Sunday , 26 May 2019
Breaking News
You are here: Home » PUNJAB NEWS » ਸੁਖਬੀਰ ਵੱਲੋਂ ਪਾਰਟੀ ਕਾਡਰ ਨੂੰ ਗੁੰਡਾਗਰਦੀ ਲਈ ਦਿੱਤੇ ਜਾ ਰਹੇ ਹੁਕਮਾਂ ਦੀ ਵੀਡੀਓ ਨੇ ਬਾਦਲ ਦਲ ਦੇ ਅਸਲੀ ਚਿਹਰੇ ਨੂੰ ਨੰਗਾ ਕੀਤਾ : ਕੈਪਟਨ

ਸੁਖਬੀਰ ਵੱਲੋਂ ਪਾਰਟੀ ਕਾਡਰ ਨੂੰ ਗੁੰਡਾਗਰਦੀ ਲਈ ਦਿੱਤੇ ਜਾ ਰਹੇ ਹੁਕਮਾਂ ਦੀ ਵੀਡੀਓ ਨੇ ਬਾਦਲ ਦਲ ਦੇ ਅਸਲੀ ਚਿਹਰੇ ਨੂੰ ਨੰਗਾ ਕੀਤਾ : ਕੈਪਟਨ

ਮੁਕਤਸਰ ਸਾਹਿਬ ਐਸ.ਐਸ.ਪੀ. ਵਿਰੁੱਧ ਆਧਾਰਹੀਣ ਦੋਸ਼ ਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਆਲੋਚਨਾ

