Wednesday , 21 November 2018
Breaking News
You are here: Home » INTERNATIONAL NEWS » ਸਿਖਸ ਆਫ਼ ਅਮਰੀਕਾ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਭਾਰਤੀ ਸਫ਼ਾਰਤਖਾਨੇ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੁਲਾਕਾਤ

ਸਿਖਸ ਆਫ਼ ਅਮਰੀਕਾ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਭਾਰਤੀ ਸਫ਼ਾਰਤਖਾਨੇ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੁਲਾਕਾਤ

ਵਾਸ਼ਿੰਗਟਨ ਡੀ. ਸੀ. , 6 ਦਸੰਬਰ-ਭਾਰਤੀ ਕਮਿਊਨਿਟੀ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਪ੍ਰਵਾਸੀ ਸਿਖ ਭਾਈ ਜਗਤਾਰ ਸਿੰਘ ਜਗੀ ਦੀ ਰਿਹਾਈ ਸਬੰਧੀ ਮੈਟਰੋਪੁਲਿਟਨ ਡੀ ਸੀ ਏਰੀਏ ਦਾ ਇਕ ਵਫਦ ਸ. ਜਸਦੀਪ ਸਿੰਘ ਜਸੀ ਚੇਅਰਮੈਨ ਸਿਖਸ ਆਫ ਅਮਰੀਕਾ ਤੇ ਡਾਇਵਰਸਿਟੀ ਗਰੁਪ ਟਰੰਪ ਦੀ ਅਗਵਾਈ ਵਿਚ ਸਮਾਂ ਲੈ ਕੇ ਡਿਪਟੀ ਅੰਬੈਸਡਰ ਸੰਤੋਸ਼ ਝਾਅ ਅਤੇ ਰਜੇਸ਼ ਸਬੋਰਟੋ ਕਮਿਊਨਿਟੀ ਮਨਿਸਟਰ ਨੂੰ ਵਾਸ਼ਿੰਗਟਨ ਸਥਿਤ ਅੰਬੈਸੀ ਵਿਚ ਮਿਲਿਆ। ਜਿਥੇ ਸਾਰੇ ਵਫਦ ਵਲੋਂ ਪਹਿਲਾਂ ਆਪਣੀ ਜਾਣ-ਪਹਿਚਾਣ ਕਰਵਾਈ। ਉਪਰੰਤ ਡਾ. ਸੁਰਿੰਦਰ ਸਿੰਘ ਗਿਲ ਨੇ ਮਿਲਣੀ ਦਾ ਮਕਸਦ ਤੇ ਮਨਰੋਥ ਸਬੰਧੀ ਭਾਰਤੀ ਅਫਸਰਾਂ ਨੂੰ ਜਾਣੂੰ ਕਰਵਾਇਆ।