾਂ ਦਰਿਆਵਾਂ ਦਾ ਪੰਜਾਬ! ਛਾਂਗ ਕੇ ਕੀਤਾ 47 ਤੇ 66 ‘ਚ ਢਾਈ ਦਰਿਆ। ਪਾਣੀ ਖੋਹਿਆ। ਰਾਜਧਾਨੀ ਖੋਹੀ। ਬੋਲੀ ਖੋਹੀ। ਗਰਮ-ਸਰਦ ਮਸਲੇ ਲਿਆਕੇ ਜੁਆਨੀ ਖੋਹੀ। ਨਸ਼ਿਆਂ ਨਾਲ ਨੌਜਵਾਨ ਗਾਲੇ ਤੇ ਹੁਣ ਰਹਿੰਦੇ-ਖੂੰਹਦੇ ਪਾ ਰਹੇ ਨੇ ਵਿਦੇਸ਼ਾਂ ਨੂੰ ਚਾਲੇ।
ਵੇਖੋ ਨਾ ਜੀ, ਪੰਜਾਬ ਦੇ ਚੁਲ੍ਹੇ-ਚੌਂਕੇ ਖਾਲੀ! ਮਾਂ ਨੂੰ ਹੁਣ ਧੀ, ਪੁੱਤ ਰੋਟੀ ਖੁਆਉਣ ਨੂੰ ਨਹੀਂ ਲੱਭਦਾ। ਪਿਉ ਨੂੰ ਹੁਣ ਪੁੱਤ ਝਿੜਕੇ ਮਾਰਨ ਲਈ ਨਹੀਂ ਲੱਭਦਾ! ਪਿਉ ਖੇਤ ਦੇ ਬੰਨੇ ਬੈਠਾ “ਅਵਾਜ਼ਾਂ ਲਾਉਂਦਾ ਆ“ ਤੇ ਮਾਂ ਚੁਲ੍ਹੇ-ਚੌਂਕੇ ਬੈਠੀ ਅੱਥਰੂ ਕੇਰਦੀ ਆ। ਨਾ ਪੁੱਤ ਲੱਭੇ, ਨਾ ਧੀ। ਕਵੀ ਸੱਚ ਹੀ ਤਾਂ ਕਹਿੰਦਾ ਆ, “ਛਾਂਗ ਦਿੱਤਾ ਏ ਰੁੱਖ ਪੰਜਾਬ ਵਾਲਾ, ਬਿਨ੍ਹਾਂ ਛੁਰੀ ਤੋਂ ਇਹਨੂੰ ਹਲਾਲ ਕੀਤਾ।”
ਕੌਣ ਸੁਣੇ ਪੁਕਾਰ ਜੀਓ!
ਖ਼ਬਰ ਹੈ ਕਿ ਪੰਜਾਬ ਦੇ ਪਿੰਡ ਜਿਉਂਦ ‘ਚ ਇੱਕ ਗਰੀਬ ਕਿਸਾਨ ਨੇ ਪਿੰਡ ਦੇ ਧਨਾਢ ਵਿਅਕਤੀਆਂ ਤੋਂ ਦੁੱਖੀ ਹੋਕੇ ਸੋਸ਼ਲ ਮੀਡੀਆ ਰਾਹੀਂ ਲਾਈਵ ਹੋਕੇ ਕੋਈ ਜ਼ਹਿਰੀਲੀ ਚੀਜ਼ ਪੀਕੇ ਖ਼ੁਦਕੁਸ਼ੀ ਦਾ ਯਤਨ ਕੀਤਾ। ਪੀੜਤ ਕਿਸਾਨ ਨੇ ਕਿਹਾ ਕਿ ਕੁਝ ਲੋਕ ਉਸਦੀ ਜ਼ਮੀਨ ਤੇ ਕਬਜ਼ਾ ਕਰਨ ਦਾ ਯਤਨ ਕਰ ਰਹੇ ਹਨ। ਇਸ ਤੋਂ ਪਹਿਲਾਂ ਉਸਦੀ ਪਰਾਲੀ ਨੂੰ ਅੱਗ ਲਾਕੇ ਸਾੜ ਦਿੱਤਾ ਸੀ, ਪਰ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਐਤਵਾਰ ਨੂੰ ਉਹ ਆਪਣੇ ਖੇਤ ‘ਚ ਕਮਰਾ ਪਾਉਣ ਲਈ ਇੱਟਾਂ ਦੀ ਟਰਾਲੀ ਲੈ ਕੇ ਆਇਆ ਸੀ ਪਰ ਉਹਨਾ ਵਿਅਕਤੀਆਂ ਨੇ ਉਸਨੂੰ ਜਾਨੋ-ਮਾਰਨ ਦੀ ਧਮਕੀ ਦਿੱਤੀ ਸੀ ਤੇ ਉਸਨੂੰ ਖੇਤ ਵਿਚੋਂ ਭਜਾ ਦਿੱਤਾ।
ਤਕੜੇ ਦਾ ਸੱਤੀਂ ਵੀਹੀ ਸੌ ਆ, ਭਾਈ। ਜਿਸਦੀ ਲਾਠੀ ਉਸਦੀ ਭੈਂਸ! ਮਾੜੇ ਦੀ ਨਾ ਪੰਚੈਤ ਸੁਣੂ, ਨਾ ਪੁਲਿਸ। ਹੋਰ ਥੋੜ੍ਹੇ ਕੰਮ ਆ ਉਸਦੇ ਕਰਨ ਵਾਲੇ। ਨੇਤਾ ਦੀ ਰੱਖਿਆ ਕਰਨੀ ਆ, ਉਹਦਾ ਵੋਟ ਬੈਂਕ ਪੂਰਾ ਰੱਖਣਾ ਆ, ਉਹਦੀ ਆਓ ਭਗਤ ਕਰਨੀ ਆ। ਇਹ ਤਾਂ ਕਿਸਾਨ ਆ, ਇਹਦੀ ਤਾਂ ਕਿਸੇ ਕੀ ਸੁਨਣੀ ਆ, ਆਹ ਵੇਖੋ ਨਾ ਪੰਜਾਬ ਦੇ ਖਜ਼ਾਨੇ ਦਾ ਰਾਖਾ ਮਨਪ੍ਰੀਤ ਆਂਹਦਾ ਆ, ਮੋਦੀ ਦੀ ਸਰਕਾਰ ਪੰਜਾਬ ਦਾ 4100 ਕਰੋੜ ਜੀ ਐਸ ਟੀ ਦੱਬੀ ਬੈਠੀ ਆ, ਕੋਈ ਨਹੀਂ ਸੁਣਦਾ! ਉਹ ਭਾਈ ਜਿਵੇਂ ਤੁਸੀਂ ਲੋਕਾਂ ਦੀ ਨਹੀਂ ਸੁਣਦੇ, ਉਪਰਲੇ ਤੁਹਾਡੀ ਨਹੀਂ ਸੁਣਦੇ, ਸੋਚਦੇ ਆ ਤੁਸਾਂ “ਮੋਦੀ-ਸ਼ਾਹ“ ਦੇ ਜੜ੍ਹੀ ਤੇਲ ਦੇਣਾ ਆ, ਸੋਨੀਆ-ਰਾਹੁਲ ਨੂੰ ਅੱਗੇ ਲਿਆਉਣਾ ਆ, ਕਿਉਂ ਉਹ ਆਪਣੇ ਪੈਰ ਆਪ ਕੁਹਾੜਾ ਮਾਰਨ। ਤਿਵੇਂ ਭਾਈ ਵੱਧ ਵੋਟਾਂ ਵਾਲਿਆਂ ਦੀ ਪੰਚੈਤ ਸੁਣਦੀ ਆ, ਮਾੜੇ ਧੀੜੇ ਦੀ ਕੋਈ ਨੀ ਸੁਣਦਾ। ਤਦੇ ਪੀੜਤ ਮਨ ਆਂਹਦਾ ਆ, “ਕੌਣ ਸੁਣੇ ਪੁਕਾਰ ਜੀਓ!”
ਵਿਅੰਗ ਬਾਣ
ਮੁਝਕੋ ਦੇਵੀ ਮੱਈਆ ਵਰ ਦੋ।
ਜਹਾਂ ਕਹੀਂ ਹੋ ਨਕਦੀ
ਮੇਰੀ ਤਰਫ ਟਰਾਂਸਫਰ ਕਰ ਦੋ
ਮੁਝਕੋ ਨੰਬਰ ਦੋ ਕਾ ਧਨ ਦੋ।
ਇੱਜ਼ਤ ਹੋ ਐਸੇ-ਵੈਸੇ ਕੀ
ਪੂਛ ਨਾ ਹੋ, ਆਏ ਕੈਸੇ ਕੀ।
ਪੂਜਾ ਹੋ ਕੇਵਲ ਪੈਸੇ ਕੀ
ਖ਼ਤਮ ਆਏਕਰ ਕਰ ਦੋ।
ਕੰਗਾਲੋ ਕੋ ਆਸ਼ਵਾਸਨ ਦੋ,
ਧਨ ਵਾਲੋ ਕੋ ਸਿੰਹਾਸਨ ਦੋ।
ਮੂਰਖੋਂ ਕੋ ਊਚਾ ਆਸਨ ਦੋ
ਨਈ ਵਿਵਸਥਾ ਕਰ ਦੋ।
ਸ਼ੇਅਰ ਮਾਰਕੀਟ ਮੇਂ ਉਛਾਲ ਦੋ
ਸੱਟੇਬਾਜੀ ਮੇਂ ਕਮਾਲ ਦੋ।
ਐਸ਼ ਕਰ ਸਕੂੰ, ਕੈਸ਼ ਮਾਲ ਦੋ
ਨੋਟੋਂ ਕਾ ਬਿਸਤਰ ਦੋ।
ਤਰ੍ਹਾਂ-ਤਰ੍ਹਾਂ ਕੇ ਖੇਲ ਕਰ ਸਕੂੰ
ਖਤ ਤੁਝਕੋ ਈਮੇਲ ਕਰ ਸਕੂੰ
ਕਵਿਤਾ ਅਪਨੀ ‘ਸੇਲ’ ਕਰ ਸਕੂੰ।
ਮਾਰਕਿਟ ਵਹ ਵੰਪਰ ਦੋ
ਵਿਅੰਗ ਲਿਖੂੰ, ਹੋ ਲਿਖਾ ਨਾ ਜੈਸਾ
ਹਾਸਾ ਲਿਖੂੰ, ਵੋ ਹੋ ਕੁਝ ਐਸਾ
ਸਭੀ ਤਰਫ ਸੇ ਵਰਸੇ ਪੈਸਾ
ਐਸਾ ਮੁਝੇ ਹੁਨਰ ਦੋ।
…ਸੂਰਜਕੁਮਾਰ ਪਾਂਡੇ ਤੋਂ ਧੰਨਵਾਦ ਸਹਿਤ
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਲ 2017 ਵਿੱਚ ਦਲਿਤਾਂ ਦੇ ਵਿਰੁਧ ਹਮਲਿਆਂ ਦੇ 47,000ਤੋਂ ਜਿਆਦਾ ਕੇਸ ਦਰਜ ਕੀਤੇ ਗਏ ਜਿਹਨਾ ਵਿਚੋਂ ਇੱਕਲੇ ਉਤਰ ਪ੍ਰਦੇਸ਼ ਵਿੱਚ ਹੀ 11,440 ਮਾਮਲੇ ਦਰਜ ਕੀਤੇ ਗਏ।
ਕੇਂਦਰ ਸਰਕਾਰ ਵਲੋਂ ਰਾਜਸਭਾ ਵਿੱਚ ਦਿੱਤੀ ਜਾਣਕਾਰੀ ਅਨੁਸਾਰ 2013 ਤੋਂ 2017 ਤੱਕ 1,516 ਬਾਲ ਵਿਆਹ ਦੇ ਮਾਮਲੇ ਦਰਜ ਕੀਤੇ ਗਏ ਹਨ।
ਇੱਕ ਵਿਚਾਰ
ਸਾਰੀਆਂ ਚੰਗੀਆਂ ਕਿਤਾਬਾਂ ਨੂੰ ਪੜ੍ਹਨਾ ਪਿਛਲੀ ਸਦੀਆਂ ਦੇ ਬੇਹਤਰੀਨ ਵਿਅਕਤੀਆਂ ਨਾਲ ਸੰਵਾਦ ਰਚਾਉਣ ਜੇਹਾ ਹੈ।.
…ਰੈਨੇ ਡੇਕਾਟਰੇਸ (ਫਰਾਂਸੀਸੀ ਫਿਲਾਸਫਰ)

Comments are closed.

COMING SOON .....


Scroll To Top
11