ਲੋਕਾਂ ਨਾਲ ਨੇੜਤਾ ਵਧਾਉਣ ਲਈ ਪੰਜਾਬ ਪੁਲਿਸ ਨੇ ਫੇਸਬੁੱਕ, ਟਵਿੱਟਰ ਤੇ ਯੂ. ਟਿਊਬ ’ਤੇ ਖੋਲ੍ਹਿਆ ਖਾਤਾ
ਚੰਡੀਗੜ੍ਹ, 12 ਫਰਵਰੀ- ਸੂਬੇ ਦੇ ਪੁਲੀਸ ਮੁਖੀ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਪੰਜਾਬ ਪੁਲੀਸ ਨੇ ਗੈਂਗਸਟਰਾਂ ਤੇ ਅਪਰਾਧੀਆਂ ਦੀ ਵਧ ਰਹੀ ਧਮਕੀ ਦਾ ਸਾਹਮਣਾ ਕਰਨ ਲਈ ਸੋਸ਼ਲ ਮੀਡੀਆ ’ਤੇ ਆਪਣਾ ਖਾਤਾ ਖੋਲ੍ਹ ਕੇ ਜਵਾਬੀ ਕਾਰਵਾਈ ਲਈ ਤਿਆਰੀ ਖਿੱਚ ਲਈ ਹੈ। ਇਸ ਆਨਲਾਈਨ ਮੁਹਿੰਮ ਦੀ ਸ਼ੁਰੂਆਤ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ। ਇਸ ਨਾਲ ਪੰਜਾਬ ਪੁਲੀਸ ਦਾ ਫੇਸਬੁੱਕ ਪੇਜ (ਾ.ਡੳਚੲਬੋਕ.ਚੋਮ/ਫੁਨਜੳਬਫੋਲਚਿੲ9ਨਦੳਿ), ਪੁਲੀਸ ਦੇ ਟਵਿੱਟਰ ਅਕਾਊਂਟ (ਾ.ਟਾਟਿਟੲਰ.ਚੋਮ/ ਫੁਨਜੳਬਫੋਲਚਿੲ), ਡੀ.ਜੀ.ਪੀ. ਦੇ ਟਵਿੱਟਰ ਅਕਾਊਂਟ ਅਤੇ ਪੰਜਾਬ ਪੁਲੀਸ ਦੇ ਯੂ. ਟਿਊਬ ਚੈਨਲ ਨਾਲ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਖਾਤਾ ਖੋਲ੍ਹਿਆ ਹੈ। ਰਸਮੀ ਸ਼ੁਰੂਆਤ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੁਲੀਸ ਦੀ ਸੋਸ਼ਲ ਮੀਡੀਆ ਮੁਹਿੰਮ ਨਾਲ ਜਿੱਥੇ ਪੁਲੀਸ ਤੇ ਲੋਕਾਂ ਦਰਮਿਆਨ ਦੂਰੀਆਂ ਮਿਟਣਗੀਆਂ, ਉਥੇ ਹੀ ਸੂਬੇ ਵਿੱਚ ਦਹਿਸ਼ਤ ਮਚਾਉਣ ਲਈ ਗੈਂਗਸਟਰਾਂ ਅਤੇ ਅਪਰਾਧੀਆਂ ਵੱਲੋਂ ਸ਼ੋਸਲ ਮੀਡੀਆ ’ਤੇ ਕੀਤੀ ਜਾਂਦੀ ਬਦਜ਼ਬਾਨੀ ਨੂੰ ਵੀ ਨੱਥ ਪਏਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਅਕਾਊਂਟ ਸੂਚਨਾ ਦਾ ਪਾਸਾਰ, ਫੀਡਬੈਕ, ਸ਼ਿਕਾਇਤ ਪ੍ਰਣਾਲੀ ਲਈ ਪ੍ਰਭਾਵਸ਼ਾਲੀ ਮੰਚ ਮੁਹੱਈਆ ਕਰਵਾਉਣਗੇ। ਉਨ੍ਹਾਂ ਨੇ ਪੁਲੀਸ ਨੂੰ ਫੋਰਸ ਅਤੇ ਨਾਗਰਿਕਾਂ ਦੇ ਆਪਸੀ ਹਿੱਤ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਆਖਿਆ। ਮੁੱਖ ਮੰਤਰੀ ਨੇ ਪੁਲੀਸ ਨੂੰ ਸੋਸ਼ਲ ਮੀਡੀਆ ਦੀ ਪਹੁੰਚ ਸਮਾਜ ਦੇ ਵੱਖ-ਵੱਖ ਵਰਗਾਂ ਖਾਸ ਤੌਰ ’ਤੇ ਨੌਜਵਾਨ ਵਰਗ ਤੱਕ ਬਣਾਉਣ ਦਾ ਸੱਦਾ ਦਿੱਤਾ ਤਾਂ ਕਿ ਪੁਲੀਸ ਦੇ ਕੰਮਕਾਜ ਨੂੰ ਹੋਰ ਵਧੇਰੇ ਪਾਰਦਰਸ਼ੀ, ਸੰਵੇਦਨਸ਼ੀਲ ਅਤੇ ਅਸਰਦਾਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨਾਲ ਪ੍ਰਭਾਵੀ ਢੰਗ ਨਾਲ ਨਿਪਟਣ, ਅਪਰਾਧ ਨੂੰ ਰੋਕਣ ਤੇ ਜਾਂਚ ਅਤੇ ਪੁਲੀਸ ਦੇ ਹੋਰ ਪਹਿਲੂਆਂ ਲਈ ਸੋਸ਼ਲ ਮੀਡੀਆ ਬਹੁਤ ਸਹਾਈ ਹੋ ਸਕਦਾ ਹੈ।
ਡੀ.ਜੀ.ਪੀ. ਨੇ ਦੱਸਿਆ ਕਿ ਲੋਕਾਂ ਨਾਲ ਨਜ਼ਦੀਕੀਆਂ ਵਧਾਉਣ ਲਈ ਪੁਲੀਸ ਵੱਲੋਂ ਸੋਸ਼ਲ ਮੀਡੀਆ ਦੇ ਤਿੰਨ ਪਲੇਟਫਾਰਮ (ਫੇਸਬੁੱਕ, ਟਵਿੱਟਰ ਅਤੇ ਯੂ. ਟਿਊਬ) ਵਰਤੇ ਜਾਣਗੇ। ਇਸ ਮੌਕੇ ਪੁਲੀਸ ਦੇ ਚੋਟੀ ਦੇ ਅਧਿਕਾਰੀ ਹਾਜ਼ਰ ਸਨ ਜਿਨ੍ਹਾਂ ਵਿੱਚ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ, ਡੀ.ਜੀ.ਪੀ.-(ਆਈ.ਟੀ. ਤੇ ਟੀ.) ਵੀ. ਕੇ. ਭਾਵਰਾ, ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ, ਡੀ.ਜੀ.ਪੀ. ਅਮਨ ਤੇ ਕਾਨੂੰਨ ਹਰਦੀਪ ਢਿੱਲੋਂ, ਆਈ.ਜੀ. ਪ੍ਰੋਵੀਜ਼ਨਿੰਗ ਗੁਰਪ੍ਰੀਤ ਦਿਓ, ਆਈ.ਜੀ. ਕ੍ਰਾਈਮ ਇੰਦਰਬੀਰ ਸਿੰਘ, ਆਈ.ਜੀ.-(ਆਈ.ਟੀ. ਤੇ ਟੀ.) ਐਸ.ਕੇ. ਅਸਥਾਨਾ ਅਤੇ ਆਈ.ਜੀ. ਐਨ.ਆਰ.ਆਈ. ਸੈਲ ਈਸ਼ਵਰ ਚੰਦਰ ਹਾਜ਼ਰ ਸਨ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਵੀ ਹਾਜ਼ਰ ਸਨ।