Tuesday , 18 February 2020
Breaking News
You are here: Home » NATIONAL NEWS » ਸੀ.ਏ.ਏ. ਨਾਲ ਕਿਸੇ ਦੀ ਨਾਗਰਿਕਤਾ ਨੂੰ ਨੁਕਸਾਨ ਨਹੀਂ ਹੋਵੇਗਾ : ਪ੍ਰਧਾਨ ਮੰਤਰੀ

ਸੀ.ਏ.ਏ. ਨਾਲ ਕਿਸੇ ਦੀ ਨਾਗਰਿਕਤਾ ਨੂੰ ਨੁਕਸਾਨ ਨਹੀਂ ਹੋਵੇਗਾ : ਪ੍ਰਧਾਨ ਮੰਤਰੀ

”ਕਾਂਗਰਸ ਦੇ ਰਾਹ ‘ਤੇ ਤੁਰਦੇ ਤਾਂ ਕਰਤਾਰਪੁਰ ਲਾਂਘਾ ਨਾ ਬਣਦਾ”

ਨਵੀਂ ਦਿੱਲੀ, 6 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਲਿਆਏ ਗਏ ਧੰਨਵਾਦ ਮਤੇ ‘ਤੇ ਆਪਣੇ ਸੰਬੋਧਨ ਦੌਰਾਨ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ‘ਤੇ ਪ੍ਰਤੀਕਿਰਿਆ ਦਿੱਤੀ। ਸ਼੍ਰੀ ਮੋਦੀ ਨੇ ਕਿਹਾ, “ਨਾਗਰਿਕਤਾ ਸੋਧ ਕਾਨੂੰਨ ਦੇਸ਼ ਦੀ ਸੰਸਦ ‘ਚ ਪਾਸ ਹੋਇਆ, ਨੋਟੀਫਿਕੇਸ਼ਨ ਜਾਰੀ ਹੋ ਗਏ ਹਨ। ਸੁਪਰੀਮ ਕੋਰਟ ਨੇ ਇਸ ‘ਤੇ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਇਹ ਵਾਰ-ਵਾਰ ਦੱਸਿਆ ਜਾ ਰਿਹਾ ਹੈ ਕਿ ਇਹ ਕਾਨੂੰਨ ਨਾਗਰਿਕਤਾ ਦੇਣਾ ਹੈ ਨਾ ਕਿ ਖੋਹਣਾ।” ਪੀ.ਐਮ. ਮੋਦੀ ਨੇ ਕਿਹਾ ਕਿ ਦੇਸ਼ ਦੇ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਅਤੇ ਇਸਾਈਆਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਕੁਝ ਲੋਕ ਇਸ ਬਾਰੇ ਸਵਾਲ ਕਰ ਰਹੇ ਹਨ, ਇਹ ਕਾਨੂੰਨ ਕਿਉਂ ਲਿਆਇਆ ਗਿਆ। ਕੋਈ ਕਹਿ ਰਿਹਾ ਹੈ ਕਿ ਇਹ ਦੇਸ਼ ਨੂੰ ਟੁਕੜਿਆਂ ‘ਚ ਵੰਡ ਦੇਵੇਗਾ। ਪਾਕਿਸਤਾਨ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਭਾਰਤ ਦੇ ਮੁਸਲਮਾਨਾਂ ਨੂੰ ਭੜਕਾਉਣ ਅਤੇ ਗੁੰਮਰਾਹ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਮੈਂ ਹੈਰਾਨ ਹਾਂ ਕਿ ਇੱਥੋਂ ਦੇ ਲੋਕ ਉਹ ਕੰਮ ਕਰ ਰਹੇ ਹਨ ਜੋ ਪਾਕਿਸਤਾਨ ਕਰਨ ‘ਚ ਅਸਫਲ ਹੋ ਰਿਹਾ ਹੈ। ਇਥੋਂ ਦੇ ਮੁਸਲਮਾਨ ਭਾਰਤੀ ਹਨ, ਹਿੰਦੁਸਤਾਨੀ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨਵੀਂ ਸੋਚ ਵਾਲੀ ਸਰਕਾਰ ਹੈ। ਅਸੀਂ ਤੇਜ਼ ਗਤੀ ਨਾਲ ਕੰਮ ਕੀਤਾ, ਲੀਕ ਤੋਂ ਹਟ ਕੇ ਕੰਮ ਕੀਤਾ। ਦੇਸ਼ ਦੀ ਜਨਤਾ ਨੇ ਸਾਡੇ ਕੰਮ ਨੂੰ 5 ਸਾਲ ਦੇਖਿਆ ਅਤੇ ਫਿਰ ਮੌਕਾ ਦਿੱਤਾ। ਇਹ ਦੇਸ਼ ਦੀ ਜਨਤਾ ਹੀ ਹੈ, ਜਿਸ ਨੇ ਸਾਨੂੰ ਅੱਗੇ ਵਧਣ ਦੀ ਤਾਕਤ ਦਿੱਤੀ। ਪੀ.ਐਮ. ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਵਿੰਨਦੇ ਹੋਏ ਕਿਹਾ, ਕਾਂਗਰਸ ਦੀ ਸਰਕਾਰ ਚੱਲਦੀ ਤਾਂ ਰਾਮ ਮੰਦਰ ਦੇ ਨਿਰਮਾਣ ਦਾ ਰਾਹ ਨਾ ਖੁੱਲ੍ਹਦਾ। ਕਾਂਗਰਸ ਦੀ ਸਰਕਾਰ ਹੁੰਦੀ ਤਾਂ ਕਰਤਾਰਪੁਰ ਲਾਂਘਾ ਕਦੇ ਨਾ ਬਣਦਾ। ਦੇਸ਼ ਹੁਣ ਲੰਬਾ ਇਤਜ਼ਾਰ ਕਰਨ ਲਈ ਤਿਆਰ ਨਹੀਂ ਹੈ। ਅੱਜ ਮੈਂ ਕਹਿ ਸਕਦਾ ਹਾਂ ਕਿ ਨਵੀਂ ਸਵੇਰ ਆਈ ਹੈ। ਭਾਰਤ-ਪਾਕਿ ਵੰਡ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਕੋਈ ਵੀ ਰੱਖ ਸਕਦਾ ਹੈ, ਪਰ ਇਸ ਇੱਛਾ ਨੂੰ ਪੂਰਾ ਕਰਨ ਲਈ ਦੇਸ਼ ‘ਚ ਇੱਕ ਲਕੀਰ ਖਿੱਚ ਦਿੱਤੀ ਗਈ। ਵੰਡ ਕਰ ਦਿੱਤੀ ਗਈ। ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਕੀ ਪੰਡਿਤ ਨਹਿਰੂ ਫਿਰਕੂ ਸਨ? ਕੀ ਉਹ ਹਿੰਦੂਆਂ ਅਤੇ ਮੁਸਲਮਾਨਾਂ ‘ਚ ਫ਼ਰਕ ਕਰਦੇ ਸਨ? ਕੀ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਸਨ? ਉਨ੍ਹਾਂ ਇਹ ਗੱਲ ਨਾਗਰਿਕਤਾ ਸੋਧ ਕਾਨੂੰਨ ਬਾਰੇ ਗੱਲ ਕਰਦਿਆਂ ਕਹੀ। ਸ਼੍ਰੀ ਮੋਦੀ ਨੇ ਕਿਹਾ ਕਿ ਪਾਕਿਸਤਾਨ ਦੇ ਹਾਲਾਤ ਨੂੰ ਵੇਖਦੇ ਹੋਏ ਗਾਂਧੀ ਜੀ ਦੇ ਨਾਲ ਹੀ ਨਹਿਰੂ ਜੀ ਦੀਆਂ ਭਾਵਨਾਵਾਂ ਵੀ ਜੁੜੀਆਂ ਸਨ। ਸਾਰੇ ਲੋਕ ਇਸ ਤਰ੍ਹਾਂ ਦੇ ਕਾਨੂੰਨ ਦੀ ਗੱਲ ਕਰਦੇ ਰਹੇ ਹਨ। ਉਨ੍ਹਾਂ ਕਿਹਾ, “ਇੰਨੇ ਦਹਾਕਿਆਂ ਬਾਅਦ ਵੀ ਪਾਕਿਸਤਾਨ ਦੀ ਸੋਚ ਨਹੀਂ ਬਦਲੀ ਹੈ। ਉੱਥੇ ਅੱਜ ਵੀ ਘੱਟਗਿਣਤੀਆਂ ‘ਤੇ ਅੱਤਿਆਚਾਰ ਹੋ ਰਹੇ ਹਨ। ਇਸ ਦੀ ਤਾਜ਼ਾ ਉਦਾਹਰਣ ਨਨਕਾਣਾ ਸਾਹਿਬ ‘ਚ ਵੇਖਣ ਨੂੰ ਮਿਲੀ। ਇਹ ਸਿਰਫ ਹਿੰਦੂਆਂ ਅਤੇ ਸਿੱਖਾਂ ਨਾਲ ਹੀ ਨਹੀਂ, ਸਗੋਂ ਹੋਰ ਘੱਟਗਿਣਤੀਆਂ ਨਾਲ ਵੀ ਇਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 1950 ‘ਚ ਨਹਿਰੂ-ਲਿਆਕਤ ਸਮਝੌਤਾ ਹੋਇਆ ਸੀ, ਜੋ ਕਿ ਭਾਰਤ ਅਤੇ ਪਾਕਿਸਤਾਨ ‘ਚ ਰਹਿੰਦੇ ਘੱਟਗਿਣਤੀਆਂ ਦੀ ਸੁਰੱਖਿਆ ਲਈ ਸੀ। ਇਸ ਸਮਝੌਤੇ ‘ਚ ਧਾਰਮਿਕ ਘੱਟਗਿਣਤੀਆਂ ਦਾ ਜ਼ਿਕਰ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਨੇ ਕਿਹਾ, “5 ਨਵੰਬਰ 1950 ਨੂੰ ਇਸੇ ਸੰਸਦ ‘ਚ ਨਹਿਰੂ ਜੀ ਨੇ ਕਿਹਾ ਸੀ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਪ੍ਰਭਾਵਤ ਲੋਕ ਭਾਰਤ ‘ਚ ਰਹਿਣ ਆਏ ਹਨ, ਉਹ ਨਾਗਰਿਕਤਾ ਦੇ ਹੱਕਦਾਰ ਹਨ ਅਤੇ ਜੇ ਕਾਨੂੰਨ ਇਸ ਦੇ ਅਨੁਕੂਲ ਨਹੀਂ ਹੈ ਤਾਂ ਕਾਨੂੰਨ ‘ਚ ਬਦਲਾਅ ਕੀਤਾ ਜਾਣਾ ਚਾਹੀਦਾ ਹੈ।

Comments are closed.

COMING SOON .....


Scroll To Top
11