Tuesday , 20 August 2019
Breaking News
You are here: Home » Editororial Page » ਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ

ਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ

ਕਿਸੇ ਵੀ ਸਮਾਜ ਨੂੰ ਸਹੀ ਸੇਧ ਦੇਣ ਲਈ ਉਥੋਂ ਦੀਆਂ ਸਿਖਿਆ ਸੰਸਥਾਵਾਂ ਦਾ ਅਹਿਮ ਰੋਲ ਹੁੰਦਾ ਹੈ। ਸਿਖਿਆ ਸੰਸਥਾਵਾਂ ਵਿਚੋਂ ਪ੍ਰਾਪਤ ਗਿਆਨ ਅਤੇ ਹੁਨਰ ਸਦਕੇ ਹੀ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਂਝ ਵੀ ਕਿਹਾ ਜਾਂਦਾ ਹੈ ਕਿ ਸਿਖਿਆ ਤੋਂ ਬਿਨਾਂ ਮਨੁਖ ਅਧੂਰਾ ਹੁੰਦਾ ਹੈ/ ਸਿਖਿਆ ਪ੍ਰਾਪਤੀ ਉਪਰੰਤ ਹੀ ਗਿਆਨ ਰੂਪੀ ਤੀਜੀ ਅਖ ਖੁਲਣ ਦਾ ਜ਼ਿਕਰ ਕੀਤਾ ਜਾਂਦਾ ਹੈ।
ਪਰ ਅਫ਼ਸੋਸ ! ਅਜ ਕਲ ਸਿਖਿਆ ਦੇਣ ਵਾਲੀਆਂ ਸੰਸਥਾਵਾਂ ‘ਗਿਆਨ ਦੇ ਮੰਦਰ’ ਨਾ ਰਹਿ ਕੇ ਵਪਾਰ ਦੀਆਂ ਦੁਕਾਨਾਂ ਵਿਚ ਤਬਦੀਲ ਹੋ ਕੇ ਰਹਿ ਗਈਆਂ ਹਨ। ਸਿਖਿਆ ਦੇ ਨਾਮ ਉਤੇ ਕਾਰੋਬਾਰ ਸਥਾਪਿਤ ਹੋ ਗਏ ਹਨ। ਸਿਖਿਆ ਦੇ ਮੰਦਰਾਂ ਨੂੰ ਮੰਦੀ ਸਿਆਸਤ ਨੇ ਮੰਦਾ ਕਰਕੇ ਰਖ ਦਿਤਾ ਹੈ। ਇਹਨਾਂ ਸਿਖਿਆ ਸੰਸਥਾਵਾਂ ਵਿਚੋਂ ਹੁਣ ਵਿਗਿਆਨਕ, ਸਾਹਿਤਕਾਰ ਅਤੇ ਡਾਕਟਰ ਘਟ ਨਿਕਲ ਰਹੇ ਹਨ ਬਲਕਿ ਰਾਜਨੇਤਾ ਜਿਆਦਾ ਗਿਣਤੀ ਵਿਚ ਪੈਦਾ ਹੋ ਰਹੇ ਹਨ। ਸਿਖਿਆ ਦੇ ਇਹਨਾਂ ਪਵਿਤਰ ਮੰਦਰਾਂ ਨੂੰ ਸਿਆਸਤ ਦੇ ਅਡੇ ਬਣਾ ਕੇ ਰਖ ਦਿਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਵਿਦਿਆਰਥੀ ਵਰਗ ਦਾ ਧਿਆਨ ਸਿਆਸਤ ਵਲ ਵਧੇਰੇ ਕੇਂਦਰਿਤ ਹੋ ਗਿਆ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ।
ਸਕੂਲੀ ਸਿਖਿਆ ਉਪਰੰਤ ਉਚ ਸਿਖਿਆ ਲਈ ਕਾਲਜ/ ਯੂਨੀਵਰਸਿਟੀ ਦਾ ਰਾਹ ਹੁਣ ਸਿਆਸਤ ਦੀ ਗਲੀ ਵਿਚੋਂ ਹੋ ਕੇ ਲੰਘਣ ਲਗਾ ਹੈ। ਵਿਦਿਆਰਥੀ ਥੜਿਆਂ ਵਿਚ ਮਾਰ- ਕੁਟਾਈ ਅਖ਼ਬਾਰਾਂ ਵਿਚ ਆਮ ਜਿਹੀ ਖ਼ਬਰ ਬਣ ਕੇ ਰਹਿ ਗਈ ਹੈ। ਰਾਜਨੀਤਕ ਪਾਰਟੀਆਂ ਦੇ ਆਗੂ ਇਹਨਾਂ ਵਿਦਿਆਰਥੀ ਗੁਟਾਂ ਨੂੰ ਆਪਣੇ ਸਵਾਰਥ ਲਈ ਇਸਤੇਮਾਲ ਕਰਦੇ ਹਨ। ਇਸ ਕਾਰੇ ਵਿਚ ਵਿਦਿਆਰਥੀ ਵਰਗ ਦਾ ਸਿਖਿਆ ਪ੍ਰਾਪਤੀ ਦਾ ਰੁਝਾਨ ਖ਼ਤਮ ਹੋਣ ਕੰਢੇ ਹੈ ਅਤੇ ਬਹੁਤੇ ਨੌਜਵਾਨ ਸਿਆਸੀ ਰੰਗਾਂ ਵਿਚ ਰੰਗੇ ਗਏ ਹਨ।
ਕਾਰਨ- ਸਿਖਿਆ ਸੰਸਥਾਵਾਂ ਦੇ ਸਿਆਸੀਕਰਨ ਪਿਛੇ ਰਾਜਨੀਤਕ ਪਾਰਟੀਆਂ ਦਾ ਸਵਾਰਥ ਲੁਕਿਆ ਹੁੰਦਾ ਹੈ; ਅਸਲ ਵਿਚ ਰਾਜਨੀਤਕ ਪਾਰਟੀਆਂ ਦਾ ਮੁਖ ਉਦੇਸ਼ ‘ਸਤਾ- ਪ੍ਰਾਪਤੀ’ ਹੁੰਦਾ ਹੈ ਅਤੇ ਇਸ ਕਾਰਜ ਲਈ ਉਹਨਾਂ ਨੂੰ ਨੌਜਵਾਨ ਤਬਕੇ ਦੇ ਸਹਿਯੋਗ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਇਸ ਕਰਕੇ ਰਾਜਨੀਤਕ ਪਾਰਟੀਆਂ ਸਿਖਿਆ ਸੰਸਥਾਵਾਂ ਵਿਚ ਆਪਣੇ ਪੈਰ ਪਸਾਰਦੀਆਂ ਹਨ ਅਤੇ ਵਿਦਿਆਰਥੀ ਆਗੂਆਂ ਨੂੰ ਹਲਾਸ਼ੇਰੀ ਦਿੰਦੀਆਂ ਹਨ ਤਾਂ ਕਿ ਉਹ ਆਪਣੇ ਮਕਸਦ ਵਿਚ ਕਾਮਯਾਬ ਹੋ ਸਕਣ ਅਤੇ ਸੁਖਾਲੇ ਢੰਗ ਨਾਲ ਸਤਾ ‘ਤੇ ਕਾਬਜ਼ ਹੋਇਆ ਸਕੇ। ਦੂਜੀ ਗਲ, ਵਿਦਿਆਰਥੀ ਵਰਗ ਵੀ ਕਾਮਯਾਬੀ ਦੀ ਮਨਸ਼ਾ ਕਰਕੇ ਅਜਿਹੇ ਲਾਲਚ ਦਾ ਆਸਾਨੀ ਨਾਲ ਸ਼ਿਕਾਰ ਹੋ ਜਾਂਦਾ ਹੈ ਅਤੇ ਆਪਣੇ ਅਸਲ ਉਦੇਸ਼ (ਸਿਖਿਆ- ਪ੍ਰਾਪਤੀ) ਤੋਂ ਅਵੇਸਲਾ ਹੋ ਜਾਂਦਾ ਹੈ ਅਤੇ ਸਿਆਸਤ ਦੇ ਰਾਹ ਤੁਰ ਪੈਂਦਾ ਹੈ।
ਤੀਜਾ ਅਹਿਮ ਕਾਰਨ ਇਹ ਹੈ ਕਿ ਸਿਆਸਤ ਵਿਚ ਕਾਮਯਾਬ ਹੋਣ ਦਾ ਮੌਕਾ ਦੂਜੇ ਖੇਤਰਾਂ ਨਾਲੋਂ ਕਿਤੇ ਜਿਆਦਾ/ ਵਧ ਹੁੰਦਾ ਹੈ। ਇਸ ਲਈ ਵੀ ਨਵੀਂ ਉਮਰ ਦੇ ਮੁੰਡੇ- ਕੁੜੀਆਂ ਸਿਆਸਤ ਵਿਚ ਪੈਰ ਰਖ ਲੈਂਦੇ ਹਨ ਤਾਂ ਕਿ ਜਲਦ ਅਤੇ ਸੁਖਾਲੇ ਤਰੀਕੇ ਨਾਲ ਕਾਮਯਾਬੀ ਨੂੰ ਪ੍ਰਾਪਤ ਕੀਤਾ ਜਾ ਸਕੇ।
ਚੌਥਾ ਕਾਰਨ ਇਹ ਹੈ ਕਿ ਸਿਆਸਤ ਵਿਚ ਪ੍ਰਸਿਧੀ ਬਹੁਤ ਜਲਦ ਮਿਲ ਜਾਂਦੀ ਹੈ ਅਤੇ ਹਰ ਮਨੁਖ ਆਪਣੇ ਜੀਵਨ ਵਿਚ ਮਸ਼ਹੂਰੀ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਲਈ ਵੀ ਨੌਜਵਾਨ ਤਬਕਾ ਬਹੁਤ ਜਲਦ ਸਿਆਸਤ ਦੇ ਚਕਰਵਿਊ ਵਿਚ ਘਿਰ ਜਾਂਦਾ ਹੈ ਤਾਂ ਕਿ ਪ੍ਰਸਿਧੀ ਨੂੰ ਪ੍ਰਾਪਤ ਕੀਤਾ ਜਾ ਸਕੇ।
ਪੰਜਵਾਂ ਕਾਰਨ ਇਹ ਹੈ ਕਿ ਸਿਆਸਤ ਵਿਚ ਭਵਿਖ ਦੇ ਸੁਪਨੇ ਪੂਰੇ ਕਰਨ ਦਾ ਬਹੁਤ ਢੁਕਵਾਂ ਮੌਕਾ ਹੁੰਦਾ ਹੈ। ਇਹ ਉਹ ਖੇਤਰ ਹੈ ਜਿਥੇ ਪੈਸਾ ਅਤੇ ਸ਼ੋਹਰਤ ਦੋਵੇਂ ਜਲਦ ਮਿਲਣ ਦੀ ਆਸ ਹੁੰਦੀ ਹੈ। ਇਸ ਕਰਕੇ ਵੀ ਨੌਜਵਾਨ ਵਰਗ ਆਪਣੇ ਮੂਲ ਕੰਮ (ਸਿਖਿਆ- ਪ੍ਰਾਪਤੀ) ਨੂੰ ਛਿਕੇ ਟੰਗ ਕੇ ਸਿਆਸਤ ਦੀਆਂ ਰਾਹਾਂ ਦਾ ਮੁਸਾਫ਼ਰ ਬਣ ਜਾਂਦਾ ਹੈ।
