Monday , 14 October 2019
Breaking News
You are here: Home » EDITORIALS » ਸਿੱਖ ਭਾਈਚਾਰਾ ਸੰਭਲਣ ਦੀ ਕੋਸ਼ਿਸ਼ ਕਰੇ

ਸਿੱਖ ਭਾਈਚਾਰਾ ਸੰਭਲਣ ਦੀ ਕੋਸ਼ਿਸ਼ ਕਰੇ

ਭਾਵੇਂ ਸਿੱਖ ਭਾਰਤ ਵਿੱਚ ਪ੍ਰਧਾਨ ਮੰਤਰੀ ਸਮੇਤ ਵੱਡੇ ਅਹੁਦਿਆਂ ‘ਤੇ ਬਿਰਾਜਮਾਨ ਰਹੇ ਹਨ, ਇਸ ਦੇ ਬਾਵਜੂਦ ਸਿੱਖ ਭਾਈਚਾਰੇ ਦੀ ਦੇਸ਼ ਵਿੱਚ ਸਥਿਤੀ ਸਮਾਜਿਕ ਅਤੇ ਰਾਜਸੀ ਤੌਰ ‘ਤੇ ਬਹੁਤ ਕਮਜ਼ੋਰ ਹੈ। ਸਿੱਖ ਭਾਈਚਾਰਾ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਦੇਸ਼ ਦੀ ਮੁੱਖ ਧਾਰਾ ਨਾਲ ਨਹੀਂ ਜੁੜ ਸਕਿਆ। ਸਿੱਖ ਭਾਈਚਾਰੇ ਨੇ ਦੇਸ਼ ਨੂੰ ਆਜ਼ਾਦ ਕਰਾਉਣ ਅਤੇ ਦੇਸ਼ ਦੀ ਉਸਾਰੀ ਦੇ ਖੇਤਰ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਈ ਹੈ। ਇਹ ਇਕ ਕੌੜਾ ਸੱਚ ਹੈ ਆਜ਼ਾਦੀ ਪਿੱਛੋਂ ਸਿੱਖਾਂ ਨਾਲ ਕਈ ਖੇਤਰਾਂ ਵਿੱਚ ਰੱਜ ਕੇ ਵਿਤਕਰਾ ਕੀਤਾ ਗਿਆ। ਕਈ ਵਾਰ ਸਿੱਖਾਂ ਨੂੰ ਦੇਸ਼ ਦੇ ਦੂਸਰੇ ਦਰਜੇ ਦੇ ਨਾਗਰਿਕ ਹੋਣ ਦਾ ਅਹਿਸਾਸ ਤੱਕ ਕਰਨਾ ਪਿਆ। ਅਜਿਹਾ ਇਸ ਲਈ ਵਾਪਰਿਆ, ਕਿਉਂਕਿ ਭਾਰਤ ਦੀ ਕੌਮੀ ਲੀਡਰਸ਼ਿਪ ਦਾ ਨਜ਼ਰੀਆ ਹਮੇਸ਼ਾ ਫਿਰਕੂ ਅਤੇ ਪੱਖਪਾਤੀ ਰਿਹਾ। ਇਹ ਵਤੀਰਾ ਹਾਲੇ ਵੀ ਕਈ ਰੂਪਾਂ ਵਿੱਚ ਜਿਉਂ ਦਾ ਤਿਉਂ ਕਾਇਮ ਹੈ। ਸਿੱਖ ਭਾਈਚਾਰੇ ਦੇ ਪ੍ਰਮੁੱਖ ਕਰਮ ਸਥਾਨ ਪੰਜਾਬ ਨਾਲ ਬੀਤੇ ਸਮੇਂ ਵਿੱਚ ਕੇਂਦਰ ਵੱਲੋਂ ਕੀਤੀ ਗਈ ਜ਼ਿਆਦਤੀ ਇਸ ਵਤੀਰੇ ਦਾ ਹੀ ਹਿੱਸਾ ਹੈ। ਪੰਜਾਬ ਨੂੰ ਸਿਰਫ਼ ਇਸ ਕਾਰਨ ਤਰੱਕੀ ਦੇ ਬਰਾਬਰ ਮੌਕੇ ਪ੍ਰਦਾਨ ਨਹੀਂ ਕੀਤੇ ਗਏ ਕਿਉਂਕਿ ਇਸ ਧਰਤੀ ਉੱਪਰ ਸਿੱਖ ਵਸੇ ਹੋਏ ਹਨ। ਸਰਕਾਰ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਪੰਜਾਬ ਵੱਖ-ਵੱਖ ਖੇਤਰਾਂ ਵਿੱਚ ਪੱਛੜ ਜਾਵੇ। ਇਹੋ ਕਾਰਨ ਹੈ ਕਿ ਇਸ ਸਮੇਂ ਪੰਜਾਬ ਬਹੁਤ ਸਾਰੇ ਖੇਤਰਾਂ ਵਿੱਚ ਦੇਸ਼ ਦੇ ਦੂਸਰੇ ਸੂਬਿਆਂ ਤੋਂ ਪੱਛੜ ਗਿਆ ਹੈ। ਪੰਜਾਬ ਦੀ ਖੇਤੀ ਆਰਥਿਕਤਾ ਬੂਰੀ ਤਰ੍ਹਾਂ ਟੁੱਟ ਚੁੱਕੀ ਹੈ। ਪੰਜਾਬ ਦੇ ਜ਼ਿਆਦਾਤਰ ਕਿਸਾਨ ਸਿੱਖ ਹਨ। ਦੇਸ਼ ਦੀ ਕੌਮੀ ਲੀਡਰਸ਼ਿਪ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਪੰਜਾਬ ਦਾ ਸਿੱਖ ਕਿਸਾਨ ਕਦੇ ਵੀ ਆਰਥਿਕ ਪੱਖੋਂ ਮਜ਼ਬੂਤ ਨਾ ਹੋਵੇ। ਇਸ ਸਾਜ਼ਿਸ਼ੀ ਨੀਤੀ ਨੂੰ ਲਾਗੂ ਕਰਨ ਲਈ ਹੀ ਕਿਸਾਨਾਂ ਨੂੰ ਕਦੇ ਵੀ ਜਿਣਸਾਂ ਦੇ ਸਹੀ ਭਾਅ ਨਹੀਂ ਮਿਲੇ। ਖੇਤੀ ਲਈ ਲੋੜੀਂਦੀਆਂ ਵਸਤਾਂ, ਜਿਨ੍ਹਾਂ ‘ਚ ਖਾਦ ਅਤੇ ਬੀਜ ਸ਼ਾਮਲ ਹਨ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਕੀਤਾ ਗਿਆ। ਜੇਕਰ ਪੰਜਾਬ ਦੀ ਖੇਤੀਬਾੜੀ ਸਿੱਖਾਂ ਦੀ ਥਾਂ ਕਿਸੇ ਹੋਰ ਧਾਰਮਿਕ ਫਿਰਕੇ ਦੇ ਅਧੀਨ ਹੁੰਦੀ, ਤਾਂ ਸ਼ਾਇਦ ਇਹ ਹਾਲਤ ਨਾ ਹੁੰਦੀ। ਸਿੱਖ ਕਿਸਾਨਾਂ ਦੀ ਆਰਥਿਕ ਮੰਦਹਾਲੀ ਲਈ ਕੇਂਦਰ ਦਾ ਫਿਰਕੂ ਅਤੇ ਪੱਖਪਾਤੀ ਨਜ਼ਰੀਆ ਖਾਸ ਤੌਰ ‘ਤੇ ਜ਼ਿੰਮੇਵਾਰ ਹੈ। ਕੇਂਦਰ ਦੇ ਫਿਰਕੂ ਅਤੇ ਗੈਰ ਬਰਾਬਰੀ ਵਾਲੇ ਵਤੀਰੇ ਕਾਰਨ ਪੰਜਾਬ ‘ਚ 1960 ਤੋਂ ਬਾਅਦ ਹਾਲਾਤ ਲਗਾਤਾਰ ਤਣਾਅ-ਪੂਰਨ ਅਤੇ ਅਸ਼ਾਂਤੀ ਵਾਲੇ ਰਹੇ। ਇਸ ਦੇ ਕਾਰਨ ਵੀ ਸਪੱਸ਼ਟ ਸਨ। ਪਹਿਲਾਂ ਸੂਬਿਆਂ ਦੇ ਗਠਨ ਸਮੇਂ ਪੰਜਾਬ ਨਾਲ ਵਿਤਕਰਾ ਕੀਤਾ ਗਿਆ। ਬਾਅਦ ਵਿੱਚ ਜਦੋਂ ਪੰਜਾਬੀ ਸੂਬੇ ਦਾ ਗਠਨ ਕੀਤਾ ਗਿਆ, ਤਾਂ ਜਾਣ-ਬੁੱਝ ਕੇ ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਨੂੰ ਇਸ ਤੋਂ ਬਾਹਰ ਰੱਖਿਆ ਗਿਆ। ਪੰਜਾਬ ਦੇ ਪਾਣੀਆਂ ਨੂੰ ਸਾਰੇ ਕਾਨੂੰਨ ਅਤੇ ਰਿਵਾਇਤਾਂ ਛਿੱਕੇ ਟੰਗ ਕੇ ਮੁਫ਼ਤ ਦੇ ਭਾਅ ਦੂਜੇ ਰਾਜਾਂ ਨੂੰ ਦੇ ਦਿੱਤਾ ਗਿਆ। ਪੰਜਾਬ ਦੀਆਂ ਪਣ ਬਿਜਲੀ ਯੋਜਨਾਵਾਂ ਉੱਪਰ ਕੇਂਦਰ ਨੇ ਕਬਜ਼ਾ ਕਰ ਲਿਆ। ਇਸ ਦਵੈਤ ਕਾਰਨ ਹੀ ਪੰਜਾਬ ਵਿੱਚ 80ਵਿਆਂ ਦੇ ਸਮੇਂ ਦੌਰਾਨ ਸਿੱਖ ਲਹਿਰ ਪੈਦਾ ਹੋਈ। ਇਸ ਲਹਿਰ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਨੌਜਵਾਨ ਕੇਂਦਰੀ ਸੈਨਾਵਾਂ ਵੱਲੋਂ ਮਾਰ ਦਿੱਤੇ ਗਏ। ਲੱਖਾਂ ਪਰਿਵਾਰਾਂ ਨੂੰ ਇਸ ਸਮੇਂ ਦੌਰਾਨ ਉਜਾੜੇ ਦਾ ਮੂੰਹ ਦੇਖਣਾ ਪਿਆ। ਸਿੱਖ ਗੁਰਧਾਮਾਂ ਉੱਪਰ ਟੈਂਕ ਚਾੜ੍ਹੇ ਗਏ। ਭਾਰਤੀ ਫੌਜਾਂ ਨੇ 1984 ਦੌਰਾਨ ਸਿੱਖਾਂ ਨੂੰ ਜਿਹੜਾ ‘ਸਬਕ ਸਿਖਾਇਆ’ ਇਸ ਦੀ ਪੀੜਾ ਹਾਲੇ ਵੀ ਹਰ ਸਿੱਖ ਮਹਿਸੂਸ ਕਰਦਾ ਹੇ। ਤਸ਼ੱਦਦ ਦੇ ਇਸ ਦੌਰ ਕਾਰਨ ਸਿੱਖ ਭਾਰਤ ਵਿੱਚ ਵਸਦੇ ਹੋਣ ਦੇ ਬਾਵਜੂਦ ਦਿਲੀ ਤੌਰ ‘ਤੇ ਭਾਰਤ ਨਾਲ ਜੁੜ ਨਹੀਂ ਸਕੇ। ਸਿੱਖਾਂ ‘ਚ ਬੇਗਾਨਗੀ ਦੀ ਭਾਵਨਾ ਹਾਲੇ ਵੀ ਜਿਉਂ ਦੀ ਤਿਉਂ ਕਾਇਮ ਹੈ। ਇਸ ਭਾਵਨਾ ਦਾ ਪ੍ਰਗਟਾਵਾਂ ਸਿੱਖ ਅਕਸਰ ਕਰਦੇ ਰਹਿੰਦੇ ਹਨ। ਇਹ ਗੱਲ ਜੁਦਾ ਹੈ ਕਿ ਪਿਛਲੇ ਸਮੇਂ ‘ਚ ਪਈ ਮਾਰ ਕਾਰਨ ਸਿੱਖਾਂ ਦੀ ਅਸਲ ਲੀਡਰਸ਼ਿਪ ਬਿਖਰ ਕੇ ਰਹਿ ਗਈ। ਲੀਡਰਸ਼ਿਪ ਦੇ ਇਸ ਖੱਪੇ ਨੂੰ ਢੌਂਗੀ ਸਿਆਸਤਦਾਨਾਂ ਨੇ ਸਰਕਾਰੀ ਮਦਦ ਨਾਲ ਭਰ ਲਿਆ। ਢੌਂਗੀ ਸਿਆਸਤਦਾਨਾਂ ਦੀ ਇਹ ਜਮਾਤ ਸਿੱਖਾਂ ਦੀਆਂ ਭਾਵਨਾਵਾਂ ਦਾ ਹਮੇਸ਼ਾ ਤਿਰਸਕਾਰ ਕਰਦੀ ਰਹਿੰਦੀ ਹੈ। ਲੀਡਰਸ਼ਿਪ ਦੀ ਕਮੀ ਦੇ ਬਾਵਜੂਦ ਸਿੱਖਾਂ ਦੀ ਸਵੈ-ਮਾਨ ਜਿਊਣ ਦੀ ਤਮੰਨਾ ਅਤੇ ਸਿੱਖ ਪਹਿਚਾਣ ਦੀ ਕਾਇਮੀ ਦੇ ਸੁਪਨੇ ਦਾ ਅੰਤ ਨਹੀਂ ਹੋਇਆ। ਆਮ ਸਿੱਖ ਹਾਲੇ ਵੀ ਇਸ ਗੱਲ ਲਈ ਆਸਵੰਦ ਹੈ ਕਿ ਇੱਕ ਦਿਨ ਜ਼ਰੂਰ ਅਜਿਹਾ ਆਵੇਗਾ ਜਦੋਂ ਸਿੱਖ ਵੀ ਸੰਸਾਰ ਵਿੱਚ ਸਿਰ ਉਠਾ ਕੇ ਚੱਲ ਸਕਣਗੇ। ਹਾਲਾਤ ਇੱਕੋ ਜਿਹੇ ਨਹੀਂ ਰਹਿੰਦੇ। ਸੰਸਾਰ ਬਦਲ ਰਿਹਾ ਹੈ। ਬਦਲੇ ਸੰਸਾਰ ਵਿੱਚ ਆਪਣੀ ਹੋਂਦ ਅਤੇ ਸਵੈ-ਮਾਣ ਲਈ ਲੜ ਰਹੀਆਂ ਕੌਮਾਂ ਲਈ ਸੁਨਹਿਰੇ ਦਿਨ ਪਰਤਣ ਦੀ ਸੰਭਾਵਾਨਾ ਬਣ ਰਹੀ ਹੈ। ਸਿਆਸੀ ਲੀਡਰਸ਼ਿਪ ਤਦ ਹੀ ਇਸ ਰਾਹ ‘ਤੇ ਉੱਤਰੇਗੀ ਜੇਕਰ ਸਿੱਖ ਖੁੱਦ ਵੇਲਾ ਸੰਭਾਲਣਗੇ। ਵੋਟਾਂ ਦੀ ਰਾਜਨੀਤੀ ਵਿੱਚ ਫਸੇ ਨੇਤਾਵਾਂ ਤੋਂ ਅਜਿਹੀ ਆਸ ਕਰਨੀ ਥੋੜ੍ਹੀ ਮੁਸ਼ਕਿਲ ਹੈ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11