Saturday , 20 April 2019
Breaking News
You are here: Home » EDITORIALS » ਸਿੱਧੂ ਸਾਹਿਬ ਦੀ ਪਹਿਲਕਦਮੀ ਅੱਗੇ ਤੋਰਨ ਦੀ ਲੋੜ

ਸਿੱਧੂ ਸਾਹਿਬ ਦੀ ਪਹਿਲਕਦਮੀ ਅੱਗੇ ਤੋਰਨ ਦੀ ਲੋੜ

ਸਾਬਕਾ ਕ੍ਰਿਕਟ ਖਿਡਾਰੀ, ਪੰਜਾਬ ਦੀ ਸ਼ਾਨ ਅਤੇ ਸੂਬੇ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਜਨਾਬ ਇਮਰਾਨ ਖਾਨ ਦੇ ਹਲਫ ਸਮਾਗਮ ਮੌਕੇ ਲਈ ਗਈ ਪਹਿਲਕਦਮੀ ਦੇ ਮੌਜੂਦਾ ਸਮੇਂ ਵਿੱਚ ਵੱਡੇ ਅਰਥ ਹਨ। ਇਸ ਪਹਿਲਕਦਮੀ ਨੂੰ ਹੋਰ ਅੱਗੇ ਵਧਾਉਣ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਭਾਰਤ ਅਤੇ ਪਾਕਿਸਤਾਨ ਦਰਮਿਆਨ ਵਿਗੜੇ ਸਬੰਧਾਂ ਕਾਰਨ ਇਸ ਖੇਤਰ ਦੀ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਨੂੰ ਗ੍ਰਹਿਣ ਲੱਗਿਆ ਹੋਇਆ ਹੈ। ਦੋਵੇਂ ਦੇਸ਼ ਬੇਲੋੜੇ ਤੌਰ ’ਤੇ ਆਪਸੀ ਟਕਰਾਅ ਵਿੱਚ ਬਹੁਤ ਕੁਝ ਗਵਾ ਰਹੇ ਹਨ। ਦੋਵੇਂ ਹੀ ਦੇਸ਼ ਗਰੀਬੀ, ਬੇਰੁਜ਼ਗਾਰੀ ਅਤੇ ਭੁੱਖਮਰੀ ਦਾ ਸ਼ਿਕਾਰ ਹਨ। ਇਸ ਦੇ ਬਾਵਜੂਦ ਸਿਆਸੀ ਨੇਤਾਵਾਂ ਵੱਲੋਂ ਜੰਗੀ ਮਨਸੂਬਿਆਂ ਨੂੰ ਪਾਲਿਆ ਪਲੋਸਿਆ ਜਾ ਰਿਹਾ ਹੈ। ਇਸ ਹਾਲਤ ਵਿੱਚ ਸ. ਸਿੱਧੂ ਦੀ ਪਹਿਲਕਦਮੀ ਸਥਿਤੀ ਨੂੰ ਇਕ ਨਵੀਂ ਦਿਸ਼ਾ ਵੱਲ ਲੈ ਜਾਂਦੀ ਪ੍ਰਤੀਤ ਹੋ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਕੁਝ ਸਿਆਸੀ ਧਿਰਾਂ ਨੇ ਆਪਣੀਆਂ ਰੋਟੀਆਂ ਸੇਕਣ ਲਈ ਉਨ੍ਹਾਂ ਨੂੰ ਬੇਲੋੜੀ ਆਲੋਚਨਾ ਦਾ ਸ਼ਿਕਾਰ ਬਣਾਇਆ। ਇਥੋਂ ਤੱਕ ਸਿੱਧੂ ਸਾਹਿਬ ਦੀ ਦੇਸ਼ ਭਗਤੀ ਅਤੇ ਵਿਚਾਰਧਾਰਾ ਉਪਰ ਬੇਵਿਸ਼ਵਾਸੀ ਪ੍ਰਗਟਾਈ ਗਈ। ਉਹ ਪਾਕਿਸਤਾਨ ਜਨਾਬ ਇਮਰਾਨ ਖਾਨ ਦੇ ਨਿੱਜੀ ਸੱਦੇ ਉਪਰ ਹਲਫ ਸਮਾਗਮ ਵਿੱਚ ਹਿੱਸਾ ਲੈਣ ਗਏ ਸਨ। ਕੌਮਾਂਤਰੀ ਪੱਧਰ ਦੀ ਸੈਲੇਬ੍ਰੇਟੀ ਸਖਸ਼ੀਅਤ ਹੋਣ ਕਾਰਨ ਉਹ ਇਸ ਦੌਰੇ ਦੌਰਾਨ ਪਾਕਿਸਤਨ ਵਿੱਚ ਖਿੱਚ ਦਾ ਵੱਡਾ ਕਾਰਨ ਬਣ ਗਏ। ਇਹੋ ਕਾਰਨ ਹੈ ਕਿ ਪਾਕਿਸਤਾਨ ਦੇ ਲੋਕਾਂ, ਨੇਤਾਵਾਂ ਅਤੇ ਪਾਕਿਸਤਾਨ ਦੀ ਫੌਜ ਦੇ ਮੁਖੀ ਤੱਕ ਨੇ ਉਨ੍ਹਾਂ ਦਾ ਭਰਵਾਂ ਅਤੇ ਨਿੱਘਾ ਸਵਾਗਤ ਕੀਤਾ। ਇਸ ਸਰਗਰਮੀ ਨੂੰ ਕਿਸੇ ਵੀ ਤਰ੍ਹਾਂ ਦੇਸ਼ ਧ੍ਰੋਹੀ ਨਾਲ ਨਹੀਂ ਜੋੜਿਆ ਜਾ ਸਕਦਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸ. ਨਵਜੋਤ ਸਿੰਘ ਸਿੱਧੂ ਨੇ ਇਸ ਮੌਕੇ ਨੂੰ ਬਹੁਤ ਹੀ ਦੂਰ ਅੰਦੇਸ਼ੀ ਨਾਲ ਇਸਤੇਮਾਲ ਕੀਤਾ। ਉਨ੍ਹਾਂ ਨੇ ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਲਈ ਮੰਗ ਨੂੰ ਉਠਾਇਆ ਗਿਆ। ਇਸ ਲਾਂਘੇ ਦੀ ਮੰਗ ਕਰੋੜਾਂ ਸਿੱਖ ਦਹਾਕਿਆਂ ਤੋਂ ਕਰ ਰਹੇ ਹਨ। ਪਾਕਿਸਤਾਨ ਵਿੱਚ ਰਹਿ ਗਏ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਬੀਤੇ 7 ਦਹਾਕਿਆਂ ਤੋਂ ਸਿੱਖ ਅਰਦਾਸਾਂ ਕਰ ਰਹੇ ਹਨ। ਇਹ ਇਕ ਵੱਡਾ ਅਤੇ ਭਾਵਨਾਤਾਮਿਕ ਮੁੱਦਾ ਹੈ। ਸਿੱਧੂ ਸਾਹਿਬ ਵੱਲੋਂ ਜਿਸ ਢੰਗ ਨਾਲ ਇਸ ਮੰਗ ’ਤੇ ਜ਼ੋਰ ਦਿੱਤਾ ਗਿਆ ਹੈ, ਉਸ ਨਾਲ ਇਹ ਉਮੀਦ ਜਾਗੀ ਹੈ ਕਿ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਭਾਰਤ ਵਿੱਚੋਂ ਲੱਖਾਂ ਸੰਗਤਾਂ ਇਸ ਗੁਰੂ ਅਸਥਾਨ ਦੀ ਬਿਨਾਂ ਵੀਜ਼ੇ ਤੋਂ ਯਾਤਰਾ ਕਰ ਸਕਣਗੀਆਂ। ਇਹ ਵੀ ਵੱਡੀ ਗੱਲ ਹੈ ਕਿ ਗੁਆਂਢੀ ਦੇਸ਼ ਦੇ ਵਜ਼ੀਰੇ ਆਜ਼ਮ ਨਾਲ ਸਿੱਧੂ ਸਾਹਿਬ ਰਾਹੀਂ ਭਾਰਤ ਦੀ ਸਿੱਧੀ ਰਸਾਈ ਹੋ ਗਈ ਹੈ। ਜੇਕਰ ਭਾਰਤ ਸਰਕਾਰ ਅਤੇ ਸਿਆਸੀ ਰਹਿਨੁਮਾ ਸਿਆਣੇ ਹੋਣ ਤਾਂ ਉਹ ਇਸ ਨੂੰ ਇਕ ਡਿਪਲੋਮੈਟਿਕ ਚੈਨਲ ਵਜੋਂ ਵਰਤ ਸਕਦੇ ਹਨ। ਆਮ ਹਾਲਾਤਾਂ ਵਿੱਚ ਅਜਿਹੇ ਮੌਕੇ ਘੱਟ ਹੀ ਮਿਲਦੇ ਹਨ ਪਰ ਇਹ ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਅਤੇ ਕੁਝ ਸਿਆਸੀ ਧਿਰਾਂ ਪਾਕਿਸਤਾਨ ਨਾਲ ਸਬੰਧ ਸੁਧਾਰਨਾ ਨਹੀਂ ਚਾਹੁੰਦੀਆਂ ਸਗੋਂ ਇਸ ਟਕਰਾਅ ਨੂੰ ਹੋਰ ਵਧਾਉਣ ਵਿੱਚ ਲੱਗੀਆਂ ਹੋਈਆਂ ਹਨ। ਭਾਰਤ ਅਤੇ ਪਾਕਿਸਤਾਨ ਦਰਮਿਆਨ ਵਿਗੜੇ ਸਬੰਧਾਂ ਕਾਰਨ ਇਸ ਖੇਤਰ ਦੀ ਤਰੱਕੀ ਅਤੇ ਸਮਾਜਿਕ ਵਿਕਾਸ ਰੁਕਿਆ ਹੋਇਆ ਹੈ। ਦੋਵੇਂ ਦੇਸ਼ਾਂ ਦੀ ਸਿਆਸੀ ਸਥਾਪਨਾਵਾਂ ਇਕ ਦੂਸਰੇ ਨਾਲ ਦੁਸ਼ਮਣੀ ਨਿਭਾਉਣ ਲਈ ਭਾਰੀ ਫੌਜੀ ਖਰਚਾ ਕਰ ਰਹੀਆਂ ਹਨ। ਦੂਜੇ ਪਾਸੇ ਵਪਾਰ ਅਤੇ ਨਿਵੇਸ਼ ਦੇ ਸ਼ਾਨਦਾਰ ਮੌਕੇ ਗਵਾਏ ਜਾ ਰਹੇ ਹਨ। ਜੇਕਰ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਸੁਧਰਦੇ ਹਨ ਤਾਂ ਇਸ ਨਾਲ ਭਾਰਤ ਮੱਧ ਏਸ਼ੀਆ ਤੱਕ ਆਪਣੇ ਵਪਾਰ ਅਤੇ ਕਾਰੋਬਾਰ ਨੂੰ ਵਧਾ ਸਕਦਾ ਹੈ। ਦਵੱਲੇ ਸਬੰਧ ਆਮ ਵਰਗੇ ਹੋਣ ਨਾਲ ਸਭ ਤੋਂ ਵੱਡਾ ਲਾਭ ਪੰਜਾਬ ਨੂੰ ਹੋਣਾ ਹੈ। ਚੰਗਾ ਹੈ ਜੇਕਰ ਅਮਨ ਅਤੇ ਦੋਸਤੀ ਲਈ ਪਾਕਿਸਤਾਨ ਨਾਲ ਸਬੰਧਾਂ ਨੂੰ ਆਮ ਵਰਗੇ ਬਣਾਉਣ ਹਿੱਤ ਸਿੱਧੂ ਸਾਹਿਬ ਦੀਆਂ ਸੇਵਾਵਾਂ ਲਈਆਂ ਜਾਣ। ਸਿੱਧੂ ਸਾਹਿਬ ਵੱਲੋਂ ਲਈ ਗਈ ਪਹਿਲਕਦਮੀ ਨੂੰ ਹੋਰ ਅੱਗੇ ਵਧਾਉਣ ਦੀ ਜ਼ਰੂਰਤ ਹੈ। ਦੋਵੇਂ ਦੇਸ਼ਾਂ ਦਰਮਿਆਨ ਕੁੜੱਤਣ ਪੈਦਾ ਕਰਨ ਵਾਲੀਆਂ ਤਾਕਤਾਂ ਮਨੁੱਖਤਾ ਅਤੇ ਦੇਸ਼ ਦੀਆਂ ਦੁਸ਼ਮਣ ਹਨ। ਭਾਰਤ ਨੂੰ ਪਾਕਿਸਤਾਨ ਸਮੇਤ ਸਾਰੇ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧ ਵਿਕਸਤ ਕਰਨੇ ਚਾਹੀਦੇ ਹਨ। ਸ. ਨਵਜੋਤ ਸਿੰਘ ਸਿੱਧੂ ਦਾ ਪੈਗਾਮ ਮੌਜੂਦਾ ਸਮੇਂ ਵੱਡਾ ਮਹੱਤਵ ਰੱਖਦਾ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿੱਧੂ ਸਾਹਿਬ ਇਸ ਦਿਸ਼ਾ ਵਿੱਚ ਹੋਰ ਸਰਗਰਮੀ ਦਿਖਾਉਣਗੇ ਅਤੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਨਾਲ ਆਪਣੇ ਨਿੱਜੀ ਸਬੰਧਾਂ ਦੇ ਬਲਬੂਤੇ ਦਵੱਲੇ ਮਸਲਿਆਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11