Tuesday , 18 June 2019
Breaking News
You are here: Home » PUNJAB NEWS » ਸਿੱਖ ਕੌਮ ਦੀਆਂ ਸੁਪਰੀਮ ਧਾਰਮਿਕ ਤੇ ਅਧਿਆਤਮਕ ਸੰਸਥਾਵਾਂ ਦਾ ਰਾਜਸੀਕਰਨ ਹੋਣ ਤੋਂ ਰੋਕਿਆ ਜਾਵੇ : ਗਲੋਬਲ ਸਿੱਖ ਕੌਂਸਲ

ਸਿੱਖ ਕੌਮ ਦੀਆਂ ਸੁਪਰੀਮ ਧਾਰਮਿਕ ਤੇ ਅਧਿਆਤਮਕ ਸੰਸਥਾਵਾਂ ਦਾ ਰਾਜਸੀਕਰਨ ਹੋਣ ਤੋਂ ਰੋਕਿਆ ਜਾਵੇ : ਗਲੋਬਲ ਸਿੱਖ ਕੌਂਸਲ

ਕਰਤਾਰਪੁਰ ਗੁਰਦਵਾਰੇ ਲਾਗਲੇ ਖੇਤਾਂ ਵਿੱਚ ਕੋਈ ਵੀ ਉਸਾਰੀ ਨਾ ਕੀਤੀ ਜਾਵੇ : ਡਾ. ਕਮਲਜੀਤ ਕੌਰ
ਚੰਡੀਗੜ੍ਹ 8 ਅਪਰੈਲ : ਗਲੋਬਲ ਸਿੱਖ ਕੌਂਸਲ ਦੀ ਜਕਾਰਤਾ, ਇੰਡੋਨੇਸ਼ੀਆ ਵਿਖੇ ਹੋਈ ਪੰਜਵੀਂ ਸਲਾਨਾ ਕਾਨਫਰੰਸ ਵਿੱਚ 27 ਵੱਖ-ਵੱਖ ਮੁਲਕਾਂ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਤਿੰਨ ਮਤੇ ਪਾਸ ਕਰਦਿਆਂ ਕਿਹਾ ਕਿ ਸਿੱਖ ਕੌਮ ਦੀਆਂ ਸੁਪਰੀਮ ਧਾਰਮਿਕ ਅਤੇ ਅਧਿਆਤਮਕ ਸੰਸਥਾਵਾਂ ਦਾ ਰਾਜਸੀਕਰਨ ਨਹੀਂ ਹੋਣਾ ਚਾਹੀਦਾ ਅਤੇ ਸਮੂਹ ਧਾਰਮਿਕ ਮਾਮਲੇ ਰਾਜ ਦੀ ਰਾਜਨੀਤੀ ਤੋਂ ਨਿਰਲੇਪ ਕੌਮ ਦੇ ਸੇਵਾਦਾਰਾਂ ਵੱਲੋਂ ਹੀ ਨਿਪਟਾਏ ਜਾਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਜਨੀਤਿਕ ਇੱਛਾਵਾਂ ਦੀ ਪੂਰਤੀ ਲਈ ਪੌੜੀ ਵਜੋਂ ਨਾ ਵਰਤਿਆ ਜਾਵੇ।ਕੌਂਸਲ ਦੇ ਪ੍ਰਧਾਨ ਲੇਡੀ ਸਿੰਘ ਡਾ. ਕਮਲਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਇਸ ਤਿੰਨ ਰੋਜ਼ਾ ਸਲਾਨਾ ਮੀਟਿੰਗ ਦੌਰਾਨ ਦੂਜੇ ਮਤੇ ਵਿੱਚ ਦੁਹਰਾਇਆ ਗਿਆ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂਤਾ ਗੱਦੀ ਸੌਂਪੇ ਜਾਣ ਦੇ ਆਦੇਸ਼ ਪਿੱਛੋਂ ਸਿੱਖ ਰਹਿਤ ਮਰਯਾਦਾ ਅਤੇ ਅਕਾਲ ਤਖ਼ਤ ਸਾਹਿਬ ਦੇ ਗੁਰਮਤਿ ਦੀ ਰੌਸ਼ਨੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਧਾਰਮਿਕ ਪੁਸਤਕ ਨੂੰ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਜਿਸ ਕਰਕੇ ਬਚਿੱਤਰ ਨਾਟਕ, ਦਸਮ ਗ੍ਰੰਥ ਜਾਂ ਕਿਸੇ ਹੋਰ ਪੁਸਤਕ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਾ ਰੱਖਿਆ ਜਾਵੇ। ਉਨ੍ਹਾਂ ਸਮੂਹ ਸਿੱਖਾਂ ਨੂੰ “ਇੱਕ ਗ੍ਰੰਥ, ਇੱਕ ਪੰਥ ਅਤੇ ਇੱਕ ਮਰਯਾਦਾ” ਉੱਤੇ ਪਹਿਰਾ ਦੇਣ ਦੀ ਵਕਾਲਤ ਕੀਤੀ।

ਗਲੋਬਲ ਸਿੱਖ ਕੌਂਸਲ ਨੇ ਤੀਸਰੇ ਮਤੇ ਵਿੱਚ ਅਫ਼ਗ਼ਾਨਿਸਤਾਨ ਵਿੱਚ ਵੱਸਦੇ ਸਿੱਖਾਂ ਦੀ ਮੰਦਹਾਲੀ ਉਪਰ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਤਵਾਦ ਤੋਂ ਪੀੜਤ ਉਸ ਦੇਸ਼ ਵਿੱਚ ਸਿੱਖਾਂ ਦੇ ਪੁਨਰ ਵਸੇਬੇ ਲਈ ਜ਼ੋਰਦਾਰ ਅਤੇ ਠੋਸ ਯਤਨ ਆਰੰਭੇ ਜਾਣ। ਕੌਂਸਲ ਵੱਲੋਂ ਅਫਗਾਨੀ ਸਿੱਖਾਂ ਬਾਰੇ ਉਥੋਂ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਨ ਅਤੇ ਗੁਰਦੁਆਰਾ ਸਾਹਿਬਾਨ ਵਿੱਚ ਸ਼ਰਨ ਲੈ ਕੇ ਬੈਠੇ ਸਿੱਖਾਂ ਲਈ ਚਾਰਾਜੋਈ ਕਰਨ ਦਾ ਅਹਿਦ ਲਿਆ ਗਿਆ। ਕੌਂਸਲ ਨੇ ਆਪਣੇ ਸਮੂਹ ਮੈਂਬਰਾਂ ਸਮੇਤ ਵਿਸ਼ਵ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੁਲਕਾਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਅਫਗਾਨੀ ਸਿੱਖਾਂ ਨੂੰ ਰਫਿਊਜ਼ੀ ਹੋਣ ਦਾ ਰੁਤਬਾ ਦਿਵਾ ਕੇ ਉਨ੍ਹਾਂ ਦੀ ਸਥਾਪਤੀ ਲਈ ਯਤਨ ਆਰੰਭਣ।ਗਲੋਬਲ ਸਿਖ ਕੌਂਸਲ ਦੀ ਇਸ ਸਾਲਾਨਾ ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਿਧਾਇਕ ਅਤੇ ਉੱਘੇ ਕਾਨੂੰਨਦਾਨ ਹਰਵਿੰਦਰ ਸਿੰਘ ਫੂਲਕਾ (ਪਦਮਸ੍ਰੀ) ਨੇ ਜੂਨ 1984 ਵਿੱਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪਿਛਲੇ 32 ਸਾਲ ਤੋਂ ਆਰੰਭੀ ਕਾਨੂੰਨੀ ਲੜਾਈ ਦੌਰਾਨ ਦਰਪੇਸ਼ ਮੁਸ਼ਕਿਲਾਂ, ਧਮਕੀਆਂ ਅਤੇ ਦੁਸ਼ਵਾਰੀਆਂ ਦਾ ਹਾਲ ਬਿਆਨ ਕਰਦਿਆਂ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਸਮੇਤ ਹੋਰਨਾਂ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾ ਕੇ ਸਿੱਖ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੀਤੇ ਯਤਨਾਂ ਦਾ ਉਲੇਖ ਕੀਤਾ। ਉਨ੍ਹਾਂ ਵੱਖ-ਵੱਖ ਮੁਲਕਾਂ ਵਿੱਚ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਗੁਰੂ ਸਾਹਿਬਾਨ ਦਾ ਆਦੇਸ਼, ਸੇਵਾ ਤੇ ਸਮਰਪਣ ਭਾਵਨਾ ਨੂੰ ਸਹੀ ਮਾਅਨਿਆਂ ਵਿੱਚ ਫੈਲਾਉਣ ਲਈ ਉੱਥੋਂ ਦੀ ਸਥਾਨਕ ਵੱਸੋਂ ਦਾ ਸਹਿਯੋਗ ਲੈਣ।

ਇਸ ਮੌਕੇ ਇੰਡੋਨੇਸ਼ੀਆ ਦੇ ਸੰਸਦ ਮੈਂਬਰ ਐਚਐਸ ਢਿੱਲੋਂ ਨੇ ਸਮੂਹ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਗਲੋਬਲ ਸਿੱਖ ਕੌਂਸਲ ਵੱਲੋਂ ਕੌਮਾਂਤਰੀ ਪੱਧਰ ਉਤੇ ਸਿੱਖ ਮੁੱਦਿਆਂ ਨੂੰ ਵਿਚਾਰੇ ਜਾਣ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਨਿਊਜ਼ੀਲੈਂਡ ਤੋਂ ਸੰਸਦ ਮੈਂਬਰ ਕਮਲਜੀਤ ਸਿੰਘ ਬਖਸ਼ੀ ਨੇ ਨਿਊਜ਼ੀਲੈਂਡ ਵਿਚ ਵੱਸਦੇ ਸਿੱਖਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਅਤੇ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਯਤਨਾਂ ਦਾ ਵਿਸਥਾਰ ਵਿੱਚ ਜ਼ਿਕਰ ਕੀਤਾ।

ਮਲੇਸ਼ੀਆ ਗੁਰਦੁਆਰਾ ਕੌਂਸਲ ਦੇ ਪ੍ਰਧਾਨ ਜਗੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਸਲ ਭੂਮਿਕਾ ਅਤੇ ਲੋੜੀਂਦੀ ਜ਼ਿੰਮੇਵਾਰੀ ਦਾ ਤੈਅ ਕੀਤੇ ਜਾਣ ਦਾ ਉਲੇਖ ਕਰਦਿਆਂ ਕਿਹਾ ਕਿ ਦੂਜੇ ਤਖ਼ਤਾਂ ਤੋਂ ਸਿਰਫ ਸਥਾਨਕ ਮਸਲਿਆਂ ਦਾ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ। ਮਲੇਸ਼ੀਆ ਦੇ ਰੱਖਿਆ ਵਿਭਾਗ ਵਿੱਚ ਸਕੱਤਰ ਡਾ. ਕਰਮਿੰਦਰ ਸਿੰਘ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕੀਵੀਂ ਸਦੀ ਵਿੱਚ ਵਿਗਿਆਨਕ ਅਤੇ ਤਰਕ ਅਧਾਰਿਤ ਭੂਮਿਕਾ ਬਾਰੇ ਵਿਸਥਾਰਤ ਵਿਚਾਰ ਪੇਸ਼ ਕਰਦਿਆਂ ਸਿਰਫ ਇੱਕੋ ਅਧਿਆਤਮਿਕ ਗੁਰੂ ਦੀ ਅਗਵਾਈ ਕਬੂਲਦੇ ਹੋਏ ਭੇਡ ਚਾਲ ਦੀ ਥਾਂ ਗੁਰੂ ਦੇ ਨਿਰਲੇਪ, ਨਿਰਭਉ ਅਤੇ ਨਿੱਡਰ ਖਾਲਸੇ ਬਣ ਕੇ ਵਿਚਰਨ ਦੀ ਲੋੜ ਉੱਪਰ ਜ਼ੋਰ ਦਿੱਤਾ।ਕੌਂਸਲ ਦੇ ਪ੍ਰਧਾਨ ਡਾ. ਕਮਲਜੀਤ ਕੌਰ ਨੇ ਇਸ ਮੌਕੇ ਸਾਲਾਨਾ ਆਮ ਇਜਲਾਸ ਅਤੇ ਕਾਨਫਰੰਸ ਲਈ ਸੁਚੱਜੇ ਪ੍ਰਬੰਧ ਜੁਟਾਉਣ ਉੱਤੇ ਮੇਜ਼ਬਾਨ ਬਲਵੰਤ ਸਿੰਘ ਜਕਾਰਤਾ ਦਾ ਹਾਰਦਿਕ ਧੰਨਵਾਦ ਕੀਤਾ ਅਤੇ ਕੌਂਸਲ ਦੀਆਂ ਸਾਲਾਨਾ ਗਤੀਵਿਧੀਆਂ ਉੱਪਰ ਚਾਨਣਾ ਪਾਇਆ। ਉਨ੍ਹਾਂ ਭਵਿੱਖ ਵਿੱਚ ਕੌਂਸਲ ਦਾ ਹੋਰਨਾਂ ਦੇਸ਼ਾਂ ਤੱਕ ਵਿਸਥਾਰ ਕਰਨ ਅਤੇ ਵੱਖ-ਵੱਖ ਮੁਲਕਾਂ ਵਿੱਚ ਸਿੱਖਾਂ ਨੂੰ ਦਰਪੇਸ਼ ਮਸਲਿਆਂ ਬਾਰੇ ਆਵਾਜ਼ ਉਠਾਉਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਉਸਾਰੇ ਜਾ ਰਹੇ ਲਾਂਘੇ ਲਈ ਵਿਸ਼ਵ ਸਿੱਖ ਕੌਂਸਲ ਵੱਲੋਂ ਕੀਤੇ ਯਤਨਾਂ ਦਾ ਵੇਰਵਾ ਦਿੱਤਾ ਅਤੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਗੁਰੂ ਨਾਨਕ ਸਾਹਿਬ ਨਾਲ ਸਬੰਧਿਤ ਇਸ ਗੁਰਦਵਾਰੇ ਲਾਗਲੇ ਖੇਤਾਂ ਵਿੱਚ ਕੋਈ ਵੀ ਉਸਾਰੀ ਨਾ ਕੀਤੀ ਜਾਵੇ।

Comments are closed.

COMING SOON .....


Scroll To Top
11