ਨਤੀਜੇ – ਸਿਖਿਆ ਸੰਸਥਾਵਾਂ ਵਿਚ ਨੌਜਵਾਨ ਆਪਣੀ ਪੜ੍ਹਾਈ ਤੋਂ ਜਿਆਦਾ ਸਿਆਸਤ ਦੇ ਕੰਮਾਂ ਵਲ ਧਿਆਨ ਦਿੰਦੇ ਹਨ। ਇਹਨਾਂ ਕਾਰਨਾਂ ਦੀ ਉਪਰ ਚਰਚਾ ਕੀਤੀ ਜਾ ਚੁਕੀ ਹੈ ਪਰ, ਇਹਨਾਂ ਦੇ ਨਤੀਜਿਆਂ ਨੂੰ ਸੰਖੇਪ ਰੂਪ ਵਿਚ ਹੇਠਾਂ ਵਾਚਿਆ ਜਾ ਰਿਹਾ ਹੈ ਤਾਂ ਕਿ ਸਹੀ ਕਾਰਨਾਂ ਦੀ ਪੜ੍ਹਚੋਲ ਕਰਕੇ ਇਹਨਾਂ ਤੋਂ ਬਚਿਆ ਜਾ ਸਕੇ। ਨੌਜਵਾਨਾਂ ਪੀੜ੍ਹੀ ਨੂੰ ਸੇਧ ਮਿਲ ਸਕੇ।
ਪਹਿਲੀ ਗਲ, ਵਿਦਿਆਰਥੀ ਵਰਗ ਦੇ ਸਿਆਸਤ ਵਿਚ ਸਰਗਰਮ ਹੋਣ ਨਾਲ ਉਹਨਾਂ ਦੇ ਸਿਖਿਅਕ ਜੀਵਨ ਉਤੇ ਬਹੁਤ ਮਾੜਾ ਅਸਰ ਪੈਂਦਾ ਹੈ। ਅਜਿਹਾ ਅਕਸਰ ਹੀ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਸਿਆਸਤ ਦੇ ਚਕਰ ਕਰਕੇ ਆਪਣੀ ਪੜ੍ਹਾਈ ਅਧ- ਵਿਚਾਲੇ ਛਡ ਜਾਂਦੇ ਹਨ।
ਦੂਜੀ ਗਲ, ਵਿਦਿਆਰਥੀ ਵਰਗ ਦੇ ਸਿਆਸਤ ਵਿਚ ਆਉਣ ਕਰਕੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਬਹੁਤ ਨੁਕਸਾਨ ਹੁੰਦਾ ਹੈ। ਕਾਲਜਾਂ/ ਯੂਨੀਵਰਸਿਟੀਆਂ ਵਿਚ ਨਿਤ ਹੀ ਲੜਾਈ- ਝਗੜੇ ਦੀਆਂ ਗਲਾਂ/ ਖ਼ਬਰਾਂ ਪੜ੍ਹਨ/ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਸਿਖਿਆ ਦੇ ਮੰਦਰਾਂ ਵਿਚ ਕਤਲ ਵਰਗੇ ਜ਼ੁਰਮ ਵੀ ਕਰ ਦਿਤੇ ਜਾਂਦੇ ਹਨ। ਇਹ ਬਹੁਤ ਮੰਦਭਾਗਾ ਅਤੇ ਗੰਭੀਰ ਰੁਝਾਨ ਹੈ। ਇਹ ਮੁਦੇ ਵਲ ਸਰਕਾਰ, ਬੁਧੀਜੀਵੀ ਵਰਗ ਅਤੇ ਮਾਪਿਆਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਤੀਜੀ ਗਲ, ਵਿਦਿਆਰਥੀਆਂ ਦੇ ਸਰਗਰਮ ਸਿਆਸਤ ਵਿਚ ਆਉਣ ਕਰਕੇ ਸਿਖਿਆ ਸੰਸਥਾਵਾਂ ਉਤੇ ਮਾੜਾ ਅਸਰ ਪੈਂਦਾ ਹੈ। ਕੈਂਪਸ ਵਿਚ ਪੜ੍ਹਾਈ ਦਾ ਮਾਹੌਲ ਘਟ ਅਤੇ ਸਿਆਸਤ ਦਾ ਮਾਹੌਲ ਜਿਆਦਾ ਭਾਰੂ ਹੁੰਦਾ ਹੈ। ਗ਼ਰੀਬ ਘਰਾਂ ਦੇ ਵਿਦਿਆਰਥੀਆਂ ਨੂੰ ਸਿਖਿਆ ਤੋਂ ਹਥ ਧੋਣਾ ਪੈਂਦਾ ਹੈ। ਮਾਪੇ ਨਹੀਂ ਚਾਹੁੰਦੇ ਕਿ ਉਹਨਾਂ ਦੇ ਬਚੇ ਅਜਿਹੀਆਂ ਸੰਸਥਾਵਾਂ ਵਿਚ ਪੜ੍ਹਨ ਜਿਥੇ ਪੜ੍ਹਾਈ ਨਾਲੋਂ ਸਿਆਸਤ ਵਧ ਹੁੰਦੀ ਹੈ।
ਸਿਖਿਆ ਸੰਸਥਾਵਾਂ ਵਿਚ ਲੜਾਈ- ਝਗੜੇ ਕਰਕੇ ਬਹੁਤ ਸਾਰੇ ਵਿਦਿਆਰਥੀ ਗਲਤ ਸੰਗਤ ਦਾ ਸ਼ਿਕਾਰ ਹੋ ਜਾਂਦੇ ਹਨ। ਬਹੁਤ ਸਾਰੇ ਨੌਜਵਾਨ ਗ਼ਲਤ ਰਾਹਾਂ ਉਤੇ ਤੁਰ ਪੈਂਦੇ ਹਨ; ਬਹੁਤ ਸਾਰੇ ਗੈਂਗਸਟਰ ਇਹਨਾਂ ਸਿਆਸੀ ਗਤੀਵਿਧੀਆਂ ਦਾ ਹੀ ਨਤੀਜਾ ਹਨ। ਸਿਆਸੀ ਚਕਰਵਿਊ ਕਰਕੇ ਬਹੁਤ ਸਾਰੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਅੰਤ ਵਿਚ- ਇਸ ਤਰ੍ਹਾਂ ਉਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਸਿਖਿਆ ਸੰਸਥਾਵਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਵਿਦਿਆਰਥੀ ਵਰਗ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ ਤਾਂ ਕਿ ਉਹ ਸਿਆਸੀ ਦਲਾਂ ਦੇ ਮਗਰ ਲਗ ਕੇ ਆਪਣੇ ਜੀਵਨ ਦਾ ਕੀਮਤੀ ਵਕਤ ਨਾ ਗੁਆਉਣ। ਸਿਖਿਆ ਪ੍ਰਾਪਤੀ ਦਾ ਇਹ ਅਮੁਲ ਮੌਕਾ ਮੁੜ ਕਦੇ ਨਹੀਂ ਮਿਲਦਾ। ਵਿਦਿਆਰਥੀ ਜੀਵਨ ਦਾ ਮੂਲ ਉਦੇਸ਼ ‘ਵਿਦਿਆ ਪ੍ਰਾਪਤੀ’ ਹੁੰਦਾ ਹੈ ਅਤੇ ਇਸ ਉਦੇਸ਼ ਤੋਂ ਭਟਕਣਾ ਮੂਰਖ਼ਤਾ ਹੈ। ਪਰ, ਇਸ ਮੂਰਖ਼ਤਾ ਤੋਂ ਕਿੰਨੇ ਕੂ ਵਿਦਿਆਰਥੀ ਬਚੇ ਰਹਿੰਦੇ ਹਨ ਇਹ ਅਜੇ ਦੇਖਣ ਵਾਲੀ ਗਲ ਹੈ।

Comments are closed.

COMING SOON .....


Scroll To Top
11