Monday , 20 January 2020
Breaking News
You are here: Home » EDITORIALS » ਸਿਆਸੀ ਰੁਝਾਨ ਪੱਖੋਂ ਜ਼ਿਮਨੀ ਚੋਣਾਂ ਅਹਿਮ

ਸਿਆਸੀ ਰੁਝਾਨ ਪੱਖੋਂ ਜ਼ਿਮਨੀ ਚੋਣਾਂ ਅਹਿਮ

ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ 21 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ। ਦਾਖਾ, ਫਗਵਾੜਾ, ਮੁਕੇਰੀਆਂ ਅਤੇ ਜਲਾਲਾਬਾਦ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਸਿਖਰ ਵੱਲ ਵੱਧ ਰਿਹਾ ਹੈ। ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਸ ਵਾਰ ਸਿਆਸੀ ਮਾਹੌਲ ਕੁਝ ਬਦਲਿਆ ਹੋਇਆ ਹੈ। ਚਾਰੇ ਹੀ ਹਲਕਿਆਂ ਵਿੱਚ ਸਿੱਧੇ ਮੁਕਾਬਲੇ ਦੇ ਆਸਾਰ ਹਨ। ਦਾਖਾ ਹਲਕਾ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼੍ਰੀ ਐਚ.ਐਸ. ਫੂਲਕਾ ਦੇ ਅਸਤੀਫੇ ਕਾਰਨ ਖਾਲੀ ਹੋਇਆ ਹੈ, ਪਰ ਇਸ ਵਾਰ ਇਸ ਹਲਕੇ ਵਿੱਚ ‘ਆਪ’ ਦੀ ਹਾਲਤ ਬਹੁਤੀ ਜ਼ਿਕਰਯੋਗ ਨਹੀਂ ਹੈ। ਹਲਕੇ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਜਾਪ ਰਿਹਾ ਹੈ। ਕਾਂਗਰਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਹਿਯੋਗੀ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਸ਼੍ਰੀ ਮਨਪ੍ਰੀਤ ਸਿੰਘ ਇਆਲੀ ਇਸ ਹਲਕੇ ਤੋਂ ਚੋਣ ਲੜ ਰਹੇ ਹਨ। ਫਗਵਾੜਾ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਦਲਿਤ ਆਗੂ ਰਾਜੇਸ਼ ਬਾਘਾ ਨੂੰ ਉਤਾਰਿਆ ਗਿਆ ਹੈ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਵੱਲੋਂ ਸਾਬਕਾ ਸਿਵਲ ਅਧਿਕਾਰੀ ਬਲਵਿੰਦਰ ਸਿੰਘ ਧਾਲੀਵਾਲ ਮੈਦਾਨ ਵਿੱਚ ਉਤਾਰੇ ਗਏ ਹਨ। ਜਲਾਲਾਬਾਦ ਵਿੱਚ ਵੀ ਕਾਂਗਰਸ ਅਤੇ ਅਕਾਲੀ ਦਲ ਦਰਮਿਆਨ ਸਿੱਧਾ ਮੁਕਾਬਲਾ ਲੱਗ ਰਿਹਾ ਹੈ। ਮੁਕੇਰੀਆਂ ਵਿੱਚ ਭਾਜਪਾ ਅਤੇ ਕਾਂਗਰਸ ਆਹਮੋ-ਸਾਹਮਣੇ ਹਨ। ਬੇਸ਼ਕ ਜ਼ਿਮਨੀ ਚੋਣਾਂ ਦੇ ਨਤੀਜਿਆਂ ਨਾਲ ਕੋਈ ਸਰਕਾਰ ਨਹੀਂ ਬਣ ਜਾਣੀ, ਪ੍ਰੰਤੂ ਇਨ੍ਹਾਂ ਨਤੀਜਿਆਂ ਦਾ ਵੱਡਾ ਸਿਆਸੀ ਮਹੱਤਵ ਹੈ। ਚਾਰੇ ਹਲਕਿਆਂ ਦੇ ਚੋਣ ਨਤੀਜੇ ਪੰਜਾਬ ਦੀ ਨਵੀਂ ਸਿਆਸੀ ਦਿਸ਼ਾ ਤਹਿ ਕਰਨਗੇ। ਇਨ੍ਹਾਂ ਚੋਣਾਂ ਨੂੰ ਪੰਜਾਬ ਵਿਧਾਨ ਸਭਾ ਦੀਆਂ 2022 ਵਿੱਚ ਹੋਣ ਜਾ ਰਹੀਆਂ ਚੋਣਾਂ ਲਈ ਇਕ ਪ੍ਰੀਖਿਆ ਵਜੋਂ ਹੀ ਵੇਖਿਆ ਜਾ ਰਿਹਾ ਹੈ। ਅਸਲ ਵਿੱਚ ਚਾਰੇ ਹਲਕਿਆਂ ਦੇ ਚੋਣ ਨਤੀਜੇ ਹੀ ਇਹ ਤਹਿ ਕਰਨਗੇ ਕਿ 2022 ਵਿੱਚ ਕਿਹੜੀ ਸਿਆਸੀ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਵੇਗੀ। ਇਹੋ ਕਾਰਨ ਹੈ ਕਿ ਹੁਕਮਰਾਨ ਕਾਂਗਰਸ ਆਪਣੀ ਸਿਆਸੀ ਸਰਗਰਮੀ ਕਾਇਮ ਰੱਖਣ ਲਈ ਪੂਰੇ ਜ਼ੋਰ ਨਾਲ ਇਹ ਚੋਣਾਂ ਲੜ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਵੱਲੋਂ ਚਾਰੇ ਹਲਕਿਆਂ ਦੀ ਚੋਣ ਜਿੱਤਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਆਪਣੀ ਸਿਆਸੀ ਜ਼ਮੀਨ ਨੂੰ ਮੁੜ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ‘ਆਪ’ ਅਤੇ ਦੂਸਰੀਆਂ ਸਿਆਸੀ ਪਾਰਟੀਆਂ ਵੀ ਆਪਣੇ ਪੱਧਰ ‘ਤੇ ਸਰਗਰਮ ਹਨ। ਵੋਟਰਾਂ ਨੇ ਹੀ ਇਹ ਤਹਿ ਕਰਨਾ ਹੈ ਕਿ ਪੰਜਾਬ ਵਿੱਚ ਕਿਸ ਪਾਰਟੀ ਨੂੰ ਲੋਕ ਚਾਹੁੰਦੇ ਹਨ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11