Sunday , 21 April 2019
Breaking News
You are here: Home » ENTERTAINMENT » ਸਿੱਖ ਧਰਮ ਵਿੱਚ ਰਾਜਨੀਤੀ ਅਤੇ ਸਮਾਜ ਸੁਧਾਰ ਦੇ ਉਸੱਰਈਏ ਗੁਰੂ ਅਮਰਦਾਸ ਜੀ

ਸਿੱਖ ਧਰਮ ਵਿੱਚ ਰਾਜਨੀਤੀ ਅਤੇ ਸਮਾਜ ਸੁਧਾਰ ਦੇ ਉਸੱਰਈਏ ਗੁਰੂ ਅਮਰਦਾਸ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਜੋਤ ਸ੍ਰੀ ਗੁਰੂ ਅਮਰਦਾਸ ਜੀ ਦੀ ਗੁਰਿਆਈ ਦਾ ਸਮਾਂ (1552-1578) ਤੱਕ ਸਿੱਖ ਇਤਿਹਾਸ ਵਿੱਚ ਇੱਕ ਮੀਲ ਪੱਥਰ ਹੈ। ਇਹ ਸਮਾਂ ਧਰਮ ਦੀ ਪ੍ਰਗਤੀ ਅਤੇ ਪਸਾਰ ਦਾ ਸਮਾਂ ਰਿਹਾ ਹੈ। ਉਹਨਾਂ ਦੁਆਰਾ ਅਧਿਆਤਮਕ ਅਤੇ ਸਮਾਜਕ ਖੇਤਰ ਵਿੱਚ ਜੋ ਦੇਣ ਮਨੁੱਖੀ ਕਲਿਆਣ ਹਿੱਤ ਦਿੱਤੀ ਗਈ, ਉਹ ਆਪਣੇ ਆਪ ਵਿੱਚ ਲਾਸਾਨੀ ਕਿਸਮ ਦੀ ਹੈ।
ਗੁਰੂ ਜੀ ਦਾ ਜਨਮ 4 ਮਈ 1479 ਨੂੰ ਪਿੰਡ ਬਾਸਰਕੇ, ਜੋ ਕਿ ਅੰਮ੍ਰਿਤਸਰ ਤੋਂ ਕੋਈ 5 ਮੀਲ ਦੀ ਦੂਰੀ ’ਤੇ ਸਥਿਤ ਹੈ, ਵਿਖੇ ਪਿਤਾ ਤੇਜਭਾਨ ਭੱਲੇ ਦੇ ਘਰ ਹੋਇਆ ਪਰ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਨੇ ਆਪਣੀ ਖੋਜ ਮੁਤਾਬਕ ਆਪ ਦਾ ਜਨਮ 11 ਮਈ 1479 ਨੂੰ ਹੋਇਆ ਸਿੱਧ ਕੀਤਾ ਹੈ। ਆਪ ਦਾ ਵਿਆਹ 23 ਸਾਲ ਦੀ ਉਮਰ ਵਿੱਚ 1502 ਈ ਨੂੰ ‘ਦੇਵੀ ਚੰਦ’ ਦੀ ਬੇਟੀ ‘ਰਾਮੋ’ ਨਾਲ ਹੋਇਆ।ਆਪ ਦੇ ਘਰ ਦੋ ਪੁੱਤਰ ਬਾਬਾ ਮੋਹਨ ਅਤੇ ਬਾਬਾ ਮੋਹਰੀ ਅਤੇ ਦੋ ਧੀਆਂ ਬੀਬੀ ਭਾਨੀ ਅਤੇ ਬੀਬੀ ਦਾਸੀ ਨੇ ਜਨਮ ਲਿਆ।
ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਉਮਰ ਵਿੱਚ ਲਗਭਗ 10 ਸਾਲ ਛੋਟੇ ਸਨ ਅਤੇ ਗੁਰੂ ਅੰਗਦ ਦੇਵ ਜੀ ਤੋਂ 25 ਸਾਲ ਵੱਡੇ ਸਨ। ਆਪ ਵੈਸ਼ਨਵ ਭਗਤ ਸਨ ਅਤੇ 1521 ਤੋਂ 1541 ਅਰਥਾਤ 42 ਸਾਲ ਤੋਂ 62 ਸਾਲ ਦੀ ਉਮਰ ਤੱਕ ਹਰ ਸਾਲ ‘ਹਰਿਦੁਆਰ ਸਾਹਿਬ’ ਇਸ਼ਨਾਨ ਕਰਨ ਲਈ ਜਾਂਦੇ ਸਨ। 1541 ਵਿੱਚ ਜਦੋਂ ਜਦੋਂ ਗੰਗਾ ਇਸ਼ਨਾਨ ਕਰਨ ਲਈ ਗਏ ਤਾਂ ਇੱਕ ਪੰਡਿਤ ਨੇ ਆਪ ਜੀ ਦੇ ਪੈਰਾਂ ਦੀ ਪਦਮ ਰੇਖਾ ਦੇਖੀ ਤਾਂ ਆਪ ਵਿੱਚੋਂ ਉਸ ਨੂੰ ਮਹਾਂਪੁਰਖ ਦਾ ਪ੍ਰਕਾਸ਼ ਦਿਸਿਆ। ਇਸ ਘਟਨਾ ਤੋਂ ਥੋੜ੍ਹਾ ਸਮਾਂ ਪਹਿਲਾ ਹੀ ਬੀਬੀ ਅਮਰੋ ਜੋ ਕਿ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਸੀ, ਦਾ ਵਿਆਹ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਹੋਇਆ ਸੀ। ਬੀਬੀ ਅਮਰੋ ਭਾਵੇਂ ਉਮਰ ਵਿੱਚ ਬਹੁਤ ਛੋਟੇ ਸਨ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਉਹਨਾਂ ਨੂੰ ਯਾਦ ਸੀ ਅਤੇ ਅੰਮ੍ਰਿਤ ਵੇਲੇ ਉਠਕੇ ਬਾਣੀ ਪੜ੍ਹਣ ਦਾ ਨੇਮ ਸੀ॥ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਤੋਂ ਅਕਾਲ ਪੁਰਖ ਦੀ ਉਸਤਤਿ ਦੀ ਬਾਣੀ ਸੁਣੀ ਤਾਂ ਮਨ ‘ਚ ਅਜੀਬ ਕਿਸਮ ਦੀ ਹਲਚਲ ਪੈਦਾ ਹੋਈ ਅਤੇ ਬੀਬੀ ਅਮਰੋਂ ਦੇ ਨਾਲ ਖਡੂਰ ਸਾਹਿਬ, ਗੁਰੂ ਅੰਗਦ ਦੇਵ ਜੀ ਦੇ ਕੋਲ ਆਏ। ਪ੍ਰਾਹੁਣਚਾਰੀ ਵਾਲਾ ਮਾਣ ਤਿਆਗ ਕੇ ਗੁਰੂ ਜੀ ਦੇ ਚਰਨਾਂ ‘ਤੇ ਢਹਿ ਪਏ ਤੇ ਤਨ-ਮਨ ਨਾਲ ਸੇਵਾ ਵਿੱਚ ਜੁੱਟ ਗਏ। ਇਸ ਵੇਲੇ ਆਪ ਦੀ ਉਮਰ 62 ਸਾਲ ਦੀ ਸੀ ਪਰ ਗੁਰੂ ਅੰਗਦ ਦੇਵ ਜੀ ਪ੍ਰਤੀ ਆਪ ਦੀ ਤੀਬਰ ਖਿੱਚ ਸੀ ਜਿਸ ਸਦਕਾ ਆਪ ਜੀ ਨੇ ਗੁਰੂ ਜੀ ਕੋਲ ਖਡੂਰ ਸਾਹਿਬ ਪੱਕਾ ਨਿਵਾਸ ਕਰ ਲਿਆ ਅਤੇ ਤਨ-ਮਨ ਨਾਲ 11 ਸਾਲ ਗੁਰੂ ਜੀ ਦੀ ਸੇਵਾ ਕੀਤੀ। ਆਪ ਹਰ ਰੋਜ਼ ਪ੍ਰਭਾਤ ਵੇਲੇ ਗੁਰੂ ਸਾਹਿਬ ਦੇ ਇਸ਼ਨਾਨ ਲਈ ਬਿਆਸ ਨਦੀ ‘ਚੋਂ ਜਲ (ਜੋ ਕਿ ਖਡੂਰ ਸਾਹਿਬ ਤੋਂ ਕੋਈ ਤਿੰਨ ਕੋਹ ਦੀ ਦੂਰੀ ‘ਤੇ ਸਥਿਤ ਹੈ) ਲਿਆਇਆ ਕਰਦੇ ਸਨ, ਪਰ ਕਈ ਇਤਿਹਾਸਕਾਰਾਂ ਮੁਤਾਬਕ ਆਪ ਇਹ ਜਲ ਗੋਇੰਦਵਾਲ ਸਾਹਿਬ ਵਿਖੇ ਗੁਰੂ ਜੀ ਦੇ ਸਾਂਝੇ ਖੂਹਾਂ ਵਿੱਚੋਂ ਲਿਆਇਆ ਕਰਦੇ ਸਨ।ਕਈ ਲੋਕ ਆਪ ਨੂੰ ‘ਨੌਕਰ, ਪਾਗਲ, ਕਹਾਰ’ ਕਹਿਕੇ ਮਾਖੌਲ ਉਡਾਉਂਦੇ ਸਨ ਪਰ ਆਪ ਇਸ ਦੀ ਪਰਵਾਹ ਨਹੀਂ ਸੀ ਕਰਦੇ। ਇੱਕ ਦਿਨ ਉਮਰ ਵਡੇਰੀ ਹੋਣ ਕਰਕੇ ਅਤੇ ਹਨੇਰੀ ਸਿਆਲੀ ਰਾਤ ਨੂੰ ਵਰ੍ਹਦੇ ਮੀਂਹ ਵਿੱਚ ਜਲ ਦੀ ਭਰੀ ਗਾਗਰ ਲਈ ਆਉਂਦੇ ਖਡੂਰ ਸਾਹਿਬ ਦੇ ਜੁਲਾਹਿਆਂ ਦੀ ਖੱਡੀ ਨਾਲ ਠੇਡਾ ਖਾ ਕੇ ਡਿੱਗ ਪਏ ਅਤੇ ਜੁਲਾਹੀ ਨੇ ਆਪ ਨੁੰ ‘ਨਿਥਾਵਾ’ ਆਖ ਦਿੱਤਾ। ਇਹ ਗੱਲ ਗੁਰੂ ਅੰਗਦ ਦੇਵ ਜੀ ਕੋਲ ਪਹੁੰਚ ਗਈ। ਸੇਵਾ, ਸਿਮਰਨ, ਅਡੋਲਤਾ, ਸਿੱਦਕ, ਸ਼ਾਂਤ ਮਨ ਦਾ ਹੋਣਾ ਆਦਿ ਗੁਣਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਯਕੀਨ ਕਰਾ ਦਿੱਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲਹਿਰ ਦੀ ਤੀਜੀ ਗੱਦੀ ਨੂੰ ਸ੍ਰੀ ਗੁਰੂ ਅਮਰਦਾਸ ਜੀ ਹੀ ਸੰਭਾਲਣਯੋਗ ਹਨ। ਗੁਰੂ ਜੀ ਨੇ 16 ਅਪ੍ਰੈਲ 1552 ਵਿੱਚ ਆਪ ਨੂੰ ‘ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ’ ਦਾ ਬਚਨ ਕਰਦੇ ਹੋਏ ਸਾਰੀ ਸੰਗਤ ਦੇ ਸਾਹਮਣੇ ਪ੍ਰਚੱਲਿਤ ਮਰਿਆਦਾ ਅਨੁਸਾਰ ਨਾਰੀਅਲ ਅਤੇ 5 ਪੈਸੇ ਅੱਗੇ ਰੱਖਕੇ ਮੱਥਾ ਟੇਕਿਆ ਅਤੇ ਗੁਰੂ ਗੱਦੀ ’ਤੇ ਬਿਰਾਜਮਾਨ ਕਰਨ ਲਈ ਗੁਰਗੱਦੀ ਦਾ ਟਿੱਕਾ ਸਤਿਕਾਰਯੋਗ ਬਾਬਾ ਬੁੱਢਾ ਜੀ ਨੇ ਲਗਾਇਆ। ਸਾਰੀ ਬਾਣੀ ਆਪ ਦੇ ਹਵਾਲੇ ਕਰ ਦਿੱਤੀ। ਇਸ ਤੋਂ ਮਗਰੋਂ ਛੇਤੀ ਹੀ 1609 ਬਿਕਰਮੀ ਸਾਲ ਚੇਤ ਦੇ ਮਹੀਨੇ ਚਾਨਣੇ ਪੱਖ ਦੇ ਚੌਥੇ ਦਿਨ 29 ਮਾਰਚ 1552 ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਜੋਤੀ-ਜੋਤ ਸਮਾ ਗਏ।
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਮੁਤਾਬਕ ਆਪ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਆ ਗਏ ਕਿਉਂਕਿ ਗੁਰੂ ਅੰਗਦ ਦੇਵ ਜੀ ਨੇ ਆਪਣੀ ਦੂਰ-ਦ੍ਰਿਸ਼ਟੀ ਨਾਲ ਇਹ ਅਨੁਭਵ ਕਰ ਲਿਆ ਸੀ ਕਿ ਕਿਸੇ ਸਮੇਂ ਇਹ ਅਸਥਾਨ ਸਿੱਖੀ ਪ੍ਰਚਾਰ ਦਾ ਬਹੁਤ ਵੱਡਾ ਕੇਂਦਰ ਬਣੇਗਾ। ਇਸ ਲਈ ਇਹ ਜਿੰਮੇਵਾਰੀ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ। ਇਥੇ ਆਪ ਨੇ ਕਈ ਸਾਲ ਬਿਆਸ ਦਰਿਆ ਦੇ ਕਿਨਾਰੇ’ ਗੋਇੰਦਵਾਲ ਸਾਹਿਬ’ ਵਿੱਚ ਬਤੀਤ ਕੀਤੇ ਅਤੇ ਪੰਗਤ ਤੇ ਸੰਗਤ ਦੀ ਪਰੰਪਰਾ ਨੂੰ ਮਜ਼ਬੂਤ ਕੀਤਾ। ਗੋਇੰਦਵਾਲ ਸਾਹਿਬ ਵਿੱਚ ਇਕ ‘ਬਾਉਲੀ ਸਾਹਿਬ’ ਦਾ ਨਿਰਮਾਣ ਕਰਵਾਇਆ ਗਿਆ, ਜਿਸਨੇ ਸਿੱਖ ਧਰਮ ਵਿੱਚ ਇੱਕ ਨਵਾਂ ਪਰਿਵਰਤਨ ਲਿਆਂਦਾ। ਸਿੱਖ ਵਿਸਾਖੀ, ਦੀਵਾਲੀ ਅਤੇ ਹੋਰ ਦਿਨਾਂ ਉਤੇ ਗੋਇੰਦਵਾਲ ਸਾਹਿਬ ਆ ਕੇ ਇੱਕਤਰ ਹੋਣੇ ਸ਼ੁਰੂ ਹੋ ਗਏ ਅਤੇ ਸਿੱਖਾਂ ਵਿੱਚ ਸੰਗਠਨ ਤੇ ਏਕਤਾ ਦੀ ਭਾਵਨਾ ਦਾ ਜਨਮ ਹੋਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਗਈ ‘ਸੰਗਤ ਪ੍ਰਥਾ’ ਦਾ ਵਿਕਾਸ ਕੀਤਾ। ਜਾਤ-ਪਾਤ ਦੇ ਭੇਦ-ਭਾਵ ਨੂੰ ਮਿਟਾਉਣ ਲਈ ਆਪ ਨੇ ‘ਲੰਗਰ ਪ੍ਰਥਾ’ ਨੂੰ ਵੀ ਮਜ਼ਬੂਤ ਕੀਤਾ। ਗੁਰੂ ਜੀ ਆਪਸੀ ਵਿਤਕਰਿਆਂ ਨੂੰ ਮਿਟਾਕੇ ਸਮਾਨਤਾ ਲਿਆਉਣੀ ਚਾਹੁੰਦੇ ਸਨ, ਇਸ ਲਈ ਉਹਨਾਂ ਨੇ ਆਦੇਸ਼ ਦਿੱਤਾ ਕਿ ਜੋ ਕੋਈ ਵੀ ਸਾਡੇ ਦਰਸ਼ਨ ਕਰਨ ਆਵੇ ਪਹਿਲਾਂ ਲੰਗਰ ਵਿੱਚੋਂ ਪ੍ਰਸ਼ਾਦਾ ਛਕੇ ਅਤੇ ਫਿਰ ਸੰਗਤ ਵਿੱਚ ਹਾਜ਼ਰ ਹੋ ਕੇ ਉੇਪਦੇਸ਼ ਸੁਣੇ। ਮੁਗਲ ਬਾਦਸ਼ਾਹ ਅਕਬਰ ਜਦੋਂ ਗੁਰੂ ਜੀ ਨੂੰ ਮਿਲਣ ਆਇਆ ਤਾਂ ਉਸਨੇ ਵੀ ਗੁਰੂ ਜੀ ਦੇ ਹੁਕਮ ਨੂੰ ਮੰਨਦਿਆਂ ਪੰਗਤ ਵਿੱਚ ਬੈਠਕੇ ਲੰਗਰ ਛਕਿਆ ਅਤੇ ਫਿਰ ਗੁਰੂ ਸਾਹਿਬ ਦੇ ਦਰਸ਼ਨ ਕੀਤੇ ।ਇਸ ਪ੍ਰਕਾਰ ਗੁਰੂ ਸਾਹਿਬ ਨੇ ‘ਪਹਿਲੇ ਪੰਗਤ, ਪਾਛੇ ਸੰਗਤ’ ਦੀ ਮਰਿਆਦਾ ਸਥਾਪਤ ਕੀਤੀ।
ਗੁਰੂ ਜੀ ਦੇ ਸਮੇਂ ਸਿੱਖੀ ਦਾ ਘੇਰਾ ਦਿਨੋਂ-ਦਿਨ ਵਿਸ਼ਾਲ ਹੁੰਦਾ ਜਾ ਰਿਹਾ ਸੀ। ਜਿਸ ਕਰਕੇ ਸਮੁੱਚੇ ਸਿੱਖ ਜਗਤ ਨੂੰ 22 ਹਿੱਸਿਆਂ ਵਿੱਚ ਵੰਡਿਆ ਗਿਆ ਅਤੇ 22 ਮੰਜੀਆਂ ਸਥਾਪਤ ਕੀਤੀਆ ਗਈਆ। ਮੰਜੀ ਸਥਾਪਨਾ ਦਾ ਸਭ ਤੋਂ ਵੱਡਾ ਉਦੇਸ਼ ਆਪੋ-ਆਪਣੇ ਇਲਾਕਿਆਂ ਵਿੱਚ ਨਿਯੁਕਤ ਕੀਤੇ ਪ੍ਰਚਾਰਕਾਂ ਦੁਆਰਾ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਹੁੰਦਾ ਸੀ।ਮੰਜੀਆਂ ਦੀ ਸਥਾਪਨਾ ਕਰਕੇ ਗੁਰੂ ਸਾਹਿਬ ਜੀ ਨੇ ਸਿੱਖ ਧਰਮ ਵਿੱਚ ਰਾਜਨੀਤੀ ਦਾ ਮੁੱਢ ਬੰਨ੍ਹਿਆਂ। ਇਸ ਤੋਂ ਇਲਾਵਾ ਗੁਰੂ ਜੀ ਨੇ ਸਮਾਜਕ ਕੁਰੀਤੀਆਂ ਦਾ ਖੰਡਨ ਕੀਤਾ।ਉਹਨਾਂ ਨੇ ਇਸਤਰੀਆਂ ਦੀ ਹਾਲਤ ਸੁਧਾਰਨ ਵੱਲ ਖਾਸ ਧਿਆਨ ਦਿੱਤਾ। ਉਹਨਾਂ ਨੇ ‘ਸਤੀ ਪ੍ਰਥਾ’, ‘ਬਾਲ ਵਿਆਹ’, ‘ਪਰਦੇ ਦੀ ਪ੍ਰਥਾ’ ਦੀ ਨਿੰਦਿਆ ਕੀਤੀ। ਗੁਰੂ ਜੀ ਨੇ ਸਤੀ ਦੀ ਮਹਾਨਤਾ ਨੂੰ ਇਉਂ ਦਰਸਾਇਆ ਹੈ:-
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ॥
