Thursday , 27 June 2019
Breaking News
You are here: Home » EDITORIALS » ਸਿੱਧੂ ਦੇ ਮੁੱਦੇ ‘ਤੇ ਕਠੋਰ ਕਦਮ ਹੋਵੇਗਾ ਘਾਤਕ

ਸਿੱਧੂ ਦੇ ਮੁੱਦੇ ‘ਤੇ ਕਠੋਰ ਕਦਮ ਹੋਵੇਗਾ ਘਾਤਕ

ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦਰਮਿਆਨ ਸ਼ੁਰੂ ਹੋਈ ਸਿਆਸੀ ਲੜਾਈ ਅਤੇ ਤਣਾਅ ਹੌਲੀ-ਹੌਲੀ ਸਿਖਰ ਵੱਲ ਵਧ ਰਿਹਾ ਪ੍ਰਤੀਤ ਹੋ ਰਿਹਾ ਹੈ। ਪੰਜਾਬ ਕਾਂਗਰਸ ਅੰਦਰਲੀਆਂ ਅਤੇ ਕੁੱਝ ਬਾਹਰਲੀਆਂ ਤਾਕਤਾਂ ਇਸ ਮੁੱਦੇ ਨੂੰ ਲਗਾਤਾਰ ਭੜਕਾਉਣ ਦੀ ਕੋਸ਼ਿਸ਼ ਵਿੱਚ ਹਨ ਤਾਂ ਜੋ ਸ. ਸਿੱਧੂ ਨੂੰ ਪੰਜਾਬ ਕੈਬਨਿਟ ਵਿੱਚੋਂ ਕਢਵਾ ਕੇ ਕਾਂਗਰਸ ਅਤੇ ਕਾਂਗਰਸ ਸਰਕਾਰ ਨੂੰ ਕਮਜ਼ੋਰ ਕੀਤਾ ਜਾਵੇ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਮੁੱਦੇ ‘ਤੇ ਆਪਣੇ ਰੁੱਖ ਨੂੰ ਹੋਰ ਕਠੋਰ ਕਰ ਲਿਆ ਹੈ। ਉਨ੍ਹਾਂ ਵੱਲੋਂ ਸਿੱਧੂ ਖਿਲਾਫ ਅਨੁਸਾਸ਼ਨੀ ਕਾਰਵਾਈ ਦਾ ਮਾਮਲਾ ਕਾਂਗਰਸ ਦੀ ਕੌਮੀ ਲੀਡਰਸ਼ਿਪ ਕੋਲ ਵੀ ਉਠਾਇਆ ਗਿਆ ਹੈ। ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਵੀ ਮੁੱਖ ਮੰਤਰੀ ਵੱਲੋਂ ਇਸ ਮੁੱਦੇ ‘ਤੇ ਆਪਣਾ ਪੱਖ ਰੱਖਿਆ ਗਿਆ ਸੀ। ਮੁੱਖ ਮੰਤਰੀ ਦਾ ਦੋਸ਼ ਹੈ ਕਿ ਚੋਣਾਂ ਦੇ ਆਖਰੀ ਦਿਨਾਂ ਵਿੱਚ ਸਿੱਧੂ ਦੀ ਬਿਆਨਬਾਜ਼ੀ, ਸਿੱਧੂ ਦੀ ਅਗਵਾਈ ਹੇਠਲੇ ਸਥਾਨਕ ਸਰਕਾਰਾਂ ਵਿਭਾਗਾਂ ਦੀ ਮਾੜੀ ਕਾਰਗੁਜਾਰੀ ਅਤੇ ਪਾਕਿਸਤਾਨ ਦੇ ਫੌਜੀ ਜਨਰਲ ਨੂੰ ਜੱਫੀਆਂ ਪਾਉਣ ਕਾਰਨ ਕਾਂਗਰਸ ਦਾ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਚੋਣਾਂ ਦੌਰਾਨ ਭਾਰੀ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਪੰਜਾਬ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣ ਦੇ ਦਾਅਵੇ ਕਰ ਰਹੇ ਸਨ ਪ੍ਰੰਤੂ ਕਾਂਗਰਸ ਨੂੰ 13 ਵਿੱਚੋਂ ਸਿਰਫ 8 ਸੀਟਾਂ ਹੀ ਮਿਲੀਆਂ ਹਨ। ਗੁਰਦਾਸਪੁਰ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੂੰ ਭਾਜਪਾ ਉਮੀਦਵਾਰ ਹੱਥੋਂ ਹਾਰਨਾ ਪਿਆ। ਇਸੇ ਤਰ੍ਹਾਂ ਕਾਂਗਰਸ ਹੁਸ਼ਿਆਰਪੁਰ ਦੀ ਸੀਟ ਹਾਰ ਗਈ। ਸੰਗਰੂਰ ਵਿੱਚ ਕਾਂਗਰਸ ਦੇ ਵੱਡੇ ਨੇਤਾ ਅਤੇ ਮੁੱਖ ਮੰਤਰੀ ਦੇ ਵਿਸ਼ਵਾਸ ਪਾਤਰ ਸ. ਕੇਵਲ ਸਿੰਘ ਢਿੱਲੋਂ ‘ਆਪ’ ਤੋਂ ਹਾਰ ਗਏ। ਫਿਰੋਜ਼ਪੁਰ ਅਤੇ ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਜੇਤੂ ਰਿਹਾ ਹੈ। ਹਾਰਨ ਵਾਲੀਆਂ ਸਾਰੀਆਂ ਸੀਟਾਂ ਸ਼ਹਿਰੀ ਨਹੀਂ ਹਨ। ਪੰਜਾਬ ਵਿੱਚ ਮੁੱਖ ਤੌਰ ‘ਤੇ ਵੱਧ ਸ਼ਹਿਰੀ ਵੋਟਾਂ ਵਾਲੀਆਂ ਸੀਟਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਕਾਂਗਰਸ ਜੇਤੂ ਰਹੀ ਹੈ। ਮੁੱਖ ਮੰਤਰੀ ਦਾ ਇਹ ਤਰਕ ਸਹੀ ਨਹੀਂ ਹੈ ਕਿ ਸ. ਸਿੱਧੂ ਦੀ ਅਗਵਾਈ ਹੇਠਲੇ ਲੋਕਲ ਬਾਡੀ ਵਿਭਾਗ ਦੀ ਕਾਰਗੁਜ਼ਾਰੀ ਕਾਰਨ ਕਾਂਗਰਸ ਦਾ ਚੋਣਾਂ ਵਿੱਚ ਨੁਕਸਾਨ ਹੋਇਆ ਹੈ। ਸ. ਸਿੱਧੂ ਵੱਲੋਂ ਪਾਕਿਸਤਾਨ ਦੇ ਫੌਜੀ ਜਨਰਲ ਨੂੰ ਜੱਫੀ ਪਾਉਣ ਦਾ ਮੁੱਦਾ ਵੀ ਕਾਫੀ ਪੁਰਾਣਾ ਹੈ। ਇਸ ਦਾ ਲੋਕ ਸਭਾ ਚੋਣਾਂ ਦਾ ਕਿਧਰੇ ਕੋਈ ਅਸਰ ਨਹੀਂ ਦਿਖਿਆ। ਇਹ ਗੱਲ ਮੰਨਣਯੋਗ ਹੈ ਕਿ ਸ. ਸਿੱਧੂ ਵੱਲੋਂ ਬਠਿੰਡਾ ਵਿਖੇ ਚੋਣ ਰੈਲੀ ਦੌਰਾਨ ਮੁੱਖ ਮੰਤਰੀ ਖਿਲਾਫ ਬੋਲੇ ਗਏ ਸ਼ਬਦ ਸਹੀ ਨਹੀਂ ਸਨ। ਚੰਗਾ ਇਹ ਸੀ ਕਿ ਸ. ਸਿੱਧੂ ਫੌਰੀ ਤੌਰ ‘ਤੇ ਇਹ ਸ਼ਬਦ ਵਾਪਸ ਲੈ ਲੈਂਦੇ। ਪਰ ਇਸ ਗੱਲ ਨੂੰ ਵਧਾਉਣ ਦਾ ਵੀ ਕੋਈ ਲਾਭ ਨਹੀਂ ਹੈ। ਇਸ ਨਾਲ ਸਗੋਂ ਪੰਜਾਬ ਵਿੱਚ ਕਾਂਗਰਸ ਦਾ ਭਾਰੀ ਸਿਆਸੀ ਨੁਕਸਾਨ ਹੈ। ਜੇਕਰ ਮੁੱਖ ਮੰਤਰੀ ਸ. ਸਿੱਧੂ ਖਿਲਾਫ ਕਾਰਵਾਈ ਲਈ ਡੱਟੇ ਰਹਿੰਦੇ ਹਨ ਤਦ ਪੰਜਾਬ ਵਿੱਚੋਂ ਕਾਂਗਰਸ ਪਾਰਟੀ ਅਤੇ ਸਰਕਾਰ ਲਈ ਸੰਕਟ ਵਧ ਸਕਦਾ ਹੈ। ਸ. ਸਿੱਧੂ ਲੋਕਾਂ ਵਿੱਚ ਕਾਫੀ ਹਰਮਨ ਪਿਆਰੇ ਨੇਤਾ ਹਨ। ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਪੰਜਾਬ ਦੇ ਸਾਰੇ ਨੇਤਾਵਾਂ ਤੋਂ ਵੱਧ ਮਿਹਨਤ ਕੀਤੀ ਹੈ। ਇਹ ਗੱਲ ਵੱਖਰੀ ਹੈ ਕਿ ਭਾਜਪਾ ਦੀ ਲਹਿਰ ਕਾਰਨ ਕਾਂਗਰਸ ਨੂੰ ਵਧੇਰੇ ਸੀਟਾਂ ਨਹੀਂ ਮਿਲ ਸਕੀਆਂ। ਕਾਂਗਰਸ ਦੀ ਮਾੜੀ ਕਾਰਗੁਜਾਰੀ ਲਈ ਸਿਰਫ ਸ. ਸਿੱਧੂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਸ ਦੀ ਜ਼ਿੰਮੇਵਾਰੀ ਸਾਂਝੇ ਤੌਰ ‘ਤੇ ਸਾਰੇ ਨੇਤਾਵਾਂ ‘ਤੇ ਆਉਂਦੀ ਹੈ। ਬਠਿੰਡਾ, ਫਿਰੋਜ਼ਪੁਰ, ਹੁਸ਼ਿਆਰਪੁਰ, ਸੰਗਰੂਰ ਅਤੇ ਗੁਰਦਾਸਪੁਰ ਵਿੱਚ ਕਾਂਗਰਸ ਦੀ ਹਾਰ ਲਈ ਮੁੱਖ ਮੰਤਰੀ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਇਨ੍ਹਾਂ ਹਲਕਿਆਂ ਨਾਲ ਸਬੰਧਤ ਮੰਤਰੀ ਅਤੇ ਕਾਂਗਰਸੀ ਵਿਧਾਇਕਾਂ ਸਿਰ ਵੀ ਜ਼ਿੰਮੇਵਾਰੀ ਆਉਂਦੀ ਹੈ। ਚੋਣਾਂ ਵਿੱਚ ਕਾਂਗਰਸ ਦੇ ਨੁਕਸਾਨ ਲਈ ਸਿਰਫ ਸ. ਸਿੱਧੂ ਖਿਲਾਫ ਕਾਰਵਾਈ ਦਰੁਸਤ ਨਹੀਂ ਹੈ। ਇਸ ਮਾਮਲੇ ਵਿੱਚ ਚੁੱਕਿਆ ਗਿਆ ਕੋਈ ਵੀ ਕਠੋਰ ਕਦਮ ਕਾਂਗਰਸ ਲਈ ਘਾਤਕ ਸਿੱਧ ਹੋਵੇਗਾ। ਚੰਗਾ ਹੋਵੇਗਾ ਇਸ ਮਾਮਲੇ ਵਿੱਚ ਸਾਰੀਆਂ ਧਿਰਾਂ ਸੰਜਮ ਅਤੇ ਠਰੰਮੇ ਤੋਂ ਕੰਮ ਲੈਣ ਤਾਂ ਜੋ ਕਾਂਗਰਸ ਨੂੰ ਸਿਆਸੀ ਨੁਕਸਾਨ ਤੋਂ ਬਚਾਇਆ ਜਾ ਸਕੇ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11