Friday , 21 September 2018
Breaking News
You are here: Home » Editororial Page » ਸਿੱਖ ਇਤਿਹਾਸ ’ਚ ਗੁਰਦੁਆਰਾ ਸੁਧਾਰ ਲਹਿਰ ਦਾ ਅਹਿਮ ਸਥਾਨ

ਸਿੱਖ ਇਤਿਹਾਸ ’ਚ ਗੁਰਦੁਆਰਾ ਸੁਧਾਰ ਲਹਿਰ ਦਾ ਅਹਿਮ ਸਥਾਨ

ਪ੍ਰਿੰਸੀਪਲ ਹਰਿਭਜਨ ਸਿੰਘ ਨੇ ਆਪਣੀ ‘ਧਰਮਸਾਲ (ਗੁਰਦੁਆਰਾ)’ ਰਚਨਾ ਵਿੱਚ ਧਰਮਸਾਲ ਜਾਂ ਗੁਰਦੁਆਰੇ ਦੀ ਪਰਿਭਾਸ਼ਾ ਦਾ ਵਰਨਣ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ, ਠਸਤਿਗੁਰ ਨਾਨਕ ਦੇਵ ਜੀ ਜਦੋਂ ਪ੍ਰਭੂ ਨਾਲ ਇਕਸੁਰ ਹੋਏ ਤਾਂ ਉਨ੍ਹਾਂ ਮਨੁੱਖ ਦੀ ਸੁੱਖ-ਸ਼ਾਂਤੀ ਤੇ ਉਸਦੇ ਕਲਿਆਣ ਲਈ ‘ਸਗਲੀ ਚਿੰਤਾ’ ਮਿਟਾ ਦੇਣ ਵਾਲੀ ‘ਧੁਰ ਕੀ ਬਾਣੀ’ ਰਚੀ। ਇਸ ਬਾਣੀ ਦੇ ਪਠਨ-ਪਾਠ ਅਤੇ ਵਿਚਾਰ ਲਈ ਸੰਗਤਾਂ ਕਾਇਮ ਕੀਤੀਆਂ ਗਈਆਂ। ਇਨ੍ਹਾਂ ਸੰਗਤਾਂ ਦੇ ਮਿਲ-ਬੈਠਣ ਲਈ ਕਿਸੇ ਸਾਂਝੇ ਅਸਥਾਨ ਦੀ ਸਥਾਪਨਾ ਕਰਨ ਦੀ ਲੋੜ ਪਈ, ਅਜਿਹੇ ਅਸਥਾਨਾਂ ਨੂੰ ਧਰਮਸਾਲ, ਅਰਥਾਤ ਗੁਰਦੁਆਰੇ, ਦੀ ਸੰਗਿਆ ਦਿੱਤੀ ਗਈ।3ਠਸੋ ਇਸਤਰ੍ਹਾਂ ਗੁਰਬਾਣੀ, ਸੰਗਤ ਤੇ ਧਰਮਸਾਲ (ਗੁਰਦੁਆਰਾ) ਆਪੋ ਵਿੱਚ ਅਨਿੱਖੜ ਵਸਤਾਂ ਬਣ ਗਈਆਂ ਅਤੇ ਇਨ੍ਹਾਂ ਤਿੰਨਾਂ ਦੀ ਸਹੀ ਵਰਤੋਂ-ਵਿਹਾਰ ਵਿੱਚ ਹੀ ਸਿੱਖ ਅਥਵਾ ਪ੍ਰਾਣੀ ਮਾਤਰ ਦੇ ਕਲਿਆਣ ਦਾ ਭੇਦ ਭਰ ਦਿੱਤਾ ਗਿਆੂ।
ਉਨ੍ਹਾਂ ਵਲੋਂ ਕੀਤੀ ਗਈ ਇਹ ਪਰਿਭਾਸ਼ਾ ਇਸ ਗਲ ਦੀ ਪ੍ਰਤੀਕ ਹੈ ਕਿ ‘ਧਰਮਸਾਲ’, ਜਿਸਨੂੰ ਬਾਅਦ ਵਿੱਚ ‘ਗੁਰਦੁਆਰੇ’ ਦਾ ਨਾਂ ਦਿਤਾ ਗਿਆ, ਦੀ ਸਥਾਪਨਾ ਇਸ ਉਦੇਸ਼ ਨਾਲ ਕੀਤੀ ਗਈ ਸੀ ਕਿ ਇਥੇ ਸੰਗਤਾਂ ਇੱਕਤਰ ਹੋ ਕੇ ‘ਧੁਰ ਕੀ ਬਾਣੀ’ ਦਾ ਗਾਇਨ ਅਤੇ ਸ੍ਰਵਣ ਕਰਨਗੀਆਂ ਅਤੇ ਉਸ ’ਤੇ ਵਿਚਾਰ ਕਰ ਆਪਣਾ ਜੀਵਨ ਸਫਲਾ ਕਰ ਲੈਣਗੀਆਂ। ਸਮੇਂ ਨੇ ਕਰਵੱਟ ਲਈ! ਸਿੱਖਾਂ ਨੂੰ ਆਪਣੀ ਹੋਂਦ, ਧਰਮ, ਗ਼ਰੀਬ-ਮਜ਼ਲੂਮ ਅਤੇ ਨਿਆਂ ਦੀ ਰਖਿਆ ਅਤੇ ਜਬਰ ਤੇ ਜ਼ੁਲਮ ਦਾ ਨਾਸ਼ ਕਰਨ ਦੇ ਲਈ ਲੰਮਾਂ ਤੇ ਲਗਾਤਾਰ ਸੰਘਰਸ਼ ਕਰਨਾ ਪਿਆ। ਇਸ ਕਾਰਣ ਉਨ੍ਹਾਂ ਨੂੰ ਆਪਣੇ ਘਰ-ਘਾਟ ਛੱਡ ਜੰਗਲਾਂ-ਬੇਲਿਆਂ ਵਿੱਚ ਵਿਚਰਨ ਤੇ ਮਜਬੂਰ ਹੋਣਾ ਪੈ ਗਿਆ। ਜਿਸਦੇ ਫਲਸਰੂਪ ਉਹ ਆਪਣੇ ਪਵਿਤ੍ਰ ਗੁਰਧਾਮਾਂ ਦੀ ਸੇਵਾ-ਸੰਭਾਲ ਵਲ ਪੂਰਾ ਧਿਆਨ ਨਾ ਦੇ ਸਕੇ।
ਮਹੰਤ ਅਗੇ ਆ, ਹੌਲੀ-ਹੌਲੀ ਇਹ ਜ਼ਿਮੇਂਦਾਰੀ ਸੰਭਾਲਣ ਲਗ ਪਏ। ਸਿੱਖਾਂ ਦੇ ਇਸਤਰ੍ਹਾਂ ਜੂਝਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀ ਧਰਤੀ ’ਤੇ ਪੰਜਾਬੀਆਂ ਦੇ ਸਾਂਝੇ ‘ਖਾਲਸਾ ਰਾਜ’ ਦੀ ਸਥਾਪਨਾ ਕਰ ਲਈ। ਉਸਨੇ ਇਕ ਪਾਸੇ ਆਪਣੇ ਰਾਜ ਨੂੰ ਮਜ਼ਬੂਤ ਕਰਨ ਅਤੇ ਉਸਦਾ ਵਿਸਥਾਰ ਕਰਨ ਵੱਲ ਧਿਆਨ ਦਿੱਤਾ ਤੇ ਦੂਜੇ ਪਾਸੇ ਇਸ ਉਦੇਸ਼ ਨਾਲ ਧਾਰਮਕ ਅਸਥਾਨਾਂ ਦੇ ਨਾਂ ਤੇ ਜ਼ਮੀਨਾਂ-ਜਾਇਦਾਦਾਂ ਲਗਵਾਈਆਂ, ਤਾਂ ਜੋ ਇਨ੍ਹਾਂ ਦੀ ਆਮਦਨ ਨਾਲ ਧਰਮ-ਪ੍ਰਚਾਰ ਦੀ ਲਹਿਰ ਬਿਨ੍ਹਾਂ ਕਿਸੇ ਰੋਕ-ਰੁਕਾਵਟ ਦੇ ਨਿਰਵਿਘਨ ਚਲਦੀ ਰਹਿ ਸਕੇ। ਜਦੋਂ ਅੰਗ੍ਰੇਜ਼ਾਂ ਨੇ ਪੰਜਾਬ ’ਤੇ ਕਬਜ਼ਾ ਕੀਤਾ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਸਿੱਖਾਂ ਦੇ ਉਨ੍ਹਾਂ ਸ਼ਕਤੀ-ਸੋਮਿਆਂ ਨੂੰ ਆਪਣੇ ਪ੍ਰਭਾਵ ਹੇਠ ਲਿਆਣ ਵੱਲ ਧਿਆਨ ਦਿੱਤਾ, ਜਿਨ੍ਹਾਂ ਤੋਂ ਸ਼ਕਤੀ ਪ੍ਰਾਪਤ ਕਰ ਸਿੱਖਾਂ ਨੇ ਅੰਗ੍ਰੇਜ਼ਾਂ ਨੂੰ ਲੋਹੇ ਦੇ ਚਨੇ ਚਬਵਾ ਦਿੱਤੇ ਸਨ। ਅੰਗ੍ਰੇਜ਼ਾਂ ਨੇ ਬਾਕੀ ਹਿੰਦੁਸਤਾਨ ਪੁਰ ਜਿਸ ਆਸਾਨੀ ਨਾਲ ਕਬਜ਼ਾ ਕਰ ਲਿਆ ਹੈ, ਉਸਤੋਂ ਉਨ੍ਹਾਂ ਇਹ ਸਮਝ ਲਿਆ, ਕਿ ਪੰਜਾਬ ਪੁਰ ਵੀ ਕਬਜ਼ਾ ਕਰ ਲੈਣਾ ਉਨ੍ਹਾਂ ਲਈ ਕੋਈ ਮੁਸ਼ਕਲ ਨਹੀਂ ਹੋਵੇਗਾ। ਪਰ ਉਨ੍ਹਾਂ ਨੂੰ ਆਪਣੇ ਇਸ ਉਦੇਸ਼ ਵਿੱਚ ਜਿਨ੍ਹਾਂ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਤੋਂ ਉਨ੍ਹਾਂ ਨੂੰ ਸਮਝ ਆ ਗਈ ਕਿ ਜੇ ਆਸਤੀਨ ਦੇ ਸੱਪ ਸਿੱਖਾਂ ਨੂੰ ਧੋਖਾ ਨਾ ਦਿੰਦੇ ਤਾਂ, ਸਿੱਖਾਂ ਨੇ ਉਨ੍ਹਾਂ ਦਾ ਹਿੰਦੁਸਤਾਨ ਵਿੱਚ ਟਿੱਕੇ ਰਹਿਣਾ ਵੀ ਮੁਹਾਲ ਕਰ ਦੇਣਾ ਸੀ।
ਖੈਰ, ਕਿਸੇ ਵੀ ਤਰ੍ਹਾਂ ਅੰਗ੍ਰੇਜ਼ ਪੰਜਾਬ ਪੁਰ ਕਾਬਜ਼ ਹੋ ਗਏ। ਉਨ੍ਹਾਂ ਸਿੱਖਾਂ ਦੇ ਸ਼ਕਤੀ-ਸੋਮਿਆਂ, ਇਤਿਹਾਸਕ ਗੁਰਧਾਮਾਂ ਦਾ ਪ੍ਰਬੰਧ ਸੰਭਾਲੀ ਬੈਠੇ ਗੱਦੀਦਾਰ ਮਹੰਤਾਂ ਦੀ ਸਰਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ। ਜਿਸਦਾ ਨਤੀਜਾ ਇਹ ਹੋਇਆ ਕਿ ਮਹੰਤ ਹੌਲੀ-ਹੌਲੀ ਸਿੱਖਾਂ ਦੇ ਪ੍ਰਭਾਵ ਤੋਂ ਮੁਕਤ ਹੁੰਦੇ ਅਤੇ ਅੰਗ੍ਰੇਜ਼ਾਂ ਦੀ ਸਰਪ੍ਰਸਤੀ ਸਵੀਕਾਰ ਕਰਦੇ ਚਲੇ ਗਏ। ਅੰਗ੍ਰੇਜ਼ਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਮਹੰਤਾਂ ਦੀ ਚੋਣ ਕਰਨ ਦਾ ਅਧਿਕਾਰ ਸਿੱਖਾਂ ਪਾਸੋਂ ਖੋਹ, ਆਪਣੇ ਪ੍ਰਭਾਵ ਹੇਠ ਬਣਾਈਆਂ ਕਮੇਟੀਆਂ ਨੂੰ ਦੇ ਦਿੱਤਾ। ਫਲਸਰੂਪ ਮਹੰਤਾਂ ਨੇ ਅੰਗ੍ਰੇਜ਼ਾਂ ਦੀ ਇੱਛਾ ਅਤੇ ਉਨ੍ਹਾਂ ਤੇ ਆਪਣੇ ਹਿਤਾਂ ਅਨੁਸਾਰ ਸਿੱਖ ਧਰਮ ਦੀਆਂ ਸਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ। ਗੁਰਧਾਮਾਂ ਨਾਲ ਲਗੀਆਂ ਜ਼ਮੀਨਾਂ-ਜਾਇਦਾਦਾਂ ਕਾਰਣ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਣ ਦਾ ਜੋ ਸਿਲਸਿਲਾ ਅਰੰਭ ਹੋਇਆ, ਉਸਨੇ ਮਹੰਤਾਂ ਦੀਆਂ ਅੱਖਾਂ ਬਦਲ ਕੇ ਰੱਖ ਦਿੱਤੀਆਂ। ਉਨ੍ਹਾਂ ਦਾ ਆਚਰਣ ਗਿਰਾਵਟ ਵੱਲ ਵਧਣ ਲਗਾ। ਦੁਰਾਚਾਰ, ਬਦਕਾਰੀ ਅਤੇ ਭ੍ਰਿਸ਼ਟਾਚਾਰ ਉਨ੍ਹਾਂ ਦੇ ਜੀਵਨ ਦੇ ਅਨਿੱਖੜ ਅੰਗ ਬਣ ਗਏ। ਆਪਣੀ ਰਖਿਆ ਅਤੇ ਆਪਣੇ ਕੁਕਰਮਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਦਬਾਉਣ ਲਈ, ਉਨ੍ਹਾਂ ਗੁੰਡਿਆਂ ਦੀ ਭਰਤੀ ਸ਼ੁਰੂ ਕਰ ਦਿੱਤੀ। ਇਨ੍ਹਾਂ ਗੁੰਡਿਆਂ ਨੇ ਗੁਰਧਾਮਾਂ ਅਤੇ ਉਨ੍ਹਾਂ ਦੇ ਕੰਪਲੈਕਸਾਂ ਦੀ ਪਵਿਤ੍ਰਤਾ ਰੋਲ ਕੇ ਰੱਖ ਦਿੱਤੀ।
ਇਨ੍ਹਾਂ ਹਾਲਾਤ ਨੇ ਸ਼ਰਧਾਵਾਨ ਸਿੱਖਾਂ ਦੇ ਹਿਰਦੇ ਲੂਹ ਸੁੱਟੇ। ਉਨ੍ਹਾਂ ਆਪਣੇ ਗੁਰਧਾਮਾਂ ਨੂੰ ਇਨ੍ਹਾਂ ਦੁਰਾਚਾਰੀ ਤੇ ਕੁਕਰਮੀ ਮਹੰਤਾਂ ਦੇ ਪੰਜੇ ਵਿੱਚੋਂ ਆਜ਼ਾਦ ਕਰਵਾਉਣ ਬਾਰੇ ਗੰਭੀਰਤਾ ਦੇ ਨਾਲ ਸੋਚਣਾ ਸ਼ੁਰੂ ਕਰ ਦਿੱਤਾ। ਅਜਿਹੇ ਸਮੇਂ ਤੇ ਲਾਰਡ ਰਿਪਨ ਨੇ ਪੰਜਾਬ ਦੇ ਉਸ ਸਮੇਂ ਦੇ ਗਵਰਨਰ ਇਜ਼ਰਟਨ ਪਾਸੋਂ ਗੁਰਦੁਆਰਿਆਂ ਦੇ ਪ੍ਰਬੰਧ ਦੇ ਸਬੰਧ ਵਿੱਚ ਰਿਪੋਰਟ ਮੰਗੀ ਤਾਂ ਉਸ ਜਵਾਬ ਦਿੱਤਾ ਕਿ ਗੁਰਦੁਆਰਿਆਂ ਦਾ ਪ੍ਰਬੰਧ ਜੇ ਕਿਸੇ ਅਜਿਹੀ ਸੰਸਥਾ ਨੂੰ ਸੌਂਪਿਆ ਗਿਆ, ਜੋ ਸਰਕਾਰੀ ਪ੍ਰਭਾਵ ਤੋਂ ਮੁਕਤ ਹੋਵੇ, ਤਾਂ ਇਹ ਰਾਜਸੀ ਦ੍ਰਿਸ਼ਟੀਕੋਣ ਤੋਂ ਬਹੁਤ ਵੱਡੀ ਗ਼ਲਤੀ ਹੋਵੇਗੀ, ਜੋ ਅੰਗ੍ਰੇਜ਼ੀ ਸਾਮਰਾਜ ਲਈ ਖਤਰਨਾਕ ਸਾਬਤ ਹੋ ਸਕਦੀ ਹੈ।
