Tuesday , 18 June 2019
Breaking News
You are here: Home » Editororial Page » ਸਿੱਖੀ ਦੇ ਮਾਣ ਅਤੇ ਗੌਰਵ ਦਾ ਪ੍ਰਤੀਕ ‘ਦਸਤਾਰ’

ਸਿੱਖੀ ਦੇ ਮਾਣ ਅਤੇ ਗੌਰਵ ਦਾ ਪ੍ਰਤੀਕ ‘ਦਸਤਾਰ’

ਇਤਿਹਾਸਕ ਤੌਰ ਤੇ ਦਸਤਾਰ ਦਾ ਅਤੀਤ ਬਹੁਤ ਹੀ ਗੋਰਵਸ਼ਾਲੀ ਰਿਹਾ ਹੈ। ਇਹ ਸਮਾਜ ਅੰਦਰ ਵਡਪਣ ਦਾ ਪ੍ਰਤੀਕ ਰਹੀ ਹੈ, ਸਮਾਜਕ ਤੇ ਸੱਭਿਆਚਾਰਕ ਦੇ ਪੱਖ ਤੋਂ ਅਦਬ-ਸਤਿਕਾਰ ਦਾ ਪ੍ਰਤੀਕ ਰਹੀ ਹੈ। ਨੰਗੇ ਸਿਰ ਫਿਰਨਾ-ਤੁਰਨਾ ਸਮਾਜ ਵਿੱਚ ਠੀਕ ਨਹੀਂ ਸਮਝਿਆਂ ਜਾਂਦਾ ਸੀ। ਸੰਸਾਰ ਭਰ ਵਿੱਚ ਹਮੇਸ਼ਾ ਹੀ ਦਸਤਾਰ ਦਾ ਸਤਿਕਾਰ ਰਿਹਾ ਹੈ ਜਿੱਥੇ ਸਿਰ ਦਾ ਸ਼ਿੰਗਾਰ ਬਣਕੇ ਵਡੇਪਣ ਦੀ ਨਿਸ਼ਾਨੀ ਬਣੀ ਉਥੇ ਹੀ ਉਚਤਾ-ਸੁਚਤਾ ਇਨਸਾਫ ਪਸੰਦਗੀ, ਚੰਗਿਆਈ ਆਦਿ ਦੀ ਪ੍ਰਤੀਕ ਬਣੀ। ਮਨੁੱਖ ਦੀ ਪਹਿਚਾਣ ਦਸਤਾਰ ਤੋਂ ਕੀਤੀ ਜਾ ਸਕਦੀ ਹੈ। ਬਾਦਸ਼ਾਹਾਂ ਦੀ ਪੱਗ ਦਾ ਢੰਗ, ਧਾਰਮਿਕ ਵਿਅਕਤੀਆਂ ਦੀ ਪੱਗ ਬਨਣ ਦੇ ਢੰਗ ਹੋਰ ਤਰਾਂ ਦੇ ਹਨ। ਸਿੱਖ ਦੇ ਦਸਤਾਰ ਸਜਾਉਣ ਦੇ ਕਈ ਤਰੀਕੇ ਹਨ। ਸਿੱਖ ਦੇ ਦਸਤਾਰ ਸਜਾਉਣ ਤੋਂ ਉਸਦੇ ਕਿਸ ਇਲਾਕੇ ਦਾ ਰਹਿਣ ਵਾਲਾ, ਕਿਸ ਸੰਪਰਦਾ ਨੂੰ ਮੰਨਣ ਵਾਲੇ ਦਾ ਪਤਾ ਚੱਲ ਜਾਂਦਾ ਅਤੇ ਸਧਾਰਨ ਸਿੱਖ, ਫੋਜੀ ਸਿੱਖ, ਨਿਹੰਗ ਸਿੰਘ, ਨਿਰਮਲੇ ਸਿੱਖ, ਨਾਮਧਾਰੀ ਸਿੱਖ, ਟਕਸਾਲੀ ਸਿੱਖਾਂ ਦੇ ਦਸਤਾਰ ਸਜਾਉਣ ਦੇ ਵੱਖ-ਵੱਖ ਅੰਦਾਜ ਹਨ। ਕੇਸਾਂ ਦੀ ਸੁਰੱਖਿਆ ਲਈ ਦਸਤਾਰ ਦਾ ਹੋਣਾ ਬਹੁਤ ਜਰੂਰੀ ਹੈ। ਪੁਰਾਤਨ ਸਿੱਖ ਦੋਹਰੀ ਦਸਤਾਰ ਸਮਾਉਂਦੇ ਹਨ ਤਾਂ ਜੋ ਕੇਸਾਂ ਦਾ ਸਤਿਕਾਰ ਬਰਕਰਾਰ ਰਹੇ। ਸਿੱਖਾਂ ਦੀ ਦਸਤਾਰ ਨਾਲ ਸਾਂਝ ਧਰਮ ਜਿੰਨੀ ਹੀ ਪੁਰਾਣੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਮੇਂ ਤੋਂ ਹੀ ਦਸਤਾਰ ਸਿੱਖ ਦੀ ਪਛਾਣ ਦਾ ਅਹਿਮ ਅੰਗ ਬਣ ਗਈ ਸੀ ਉਨ੍ਹਾਂ ਤੋਂ ਬਾਦ ਗੁਰੂ ਸਾਹਿਬਾਨ ਨੇ ਵੀ ਸਿੱਖਾਂ ਵਿੱਚ ਦਸਤਾਰ ਸਜਾਉਣ ਦੀ ਮਰਯਾਦਾ ਨੂੰ ਦ੍ਰਿੜ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਦਸਤਾਰ ਦਾ ਮਹੱਤਵ, ਮਾਣ-ਵਡਿਆਈ ਹੋਰ ਵੀ ਬੁਲੰਦ ਹੋਈ। ਛੇਵੇਂ ਪਾਤਸ਼ਾਹ ਜੀ ਦੇ ਦਰਬਾਰੀ ਢਾਡੀ ਭਾਈ ਨੱਥਾ ਜੀ ਅਤੇ, ਭਾਈ ਅਬਦੁਲਾ ਜੀ ਨੇ ਆਪਣੀ ਇੱਕ ਵਾਰ ਵਿੱਚ ਸਮਕਾਲੀ ਦੁਨਿਆਵੀ ਬਾਦਸ਼ਾਹ ਜਹਾਂਗੀਰ ਦੇ ਮੁਕਾਬਲੇ ਸਚੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸਜਾਈ ਸੁੰਦਰ ਦਸਤਾਰ ਨੂੰ ਠਪੱਗ ਤੇਰੀ, ਕੀ ਜਹਾਂਗੀਰ ਦੀ? ਕਹਿ ਕੇ ਵਡਿਆਇਆ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਦੀ ਵੈਸਾਖੀ ਤੇ ਖ਼ਾਲਸਾ ਪ੍ਰਗਟ ਕਰਨ ਸਮੇਂ ਕੇਸ ਅਤੇ ਦਸਤਾਰ ਸਿੱਖ ਜੀਵਨ ਜਾਂਚ ਦਾ ਹਿੱਸਾ ਬਣ ਗਏ। ਹਰ ਸਮੇਂ ਸਿੱਖਾਂ ਨੇ ਆਪਣੀ ਸ਼ਾਨ ਦੀ ਪ੍ਰਤੀਕ ਦਸਤਾਰ ਨੂੰ ਉਚੀ ਤੇ ਸੁੱਚੀ ਰੱਖਿਆ। ਅੱਜ ਸਿੱਖਾਂ ਨੂੰ ਦਸਤਾਰ ਦੀ ਸ਼ਾਨ ਬਰਕਰਾਰ ਰੱਖਣ ਲਈ ਅੰਤਰ ਰਾਸ਼ਟਰੀ ਪੱਧਰ ਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਕਈ ਬਾਹਰਲੇ ਦੇਸ਼ਾਂ ਵਿੱਚ ਸਕੂਲੀ ਵਿਦਿਆਰਥੀਆਂ ਤੋਂ ਲੈ ਕੇ ਕੰਮ ਕਰਨ ਵਾਲਿਆਂ ਨੂੰ ਦਸਤਾਰ ਸਜਾਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਭਾਵੇਂ ਮੌਤ ਦੇ ਮੂੰਹ ਵਿੱਚ ਕਿਉਂ ਨਾ ਖੜਾ ਹੋਵੇ। ਉਹ ਦਸਤਾਰ ਨੂੰ ਆਪਣੇ ਨਾਲੋਂ ਵੱਖ ਨਹੀਂ ਕਰ ਸਕਦਾ। ਮੌਜੂਦਾ ਸਮੇਂ ਵਿੱਚ ਕੁਝ ਸਾਡੇ ਨੌਜਵਾਨ ਵੀਰਾਂ ਵੱਲੋਂ ਦਸਤਾਰ ਦੇ ਮਹੱਤਵ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ। ਆਪਣੀ ਅਮੀਰ ਵਿਰਾਸਤ ਨੂੰ ਛੱਡ ਕੇ ਦੂਸਰਿਆਂ ਦੀ ਨਕਲ ਕਰਕੇ ਦਸਤਾਰ ਦੀ ਥਾਂ ਟੋਪੀ ਪਾ ਕੇ ਫਖਰ ਮਹਿਸੂਸ ਕੀਤਾ ਜਾ ਰਿਹਾ ਹੈ ਜੋ ਕਿ ਸਾਡੀ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਹੈ। ਜਦੋਂ ਕੋਈ ਮੌਤ ਹੋ ਜਾਵੇ ਤਾਂ ਚਿੱਟੀ ਦਸਤਾਰ ਮਰਨ ਵਾਲੇ ਦੇ ਵਾਰਸ ਦੇ ਸਿਰ ਤੇ ਬੰਨੀ ਜਾਂਦੀ ਹੈ। ਇਸ ਤਰ੍ਹਾਂ ਉਸ ਨੂੰ ਘਰ ਦਾ ਮੁਖੀ ਬਨਾਇਆ ਜਾਂਦਾ ਹੈ। ਦਸਤਾਰ ਸੱਭਿਆਚਾਰ ਦੀ ਬਹੁਤ ਵੱਡੀ ਨਿਸ਼ਾਨੀ ਹੈ। ਜੇਕਰ ਕਿਸੇ ਝਗੜੇ ਵਿੱਚ ਕਿਸੇ ਦੀ ਦਸਤਾਰ ਉਤਰ ਜਾਵੇ ਤਾਂ ਉਸਦੀ ਬੇਇਜਤੀ ਸਮਝਿਆਂ ਜਾਂਦਾ ਹੈ। ਇਕ ਪਿਤਾ ਆਪਣੇ ਧੀ-ਪੁੱਤਰ ਨੂੰ ਵੀ ਕਹਿੰਦਾ ਹੈ ਕਿ ਮੇਰੀ ਪੱਗ ਦੀ ਲਾਜ ਰੱਖਣੀ। ਜਦੋਂ ਕਿਸੇ ਨੂੰ ਮਿੱਤਰ ਬਨਾਉਣਾ ਹੋਵੇ ਤਾਂ ਉਸ ਨਾਲ ਪੱਗ ਵਟਾਉਣ ਦੀ ਰਸਮ ਵੀ ਕੀਤੀ ਜਾਂਦੀ ਹੈ। ਮੌਜੂਦਾ ਸਮੇਂ ਕਈ ਸਭਾ-ਸੁਸਾਇਟੀਆਂ, ਧਾਰਮਿਕ, ਸਮਾਜਕ ਜਥੇਬੰਦੀਆਂ ਦਸਤਾਰ ਦੀ ਮਹੱਤਤਾ ਅਤੇ ਸ਼ਾਨ ਨੂੰ ਨੌਜਵਾਨ ਪੀੜੀ ਤੱਕ ਪਹੁੰਚਾਉਣ ਲਈ ਦਸਤਾਰ ਬੰਦੀ ਮੁਕਾਬਲੇ ਕਰਵਾ ਰਹੀਆਂ ਹਨ। ਟਰੇਨਿੰਗ ਸੈਂਟਰ ਖੋਲ ਰਹੀਆਂ ਹਨ। ਉਥੇ ਹੀ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਬਹੁਤ ਵੱਡੇ ਪੱਧਰ ਤੇ ਸਕੂਲੀ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾ ਕੇ ਉਨ੍ਹਾਂ ਨੂੰ ਆਕਰਸ਼ਕ ਇਨਾਮ ਤੇ ਦਸਤਾਰ ਸੰਬੰਧੀ ਸ਼ੌਕ ਅਤੇ ਜਾਗਰਤੀ ਪੈਦਾ ਕਰਨ ਦਾ ਹੰਬਲਾ ਮਾਰਿਆ ਗਿਆ ਹੈ। ਜਿਸ ਵਿੱਚ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ। ਆਪਣੀ ਦਸਤਾਰ ਕਾਰਨ ਹਜ਼ਾਰਾ ਦੀ ਗਿਣਤੀ ਵਿੱਚ ਸਿੱਖ ਵੱਖਰਾ ਨਜ਼ਰ ਆਉਂਦਾ ਹੈ। ਇਸ ਕਾਰਨ ਸਿੱਖਾਂ ਨੂੰ ਬਹੁਤ ਹੀ ਮਾਨ-ਸਤਿਕਾਰ ਹਾਸਲ ਹੋਇਆ ਹੈ। ਦਸਤਾਰ ਨਾਲ ਜੁੜੀ ਸਾਡੀ ਮਹਾਨ ਵਿਰਾਸਤ ਸਾਡਾ ਗੋਰਵ ਹੈ। ਅੱਜ ਦਾ ਨੌਜਵਾਨ ਦਸਤਾਰ ਦੇ ਸੁਨਿਹਰੀ ਇਤਿਹਾਸ ਤੋਂ ਸੇਧ ਲੈ ਕੇ ਦਸਤਾਰ ਧਾਰੀ ਹੋਣ ਵਿੱਚ ਮਾਣ ਮਹਿਸੂਸ ਕਰੇ।

Comments are closed.

COMING SOON .....


Scroll To Top
11