Sunday , 26 May 2019
Breaking News
You are here: Home » NATIONAL NEWS » ਸੈਰ-ਸਪਾਟਾ ਉਦਯੋਗ ਪੰਜਾਬ ਲਈ ਆਰਥਿਕ ਵਿਕਾਸ ਦਾ ਵਾਹਕ ਬਣੇਗਾ : ਸ. ਨਵਜੋਤ ਸਿੰਘ ਸਿੱਧੂ

ਸੈਰ-ਸਪਾਟਾ ਉਦਯੋਗ ਪੰਜਾਬ ਲਈ ਆਰਥਿਕ ਵਿਕਾਸ ਦਾ ਵਾਹਕ ਬਣੇਗਾ : ਸ. ਨਵਜੋਤ ਸਿੰਘ ਸਿੱਧੂ

ਪੰਜਾਬ ਨੇ ਦਿੱਤਾ ਕੌਮਾਂਤਰੀ ਪੱਧਰ ਦੇ ਟੂਰ ਓਪਰੇਟਰਾਂ ਨੂੰ ਪੰਜਾਬ ਆਉਣ ਦਾ ਨਿੱਘਾ ਸੱਦਾ

ਨਵੀਂ ਦਿੱਲੀ – 17 ਸਤੰਬਰ- ਸੈਰ-ਸਪਾਟਾ ਉਦਯੋਗ ਵੱਲੋਂ ਨੇੜ ਭਵਿੱਖ ਵਿੱਚ ਪੰਜਾਬ ਦੇ ਆਰਥਿਕ ਵਿਕਾਸ ਲਈ ਵਾਹਕ ਦੀ ਭੂਮਿਕਾ ਨਿਭਾਏ ਜਾਣ ’ਤੇ ਜ਼ੋਰ ਦਿੰਦਿਆਂ ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿੱਚ ਸੈਰ ਸਪਾਟਾ ਸਨਅਤ ਦੀ 20 ਫੀਸਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਲਈ ਸੰਜੀਦਗੀ ਨਾਲ ਯਤਨਸ਼ੀਲ ਹੈ। ਟੂਰਿਜ਼ਮ ਖੇਤਰ ਦੇ ਕੌਮਾਂਤਰੀ ਨੁਮਾਇੰਦਿਆਂ ਅੱਗੇ ਸੈਰ-ਸਪਾਟਾ ਸਮਰੱਥਾ ਵਾਲੇ ਪੰਜਾਬ ਨੂੰ ਬਤੌਰ ਬਰੈਂਡ ਪੇਸ਼ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਪੰਜਾਬ ਦੇ ਜੋਸ਼ੀਲੇ ਲੋਕ ਅਤੇ ਇਥੋਂ ਦਾ ਅਗਾਂਹਵਧੂ ਸੱਭਿਆਚਾਰ ਕੌਮਾਂਤਰੀ ਸੈਲਾਨੀਆਂ ਦਾ ਖੁੱਲ•ੇ ਦਿਲ ਨਾਲ ਸਵਾਗਤ ਕਰਨਗੇ। ਉਨ੍ਹਾਂ ਇਹ ਵੀ ਆਸ ਪ੍ਰਗਟਾਈ ਕਿ ‘ਬਰੈਂਡ ਪੰਜਾਬ’ ਸੂਬੇ ਵਿੱਚ ਰੋਜ਼ਗਾਰ ਸਿਰਜਣ ਅਤੇ ਇਸ ਦੇ ਆਰਥਿਕ ਵਿਕਾਸ ਨੂੰ ਹੁਲਾਰੇ ਦੇਣ ਲਈ ਸੰਭਾਵਨਾਵਾਂ ਭਰਪੂਰ ਹੈ। ‘ਇੰਡੀਆ ਟੂਰਿਜ਼ਮ ਮਾਰਟ-2018’, ਜਿਸ ਵਿੱਚ ਪੰਜਾਬ ਇਕ ਭਾਗੀਦਾਰ ਸੂਬਾ ਹੈ, ਦੌਰਾਨ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਦਾ ਇਸ ਟੂਰਿਜ਼ਮ ਮਾਰਟ ਵਿੱਚ ਪੁੱਜੇ ਹੋਏ 60 ਮੁਲਕਾਂ ਦੇ 400 ਤੋਂ ਵਧੇਰੇ ਪ੍ਰਤੀਨਿਧਾਂ ਨੂੰ ਪੰਜਾਬ ਦੀ ਧਾਰਮਿਕ, ਸੱਭਿਆਚਾਰਕ ਤੇ ਵਿਰਸੇ ਪੱਖੋਂ ਅਮੀਰੀ ਤੋਂ ਜਾਣੂੰ ਕਰਵਾਉਣ ਲਈ ਇਹ ਸੰਜੀਦਾ ਹੰਭਲਾ ਹੈ। ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਕਿਹਾ ਕਿ ਸੈਰ ਸਪਾਟਾ ਤੇ ਪ੍ਰਾਹੁਣਚਾਰੀ ਖੇਤਰ ਦੇ ਕੌਮਾਂਤਰੀ ਨੁਮਾਇੰਦਿਆਂ ਨੂੰ ਪੰਜਾਬ ਦੀ ਇਸ ਖੇਤਰ ਦੀ ਸਮਰੱਥਾ ਤੋਂ ਜਾਣੂੰ ਕਰਵਾਉਣ ਲਈ ਸੂਬੇ ਦਾ ਇਹ ਯਤਨ ਪੂਰਾ ਸਫਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 19 ਸਤੰਬਰ ਤੋਂ ਕੌਮਾਂਤਰੀ ਪੱਧਰ ਦੇ 18 ਟੂਰ ਅਤੇ ਟਰੈਵਲ ਓਪਰੇਟਰ ਅੰਮ੍ਰਿਤਸਰ ਅਤੇ ਇਸ ਦੇ ਲਾਗਲੇ ਇਲਾਕੇ ਦੇ ਦੌਰੇ ਲਈ ਆਉਣਗੇ। ਅੱਜ ਦੇ ਇਸ ਕਨਕਲੇਵ ਦਾ ਉਦਘਾਟਨ ਕੇਂਦਰੀ ਰੇਲਵੇ ਮੰਤਰੀ ਸ੍ਰੀ ਪਿਯੂਸ਼ ਗੋਇਲ, ਕੇਂਦਰੀ ਸੈਰ-ਸਪਾਟਾ ਮੰਤਰੀ ਸ੍ਰੀ ਕੇ.ਜੇ ਐਲਫੌਂਸ ਵੱਲੋਂ ਕੀਤਾ ਗਿਆ। ਪੰਜਾਬ ਤੇ ਕੇਰਲਾ ‘ਇੰਡੀਆ ਟੂਰਿਜ਼ਮ ਮਾਰਟ-2018’ ਵਿੱਚ ਭਾਗੀਦਾਰ ਸੂਬੇ ਸਨ। ਇਸ ਮਾਰਟ ਦਾ ਆਯੋਜਨ ਕੇਂਦਰੀ ਸੈਰ-ਸਪਾਟਾ ਮੰਤਰਾਲੇ ਅਤੇ ਫੈਡਰੇਸ਼ਨ ਆਫ ਐਸੋਸੀਏਸ਼ਨਜ਼ ਆਫ ਇੰਡੀਅਨ ਟੂਰਿਜ਼ਮ ਐਂਡ ਹਾਸਪਿਟੈਲਿਟੀ (ਫੇਥ) ਵੱਲੋਂ ਕੀਤਾ ਗਿਆ ਸੀ ਅਤੇ ਮੋਰਾਕੋ ਕੌਮਾਂਤਰੀ ਭਾਗੀਦਾਰ ਸੀ। ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਵੱਲੋਂ ਬਤੌਰ ਥੀਮ ਰਾਜ ਆਈ.ਟੀ.ਸੀ. ਮੌਰਿਆ ਨਵੀਂ ਦਿੱਲੀ ਵਿਖੇ ਕੌਮਾਂਤਰੀ ਨੁਮਾਇੰਦਿਆਂ ਲਈ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਸ.ਸਿੱਧੂ ਅਤੇ ਕੇਂਦਰੀ ਸੈਰ ਸਪਾਟਾ ਮੰਤਰੀ ਸ੍ਰੀ ਅਲਫੌਂਸ ਵੱਲੋਂ ਸਾਂਝੇ ਤੌਰ ’ਤੇ ਪੰਜਾਬ ਬਾਰੇ ਟਰੈਵਲ ਬੁੱਕ ‘ਲੋਨਲੀ ਪਲਾਨੈਟ’ ਵੀ ਜਾਰੀ ਕੀਤੀ ਗਈ। ਇਸ ਮੌਕੇ ਕਲਾਕਾਰਾਂ ਵੱਲੋਂ ਪੰਜਾਬ ਦੇ ਲੋਕ ਨਾਚ, ਮਾਰਸ਼ਲ ਆਰਟ ਗੱਤਕਾ ਤੇ ਹੋਰ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਏਸ਼ੀਅਨ ਵਿਕਾਸ ਬੈਂਕ ਦੇ ਰਾਸ਼ਟਰੀ ਡਾਇਰੈਕਟਰ ਸ੍ਰੀ ਯੋਕੋਹਾਮਾ, ਪ੍ਰਾਜੈਕਟ ਡਾਇਰੈਕਟਰ ਸ੍ਰੀ ਵਿਵੇਕ ਵਿਸ਼ਾਲ, ਆਈ.ਟੀ.ਡੀ.ਸੀ. ਦੇ ਪ੍ਰਬੰਧਕੀ ਨਿਰਦੇਸ਼ਕ ਰਵਨੀਤ ਕੌਰ, ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਸ੍ਰੀ ਮਾਲਵਿੰਦਰ ਸਿੰਘ ਜੱਗੀ, ਫੈਡੇਰੇਸ਼ਨ ਫੇਥ ਦੇ ਚੇਅਰਮੈਨ ਸ੍ਰੀ ਸੁਭਾਸ਼ ਗੋਇਲ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Comments are closed.

COMING SOON .....


Scroll To Top
11