ਗੁਰਧਾਮਾਂ ਦੀ ਪਵਿਤ੍ਰਤਾ ਭੰਗ ਹੋਣ ਅਤੇ ਦਰਸ਼ਨ ਕਰਨ ਜਾਣ ਵਾਲੀਆਂ ਸੰਗਤਾਂ ਦੇ ਬੇ-ਪਤ ਹੋਣ ਦੀਆਂ ਘਟਨਾਵਾਂ ਦਿਨ-ਬ-ਦਿਨ ਵੱਧਣ ਲਗੀਆਂ, ਤਾਂ ਗੁਰਧਾਮਾਂ ਨੂੰ ਮਹੰਤਾਂ ਦੇ ਪੰਜੇ ਵਿਚੋਂ ਆਜ਼ਾਦ ਕਰਵਾਉਣ ਲਈ ਚਿੰਤਿਤ ਹੋ ਰਹੇ ਸ਼ਰਧਾਵਾਨ ਸਿੱਖ ਉਤੇਜਿਤ ਹੋਣ ਲਗੇ। ਕੁਝ ਜੋਸ਼ੀਲੇ ਨੌਜਵਾਨਾਂ ਨੇ ਹਿੰਮਤ ਕਰਕੇ ਜ਼ਾਬਤੇ ਵਿੱਚ ਰਹਿੰਦਿਆਂ ਗੁਰਧਾਮਾਂ ਦੀ ਆਜ਼ਾਦੀ ਲਈ ਸ਼ਾਂਤਮਈ ਜਦੋਜਹਿਦ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਇਕ ਤੋਂ ਬਾਅਦ ਇਕ ਕਰਕੇ ਗੁਰਧਾਮ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਹੁੰਦੇ ਚਲੇ ਗਏ। ਆਜ਼ਾਦ ਹੋਏ ਗੁਰਧਾਮਾਂ ਦੇ ਪ੍ਰਬੰਧ ਲਈ ਨਵੰਬਰ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ।
ਅਤੇ ਅੰਤ ਵਿੱਚ : ਇਸ ਲਹਿਰ ਵਿੱਚ ਸ਼ਾਮਲ ਹੋਣ ਲਈ ਉਤਸਾਹਿਤ ਹੋਏ ਸਿੱਖਾਂ ਨੂੰ ਜਥੇਬੰਦ ਕਰਨ ਲਈ ਵੱਖ-ਵੱਖ ਸ਼ਹਿਰਾਂ ਵਿੱਚ ਅਕਾਲੀ ਜੱਥੇ ਕਾਇਮ ਕੀਤੇ ਗਏ। ਇਨ੍ਹਾਂ ਜਥਿਆਂ ਦੇ ਮੁੱਖੀਆਂ ਨੇ ਸ੍ਰੀ ਅਕਾਲ ਤਖਤ ’ਤੇ ਇਕ ਸਾਂਝੀ ਇਕਤ੍ਰਤਾ ਕਰ, ਜਥਿਆਂ ਨੂੰ ਇਕ ਕੇਂਦਰੀ ਜਥੇਬੰਦੀ ਨਾਲ ਜੋੜਨ ਦਾ ਫੈਸਲਾ ਕੀਤਾ। ਜਿਸਦਾ ਨਾਂ ‘ਸ਼੍ਰੋਮਣੀ ਅਕਾਲੀ ਦਲ’ ਰਖਿਆ ਗਿਆ। ਇਸਦਾ ਉਦੇਸ਼ ਤੇ ਨਿਸ਼ਾਨਾ ਮਿਥਣ ਲਈ 1922 ਵਿੱਚ ਇਕ ਮੱਤਾ ਪਾਸ ਕਰ ਇਹ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਛੱਤਰ-ਛਾਇਆ ਹੇਠ ਇਹ ਜਥੇ ਪੰਥ ਦੀ ਸੇਵਾ ਪ੍ਰਤੀ ਵਚਨਬੱਧ ਹੋਣਗੇ ਅਤੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਵਾਸਤੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ ਦਾ ਪਾਲਣ ਕਰਨਗੇ।

Comments are closed.

COMING SOON .....
Scroll To Top
11