Monday , 30 March 2020
Breaking News
You are here: Home » EDITORIALS » ਸਿੱਖ ਨਜ਼ਰਬੰਦਾਂ ਨਾਲ ਇਨਸਾਫ ਹੋਵੇ

ਸਿੱਖ ਨਜ਼ਰਬੰਦਾਂ ਨਾਲ ਇਨਸਾਫ ਹੋਵੇ

ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਨਜ਼ਰਬੰਦਾਂ ਨਾਲ ਇਨਸਾਫ ਨਹੀਂ ਹੋ ਰਿਹਾ। ਜ਼ਿਆਦਾਤਰ ਸਿੱਖ ਨਜ਼ਰਬੰਦ ਕਾਨੂੰਨ ਵੱਲੋਂ ਨਿਰਧਾਰਤ ਸਜ਼ਾ ਤੋਂ ਵੱਧ ਜੇਲ੍ਹ ਕੱਟ ਚੁੱਕੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ। ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਸਿੱਖ ਨਜ਼ਰਬੰਦਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਕਸਦ ਲਈ ਭਾਈ ਗੁਰਬਖਸ਼ ਸਿੰਘ ਸ਼ਹੀਦੀ ਦੇ ਚੁੱਕੇ ਹਨ, ਜਦੋਂ ਕਿ ਬਜ਼ੁਰਗ ਸਿੱਖ ਆਗੂ ਬਾਪੂ ਸੂਰਤ ਸਿੰਘ ਖਾਲਸਾ ਲੰਬੇ ਮਰਨ ਵਰਤ ‘ਤੇ ਬੈਠੇ ਹਨ। ਕੇਂਦਰ ਸਰਕਾਰ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ 8 ਸਿੱਖ ਨਜ਼ਰਬੰਦਾਂ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਜਾਵੇਗੀ। ਇਸ ਲਈ ਬਕਾਇਦਾ ਦਫ਼ਤਰੀ ਕਾਰਵਾਈ ਵੀ ਸ਼ੁਰੂ ਹੋ ਗਈ ਸੀ। ਸਰਕਾਰੀ ਰਿਕਾਰਡ ਵਿੱਚ ਇਹ ਬਕਾਇਦਾ ਦਰਜ ਹੈ। ਪਰ ਇਹ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਇਸ ਵਾਅਦੇ ਤੋਂ ਮੁਕਰ ਗਈ ਹੈ। ਲੋਕ ਸਭਾ ਵਿੱਚ ਇਕ ਸਵਾਲ ਦੇ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਆਖਿਆ ਹੈ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਦਾ ਕੋਈ ਪ੍ਰਸਤਾਵ ਨਹੀਂ ਇਹ ਸਿਰਫ ਅਖਬਾਰੀ ਖਬਰਾਂ ਹਨ। ਲਾਜ਼ਮੀ ਤੌਰ ‘ਤੇ ਗ੍ਰਹਿ ਮੰਤਰੀ ਦੇ ਇਸ ਬਿਆਨ ਨਾਲ ਸਿੱਖ ਭਾਈਚਾਰੇ ਨੂੰ ਇਕ ਵੱਡਾ ਧੱਕਾ ਲੱਗਾ ਹੈ। ਕੇਂਦਰ ਦੀ ਭਾਜਪਾ ਸਰਕਾਰ ਦਾ ਇਹ ਸਿੱਖ ਭਾਈਚਾਰੇ ਨਾਲ ਵੱਡਾ ਧੋਖਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਭਾਜਪਾ ਨੇਤਾ ਰਿਹਾਈਆਂ ਦੇ ਪ੍ਰਸਤਾਵ ਲਈ ਵਧਾਈਆਂ ਲੈ ਰਹੇ ਸਨ, ਪ੍ਰੰਤੂ ਹੁਣ ਢੀਠਤਾਈ ਨਾਲ ਇਸ ਗੱਲ ਤੋਂ ਹੀ ਮੁੱਕਰ ਗਏ ਹਨ। ਬੇਕਸੂਰ ਸਿੱਖਾਂ ਨੂੰ ਪਹਿਲਾਂ ਕਾਂਗਰਸ ਸਰਕਾਰ ਸਮੇਂ ਮਾਰਿਆ ਗਿਆ ਅਤੇ ਜੇਲ੍ਹਾਂ ਵਿੱਚ ਸੁੱਟਿਆ ਗਿਆ ਹੁਣ ਭਾਜਪਾ ਦੀ ਸਰਕਾਰ ਕਾਂਗਰਸ ਦੇ ਪਦਚਿੰਨ੍ਹਾਂ ਉੱਪਰ ਚੱਲਦੇ ਹੋਏ, ਸਜ਼ਾ ਪੂਰੀ ਕਰ ਚੁੱਕੇ ਸਿੱਖ ਨਜ਼ਰਬੰਦਾਂ ਨੂੰ ਰਿਹਾਅ ਕਰਨ ਤੋਂ ਇਨਕਾਰੀ ਹੋ ਗਈ ਹੈ। ਇਸ ਬੇਇਨਸਾਫੀ ਅਤੇ ਵਾਅਦਾ ਖਿਲਾਫੀ ਵਿਰੁੱਧ ਸਿੱਖ ਭਾਈਚਾਰੇ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ। ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਧਾਰਨ ਮਸਲਾ ਨਹੀਂ ਹੈ। ਸਿੱਖ ਭਾਈਚਾਰਾ ਇਸ ਮਾਮਲੇ ਵਿੱਚ ਇਨਸਾਫ ਚਾਹੁੰਦਾ ਹੈ। ਕਾਨੂੰਨ ਵੱਲੋਂ ਨਿਰਧਾਰਤ ਸਜ਼ਾ ਤੋਂ ਵੱਧ ਜੇਲ੍ਹਾਂ ਕੱਟ ਚੁੱਕੇ ਸਿੱਖ ਨਜ਼ਰਬੰਦਾਂ ਨੂੰ ਰਿਹਾਅ ਕਰਨਾ ਸਰਕਾਰ ਦਾ ਮਾਨਵੀ ਅਤੇ ਕਾਨੂੰਨੀ ਫਰਜ਼ ਹੈ। ਇਸ ਮਾਮਲੇ ਵਿੱਚ ਹੋਰ ਬੇਇਨਸਾਫੀ ਨਾਲ ਸਿੱਖ ਭਾਈਚਾਰੇ ਦਾ ਦੇਸ਼ ਦੇ ਪ੍ਰਬੰਧ ਵਿੱਚੋਂ ਵਿਸ਼ਵਾਸ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11