Monday , 9 December 2019
Breaking News
You are here: Home » EDITORIALS » ਸਿੱਖ ਬੰਦੀਆਂ ਦੀ ਰਿਹਾਈ

ਸਿੱਖ ਬੰਦੀਆਂ ਦੀ ਰਿਹਾਈ

ਕੇਂਦਰ ਸਰਕਾਰ ਨੇ ਲੰਬੀ ਉਡੀਕ ਤੋਂ ਬਾਅਦ ਆਖਿਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਸਮੇਤ ਜੇਲ੍ਹਾਂ ‘ਚ ਸਜ਼ਾ ਕੱਟ ਰਹੇ 8 ਸਿੱਖ ਬੰਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਦਾ ਫੈਸਲਾ ਲਿਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਇਹ ਨਿਰਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨਾਲ ਜੋੜਿਆ ਗਿਆ ਹੈ। ਸਿੱਖ ਪੰਥ ਲੰਬੇ ਸਮੇਂ ਤੋਂ ਮਿਥੇ ਸਮੇਂ ਤੋਂ ਵੱਧ ਜੇਲ੍ਹ ਵਿੱਚ ਬੰਦ ਸਿੱਖ ਨਜ਼ਰਬੰਦਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ। ਪਹਿਲਾਂ ਭਾਈ ਗੁਰਬਖਸ਼ ਸਿੰਘ ਵੱਲੋਂ ਇਸ ਮੰਗ ਨੂੰ ਲੈ ਕੇ ਮਰਨ ਵਰਤ ਰੱਖਿਆ ਗਿਆ। ਹੁਣ ਜਥੇਦਾਰ ਸੂਰਤ ਸਿੰਘ ਖਾਲਸਾ ਵੱਲੋਂ ਲਗਾਤਾਰ ਮਰਨ ਵਰਤ ਜਾਰੀ ਹੈ। ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਸਮੇਂ ਇਹ ਯਤਨ ਕੀਤਾ ਜਾਂਦਾ ਰਿਹਾ ਕਿ ਮਿਥੇ ਸਮੇਂ ਤੋਂ ਵੱਧ ਸਮਾਂ ਜੇਲ੍ਹ ਕੱਟ ਚੁੱਕੇ ਸਿੱਖਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਪ੍ਰੰਤੂ ਇਸ ਸਬੰਧੀ ਕਈ ਕਾਨੂੰਨੀ ਅੜਿਕੇ ਪਾ ਕੇ ਇਹ ਰਿਹਾਈਆਂ ਨਹੀਂ ਹੋ ਸਕੀਆਂ। ਬਦਲੇ ਹੋਏ ਹਾਲਾਤਾਂ ਵਿੱਚ ਹੁਣ ਕੇਂਦਰ ਸਰਕਾਰ ਨੇ ਸਿਰਫ 8 ਸਿੱਖ ਬੰਦੀਆਂ ਦੀ ਰਿਹਾਈ ਦਾ ਫੈਸਲਾ ਲਿਆ ਹੈ। ਬੇਸ਼ਕ ਇਹ ਇਕ ਚੰਗਾ ਫੈਸਲਾ ਹੈ ਪ੍ਰੰਤੂ ਸਜ਼ਾ ਪੂਰੀਆਂ ਕਰ ਚੁੱਕੇ ਦੂਸਰੇ ਸਿੱਖ ਬੰਦੀਆਂ ਨੂੰ ਨਾ ਛੱਡਣਾ ਬੇਇਨਸਾਫੀ ਹੈ। ਪ੍ਰੋ. ਭੁੱਲਰ ਤੋਂ ਇਲਾਵਾ ਰਿਹਾਅ ਹੋਣ ਵਾਲਿਆਂ ‘ਚ ਭਾਈ ਗੁਰਦੀਪ ਸਿੰਘ ਖੇੜਾ, ਭਾਈ ਨੰਦ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਲਾਲ ਸਿੰਘ, ਭਾਈ ਵਰਿਆਮ ਸਿੰਘ, ਭਾਈ ਬਲਬੀਰ ਸਿੰਘ ਤੇ ਭਾਈ ਸੁਬੇਗ ਸਿੰਘ ਦੇ ਨਾਂਅ ਸ਼ਾਮਿਲ ਹਨ। ਸਿੱਖ ਪੰਥ ਵੱਲੋਂ ਕੀਤੇ ਜਾ ਰਹੇ ਸੰਘਰਸ਼ ਕਾਰਨ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਕੁੱਝ ਸਿੱਖ ਬੰਦੀਆਂ ਨੂੰ ਪੈਰੋਲ ਮਿਲਣੀ ਸ਼ੁਰੂ ਹੋ ਗਈ ਸੀ ਪ੍ਰੰਤੂ ਉਨ੍ਹਾਂ ਦੀ ਰਿਹਾਈ ਨਾਲ ਹੀ ਅੰਤਿਮ ਰਾਹਤ ਮਿਲ ਸਕਦੀ ਹੈ। ਕਾਨੂੰਨੀ ਤੌਰ ‘ਤੇ ਇਹ ਵੱਡੀ ਬੇਇਨਸਾਫੀ ਹੈ ਕਿ ਸਿੱਖ ਬੰਦੀ ਨਿਰਧਾਰਤ ਸਮੇਂ ਤੋਂ ਵੱਧ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਨੂੰ ਰਿਹਾਅ ਕਰਨ ਦੀ ਥਾਂ ਸਰਕਾਰ ਬਹਾਨੇਬਾਜ਼ੀ ਕਰਦੀ ਰਹੀ ਹੈ। ਸਰਕਾਰ ਨੂੰ ਇਹ ਮਸਲਾ ਸਿਆਸਤ ਨਾਲ ਨਹੀਂ ਜੋੜਨਾ ਚਾਹੀਦਾ। ਕਾਨੂੰਨੀ ਤੌਰ ‘ਤੇ ਸਿੱਖ ਭਾਈਚਾਰੇ ਨੂੰ ਵੀ ਬਰਾਬਰੀ ਦਾ ਹੱਕ ਹੈ। ਇਸ ਲਈ ਜੇਲ੍ਹਾਂ ਵਿੱਚ ਬੰਦ ਸਾਰੇ ਸਿੱਖ ਨਜ਼ਰਬੰਦਾਂ ਦੀ ਰਿਹਾਈ ਬਾਰੇ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ। ਦੇਸ਼ ਦੀ ਨਿਆਂਪਾਲਿਕਾ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇਣਾ ਚਾਹੀਦਾ ਹੈ ਤਾਂ ਜੋ ਸਿੱਖ ਭਾਈਚਾਰੇ ਦੇ ਨਜ਼ਰਬੰਦਾਂ ਨੂੰ ਇਨਸਾਫ ਮਿਲ ਸਕੇ। ਕੇਂਦਰ ਸਰਕਾਰ ਵੱਲੋਂ 8 ਬੰਦੀਆਂ ਦੀ ਰਿਹਾਈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨਾ ਹਾਂ ਪੱਖੀ ਕਦਮ ਹੈ। ਇਸ ਨਾਲ ਸਿੱਖ ਭਾਈਚਾਰੇ ਨੂੰ ਵੱਡੀ ਰਾਹਤ ਮਿਲੇਗੀ। ਸਰਕਾਰ ਨੂੰ ਅਜਿਹੇ ਹੋਰ ਕਦਮ ਵੀ ਚੁੱਕਣੇ ਚਾਹੀਦੇ ਹਨ ਜਿਸ ਨਾਲ ਸਿੱਖ ਭਾਈਚਾਰੇ ਦੇ ਜ਼ਖਮ ਭਰੇ ਜਾ ਸਕੇ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11