ਚੰਡੀਗੜ੍ਹ – ਮੁਕਤਸਰ ਸਾਹਿਬ ਦੇ ਐਸ.ਐਸ.ਪੀ ਵਿਰੁੱਧ ਸ਼੍ਰੋਮਣੀ ਅਕਾਲੀ ਦੱਲ ਵੱਲੋਂ ਲਾਏ ਗਏ ਬੇਤੁਕੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਆਪਣੀ ਪੱਕੀ ਹਾਰ ਤੋਂ ਧਿਆਨ ਲਾਂਭੇ ਕਰਨ ਲਈ ਅਕਾਲੀ ਲੀਡਰਸ਼ਿਪ ਵੱਲੋਂ ਅਜਿਹੀ ਨਿਰਾਸ਼ਾਜਨਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਅਕਾਲੀਆਂ ਵੱਲੋਂ ਅਜਿਹਾ ਕਰਨ ਲਈ ਤਿੱਖੀ ਆਲੋਚਣਾ ਕੀਤੀ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਚੋਣਾਂ ਵਿੱਚ ਆਪਣੀ ਲਗਾਤਾਰ ਹੋ ਰਹੀਆਂ ਹਾਰਾਂ ਕਾਰਨ ਪੂਰੀ ਤਰ੍ਹਾਂ ਬੁਖਲਾ ਗਏ ਹਨ ਅਤੇ ਹਾਲ ਹੀ ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਹਾਰ ਹੋਰ ਵੀ ਪੱਕੀ ਹੋ ਗਈ ਹੈ ਜਿਸ ਕਰਕੇ ਹੁਣ ਉਹ ਆਪਣਾ ਚਿਹਰਾ ਲੁਕਾਉਣ ਲਈ ਅਜਿਹੇ ਰਾਹ ਲੱਭਣ ਦੀ ਤੈਲਾਸ਼ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਐਸ.ਐਸ.ਪੀ. ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਅਤੇ ਚੋਣਾਂ ਨੂੰ ਸ਼ਾਂਤੀਪੂਰਨ ਨੇਪਰੇ ਚਾੜ੍ਹਣ ਨੂੰ ਯਕੀਨੀ ਬਣਾਇਆ ਹੈ। ਇਕ ਅਧਿਕਾਰੀ ਨੂੰ ਨਿਸ਼ਾਨਾ ਬਣਾਉਣ ਲਈ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਸ਼ਰਮਨਾਕ ਵਿਵਹਾਰ ਦੀ ਤਿੱਖੀ ਆਲੋਚਣਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਹਮੇਸ਼ਾ ਹੀ ਸੂਬੇ ਵਿੱਚ ਪੁਲਿਸ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਦੀ ਅਥਾਰਟੀ ਨੂੰ ਘਟਾਇਆ ਹੈ ਅਤੇ ਇਸ ਨੇ ਇਕ ਵਾਰੀ ਫਿਰ ਇਹ ਦਰਸਾ ਦਿੱਤਾ ਹੈ ਕਿ ਇਸ ਦੀਆਂ ਨਜ਼ਰਾਂ ਵਿੱਚ ਅਜਿਹੇ ਅਧਿਕਾਰੀਆਂ ਲਈ ਕੋਈ ਵੀ ਸਤਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੁਲਿਸ ਫੋਰਸ ਪੂਰੀ ਤਰ੍ਹਾਂ ਆਜ਼ਾਦ ਹੋ ਕੇ ਆਪਣਾ ਕਾਰਜ ਕਰ ਰਹੀ ਹੈ ਜਿਸ ਨੂੰ ਪਿਛਲੀ ਅਕਾਲੀ ਸਰਕਾਰ ਨੇ ਪੂਰੀ ਤਰ੍ਹਾਂ ਜਕੜ ਕੇ ਰੱਖਿਆ ਹੋਇਆ ਸੀ। ਐਸ.ਐਸ.ਪੀ. ਦੇ ਵਿਰੁੱਧ ਲਗਾਏ ਗਏ ਆਧਾਰਹੀਣ ਦੋਸ਼ਾਂ ਦੇ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਦੀ ਵੀ ਇਮਾਨਦਾਰ ਅਧਿਕਾਰੀਆਂ ਨੂੰ ਉਤਸ਼ਾਹਤ ਜਾਂ ਪੱਦ ਉੱਨਤ ਨਹੀਂ ਕੀਤਾ ਅਤੇ ਉਹ ਹਮੇਸ਼ਾ ਇਹ ਹੀ ਵਿਸ਼ਵਾਸ ਕਰਦੀ ਰਹੀ ਕਿ ਹਰੇਕ ਅਧਿਕਾਰੀ ਭ੍ਰਿਸ਼ਟ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਹੇਠ ਅਧਿਕਾਰੀ ਪੂਰੀ ਤਰ੍ਹਾਂ ਇਮਾਨਦਾਰੀ ਅਤੇ ਬਿਨ੍ਹਾਂ ਕਿਸੇ ਭੈਅ ਤੋਂ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱਖ ਰਹੇ ਹਨ ਅਤੇ ਅਕਾਲੀ ਲੀਡਰਸ਼ਿਪ ਲਈ ਇਹ ਪ੍ਰਵਾਨ ਕਰਨਾ ਮੁਸ਼ਕਿਲ ਹੋ ਰਿਹਾ ਹੈ। ਮੁੱਖ ਮੰਤਰੀ ਨੇ ਆਧਾਰਹੀਣ ਦੋਸ਼ਾਂ ਦੇ ਆਧਾਰ ’ਤੇ ਐਸ.ਐਸ.ਪੀ. ਦਾ ਤਬਾਦਲਾ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ। ਮੁੱਖ ਮੰਤਰੀ ਨੇ ਸੂਬੇ ਵਿੱਚ ਲੋਕਾਂ ਅਤੇ ਸਰਕਾਰੀ ਕਰਮਚਾਰੀਆਂ ’ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਤਿੱਖੀ ਆਲੋਚਣਾ ਕੀਤੀ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੋਟਰਾਂ ’ਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਭੈ-ਭੀਤ ਕਰਨ ਲਈ ਆਪਣੇ ਸਮਰਥਕਾਂ ਨੂੰ ਦਿੱਤੇ ਜਾ ਰਹੇ ਹੁਕਮ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਅਕਾਲੀ ਪਾਰਟੀ ਦਾ ਅਸਲੀ ਚਿਹਰਾ ਹੈ ਜਿਸ ਦੇ ਨਾਲ ਇਸ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਨੰਗੀ ਹੋ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਪਿਛਲੇ ਸਾਲ ਦੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਆਪਣੀ ਲਗਾਤਾਰ ਹੋ ਰਹੀ ਹਾਰ ਤੋਂ ਕੋਈ ਵੀ ਸਬਕ ਨਹੀਂ ਸਿੱਖਿਆ ਅਤੇ ਅਕਾਲੀ ਧੱਕੇਸ਼ਾਹੀ ਅਤੇ ਗੁੰਡਾਗਰਦੀ ਨਾਲ ਜਿੱਤ ਹਾਸਲ ਕਰਨ ਦੇ ਸਬੰਧ ਵਿੱਚ ਅਜੇ ਵੀ ਭਰਮ-ਭੁਲੇਖਿਆਂ ਵਿੱਚ ਫਸੇ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੁਲਿਸ ਫੋਰਸ ਜਾਂ ਪ੍ਰਸ਼ਾਸਨ ਨੂੰ ਭੈ-ਭੀਤ ਕਰਨ ਦੀ ਅਕਾਲੀਆਂ ਨੂੰ ਕਦੀ ਵੀ ਆਗਿਆ ਨਹੀਂ ਦੇਵੇਗੀ ਜੋ ਆਪਣੇ ਨਕਾਰਾਤਮਕ ਅਕਸ ਨੂੰ ਖ਼ਤਮ ਕਰਨ ਲਈ ਸਖ਼ਤ ਜੱਦੋ-ਜਹਿਦ ਕਰ ਰਹੇ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ 10 ਸਾਲ ਦੇ ਕੁਸ਼ਾਸਨ ਨੇ ਉਨ੍ਹਾਂ ਦਾ ਇਹ ਅਕਸ ਬਣਾ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਲਈ ਸੁਖਬੀਰ ਦੀ ਤਿੱਖੀ ਆਲੋਚਣਾ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਰਗੀ ਪ੍ਰਮੁੱਖ ਸਿਆਸੀ ਪਾਰਟੀ ਦੇ ਪ੍ਰਧਾਨ ਦੀ ਇਹ ਕਾਰਵਾਈ ਉਚਿਤ ਨਹੀਂ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਨਿਰਵਿਘਣ ਕਰਾਉਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਗੁੰਡਾਗਰਦੀ ਦੇ ਸੱਭਿਆਚਾਰ ਵਿਰੁੱਧ ਵੱਡਾ ਫਤਵਾ ਦੇਣਗੇ।

Comments are closed.

COMING SOON .....


Scroll To Top
11