Tuesday , 23 April 2019
Breaking News
You are here: Home » Editororial Page » ਸਿੱਖਾਂ ਵੱਲੋਂ ਹੀ ਦਸਤਾਰ ਦੀ ਬੇਅਦਬੀ: ਅਸੀਂ ਕਿੱਧਰ ਨੂੰ ਜਾ ਰਹੇ ਹਾਂ?

ਸਿੱਖਾਂ ਵੱਲੋਂ ਹੀ ਦਸਤਾਰ ਦੀ ਬੇਅਦਬੀ: ਅਸੀਂ ਕਿੱਧਰ ਨੂੰ ਜਾ ਰਹੇ ਹਾਂ?

ਸਿੱਖ ਨੂੰ ਗੁਰੂ ਸਾਹਿਬਾਨ ਨੇ ਕੇਸਾਧਾਰੀ ਰਹਿਣ ਦਾ ਹੁਕਮ ਕੀਤਾ ਹੈ। ਕੇਸਾਂ ਦੀ ਸੰਭਾਲ ਲਈ ਦਸਤਾਰ ਜਰੂਰੀ ਅੰਗ ਹੈ। ਸਿੱਖ ਸਿਰ ’ਤੇ ਦਸਤਾਰ ਸਜਾ ਕੇ ਮਾਣ ਮਹਿਸੂਸ ਕਰਦਾ ਹੈ। ਇਤਿਹਾਸ ਵੱਲ ਝਾਤੀ ਮਾਰੀਏ ਤਾਂ ਭਾਰਤ ’ਤੇ ਅਨੇਕਾਂ ਹਮਲਾਵਰਾਂ ਨੇ ਹਮਲੇ ਕੀਤੇ। ਇਹ ਹਮਲਾਵਰ ਆਪ ਤਾਂ ਹੀਰੇ ਮੋਤੀ ਜੜ੍ਹੀਆਂ ਪੱਗਾਂ ਬੰਨਦੇ ਪਰ ਗੁਲਾਮ ਬਣਾਏ ਲੋਕਾਂ ਨੂੰ ਦਸਤਾਰ ਸਜਾਉਣ ਦਾ ਹੱਕ ਨਹੀਂ ਸੀ। ਸਿੱਖ ਗੁਰੂ ਸਾਹਿਬਾਨ ਨੇ ਮਜ਼ਲੂਮਾਂ ਤੇ ਅਤਿਆਚਾਰ ਕਰਨ ਵਾਲੇ ਇਨ੍ਹਾਂ ਹਮਲਾਵਰਾਂ ਦਾ ਡੱਟ ਕੇ ਵਿਰੋਧ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਤਖ਼ਤ ’ਤੇ ਬੈਠ ਸ਼ਸਤਰਾਂ ਦੀ ਵਰਤੋਂ ਦਾ ਹੁਕਮ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੇ ਹਾਕਮ ਵੱਲੋਂ ਲਾਈਆਂ ਪਾਬੰਦੀਆਂ ਨੂੰ ਦਰਕਿਨਾਰ ਕਰਦਿਆਂ ਨਗਾਰੇ ’ਤੇ ਚੋਟ ਲਾ ਖ਼ਾਲਸੇ ਨੂੰ ਦਸਤਾਰ ਸਜਾ ਸ਼ਸਤਰਧਾਰੀ ਹੋਣ ਦਾ ਹੁਕਮ ਕੀਤਾ।
ਸਮੇਂ ਦੀਆਂ ਸਰਕਾਰਾਂ ਵਿੱਚ ਸਿੱਖ ਦੀ ਪੱਗ ਦੀ ਚਰਚਾ ਹਮੇਸ਼ਾਂ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਸਿੱਖ ਨੇ ਕਦੇ ਵੀ ਜ਼ੁਲਮ ਅੱਗੇ ਝੁੱਕ ਕੇ ਗੁਲਾਮੀ ਕਬੂਲ ਨਹੀਂ ਕੀਤੀ ਸਗੋਂ ਦਸਤਾਰ ਦੀ ਆਨ-ਸ਼ਾਨ ਲਈ ਸਿਰ-ਧੜ੍ਹ ਦੀ ਬਾਜ਼ੀ ਲਗਾ ਦਿੱਤੀ। ਭਾਰਤ ਦੀ ਅਜਾਦੀ ਲਈ ਲੜਦਿਆਂ ਠਪਗੜੀ ਸੰਭਾਲੂ ਦੇ ਇਨਕਲਾਬੀ ਸੰਦੇਸ਼ ਨੇ ਸਿੱਖਾਂ ਅੰਦਰ ਨਵੀਂ ਰੂਹ ਫੂਕ ਦਿੱਤੀ। ਦੂਜੀ ਵਿਸ਼ਵ ਜੰਗ ਸਮੇਂ ਬਰਤਾਨਵੀ ਫ਼ੌਜ ਵੱਲੋਂ ਲੋਹ ਟੋਪ ਪਾਉਣਾ ਲਾਜਮੀ ਕਰਾਰ ਦਿੱਤੇ ਜਾਣ ’ਤੇ ਸਿੱਖ ਫੌਜੀਆਂ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ। ਉਨ੍ਹਾਂ ਨੂੰ ਸਿਰ ਵਿਚ ਗੋਲੀ ਲੱਗ ਕੇ ਅਜਾਦ ਹਸਤੀ ਵਜੋਂ ਸ਼ਹੀਦ ਹੋਣਾ ਪ੍ਰਵਾਨ ਸੀ ਪਰ ਆਪਣੀ ਦਸਤਾਰ ਛੱਡ ਗੁਲਾਮੀ ਦੀ ਨਿਸ਼ਾਨੀ ਟੋਪ ਪਾਉਣਾ ਮਨਜੂਰ ਨਹੀਂ ਸੀ।ਦਸਤਾਰ ਸਿਖਾਂ ਦੀ ਅਣਖ ਤੇ ਇਜ਼ਤ ਦਾ ਚਿੰਨ੍ਹ ਹੈ। ਜੇ ਕਰ ਕੋਈ ਸਿਖ ਦੇ ਸਿਰ ਤੋਂ ਦਸਤਾਰ ਲਾਹ ਦੇਵੇ ਤਾਂ ਉਸ ਨੂੰ ਸਿਰ ਲਹਿਣ ਦੇ ਬਰਾਬਰ ਸਮਝਿਆ ਜਾਂਦਾ ਹੈ ਅਤੇ ਇਸ ਬਦਲੇ ਸਿਖ ਰੋਸ ਵਜੋਂ ਕੋਈ ਵੀ ਕਦਮ ਉਠਾ ਸਕਦਾ ਹੈ। ਸਿੱਖ ਦੀ ਇੱਜ਼ਤ ਨੂੰ ਕੋਈ ਹੱਥ ਪਾਵੇ ਇਹ ਬਿਲਕੁਲ ਬਰਦਾਸ਼ਤ ਨਹੀਂ, ਕਿਉਂਕਿ ਦਸਤਾਰ ਸਾਡੇ ਗੁਰੂਆਂ ਵਲੋਂ ਬਖ਼ਸ਼ੀ ਹੋਈ ਇਜ਼ਤ ਤੇ ਅਣਖ਼ ਹੈ। ਸਿੱਖ ਅੱਜ ਦੁਨੀਆਂ ਦੇ ਹਰ ਕੋਨੇ ਵਿਚ ਵੱਸਿਆ ਹੋਇਆ ਹੈ। ਸਿੱਖਾਂ ਨੇ ਆਪਣੀ ਮੇਹਨਤ ਅਤੇ ਇਮਾਨਦਾਰੀ ਨਾਲ ਹਰ ਥਾਂ ਕਾਮਯਾਬੀ ਦੇ ਝੰਡੇ ਗੱਡੇ ਹਨ। ਪਰਾਏ ਦੇਸ਼ਾਂ ਵਿਚ ਸਿੱਖਾਂ ਨੂੰ ਦਸਤਾਰ ਲਈ ਕਈ ਸੰਘਰਸ਼ ਕਰਨੇ ਪਏ। ਸਿੱਖਾਂ ਨੂੰ ਕੰਮ ’ਤੇ ਜਾਣ ਸਮੇਂ, ਸਫਰ ਵਿਚ ਅਤੇ ਸਕੂਲਾਂ ਵਿਚ ਬੱਚਿਆਂ ਨੂੰ ਕਈ ਮੁਸ਼ਕਲਾਂ ਵਿਚੋਂ ਗੁਜਰਨਾ ਪਿਆ। ਅੱਜ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਦਸਤਾਰਧਾਰੀ ਸਿੱਖ ਉਚ ਅਹੁਦਿਆਂ ਤੇ ਬਿਰਾਜਮਾਨ ਹਨ ਉਨ੍ਹਾਂ ਨੇ ਆਪਣੀ ਮੇਹਨਤ ਅਤੇ ਲਗਨ ਨਾਲ ਇਹ ਮੁਕਾਮ ਹਾਸਲ ਕੀਤੇ ਹਨ।
