Tuesday , 18 June 2019
Breaking News
You are here: Home » EDITORIALS » ਸਿਆਸੀ ਮਰਿਆਦਾ ਦਾ ਘਾਣ

ਸਿਆਸੀ ਮਰਿਆਦਾ ਦਾ ਘਾਣ

ਲੋਕ ਸਭਾ ਦੀਆਂ ਤਾਜ਼ਾ ਚੋਣਾਂ ਵਿੱਚ ਸਿਆਸੀ ਮਰਿਆਦਾ ਦਾ ਘਾਣ ਕੀਤਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਨੇਤਾ ਖਾਸ ਤੌਰ ’ਤੇ ਇਸ ਮਰਿਆਦਾ ਦਾ ਕੋਈ ਖਿਆਲ ਨਹੀਂ ਰੱਖ ਰਹੇ। ਖੁਦ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਚੋਣਾਂ ਜਿੱਤਣ ਲਈ ਫੌਜ ਅਤੇ ਸੁਰੱਖਿਆ ਫੋਰਸਾਂ ਦੇ ਨਾਮ ਦੀ ਦੁਰਵਰਤੋਂ ਕਰ ਰਹੇ ਹਨ। ਪਿਛਲੇ ਦਿਨੀਂ ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਵੋਟਰਾਂ ਤੋਂ ਪੁਲਵਾਮਾ ਅਤੇ ਬਾਲਾਕੋਟ ਦੇ ਨਾਂਅ ’ਤੇ ਫਤਵਾ ਮੰਗਿਆ ਹੈ। ਇਹ ਗੱਲ ਉਂਝ ਵੀ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਚੋਣ ਜ਼ਾਬਤੇ ਦਾ ਉਲੰਘਣ ਹੈ। ਪੁਲਵਾਮਾ ਅਤੇ ਬਾਲਕੋਟ ਕੋਈ ਪ੍ਰਾਪਤੀਆਂ ਨਹੀਂ ਹਨ। ਇਹ ਹੈਰਾਨੀ ਦੀ ਗੱਲ ਹੈ ਕਿ ਪੁਲਵਾਮਾ ਨੂੰ ਵੀ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਪ੍ਰਾਪਤੀਆਂ ਵਜੋਂ ਦਰਸਾ ਰਹੀ ਹੈ। ਪੁਲਵਾਮਾ ਵਿੱਚ ਸੀਆਰਪੀਐਫ ਦਾ ਵੱਡਾ ਜਾਨੀ ਨੁਕਸਾਨ ਹੋਇਆ ਹੈ। ਇਸ ਤਰ੍ਹਾਂ ਦੀ ਘਟਨਾ ਪਹਿਲਾਂ ਕਦੇ ਵੀ ਨਹੀਂ ਵਾਪਰੀ। ਕੇਂਦਰ ਸਰਕਾਰ ਦੀ ਨਾਕਾਮੀ ਕਾਰਨ ਹੀ ਸੀਆਰਪੀਐਫ ਦੇ ਜਵਾਨਾਂ ਨੂੰ ਆਪਣੀ ਜਾਨ ਗੁਆਉਣੀ ਪਈ। ਇਸ ਮੁੱਦੇ ਉਪਰ ਤਾਂ ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਪ੍ਰੰਤੂ ਉਹ ਵੋਟਰਾਂ ਕੋਲੋਂ ਫਤਵਾ ਮੰਗ ਰਹੇ ਹਨ। ਬਾਲਕੋਟ ਦੇ ਕਥਿਤ ਹਮਲੇ ਬਾਰੇ ਵੀ ਸਥਿਤੀ ਸਪੱਸ਼ਟ ਨਹੀਂ ਹੈ। ਹਾਲੇ ਤੱਕ ਸਰਕਾਰ ਵੱਲੋਂ ਆਪਣੇ ਦਾਅਵਿਆਂ ਦੀ ਪੁਸ਼ਟੀ ਲਈ ਕੋਈ ਸਬੂਤ ਸਾਹਮਣੇ ਨਹੀਂ ਰੱਖੇ ਗਏ। ਉਲਟਾ ਇਸ ਹਮਲੇ ਤੋਂ ਬਾਅਦ ਇਕ ਭਾਰਤੀ ਪਾਇਲਟ ਦੇ ਪਾਕਿਸਤਾਨ ਵਿੱਚ ਫੜੇ ਜਾਣ ਕਾਰਨ ਦੇਸ਼ ਲਈ ਬੇਹਦ ਨਮੋਸ਼ੀ ਵਾਲੇ ਹਾਲਾਤ ਪੈਦਾ ਹੋ ਗਏ ਸਨ। ਬਾਲਕੋਟ ਦਾ ਨਾਮ ਲੈਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਆਖਰ ਇਸ ਕਥਿਤ ਹਮਲੇ ਵਿੱਚੋਂ ਦੇਸ਼ ਨੂੰ ਕੀ ਲਾਭ ਹੋਇਆ ਹੈ। ਇਸ ਹਮਲੇ ਤੋਂ ਬਾਅਦ ਵੀ ਜੰਮੂ-ਕਸ਼ਮੀਰ ਵਿੱਚ ਹਿੰਸਕ ਵਾਰਦਾਤਾਂ ਹੋ ਰਹੀਆਂ ਹਨ। ਕੌਮਾਂਤਰੀ ਸਰਹੱਦ ਉਪਰ ਦਵੱਲੀ ਗੋਲੀਬਾਰੀ ਹੋ ਰਹੀ ਹੈ। ਜਾਨੀ ਨੁਕਸਾਨ ਵੀ ਨਹੀਂ ਰੁਕਿਆ। ਕਸ਼ਮੀਰ ਮਸਲੇ ਦੇ ਹੱਲ ਅਤੇ ਸ਼ਾਂਤੀ ਲਈ ਕੋਈ ਰਾਹ ਨਹੀਂ ਨਿਕਲ ਰਿਹਾ। ਪੁਲਵਾਮਾ ਅਤੇ ਬਾਲਕੋਟ ਕਾਂਡ ਕੇਂਦਰ ਸਰਕਾਰ ਦੀ ਕਾਰਗੁਜਾਰੀ ਉਪਰ ਵੱਡੇ ਸਵਾਲੀਆ ਨਿਸ਼ਾਨ ਹਨ। ਜੇਕਰ ਵੋਟਰਾਂ ਨੇ ਇਨ੍ਹਾਂ ਦੋਵਾਂ ਘਟਨਾਵਾਂ ਨੂੰ ਆਧਾਰ ਬਣਾ ਕੇ ਨਿਰਣਾ ਕਰਨਾ ਹੋਇਆ ਤਾਂ ਇਹ ਭਾਜਪਾ ਦੇ ਵਿਰੋਧ ਵਿੱਚ ਹੋਵੇਗਾ। ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਖਾਸ ਕਰਕੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਿਆਸੀ ਹਿੱਤਾਂ ਲਈ ਫੌਜ ਅਤੇ ਨੀਮ ਫੌਜੀ ਦਸਤਿਆਂ ਅਤੇ ਸ਼ਹੀਦ ਜਵਾਨਾਂ ਦੇ ਨਾਂਅ ਦੀ ਦੁਰਵਰਤੋਂ ਨਾ ਕਰਨ। ਚੋਣ ਕਮਿਸ਼ਨ ਨੂੰ ਵੀ ਅਜਿਹੀ ਬਿਆਨਬਾਜ਼ੀ ਦਾ ਤਿੱਖਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਸਬੰਧਤ ਨੇਤਾਵਾਂ ਖਿਲਾਫ ਤੁਰੰਤ ਕਰੜੀ ਕਾਰਵਾਈ ਕਰਨੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11