ਸੰਤੋਸ਼ ਝਾਅ ਡਿਪਟੀ ਅੰਬੈਸਡਰ ਨੇ ਆਏ ਵਫਦ ਨੂੰ ਜੀ ਆਇਆ ਕਿਹਾ ਅਤੇ ਹਰੇਕ ਨੂੰ ਇਕ-ਇਕ ਕਰਕੇ ਮੁਸ਼ਕਲਾਂ ਦੱਸਣ ਲਈ ਆਖਿਆ। ਸਭ ਤੋਂ ਪਹਿਲਾਂ ਸ. ਜਸਦੀਪ ਸਿੰਘ ਜਸੀ ਸਿਖਸ ਆਫ ਅਮਰੀਕਾ ਨੇ ਪਹਿਲੀਆਂ ਮਿਲਣੀਆਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਕੀਤੀਆਂ ਮੁਲਾਕਾਤਾਂ ਬਾਰੇ ਜ਼ਿਕਰ ਕੀਤਾ। ਉਪਰੰਤ ਕੌੜੀਆਂ ਤੇ ਸਚੀਆਂ ਕਮਿਊਨਿਟੀ ਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਕੇ ਆਪਣੀ ਹਾਜ਼ਰੀ ਦਾ ਪ੍ਰਗਟਾਵਾ ਕੀਤਾ। ਹਰੇਕ ਵਲੋਂ ਆਪਣੇ ਤਜ਼ਰਬੇ ਅਤੇ ਨਿਤ ਅੰਬੈਸੀ ਨਾਲ ਪੈਂਦੇ ਕੰਮਾਂ ਦਾ ਜ਼ਿਕਰ ਮੁਸ਼ਕਲਾਂ ਸਹਿਤ ਵਿਸਥਾਰ ਪੂਰਵਕ ਦਸਿਆ।ਸ. ਬਲਜਿੰਦਰ ਸਿੰਘ ਸ਼ੰਮੀ ਸਾਬਕਾ ਚੇਅਰਮੈਨ ਵਲੋਂ ਪਾਸਪੋਰਟ ਨਵੀਨੀਕਰਨ ਸਬੰਧੀ ਕਿਹਾ ਕਿ ਜੋ ਵਿਅਕਤੀ ਚਾਲੀ ਸਾਲ ਤੋਂ ਇਥੇ ਅਮਰੀਕਾ ਰਹਿ ਰਹੇ ਹਨ, ਜਿਨ੍ਹਾਂ ਕੋਲੋਂ ਪਾਸਪੋਰਟ ਵੀ ਭਾਰਤੀ ਨਹੀਂ ਹੈ ਅਤੇ ਨਾ ਕੋਈ ਸਰਟੀਫਿਕੇਟ ਹੈ ਉਨ੍ਹਾਂ ਨੂੰ ਵੀਜ਼ੇ ਲੈਣ ਸਬੰਧੀ ਮੁਸ਼ਕਲ ਆਉਂਦੀ ਹੈ ਜਦਕਿ ਪਹਿਲਾਂ ਉਹ ਕਈ ਵਾਰੀ ਭਾਰਤ ਜਾ ਚੁਕੇ ਹਨ। ਇਸਤੇ ਭਾਰਤੀ ਡਿਪਟੀ ਅੰਬੈਸਡਰ ਨੇ ਕਿਹਾ ਕਿ ਅਮਰੀਕਾ ਦੇ ਸਿਟੀਜ਼ਨ ਸਰਟੀਫਿਕੇਟ ਦੀ ਕਾਪੀ ਰਾਹੀਂ ਹਲ ਕਢਿਆ ਜਾਵੇਗਾ, ਜਿਥੇ ਵਿਅਕਤੀ ਦੀ ਜਨਮ ਭੂਮੀ ਬਾਰੇ ਜ਼ਿਕਰ ਹੁੰਦਾ ਹੈ। ਸ਼੍ਰੀ ਸੁਰਿੰਦਰ ਰਹੇਜਾ ਨੇ ਕਿਹਾ ਕਿ ਕਈ ਲੋਕ ਟਿਕਟ ਪਹਿਲਾ ਲੈ ਲੈਂਦੇ ਹਨ, ਪਰ ਵੀਜ਼ਾ ਲੈਣ ਵਿਚ ਦੇਰੀ ਹੋਣ ਨਾਲ ਟਿਕਟ ਕੈਂਸਲ ਹੋ ਜਾਂਦੀ ਹੈ ਜਿਸ ਦੇ ਨੁਕਸਾਨ ਨਾਲ ਲੋਕ ਦੁਖੀ ਹੁੰਦੇ ਹਨ। ਸੋ ਵੀਜ਼ਾ ਦੇਣ ਦੀ ਪ੍ਰਕਿਰਿਆ ਥੋੜੀ ਤੇਜ਼ ਕੀਤੀ ਜਾਵੇ ਜਿਸ ਤੇ ਕਿਹਾ ਗਿਆ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀਜ਼ਾ ਦੋ ਦਿਨ ਵਿਚ ਜਾਰੀ ਕੀਤਾ ਜਾਵੇ। ਅਤੇ ਭਾਰਤ ਸਰਕਾਰ ਇਸ ਪ੍ਰਕਿਰਿਆ ਨੂੰ ਨਵੇਂ ਸਾਲ ਵਿਚ ਲਾਗੂ ਕਰ ਸਕਦੀ ਹੈ। ਸ. ਕੰਵਲਜੀਤ ਸਿੰਘ ਸੋਨੀ ਨੇ ਕਿਹਾ ਕਿ ਪਹਿਲਾਂ ਨਾਲੋਂ ਭਾਰਤੀ ਅੰਬੈਸੀ ਦੇ ਕੰਮ ਵਿਚ ਕਾਫੀ ਸੁਧਾਰ ਆਇਆ ਹੈ ਪਰ ਅਜੇ ਹੋਰ ਸੁਧਾਰ ਦੀ ਲੋੜ ਹੈ। ਡਾ. ਸੁਰਿੰਦਰ ਸਿੰਘ ਗਿਲ ਨੇ ਕਿਹਾ ਕਿ ਅਮਰੀਕਾ ਵਿਚ ਸਮਾਂ ਤਬਦੀਲ ਹੋਣ ਦੇ ਨਾਲ ਨਾਲ ਅੰਬੈਸੀ ਨੂੰ ਵੀ ਪਾਸਪੋਰਟ ਪ੍ਰਾਪਤ ਕਰਨ ਦਾ ਸਮਾਂ 2 ਵਜੇ ਤੋਂ 5 ਵਜੇ ਤਕ ਅਤੇ ਸੀਨੀਅਰ ਸਿਟੀਜ਼ਨ ਲਈ ਵਖਰੀ ਖਿੜਕੀ ਦਾ ਪ੍ਰਬੰਧ ਅਤੇ ਰਾਜਸੀ ਸ਼ਰਨ ਵਾਲਿਆਂ ਨੂੰ ਪਾਸਪੋਰਟ ਦੇਣ ਦੀ ਪ੍ਰਕਿਰਿਆ ਵਿਚ ਤਬਦੀਲੀ ਕਰਨੀ ਚਾਹੀਦੀ ਹੈ। ਸ. ਸੁਖਜਿੰਦਰ ਸਿੰਘ ਵਲੋਂ ਆਪਣੀ ਲੜਕੀ ਦੇ ਪਾਸਪੋਰਟ ਦਾ ਜ਼ਿਕਰ ਕੀਤਾ ਜੋ ਡੇਢ ਸਾਲ ਦੀ ਆਪਣੀ ਮਾਂ ਦੇ ਨਾਲ ਪਾਸਪੋਰਟ ਤੇ ਆਈ ਸੀ ਉਸਦੇ ਪਾਸਪੋਰਟ ਲਈ ਭਾਰਤ ਤੋਂ ਇਨਕੁਆਰੀ ਨਹੀਂ ਆ ਰਹੀ, ਸਬੰਧੀ ਡਿਪਟੀ ਅੰਬੈਸਡਰ ਨੇ ਕਿਹਾ ਕਿ ਉਸਦੀ ਲਿਖਤੀ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਜਾਵੇ, ਜਿਸ ਲਈ ਉਹ ਨਿਜੀ ਅਖਤਿਆਰ ਵਰਤ ਕੇ ਇਸ ਦਾ ਹਲ ਕਰਨਗੇ।
