ਆਮ ਸਿੱਖਾਂ ਦੀ ਮਾਨਤਾ ਹੈ ਕਿ ਇਟਲੀ ਦੀ ਸੁਪ੍ਰੀਮ ਕੋਰਟ ਵਲੋਂ ਸਿੱਖਾਂ ਦੇ ਜਨਤਕ ਥਾਵਾਂ ਪੁਰ ਕ੍ਰਿਪਾਨ ਪਹਿਨ ਕੇ ਜਾਣ ’ਤੇ ਪਾਬੰਧੀ ਲਾਇਆ ਜਾਣਾ ਬਹੁਤ ਹੀ ਬਦਕਿਸਮਤੀ ਭਰਿਆ ਫੈਸਲਾ ਹੈ। ਇਸੇ ਸੰਬੰਧ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਕੁਲਮੋਹਨ ਸਿੰਘ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਸੁਪ੍ਰੀਮ ਕੋਰਟ ਦੇ ਵਿਦਵਾਨ ਜੱਜ ਸਾਹਿਬਾਨ ਨੇ ਆਪਣੇ ਫੈਸਲੇ ਵਿੱਚ ਸਵੀਕਾਰ ਕੀਤਾ ਹੈ ਕਿ ਇਟਲੀ ਦਾ ਸੰਵਿਧਾਨ, ਵੱਖ-ਵੱਖ ਦੇਸ਼ਾਂ ਤੋਂ ਇਟਲੀ ਵਿੱਚ ਆ ਕੇ ਵਸੇ ਲੋਕਾਂ ਦੇ ਸਭਿਆਚਾਰ ਅਤੇ ਸੰਸਕ੍ਰਿਤੀ ਦੀ ਰਖਿਆ ਕਰਨ ਵਿੱਚ ਸਹਿਯੋਗ ਕਰਨ ਪ੍ਰਤੀ ਵਚਨਬੱਧ ਹੈ ਅਤੇ ਦੂਜੇ ਪਾਸੇ ਉਨ੍ਹਾਂ ਹੀ ਵਿਦਵਾਨ ਜੱਜ ਸਾਹਿਬਾਨ ਵਲੋਂ ਆਪਣੇ ਫੈਸਲੇ ਵਿੱਚ ਸਿੱਖਾਂ ਪੁਰ ਜਨਤਕ ਥਾਂਵਾਂ ਤੇ ਆਪਣਾ ਧਾਰਮਕ ਚਿੰਨ੍ਹ, ਕ੍ਰਿਪਾਨ ਪਾ ਕੇ ਜਾਣ ’ਤੇ ਰੋਕ ਲਾ ਦਿੱਤੀ ਜਾਣਾ, ਸਮਝ ਤੋਂ ਬਾਹਰ ਹੈ।ਧਾਰਮਕ ਮਾਨਤਾਵਾਂ ਅਨੁਸਾਰ ਸਿੱਖੀ ਵਿੱਚ ਕ੍ਰਿਪਾਨ, ਅੰਮ੍ਰਿਤਧਾਰੀ ਸਿੱਖਾਂ ਵਲੋਂ ਧਾਰਣ ਕੀਤੀ ਰਖਣਾ, ਉਸੇ ਤਰ੍ਹਾਂ ਜ਼ਰੂਰੀ ਹੈ, ਜਿਵੇਂ ਦੂਜੇ ਚਾਰ ਕਕਾਰ, ਕੇਸਾਂ, ਕੰਘੇ, ਕੜੇ ਅਤੇ ਕੱਛੇ ਨੂੰ ਆਪਣੇ ਸਰੀਰ ਅਤੇ ਪਹਿਨਾਵੇ ਦਾ ਅੰਗ ਬਣਾਈ ਰਖਣਾ। ਇਸਲਈ ਇਹ ਗਲ ਸਵੀਕਾਰ ਕਰਨੀ ਹੀ ਹੋਵੇਗੀ ਕਿ ਕ੍ਰਿਪਾਨ ਪਹਿਨੀ ਰਖਣਾ, ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਜੁੜਿਆ, ਇੱਕ ਮਹਤੱਤਾਪੂਰਣ ਮੁੱਦਾ ਹੈ, ਜਿਸ ’ਤੇ ਰੋਕ ਲਾਏ ਜਾਣ ਨਾਲ ਸਿੱਖ ਜਗਤ ਵਿੱਚ ਰੋਸ ਪੈਦਾ ਹੋ ਜਾਣਾ ਸੁਭਾਵਕ ਹੈ। ਪ੍ਰੰਤੂ ਇਸ ਰੋਸ ਦਾ ਪ੍ਰਗਟਾਵਾ ਕਰਦਿਆਂ ਸਿੱਖ ਮੁਖੀਆਂ ਨੂੰ ਇਸ ਗਲ ਦਾ ਧਿਆਨ ਰਖਣਾ ਹੋਵੇਗਾ ਕਿ ਇਸ ਸਮਸਿਆ ਦੇ ਹਲ ਲਈ ਧਮਕੀਆਂ, ਜਿਵੇਂ ਕਿ ਕੁਝ ਅਕਾਲੀ ਆਗੂਆਂ ਵਲੋਂ ਦਿੱਤੀਆਂ ਜਾਣ ਲਗੀਆਂ ਹਨ, ਦੇਣ ਨਾਲ ਕੁਝ ਵੀ ਬਣਨ ਵਾਲਾ ਨਹੀਂ। ਹਾਂ, ਇਸ ਨਾਲ ਮਾਮਲਾ ਉਲਝ ਜ਼ਰੂਰ ਸਕਦਾ ਹੈ। ਇਸ ਲਈ ਇਸ ਸਮਸਿਆ ਦੇ ਹਲ ਲਈ ਅਜਿਹਾ ਸਾਰਥਕ ਰਸਤਾ ਅਪਨਾਉਣਾ ਹੋਵੇਗਾ, ਜਿਸ ਨਾਲ ਇਟਲੀ ਦੀ ਸਰਕਾਰ ਅਤੇ ਉਸਦੇ ਅਧਿਕਾਰੀਆਂ ਤਕ ਆਪਣਾ ਪੱਖ ਪਹੁੰਚਾ, ਉਨ੍ਹਾਂ ਨੂੰ ਸੰਤੁਸ਼ਟ ਤੇ ਪ੍ਰਭਾਵਤ ਕਰ ਆਪਣੇ ਨਾਲ ਸਹਿਮਤ ਕੀਤਾ ਜਾ ਸਕੇ। ਇਸਦੇ ਲਈ ਜ਼ਰੂਰੀ ਹੈ ਕਿ ਇੱਕ ਤਾਂ ਸਿੱਖ ਧਰਮ ਵਿੱਚ ਕਕਾਰਾਂ ਦੀ ਮਹਤੱਤਾ ਤੇ ਉਨ੍ਹਾਂ ਨਾਲ ਜੁੜੇ ਆਦਰਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਉਨ੍ਹਾਂ ਤਕ ਪਹੁੰਚਾਣ ਦੀ ਲੋੜ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਦਸਿਆ ਜਾਣਾ ਜ਼ਰੁਰੀ ਹੈ ਕਿ ਗੁਰੂ ਸਾਹਿਬ ਨੇ ਇਨ੍ਹਾਂ ਨੂੰ ਆਪਣੇ ਸਰੀਰ ’ਤੇ ਪਹਿਨਾਵੇ ਦਾ ਜ਼ਰੂਰੀ ਅੰਗ ਬਣਾਈ ਰਖਣ ਦਾ ਆਦੇਸ਼ ਇਸਲਈ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੇ ਸਿੱਖ ਇਨ੍ਹਾਂ ਨਾਲ ਜੁੜੇ ਆਦਰਸ਼ਾਂ ਤੋਂ ਭਟਕ ਨਾ ਜਾਣ! ਇਹੀ ਕਾਰਣ ਹੈ ਕਿ ਇਨ੍ਹਾਂ (ਕਕਾਰਾਂ) ਨਾਲ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜਿਨ੍ਹਾਂ ਦੇ ਚਲਦਿਆਂ ਜਦੋਂ ਕਦੀ ਵੀ ਇਨ੍ਹਾਂ ਵਿਚੋਂ ਕਿਸੇ ਵੀ ਇੱਕ ਪੁਰ ਰੋਕ ਲਾਏ ਜਾਣ ਦੀ ਗਲ ਸਾਹਮਣੇ ਆਉਂਦੀ ਹੈ ਤਾਂ, ਆਮ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਆਹਤ ਹੋਏ ਬਿਨਾ ਨਹੀਂ ਰਹਿੰਦੀਆਂ, ਜਿਸ ਨਾਲ ਸਿੱਖ ਜਗਤ ਵਿੱਚ ਰੋਸ ਪੈਦਾ ਹੋ ਜਾਂਦਾ ਹੈ ਅਤੇ ਇਸਦੇ ਵਿਰੋਧ ਵਿੱਚ ਉਹ ਸੜਕਾਂ ਪੁਰ ਉਤਰ ਆਉਂਦੇ ਹਨ।ਇਸ ਸੰਬੰਧ ਵਿੱਚ ਵਿਦੇਸ਼ਾਂ ਵਿੱਚ ਵਸ ਰਹੇ ਸਿੱਖ ਮੁਖੀਆਂ ਨੂੰ ਵੀ ਸੋਚਣਾ ਹੋਵੇਗਾ ਕਿ ਕਿਧਰੇ ਇਟਲੀ ਵਿੱਚ ਕ੍ਰਿਪਾਨ ਪਹਿਨਣ ਪੁਰ ਲਗੀ ਇਹ ਪਾਬੰਧੀ ’ਤੇ ਸਮੇਂ-ਸਮੇਂ ਹੋਰ ਦੇਸ਼ਾਂ ਵਿੱਚ ਵੀ ਸਿੱਖਾਂ ਦੇ ਕਕਾਰਾਂ, ਪਗੜੀ ਬੰਨ੍ਹਣ ਅਤੇ ਸਿੱਖ ਧਰਮ ਨਾਲ ਸੰਬੰਧਤ ਹੋਰ ਮਾਨਤਾਵਾਂ ਨੂੰ ਲੈ ਕੇ ਜੋ ਸੁਆਲ ਪੈਦਾ ਹੁੰਦੇ ਰਹਿੰਦੇ ਹਨ ਅਤੇ ਪਾਬੰਦੀਆਂ ਲਾਈਆਂ ਜਾਂਦੀਆਂ ਰਹਿੰਦੀਆਂ ਹਨ, ਉਨ੍ਹਾਂ ਦਾ ਕਾਰਣ ਉਨ੍ਹਾਂ ਵਲੋਂ ਆਪਣੇ ਹੀ ਧਰਮ ਅਸਥਾਨਾਂ ਗੁਰਦੁਆਰਿਆਂ ’ਤੇ ਕਬਜ਼ਾ ਜਮਾਣ ਲਈ ਇੱਕ-ਦੂਜੇ ਦੀਆਂ ਪੱਗਾਂ ਨੂੰ ਉਛਾਲਿਆਂ ਜਾਣਾ ਅਤੇ ਇੱਕ-ਦੂਜੇ ਦੀਆਂ ਗਰਦਨਾਂ ਲਾਹੁਣ ਲਈ ਤਲਵਾਰਾਂ ਲਹਿਰਾਏ ਜਾਣਾ ਹੀ ਤਾਂ ਨਹੀਂ? ਵੇਖਣੇ ਵਿੱਚ ਆਉਂਦਾ ਹੈ ਕਿ ਇੱਕ ਪਾਸੇ ਤਾਂ ਕਈ ਦੇਸ਼ਾਂ, ਅਮਰੀਕਾ, ਕੈਨੇਡਾ, ਯੂਕੇ ਆਦਿ ਦੇਸ਼ਾਂ ਦੀਆਂ ਸਰਕਾਰਾਂ ਸਿੱਖਾਂ ਦੇ ਜੀਵਨ, ਸੇਵਾ-ਭਾਵਨਾ, ਆਚਰਣ, ਇਤਿਹਾਸ ਅਤੇ ਧਾਰਮਕ ਮਾਨਤਾਵਾਂ ਤੋਂ ਪ੍ਰਭਾਵਤ ਹੋ, ਉਨ੍ਹਾਂ ਦਾ ਸਨਮਾਨ ਕਰਨ ਦੇ ਨਾਲ ਹੀ, ਉਨ੍ਹਾਂ ਦੇਸ਼ਾਂ ਦੇ ਉਚ ਅਹੁਦੇਦਰ ਸਿੱਖਾਂ ਦੇ ਧਾਰਮਕ ਸਮਾਗਮਾਂ ਵਿੱਚ ਸ਼ਾਮਲ ਹੋਣਾ, ਜਿਥੇ ਆਪਣੇ ਲਈ ਮਾਣ ਦੀ ਗਲ ਸਮਝਦੇ ਹਨ, ਉਥੇ ਹੀ ਸਿੱਖਾਂ ਦਾ ਸਨਮਾਨ ਵੀ ਵਧਾਉਂਦੇ ਹਨ। ਦੂਜੇ ਪਾਸੇ ਕਈ ਦੇਸ਼ਾਂ ਦੀਆਂ ਸਰਕਾਰਾਂ ਉਨ੍ਹਾਂ ਦੇ ਵਿਵਾਦਤ ਆਚਰਣ ਨੂੰ ਲੈ ਕੇ ਉਨ੍ਹਾਂ ਦੀਆਂ ਧਾਰਮਕ ਮਾਨਤਾਵਾਂ ਪੁਰ ਸੁਆਲ ਉਠਾ, ਉਨ੍ਹਾਂ ਪੁਰ ਪਾਬੰਧੀਆਂ ਲਾਣ ਤੋਂ ਵੀ ਪਿੱਛੇ ਨਹੀਂ ਰਹਿ ਰਹੀਆਂ। ਆਖਰ! ਅਜਿਹਾ ਕਿਉਂ ਹੋ ਰਿਹਾ ਹੈ? ਇਸ ਸੁਆਲ ਦਾ ਜੁਆਬ ਤਲਾਸ਼ਣ ਲਈ ਪ੍ਰਵਾਸੀ ਸਿੱਖਾਂ ਨੂੰ ਆਪਣੇ ਅੰਦਰ ਝਾਂਕਣਾ ਹੋਵੇਗਾ। ਦਿੱਲੀ ਗੁਰਦੁਆਰਾ ਕਮੇਟੀ ਨੂੰ ਸਿੱਖ ਇਤਿਹਾਸ ਨਾਲ ਸੰਬੰਧਤ ਨਿਸ਼ਾਨੀਆਂ ਦੀ ਤਲਾਸ਼ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬਾਨ ਦੇ ਜੀਵਨ, ਕਾਰਜਾਂ ਤੇ ਸ਼ਹਾਦਤਾਂ ਅਤੇ 550 ਵਰ੍ਹਿਆਂ ਦੇ ਸਿੱਖ ਇਤਿਹਾਸ ਨਾਲ ਸੰਬੰਧਤ ਨਿਸ਼ਾਨੀਆਂ ਦੀ ਤਲਾਸ਼ ਵਿੱਚ ਸਰਗਰਮੀ ਨਾਲ ਜੁਟੀ ਹੋਈ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਦੀ ਮਾਨਤਾ ਹੈ ਕਿ ਕੌਮ ਵਲੋਂ ਵਰਤੀ ਜਾਂਦੀ ਰਹੀ ਅਣਗਹਿਲੀ ਦੇ ਚਲਦਿਆਂ ਸਿੱਖ ਇਤਿਹਾਸ ਨਾਲ ਸੰਬੰਧਤ ਕਈ ਮਹਤੱਤਾਪੂਰਣ ਨਿਸ਼ਾਨੀਆਂ ਇੱਕੋ ਜਗ੍ਹਾ ਸੰਭਾਲੇ ਜਾਣ ਦੀ ਬਜਾਏ ਕਈ ਅਜਿਹੇ ਪਰਿਵਾਰਾਂ ਪਾਸ ਸਾਂਭ ਰਖੀਆਂ ਗਈਆਂ ਹੋਈਆਂ ਹਨ, ਜੋ ਜਾਂ ਤਾਂ ਗੁਰੂ ਸਾਹਿਬਾਨ ਦੀਆਂ ਪਰਵਾਰਕ ਪੀੜ੍ਹੀਆਂ ਨਾਲ ਜੁੜੇ ਚਲੇ ਆ ਰਹੇ ਹਨ ਜਾਂ ਫਿਰ ਅਜਿਹੇ ਸਿੱਖ ਪਰਿਵਾਰਾਂ ਦੀ ਪੀੜ੍ਹੀ ਨਾਲ ਸੰਬੰਧ ਰਖਦੇ ਹਨ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਜੀਵਨ-ਕਾਲ ਵਿੱਚ, ਉਨ੍ਹਾਂ ਦੀ ਸੇਵਾ ਵਿੱਚ ਰਹਿ, ਸਿੱਖੀ ਦੇ ਪ੍ਰਚਾਰ-ਪਸਾਰ ਵਿੱਚ ਯੋਗਦਾਨ ਪਾਇਆ ਜਾਂ ਜੰਗਾਂ-ਯੁੱਧਾਂ ਆਦਿ ਵਿੱਚ ਹਿਸਾ ਲਿਆ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਜਾਂ ਫਿਰ ਗੁਰੂ ਸਾਹਿਬਾਨ ਤੋਂ ਬਾਅਦ ਚਲੇ ਸਿੱਖ ਸੰਘਰਸ਼ ਵਿੱਚ ਸਿੱਖ ਆਦਰਸ਼ਾਂ ਅਤੇ ਗਰੀਬ-ਮਜ਼ਲੂਮ ਦੀ ਰਖਿਆ ਤੇ ਜਬਰ-ਜ਼ੁਲਮ ਵਿਰੁਧ ਜੂਝਦਿਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਪਾਸ ਕੋਈ ਨਾ ਕੋਈ ਅਜਿਹੀ ਨਿਸ਼ਾਨੀ ਜ਼ਰੂਰ ਹੋਵੇਗੀ, ਜੋ ਉਨ੍ਹਾਂ ਨੇ ਆਪਣੇ ਬਜ਼ੁਰਗਾਂ ਦੀ ਨਿਸ਼ਾਨੀ ਅਤੇ ਪੰਥ ਦੀ ਅਮਾਨਤ ਵਜੋਂ ਸੰਭਾਲ ਰਖੀ ਹੋਵੇਗੀ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਅਜਿਹੀਆਂ ਨਿਸ਼ਾਨੀਆਂ ਨੂੰ ਇੱਕ ਜਗ੍ਹਾ ਇਕਠਿਆਂ ਕਰ ਬਹੁਮੁਲੇ ਕੌਮੀ ਖਜ਼ਾਨੇ ਦੇ ਰੂਪ ਵਿੱਚ ਸੁਰਖਿਅਤ ਰਖਿਆ ਜਾਣਾ ਜ਼ਰੂਰੀ ਹੈ। ਗੁਰਦੁਆਰਾ ਕਮੇਟੀ ਇਸਦੇ ਲਈ ਇੱਕ ਵਿਸ਼ੇਸ਼ ਅਜਾਇਬਘਰ ਸਥਾਪਤ ਕਰ ਉਨ੍ਹਾਂ ਨਿਸ਼ਾਨੀਆਂ ਨੂੰ ਗੁਰਦੁਆਰਾ ਕਮੇਟੀ ਨੂੰ ਸੌਂਪਣ ਵਾਲਿਆਂ ਦੇ ਸਨਮਾਨਜਨਕ ਹਵਾਲੇ ਨਾਲ ਸੁਰਖਿਅਤ ਅਤੇ ਸੰਗਤਾਂ ਦੇ ਦਰਸ਼ਨਾਂ ਲਈ ਸਹੇਜ ਕੇ ਰਖਣਾ ਚਾਹੁੰਦੀ ਹੈ। ਇੱਕ ਸਾਰਥਕ ਸਲਾਹ : ਜਸਟਿਸ ਆਰਐਸ ਸੋਢੀ ਦਾ ਕਹਿਣਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਨਾਲ ਸੰਬੰਧਤ ਚਲੰਤ ਵਿਵਾਦਤ ਮੁਦਿਆਂ ਦੇ ਹਲ ਲਈ ਉਨ੍ਹਾਂ ਨੂੰ ਅਦਾਲਤਾਂ ਵਿੱਚ ਲਿਜਾ ਸਮਾਂ ਅਤੇ ਪੈਸਾ ਬਰਬਾਦ ਕਰਨ ਤੋਂ ਬਚਣ ਲਈ ਗੁਰਦੁਆਰਾ ਕਮੇਟੀ ਨੂੰ ਸੇਵਾ-ਮੁਕਤ ਜਜਾਂ ਜਾਂ ਕਾਨੂੰਨੀ ਮਾਹਿਰਾਂ ਪੁਰ ਅਧਾਰਤ ਤਿੰਨ ਜਾਂ ਪੰਜ ਮੈਂਬਰੀ ਟ੍ਰਿਬਿਉਨਲ ਕਾਇਮ ਕਰਨਾ ਚਾਹੀਦਾ ਹੈ, ਜੋ ਇੱਕ ਨਿਸ਼ਚਿਤ ਸਮੇਂ ਵਿੱਚ ਮਾਮਲਿਆਂ ਨੂੰ ਨਿਪਟਾ ਦੋਹਾਂ ਧਿਰਾਂ ਨੂੰ ਸੰਤੁਸ਼ਟ ਕਰ ਸਕੇ। ਉਨ੍ਹਾਂ ਅਨੁਸਾਰ ਕੇਵਲ ਅਜਿਹੇ ਮੁੱਦਿਆਂ ਨੂੰ ਹੀ ਅਦਾਲਤਾਂ ਵਿੱਚ ਲਿਜਾਇਆ ਜਾਣਾ ਚਾਹੀਦਾ ਹੈ ਜੋ ਬਹੁਤ ਹੀ ਪੇਚੀਦਾ ਹੋਣ।ਗੁਰਦੁਆਰਾ ਗਿਆਨ ਗੋਦੜੀ ਮੁਹਿੰਮ ਦੇ ਮੁੱਦੇ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ‘ਖੋਹ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੇ ਜਦੋਂ ਉਸ ਨਾਲ ਆਪਣੇ-ਆਪਨੂੰ ਸੰਬੰਧਤ ਕਰ, ਉਸਦੀ ਅਗਵਾਈ ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪ ਦਿੱਤੇ ਜਾਣ ਦਾ ਫੈਸਲਾ ਐਲਾਨਿਆ, ਤਾਂ ਉਸੇ ਸਮੇਂ ਕੁਝ ਸਿੱਖ ਹਲਕਿਆਂ ਵਲੋਂ ‘ਇਸ ਮੁੱਦੇ ਨੂੰ ਲਟਕਾ ਦਿੱਤੇ ਜਾਣ’ ਦਾ ਜੋ ਖਦਸ਼ਾ ਪ੍ਰਗਟ ਕੀਤਾ ਗਿਆ ਸੀ, ਆਖਰ ਉਹ ਸੱਚ ਸਾਬਤ ਹੋ ਹੀ ਗਿਆ। ਅਕਾਲ ਤਖਤ ਦੇ ਜਥੇਦਾਰ ਨੇ 14 ਮਈ ਨੂੰ ਸਿੱਖ ਸੰਗਤਾਂ ਅਤੇ ਗੁਰੂ ਨਾਨਕ ਨਾਮ ਲੇਵਾਵਾਂ ਵਲੋਂ ਮਿਲੇ ਉਤਸ਼ਾਹ ਦਾ ਲਾਭ ਉਠਾਣ ਲਈ ਤੁਰੰਤ ਹੀ ਅਗਲੇ ਪ੍ਰੋਗਰਾਮ ਪੁਰ ਅਮਲ ਸ਼ੁਰੂ ਕਰ ਦਿੱਤੇ ਜਾਣ ਦਾ ਫੈਸਲਾ ਦੇਣ ਦੀ ਬਜਾਏ, 24 ਮਈ ਨੂੰ ਸਿੱਖ ਜਥੇਬੰਦੀਆਂ ਦੀ ਬੈਠਕ ਤੋਂ ਬਾਅਦ ਦਿੱਤੇ ਫੈਸਲੇ ਰਾਹੀਂ ਉਸਨੂੰ ਇਤਨਾ ਲੰਬਾ ਲਟਕਾ ਦਿੱਤਾ, ਜਿਸਤੋਂ ਇਹ ਅੰਦਾਜ਼ਾ ਲਾਇਆ ਜਾਣਾ ਕਿਸੇ ਦੇ ਵੀ ਵਸ ਦਾ ਰੋਗ ਨਹੀਂ ਰਿਹਾ ਕਿ 14 ਮਈ ਤੋਂ ਅਰੰਭ ਹੋਈ ਮੁਹਿੰਮ ਦਾ ਅਗਲਾ ਕਦਮ ਕਦੋਂ ਤੇ ਕਿਸ ਰੂਪ ਵਿੱਚ ਅਗੇ ਵਧੇਗਾ? ਕਿਉਂਕਿ ਜਥੇਦਾਰ ਅਕਾਲ ਤਖਤ ਵਲੋਂ ਸਦੀ ਗਈ ਮੀਟਿੰਗ ਵਿੱਚ, ਗੁਰਦੁਆਰਾ ਗਿਆਨ ਗੋਦੜੀ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਇੱਕ ਕਮੇਟੀ ਵਿਸ਼ੇਸ ਬਣਾਉਣ, ਮੁਹਿੰਮ ਨੂੰ ਅਗੇ ਵਧਾਣ ਦੇ ਸੰਬੰਧ ਵਿੱਚ ਸਾਰੀਆਂ ਸਿੱਖ ਸੰਸਥਾਵਾਂ ਪਾਸੋਂ ਲਿਖਤੀ ਸੁਝਾਉ ਲੈਣ, ਮਸਲੇ ਦੇ ਹਲ ਲਈ ਪੰਥਕ ਆਗੂਆਂ ਪੁਰ ਅਧਾਰਤ ਉਚ ਪਧਰੀ ਕਮੇਟੀ ਬਣਾਉਣ, ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿੱਚ ਵਿਚਾਰਨ ਆਦਿ ਦੇ ਫੈਸਲੇ ਤੋਂ ਲੈ ਕੇ ਸਿੱਖ ਜਥੇਬੰਦੀਆਂ ਪਾਸੋਂ ਅਕਾਲ ਤਖਤ ਦੇ ਹੁਕਮ ਅਨੁਸਾਰ ਚਲਣ ਦਾ ਐਲਾਨ ਕਰਵਾ ਲੈਣ ਅਦਿ ਤੋਂ ਸਪਸ਼ਟ ਜਾਪਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਪੁਰ ਕਾਬਜ਼ ਹੋਣ ਦਾ ਲਾਭ ਉਠਾ, ਇਸ ਮੁੱਦੇ ਨੂੰ ਲੈ ਕੇ ਇੱਕ ਅਜਿਹਾ ਜਾਲ ਬੁਣ ਦਿੱਤਾ ਹੈ, ਜਿਸਦਾ ਸਿਰਾ ਤਕ ਲਭ ਪਾਣਾ ਵੀ ਕਿਸੇ ਲਈ ਸਹਿਜ ਨਹੀਂ।