ਪਿਛਲੇ ਦਿਨੀ ਅਮਰੀਕਾ ਦੇ ਸ਼ਹਿਰ ਯੂਬਾ ਸਿਟੀ ਦੇ ਗੁਰਦੁਆਰਾ ਸਿੱਖ ਟੈਂਪਲ ਵਿਖੇ ਇਕ ਧਾਰਮਿਕ ਸੰਸਥਾ ਦੇ ਮੁਖੀ ’ਤੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ। ਇਸ ਹਮਲੇ ਵਿਚ ਉਨ੍ਹਾਂ ਦੀ ਦਸਤਾਰ ਦੀ ਬੇਅਦਬੀ ਕੀਤੀ ਤੇ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਗਈ। ਇਸੇ ਤਰ੍ਹਾਂ ਕਈ ਦੇਸ਼ਾਂ ਵਿਚ ਸਥਿਤ ਗੁਰਦੁਆਰਾ ਸਾਹਿਬਾਨ ਅੰਦਰ ਵੀ ਕਈ ਥਾਈਂ ਪ੍ਰਬੰਧਕਾਂ ਦੀਆਂ ਆਪਸੀ ਲੜਾਈਆਂ ਵਿਚ ਕੇਸਾਂ ਤੇ ਦਸਤਾਰਾਂ ਦੀ ਬੇਅਦਬੀ ਹੋ ਚੁੱਕੀ ਹੈ। ਜਿਨ੍ਹਾਂ ਦੇਸ਼ਾਂ ਵਿਚ ਸਿੱਖਾਂ ਨੂੰ ਆਪਣੀ ਦਸਤਾਰ ਦੀ ਸ਼ਾਨ ਲਈ ਕਈ ਤਰ੍ਹਾਂ ਦੇ ਜਤਨ ਕਰਨੇ ਪੈ ਰਹੇ ਹਨ ਉਨ੍ਹਾਂ ਦੇਸ਼ਾਂ ਵਿਚ ਸਿੱਖਾਂ ਦੁਆਰਾ ਹੀ ਸਿੱਖ ਦੀ ਦਸਤਾਰ ਦੀ ਬੇਅਦਬੀ ਸਥਾਨਕ ਲੋਕਾਂ ਵਿਚ ਸਾਡਾ ਕੀ ਅਕਸ਼ ਪੇਸ਼ ਕਰੇਗੀ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਜੇਕਰ ਕਿਸੇ ਨਾਲ ਵਿਚਾਰਕ ਮਤਭੇਦ ਹਨ ਤਾਂ ਉਨ੍ਹਾਂ ਨੂੰ ਮਿਲ ਬੈਠ ਕੇ ਸੁਲਝਾਉਣ ਦੀ ਲੋੜ ਹੈ। ਇਹ ਕਦਾਚਿਤ ਉਚਿਤ ਨਹੀਂ ਠਹਿਰਾਇਆ ਜਾ ਸਕਦਾ ਕਿ ਕਿਸੇ ਨਾਲ ਵਿਚਾਰਾਂ ਦੀ ਵਿਰੋਧਤਾ ਕਾਰਨ ਉਸ ਦੀ ਦਸਤਾਰ ਉਤਾਰ ਦਿੱਤੀ ਜਾਵੇ। ਅਫਸੋਸ ਹੈ ਕਿ ਰੁੱਖ ਦੇ ਜਿਸ ਟਾਹਣ ’ਤੇ ਬੈਠੇ ਹਾਂ ਉਸੇ ਨੂੰ ਕੱਟਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਸਿੱਖ ਧਰਮ ਵਿਚ ਅੱਜ ਬਹੁਤ ਸਾਰੇ ਨੌਜਵਾਨ ਕੇਸਾਂ ਤੋਂ ਵਿਹੂਣੇ ਹਨ, ਪਰ ਇਨ੍ਹਾਂ ਵਿਚ ਗੁਰੂ ਪ੍ਰਤੀ ਸਰਧਾ ਅਤੇ ਸਤਿਕਾਰ ਵੀ ਬਹੁਤ ਹੈ। ਵੱਖ-ਵੱਖ ਸਮਾਗਮਾਂ ਸਮੇਂ ਇਹ ਵੱਧ-ਚੱੜ੍ਹ ਕੇ ਸੇਵਾਵਾਂ ਵਿਚ ਹਿੱਸਾ ਵੀ ਲੈਂਦੇ ਹਨ। ਪਰ ਗੁਰੂ ਦਾ ਹੁਕਮ ਹੈ ‘…ਸਾਬਤ ਸੂਰਤਿ ਦਸਤਾਰ ਸਿਰਾ’ ਅਤੇ ‘ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹਿ’ ਅਨੁਸਾਰ ਸਿੱਖੀ ਸ਼ਰਧਾ ਦੇ ਨਾਲ ਸਿੱਖੀ ਸਰੂਪ ਵੀ ਅਤੀ ਜਰੂਰੀ ਹੈ। ਸਿੱਖ ਸਿਧਾਤਾਂ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੂੰ ਸਿੱਖੀ ਕਕਾਰਾਂ ਦੇ ਧਾਰਨੀ ਹੋਣਾ ਜਰੂਰੀ ਹੈ, ਸਿੱਖ ਧਰਮ ਵਿਚ ਫੋਕੀ ਦਾਵੇਦਾਰੀ ਪ੍ਰਵਾਨ ਨਹੀਂ ਹੈ। ਕਈ ਵਾਰ ਅਖੌਤੀ ਰਾਜਨੀਤਕ ਆਗੂਆਂ ਦੀ ਅਗਵਾਈ ਕੌਮ ਨੂੰ ਭੰਬਲਭੂਸੇ ਚ ਪਾ ਦਿੰਦੀ ਹੈ। ਸਹੀ ਰਸਤੇ ਦੀ ਚੋਣ ਲਈ ਸਹੀ ਅਗਵਾਈ ਦੀ ਸਖਤ ਲੋੜ ਹੁੰਦੀ ਹੈ। ਗੁੰਮਰਾਹਕੁੰਨ ਪ੍ਰਚਾਰ ਦੀ ਕੌਮੀ ਖੜੋਤ ਦਾ ਕਾਰਨ ਬਣਦਾ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਸਿੱਖਾਂ ਨੂੰ ਆਪਣੇ ਮੂਲ ਸਿਧਾਂਤਾਂ ਤੋਂ ਦੂਰ ਲੈ ਜਾਣ ਦੇ ਅਜਿਹੇ ਅਰਥਹੀਨ ਯਤਨ ਸਿੱਖਾਂ ਨੂੰ ਖਾਨਾਜੰਗੀ ਵੱਲ ਤਾਂ ਨਹੀਂ ਧਕੇਲ ਰਹੇ, ਹਲਾਤ ਕੁਝ ਅਜਿਹੇ ਲੱਗਦੇ ਹਨ। ਅੱਜ ਲੋੜ ਹੈ ਅਸੀਂ ਸਾਰੇ ਰਲ਼ ਕੇ ਆਪਸੀ ਵਖਰੇਵੇਂ ਭੁਲਾ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ। ਛੋਟੇ-ਛੋਟੇ ਮਤਭੇਦਾਂ ਨਾਲ ਬਣੀਆਂ ਦੂਰੀਆਂ ਕੌਮ ਦੇ ਭਵਿੱਖ ਲਈ ਸਹਾਈ ਨਹੀਂ ਹੋ ਸਕਦੀਆਂ।

Comments are closed.

COMING SOON .....


Scroll To Top
11