ਸ. ਕੁਲਵਿੰਦਰ ਸਿੰਘ ਫਲੋਰਾ ਵਲੋਂ ਭਾਰਤੀ ਸਮਾਗਮ ਵਿਚ ਪ੍ਰੈਸ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੀ ਮੰਗ ਰਖੀ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਪਾਸਪੋਰਟ ਅਤੇ ਵੀਜ਼ਾ ਦੇਣ ਦੀ ਵਕਾਲਤ ਕੀਤੀ। ਸ਼੍ਰੀ ਮੋਨੀ ਗਿਲ ਨੇ ਕਿਹਾ ਕਿ ਵੀਜਾ ਫ਼ਾਰਮ ਬਹੁਤ ਹੀ ਗੁੰਝਲਦਾਰ ਹੈ ਉਸ ਨੂੰ ਸਰਲ ਕੀਤਾ ਜਾਵੇ। ਸ. ਚਤਰ ਸਿੰਘ ਨੇ ਲਾਸ਼ਾਂ ਨੂੰ ਮੁਫਤ ਭੇਜਣ, ਵਿਆਹੀਆਂ ਲੜਕੀਆਂ ਦੇ ਛਡ ਛਡਾ ਵਾਲੇ ਕੇਸਾਂ ਵਿਚ ਵਿਸ਼ੇਸ਼ ਮਦਦ ਕਰਨ ਦਾ ਮਸਲਾ ਉਠਾਇਆ। ਸ਼੍ਰੀ ਸੁਰਿੰਦਰ ਰਹੇਜਾ ਵਲੋਂ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਵੀਜ਼ੇ ਸਬੰਧੀ ਆਈਆਂ ਮੁਸ਼ਕਿਲਾਂ ਦੇ ਹਲ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਭਾਈ ਜਗੀ ਦੀ ਤੁਰੰਤ ਰਿਹਾਈ ਕੀਤੀ ਜਾਵੇ ਜਾਂ ਉਨ੍ਹਾਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਜਾਵੇ। ਲੋਕਾਂ ਵਿਚ ਕਾਫੀ ਸਹਿਮ ਹੈ ਇਸ ਸਬੰਧੀ ਡਿਪਟੀ ਅੰਬੈਸਡਰ ਨੇ ਕਿਹਾ ਕਿ ਉਨ੍ਹਾਂ ਕੇਂਦਰ ਨੂੰ ਲਿਖ ਭੇਜਿਆ ਹੈ।ਸ. ਗੁਰਿੰਦਰ ਸਿੰਘ ਪੰਨੂ ਨੇ ਕਿਹਾ ਅੰਬੈਸੀ ਤੇ ਸੀ. ਕੇ. ਜੀ. ਦੇ ਨੰਬਰਾਂ ਨੂੰ ਉਪਲਬਧ ਕਰਵਾਉਣ ਲਈ ਆਫਿਸ ਦੇ ਬਾਹਰ ਪ੍ਰਬੰਧ ਹੋਣਾ ਚਾਹੀਦਾ ਹੈ ਕਿਉਂਕਿ ਕਈ ਹਮਾਤੜ ਵਿਚਾਰੇ ਕੰਪਿਊਟਰ ਨਹੀਂ ਜਾਣਦੇ। ਡਾ. ਸਲੂਜਾ ਨੇ ਕਿਹਾ ਕਿ ਵਾਕ-ਇਨ ਵਾਲਿਆਂ ਨੂੰ ਮੋੜਨਾ ਨਹੀਂ ਚਾਹੀਦਾ, ਜੋ ਆ ਗਏ ਉਨ੍ਹਾਂ ਦਾ ਵੀ ਕੰਮ ਕਰਨਾ ਚਾਹੀਦਾ ਹੈ।