ਗੁਰੂ ਜੀ ਨੇ ਵਿਧਵਾ ਵਿਆਹ ਅਤੇ ਪੁਨਰ ਵਿਆਹ ਦੀ ਆਗਿਆ ਦੇ ਕੇ ਪ੍ਰਚੱਲਿਤ ਬੰਧਨਾਂ ਨੂੰ ਤੋੜਿਆ। ਪੂਰਵਲੇ ਗੁਰੂ ਸਾਹਿਬਾਨਾਂ ਦੀ ਤਰ੍ਹਾਂ ਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਪੰਜਾਬੀ ਵਿੱਚ ਬਾਣੀ ਦੀ ਰਚਨਾ ਕੀਤੀ।ਆਪ ਨੇ ਚਾਰ ਵਾਰਾਂ ( ਗੁਜਰੀ, ਸੂਹੀ, ਰਾਮਕਲੀ ਅਤੇ ਮਾਰੂ ਰਾਗਾਂ ਵਿੱਚ) 19 ਛੰਦ, 19 ਅਸ਼ਟਪਦੀਆਂ, 172 ਪਦੇ, 24 ਸੋਹਲੇ ਰਚੇ ਹਨ। ਆਪ ਦੇ ਸ਼ਬਦਾਂ ਦੀ ਗਿਣਤੀ 907 ਬਣਦੀ ਹੈ।ਆਪ ਨੇ ਕਾਵਿ ਰੂਪਾਂ ਜਿਵੇਂ ਸ਼ਲੋਕ, ਕਾਫੀਆਂ ,ਪਾਉੜੀ, ਸਤਵਾਰੇ, ਚਉਪਦੇ ਆਦਿ ਵਿੱਚ ਵੀ ਬਾਣੀ ਰਚੀ ਹੈ।ਸਮੁੱਚੀ ਬਾਣੀ 17 ਰਾਗਾਂ ਵਿੱਚ ਰਚੀ ਹੋਈ ਹੈ।ਆਪ ਦੀ ਸਭ ਤੋਂ ਲੋਕ-ਪ੍ਰਿਯਾ ਰਚਨਾ ‘ਆਨੰਦ ਸਾਹਿਬ’ ਹੈ। ਸ਼ੈਲੀ ਪੱਖੋਂ ਆਪ ਦੀ ਬਾਣੀ ਸੌਖੀ, ਸਰਲ ਅਤੇ ਭਾਸ਼ਾਈ ਸੰਰਚਨਾਤਮਕ ਗੁੰਝਲਾਂ ਤੋਂ ਮੁਕਤ ਹੈ। ਰੂਪਕ, ਪ੍ਰਤੀਕ, ਬਿੰਬ ਅਥਵਾ ਉਪਮਾਵਾਂ ਆਮ ਰੋਜ਼ਾਨਾ ਜੀਵਨ ਜਾਂ ਪ੍ਰਸਿੱਧ ਪ੍ਰਮਾਣਿਕ ਪਰੰਪਰਾ ਤੋਂ ਲਏ ਗਏ ਹਨ।ਬਾਣੀ ਦਾ ਪ੍ਰਵਾਹ ਦਾਰਸ਼ਨਿਕ ਅਤੇ ਉਪਦੇਸ਼ਾਤਮਕ ਹੈ।
ਭਾਦੋਂ ਸਦੀ 16, 1631 ਬਿਕਰਮੀ ਅਰਥਾਤ 1 ਸਤੰਬਰ 1574 ਨੂੰ ਜੋਤੀ ਜੋਤ ਸਮਾਉਣ ਤੋਂ ਪਹਿਲਾ ਗੁਰੂ ਅਮਰਦਾਸ ਜੀ ਨੇ ਆਪਣੇ ਦਾਮਾਦ ਭਾਈ ਜੇਠਾ ਜੀ ਨੂੰ ਜਿਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਕਰਕੇ ਜਾਣਿਆ ਜਾਂਦਾ ਹੈ, ਨੂੰ ਗੁਰੂ ਨਾਨਕ ਦੇਵ ਜੀ ਦੀ ਚੌਥੀ ਗੱਦੀ ਦਾ ਅਧਿਆਤਮਕ ਜਾਨਸ਼ੀਨ ਚੁਣਿਆਂ।

Comments are closed.

COMING SOON .....


Scroll To Top
11