Sunday , 21 April 2019
Breaking News
You are here: Home » PUNJAB NEWS » ਸੂਬੇ ਵਿੱਚ ਸਮਰੱਥ ਫਾਇਰ ਸੇਫਟੀ ਢਾਂਚਾ ਉਸਾਰਿਆ ਜਾਵੇਗਾ: ਨਵਜੋਤ ਸਿੰਘ ਸਿੱਧੂ

ਸੂਬੇ ਵਿੱਚ ਸਮਰੱਥ ਫਾਇਰ ਸੇਫਟੀ ਢਾਂਚਾ ਉਸਾਰਿਆ ਜਾਵੇਗਾ: ਨਵਜੋਤ ਸਿੰਘ ਸਿੱਧੂ

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਸ਼ਹੀਦ ਫਾਇਰਮੈਨਜ਼ ਦੇ ਪਰਿਵਾਰਾਂ ਅਤੇ ਬਹਾਦਰ ਫਾਇਰ ਕਰਮੀਆਂ ਨੂੰ ਕੀਤਾ ਸਨਮਾਨਤ

ਚੰਡੀਗੜ – ”ਫਾਇਰ ਮੈਨ ਅਤੇ ਅਫਸਰ ਜੋ ਵੀ ਆਪਣੀ ਡਿਊਟੀ ਦੌਰਾਨ ਆਪਣੀ ਜਾਨਾਂ ਖਤਰੇ ਵਿੱਚ ਪਾ ਕੇ ਦੂਜਿਆਂ ਦੀਆਂ ਜ਼ਿੰਦਗੀਆਂ ਬਚਾਉਂਦੇ ਹਨ, ਉਹ ਇਸ ਦੇ ਹੱਕਦਾਰ ਹਨ ਕਿ ਉਨਾਂ ਨੂੰ ਇਕ ਅਸਰਦਾਰ ਅਤੇ ਸਮਰੱਥ ਫਾਇਰ ਸੇਫਟੀ ਢਾਂਚਾ ਮੁਹੱਈਆ ਕਰਵਾਇਆ ਜਾਵੇ।” ਇਹ ਗੱਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਸੈਕਟਰ-35, ਚੰਡੀਗੜ ਵਿਖੇ ਮਿਉਂਸਪਲ ਭਵਨ ਵਿਖੇ ਫਾਇਰ ਸੇਫਟੀ ਹਫਤੇ ਦੇ ਉਦਘਾਟਨੀ ਸਮਾਰੋਹ ਮੌਕੇ ਬੋਲਦਿਆਂ ਕਹੇ। ਉਨਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਪੰਜਾਬ ਵਿੱਚ ਪਹਿਲੀ ਵਾਰ 14 ਤੋਂ 20 ਅਪਰੈਲ ਤੱਕ ਇਹ ਹਫਤਾ ਮਨਾਇਆ ਜਾ ਰਿਹਾ ਹੈ ਜਿਸ ਦੇ ਉਦਘਾਟਨੀ ਸਮਾਰੋਹ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਫਾਇਰਮੈਨਜ਼ ਦੇ ਪਰਿਵਾਰਾਂ ਅਤੇ ਫਾਇਰ ਕਰਮੀਆਂ ਨਾਲ ਬੈਠ ਕੇ ਮਾਣ ਮਹਿਸੂਸ ਕਰ ਰਹੇ ਹਨ। ਸ. ਸਿੱਧੂ ਨੇ ਕਿਹਾ ਕਿ ਜਦੋਂ ਉਹ ਲੁਧਿਆਣਾ ਵਿਖੇ ਵਾਪਰੀ ਅੱਗ ਲੱਗਣ ਦੀ ਦੁਖਾਂਤਕ ਘਟਨਾ ਮੌਕੇ ਸੀ.ਐਮ.ਸੀ. ਲੁਧਿਆਣਾ ਵਿਖੇ ਅੱਗ ਨਾਲ ਝੁਲਸੇ ਫਾਇਰ ਕਰਮੀਆਂ ਨੂੰ ਮਿਲਣ ਪੁੱਜੇ ਤਾਂ ਉਨਾਂ ਨੂੰ ਇਹ ਦੇਖ ਕੇ ਬੜਾ ਦੁੱਖ ਹੋਇਆ ਕਿ ਫਾਇਰ ਕਰਮੀਆਂ ਕੋਲ ਕੋਈ ਆਧੁਨਿਕ ਸਾਧਨ ਅਤੇ ਫਾਇਰ ਸੂਟ ਵੀ ਨਹੀਂ ਹਨ। ਉਨਾਂ ਕਿਹਾ ਕਿ ਉਸੇ ਦਿਨ ਉਨਾਂ ਪੰਜਾਬ ਵਿੱਚ ਪਹਿਲੀ ਵਾਰ ਫਾਇਰ ਸੇਫਟੀ ਹਫਤਾ ਮਨਾਉਣ ਦਾ ਐਲਾਨ ਕੀਤਾ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਮੌਕੇ ਬਹਾਦਰੀ ਨਾਲ ਸੇਵਾਵਾਂ ਨਿਭਾਉਣ ਵਾਲੇ ਫਾਇਰ ਕਰਮੀਆਂ ਨੂੰ ਸਨਮਾਨਤ ਕੀਤਾ ਜਾਇਆ ਕਰੇਗਾ ਅਤੇ ਅੱਜ ਉਨਾਂ ਨੂੰ ਫਖਰ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਫਾਇਰ ਸੇਫਟੀ ਹਫਤੇ ਦੇ ਉਦਘਾਟਨੀ ਸਮਾਰੋਹ ਦੌਰਾਨ ਸ਼ਹੀਦ ਫਾਇਰ ਕਰਮੀਆਂ ਦੇ ਪਰਿਵਾਰਾਂ ਅਤੇ ਫਾਇਰ ਮੈਨਜ਼ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਉਹ ਸੈਨਿਕਾਂ, ਕਿਸਾਨਾਂ ਤੇ ਫਾਇਰ ਕਰਮੀਆਂ ਦੇ ਸਿਰੜ ਨੂੰ ਹਮੇਸ਼ਾ ਹੀ ਸਿਜਦਾ ਕਰਦੇ ਹਨ। ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫਾਇਰ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਨੇ ਕੇਂਦਰ ਨੂੰ 500 ਕਰੋੜ ਰੁਪਏ ਦਾ ਪ੍ਰਾਜੈਕਟ ਬਣਾ ਕੇ ਭੇਜਿਆ ਹੈ ਜਿਸ ਨਾਲ ਇਨਾਂ ਸੇਵਾਵਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਮੁੱਖ ਮੰਤਰੀ ਜੀ ਨੇ ਫਾਇਰ ਸੂਟ ਲਈ ਵਿਸ਼ੇਸ਼ ਤੌਰ ‘ਤੇ 8 ਕਰੋੜ ਰੁਪਏ ਜਾਰੀ ਕੀਤੇ ਗਏ। ਇਸ ਤੋਂ ਇਲਾਵਾ 11 ਕਰੋੜ ਰੁਪਏ ਦੀ ਲਾਗਤ ਵਾਲੀਆਂ ਕੁੱਲ 20 ਫਾਇਰ ਗੱਡੀਆਂ ਨੂੰ ਖਰੀਦਣ ਦਾ ਆਰਡਰ ਦਿੱਤਾ ਗਿਆ ਹੈ ਅਤੇ 50 ਹੋਰ ਗੱਡੀਆਂ ਖਰੀਦਣ ਦਾ ਟੀਚਾ ਹੈ। ਉਨਾਂ 8 ਨਗਰ ਨਿਗਮਾਂ ਨੂੰ ਫਾਇਰ ਗੱਡੀਆਂ ਖਰੀਦਣ 8 ਕਰੋੜ ਰੁਪਏ ਦਿੱਤੇ ਜਾਣਗੇ। ਉਨਾਂ ਕਿਹਾ ਕਿ ਵਿਭਾਗ ਦਾ ਟੀਚਾ 50 ਹਜ਼ਾਰ ਵਸੋਂ ਪਿੱਛੇ ਇਕ ਗੱਡੀ ਖਰੀਦਣ ਦਾ ਟੀਚਾ ਹੈ ਅਤੇ ਆਉਂਦੇ ਚਾਰ ਸਾਲਾਂ ਦੌਰਾਨ ਇਸ ਨੂੰ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫਾਇਰ ਸੇਵਾਵਾਂ ਵਿੱਚ 500 ਪੋਸਟਾਂ ਦੀ ਭਰਤੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਨੂੰ ਫਾਇਰ ਟਰੇਨਿੰਗ ਇੰਸਟੀਚਿਊਟ ਨੂੰ ਅਲਾਟ ਹੋਇਆ ਜਿੱਥੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਫਾਇਰ ਕਰਮੀਆਂ ਨੂੰ ਵੀ ਸਿਖਲਾਈ ਦੇਵੇਗਾ। ਉਨਾਂ ਕਿਹਾ ਕਿ ਪੰਜਾਬ ਵਿੱਚ ਜਲਦੀ ਹੀ ਫਾਇਰ ਸੇਫਟੀ ਐਕਟ ਲਿਆਂਦਾ ਜਾਵੇਗਾ ਜਿਸ ਨਾਲ ਕੋਈ ਵੀ ਇਮਾਰਤ ਫਾਇਰ ਸੇਫਟੀ ਨਿਯਮਾਂ ਦੀ ਉਲੰਘਣਾ ਨਹੀਂ ਕਰੇਗੀ। ਉਨਾਂ ਕਿਹਾ ਅਜਿਹੇ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਇਮਾਰਤ ਦੇ ਮਾਲਕਾਂ ਨੂੰ ਨੋਟਿਸ ਵੀ ਭੇਜੇ ਜਾਣਗੇ। ਸ. ਸਿੱਧੂ ਨੇ ਇਸ ਮੌਕੇ ਪਿਛਲੇ ਸਮੇਂ ਦੌਰਾਨ ਫਾਇਰ ਸੇਵਾਵਾਂ ਦੀ ਡਿਊਟੀ ਨਿਭਾਉਂਦੇ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ 9 ਫਾਇਰ ਕਰਮੀਆਂ ਸਮਾਊਨ ਗਿੱਲ, ਰਾਜ ਕੁਮਾਰ, ਰਾਜਿੰਦਰ ਕੁਮਾਰ ਸ਼ਰਮਾ, ਮਨੋਹਰ ਲਾਲ, ਪੂਰਨ ਸਿੰਘ, ਰਾਜਨ, ਵਿਸ਼ਾਲ ਕੁਮਾਰ, ਮਨਪ੍ਰੀਤ ਸਿੰਘ ਤੇ ਸੁਖਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ 13 ਫਾਇਰ ਕਰਮੀਆਂ ਜਿਨਾਂ ਨੇ ਪਿਛਲੇ ਇਕ ਸਾਲ ਤੋਂ ਬਿਹਤਰ ਸੇਵਾਵਾਂ ਨਿਭਾਈਆਂ, ਨੂੰ ਵੀ ਸਨਮਾਨਤ ਕੀਤਾ ਗਿਆ। ਇਨਾਂ ਵਿੱਚ ਹਜ਼ੂਰਾ ਸਿੰਘ, ਨਰੇਸ਼ ਕੁਮਾਰ, ਲਵਲੇਸ਼ ਕੁਮਾਰ, ਸੁਦਾਗਰ ਸਿੰਘ, ਮਦਨ ਗੋਪਾਲ, ਅਮਰਜੀਤ ਸਿੰਘ, ਰਜਿੰਦਰ ਸਿੰਘ, ਵਿਪਨ ਕੁਮਾਰ, ਸੁਰਿੰਦਰ ਕੁਮਾਰ, ਮਨਿੰਦਰਜੀਤ ਸਿੰਘ, ਕੁਲਵੀਰ ਸਿੰਘ, ਗੁਰਪ੍ਰੀਤ ਸਿੰਘ ਤੇ ਅਜੇ ਗੋਇਲ ਸ਼ਾਮਲ ਸਨ। ਸਮਾਗਮ ਦੌਰਾਨ ਸਲਾਮੀ ਦੇਣ ਅਤੇ ਪ੍ਰਦਰਸ਼ਨੀ ਡਰਿੱਲ ਕਰਨ ਵਾਲੇ ਫਾਇਰ ਕਰਮੀਆਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਤੋਂ ਪਹਿਲਾਂ ਅੱਜ ਦੇ ਉਦਘਾਨੀ ਸਮਾਰੋਹ ਦੌਰਾਨ ਫਾਇਰ ਸੇਵਾਵਾਂ ਲਈ ਵਰਤੇ ਜਾਂਦੇ ਵਾਹਨਾਂ ਦੀ ਪ੍ਰਦਰਸ਼ਨੀ ਅਤੇ ਉਪਕਰਨਾਂ ਦੀ ਡਰਿੱਲ ਖਿੱਚ ਦਾ ਕੇਂਦਰ ਬਣੀ। ਸਭ ਤੋਂ ਪਹਿਲਾਂ ਪੰਜਾਬ ਫਾਇਰ ਸਰਵਿਸਜ਼ ਦੇ ਜਵਾਨਾਂ ਦੀ ਟੁਕੜੀ ਨੇ ਸ. ਮੁੱਖ ਮਹਿਮਾਨ ਸ. ਸਿੱਧੂ ਨੂੰ ਸਲਾਮੀ ਦਿੱਤੀ। ਇਸ ਮਾਰਚ ਪਾਸਟ ਵਿੱਚ ਫਾਇਰ ਗੱਡੀਆਂ ਉਤੇ ਸਵਾਰ ਫਾਇਰ ਸੂਟਸ ਨਾਲ ਲੈਸ ਫਾਇਰਮੈਨ ਵੀ ਸ਼ਾਮਲ ਸਨ। ਇਸ ਤੋਂ ਬਾਅਦ ਸ. ਸਿੱਧੂ ਨੇ ਅੱਗ ਬੁਝਾਊ ਗੱਡੀਆਂ, ਅੱਗ ਬਚਾਉਣ ਦੀਆਂ ਘਟਨਾਵਾਂ ਲਈ ਵਰਤੇ ਜਾਂਦੇ ਅਤਿ-ਆਧੁਨਿਕ ਉਪਕਰਣਾਂ ਦੀ ਨੁਮਾਇਸ਼ ਵੀ ਦੇਖੀ ਅਤੇ ਇਨਾਂ ਉਪਕਰਣਾਂ ਦੀ ਡਰਿੱਲ ਵੀ ਦੇਖੀ। ਇਸ ਉਪਰੰਤ ਐਸ.ਏ.ਐਸ. ਨਗਰ ਵਿਖੇ ਤਾਇਨਾਤ ਹਾਈ ਲਿਫਟ ਵਾਲੀ ਅੱਗ ਬੁਝਾਓ ਗੱਡੀਆਂ ਉੱਪਰ ਸ ਸਿੱਧੂ ਤੇ ਡਾਇਰੈਕਟਰ ਕਰਨੇਸ਼ ਸ਼ਰਮਾ ਨੇ ਫਾਇਰ ਕਰਮੀਆਂ ਦੇ ਨਾਲ ਖੁਦ ਚੜ ਕੇ 54 ਮੀਟਰ ਤੱਕ ਉਚਾਈ ਉਤੇ ਅੱਗ ਬੁਝਾਉਣ ਲਈ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦੀ ਡਰਿੱਲ ਵੀ ਦੇਖੀ। ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾ ਨੇ ਮੁੱਖ ਮਹਿਮਾਨ ਸ. ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੀਆਂ ਕੋਸ਼ਿਸ਼ਾਂ ਅਤੇ ਸੋਚ ਸਦਕਾ ਪਹਿਲੀ ਵਾਰ ਫਾਇਰ ਸੇਫਟੀ ਹਫਤਾ ਮਨਾਇਆ ਜਾ ਰਿਹਾ ਹੈ ਅਤੇ ਉਨਾਂ ਦੇ ਯਤਨਾਂ ਸਦਕਾ ਹੀ ਪੰਜਾਬ ਵਿੱਚ ਪਹਿਲੀ ਵਾਰ ਫਾਇਰ ਡਾਇਰੈਕਟੋਰੇਟ ਸਥਾਪਤ ਹੋਇਆ ਹੈ ਅਤੇ ਫਾਇਰ ਸੇਵਾਵਾਂ ਮਜ਼ਬੂਤ ਹੋਇਆ ਹੈ। ਉਨਾਂ ਦੱਸਿਆ ਕਿ ਫਾਇਰ ਸੇਫਟੀ ਹਫਤੇ ਦੌਰਾਨ ਸਾਰੇ ਸ਼ਹਿਰਾਂ/ਕਸਬਿਆਂ ਵਿੱਚ ਲੋਕਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਨ ਅਤੇ ਜਾਗਰੂਕਤਾ ਬਾਰੇ ਜਾਣੂੰ ਕਰਵਾਇਆ ਜਾਵੇਗਾ। ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਸ੍ਰੀ ਅਜੋਏ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਲਈ ਇਹ ਇਤਿਹਾਸਕ ਮੌਕਾ ਹੈ ਜਦੋਂ ਫਾਇਰ ਸੇਵਾਵਾਂ ਦਾ ਹਫਤਾ ਮਨਾਇਆ ਜਾ ਰਿਹਾ ਹੈ। ਪਿਛਲੇ ਇਕ ਸਾਲ ਦੌਰਾਨ ਫਾਇਰ ਕਰਮੀਆਂ ਨੇ ਲਾਮਿਸਾਲ ਸੇਵਾਵਾਂ ਨਿਭਾਈਆਂ ਹੈ ਅਤੇ ਅੱਜ ਦੇ ਦਿਨ ਸਾਲ ਭਰ ਸੇਵਾਵਾਂ ਨਿਭਾਉਣ ਵਾਲੇ ਫਾਇਰ ਕਰਮੀਆਂ ਨੂੰ ਸਨਮਾਨਤ ਕੀਤਾ ਗਿਆ ਹੈ। ਉਨਾਂ ਕਿਹਾ ਪਹਿਲਾ ਫਾਇਰ ਸੇਵਾਵਾਂ ਵਾਲਾ ਛੋਟਾ ਜਿਹਾ ਵਿੰਗ ਹੁੰਦਾ ਸੀ ਜਿਸ ਨੂੰ ਹੁਣ ਵੱਡਾ ਬਣਾਉਂਦਿਆ ਫਾਇਰ ਡਾਇਰੈਕਟੇਰੇਟ ਬਣਾਇਆ ਹੈ ਅਤੇ ਵਿਭਾਗ ਦੀ ਹਰ ਮੀਟਿੰਗ ਵਿੱਚ ਫਾਇਰ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਵਿਚਾਰਾਂ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਲੁਧਿਆਣਾ ਦੇ ਸਹਾਇਕ ਮੰਡਲ ਫਾਇਰ ਅਫਸਰ ਸ੍ਰੀ ਭੁਪਿੰਦਰ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਇਸ ਹਫਤੇ ਨੂੰ ਮਨਾਉਣ ਦੀ ਸ਼ੁਰੂਆਤ ਦੇ ਪਿਛੋਕੜ ਅਤੇ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਅੱਗ ਲੱਗਣ ਦੀਆਂ ਵਾਪਰੀਆਂ ਘਟਨਾਵਾਂ ਅਤੇ ਇਸ ਵਿੱਚ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਨ ਵਾਲੇ ਫਾਇਰ ਕਰਮੀਆਂ ਦੀ ਪ੍ਰਸੰਸਾ ਵੀ ਕੀਤੀ। ਇਸ ਮੌਕੇ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਮਹਿੰਦਰ ਪਾਲ ਤੇ ਨਗਰ ਨਿਗਮ ਮੁਹਾਲੀ ਦੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ, ਮੁੱਖ ਇੰਜਨੀਅਰ ਸ੍ਰੀ ਅਜੇ ਕੰਵਰ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11