ਸਮੁਚੇ ਤੌਰ ’ਤੇ ਮੀਟਿੰਗ ਬਹੁਤ ਸਾਰਥਕ ਰਹੀ ਜਿਸ ਵਿਚ ਕਮਿਊਨਿਟੀ ਮਨਿਸਟਰ ਸ਼੍ਰੀ ਰਜੇਸ਼ ਸਬੋਰਟੋ ਨੇ ਕਿਹਾ ਕਿ ਅਸੀਂ ਵਧ ਤੋਂ ਵਧ ਕਮਿਊਨਿਟੀ ਤਕ ਪਹੁੰਚ ਕਰ ਰਹੇ ਹਾਂ ਅਤੇ ਉਨ੍ਹਾਂ ਦੀ ਹਰ ਮੁਸ਼ਕਲ ਹਲ ਕਰਨ ਲਈਂ ਉਨ੍ਹਾਂ ਦੇ ਕੋਲ ਵੀ ਜਾ ਰਹੇ ਹਾਂ। ਡਿਪਟੀ ਅੰਬੈਸਡਰ ਨੇ ਕਿਹਾ ਕਿ ਸਾਨੂੰ ਬਹੁਤ ਚੰਗਾ ਲਗਾ ਕਿ ਮੈਟਰੋਪੁਲਿਟਨ ਡੀ ਸੀ ਦੀਆਂ ਤਿੰਨ ਸਟੇਟਾਂ ਦਾ ਵਫਦ ਆਇਆ ਹੈ। ਜਿਥੇ ਇਸ ਵਫਦ ਨੇ ਸਾਨੂੰ ਸਾਡੀਆਂ ਖਾਮੀਆਂ ਅਤੇ ਸੁਝਾਵਾਂ ਤੋਂ ਜਾਣੂੰ ਕਰਵਾਇਆ ਹੈ, ਉਥੇ ਅਸੀਂ ਵੈਬ, ਫੋਨ ਲਾਈਨਾਂ ਵਧਾਉਣ ਅਤੇ ਸਰਲ ਵੀਜ਼ਾ ਪ੍ਰਣਾਲੀ ਕਰਨ ਲਈ ਨਵੇਂ ਸਾਲ ਵਿਚ ਅਹਿਮ ਫੈਸਲੇ ਲਵਾਂਗੇ । ਇਸ ਮੀਟਿੰਗ ਵਿਚ ਸਤਾਰਾਂ ਸਖਸ਼ੀਅਤਾਂ ਨੇ ਹਿਸਾ ਲਿਆ ਜਿਨ੍ਹਾਂ ਵਿਚ ਮੋਨੀ ਗਿਲ, ਕੁਲਦੀਪ ਸਿੰਘ, ਸੁਰਿੰਦਰ ਸਿੰਘ ਗਿਲ, ਕੁਲਵਿੰਦਰ ਫਲੋਰਾ, ਦਲਵੀਰ ਸਿੰਘ, ਸੁਖਜਿੰਦਰ ਸਿੰਘ, ਕੰਵਲਜੀਤ ਸਿੰਘ ਸੋਨੀ, ਸੁਰਿੰਦਰ ਸਿੰਘ ਰਹੇਜਾ, ਬਲਜਿੰਦਰ ਸਿੰਘ ਸ਼ੰਮੀ, ਡਾ. ਦਰਸ਼ਨ ਸਿੰਘ ਸਲੂਜਾ, ਪ੍ਰਭਜੋਤ ਸਿੰਘ ਕੋਹਲੀ, ਜਸਦੀਪ ਸਿੰਘ ਜਸੀ ਸਿਖਸ ਫਾਰ ਟਰੰਪ, ਚਤਰ ਸਿੰਘ, ਹਰਜੀਤ ਸਿੰਘ ਹੁੰਦਲ, ਸੁਖਜਿੰਦਰ ਸਿੰਘ, ਗਜਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਸ਼ਾਮਲ ਸਨ। ਸਮੁਚੀ ਮੀਟਿੰਗ ਵਲੋਂ ਭਾਈ ਜੱਗੀ ਨੂੰ ਛੁਡਾਉਣ ਬਾਰੇ ਵੀ ਮਤਾ ਪਾਸ ਕੀਤਾ ਗਿਆ ਹੈ।ਦੋ ਘੰਟੇ ਚਲੀ ਇਹ ਮੀਟਿੰਗ ਕਈ ਮਸਲੇ ਹਲ ਕਰ ਗਈ।

Comments are closed.

COMING SOON .....


Scroll To Top
11