Monday , 17 June 2019
Breaking News
You are here: Home » EDITORIALS » ਸਿਆਸੀ ਨੇਤਾਵਾਂ ਨੂੰ ਖ਼ੁਦ ਦੀ ਹੀ ਚਿੰਤਾ

ਸਿਆਸੀ ਨੇਤਾਵਾਂ ਨੂੰ ਖ਼ੁਦ ਦੀ ਹੀ ਚਿੰਤਾ

ਉਜੜ ਰਹੇ ਪੰਜਾਬ ਦੇ ਸਿਆਸੀ ਨੇਤਾਵਾਂ ਨੂੰ ਸੂਬੇ ਦੀ ਅਤੇ ਸੂਬੇ ਦੇ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ। ਸਾਰੇ ਹੀ ਨੇਤਾ ਖ਼ੁਦ ਦੀ ਚਿੰਤਾ ਵਿੱਚ ਮਸ਼ਰੂਫ ਹਨ। ਪੰਜਾਬ ਦੀਆਂ ਸਾਰੀਆਂ ਸਿਆਸੀ ਸਰਗਰਮੀਆਂ ਨੇਤਾਵਾਂ ਦੇ ਨਿੱਜੀ ਹਿੱਤਾਂ ਨੂੰ ਹੀ ਸੇਧਤ ਦਿਸ ਰਹੀਆਂ ਹਨ। ਬੇਸ਼ਕ ਨੇਤਾਵਾਂ ਵੱਲੋਂ ਪੰਜਾਬ ਦੀ ਫਿਕਰਮੰਦੀ ਦੇ ਨਾਅਰੇ ਵੀ ਲਗਾਏ ਜਾ ਰਹੇ ਹਨ ਪ੍ਰੰਤੂ ਉਨ੍ਹਾਂ ਦਾ ਅੰਤਿਮ ਨਿਸ਼ਾਨਾ ਪੰਜਾਬ ਦੀ ਬਦਹਾਲੀ ਨੂੰ ਖੁਸ਼ਹਾਲੀ ਵਿੱਚ ਬਦਲਣਾ ਨਹੀਂ ਹੈ। ਸਾਰੇ ਨੇਤਾ ਖੁਦ ਦੀ ਭਲਾਈ ਲਈ ਡਰਾਮੇ ਬਣਾ ਰਹੇ ਹਨ। ਇਹ ਦੁੱਖ ਦੀ ਗੱਲ ਹੈ ਕਿ ਹਰ ਵਾਰ ਚੋਣਾਂ ਮੌਕੇ ਇਸ ਤਰ੍ਹਾਂ ਦੀ ਸਿਆਸੀ ਸਰਗਰਮੀ ਖੁੱਲ੍ਹੇਆਮ ਹੁੰਦੀ ਹੈ। ਲੋਕਾਂ ਨੂੰ ਦਿਨੇ ਸੁਪਨੇ ਦਿਖਾਏ ਜਾਂਦੇ ਹਨ। ਫਿਰ ਵੋਟਾਂ ਪੈਂਦਿਆਂ ਹੀ ਸਭ ਕੁਝ ਲੁੱਟ ਜਾਂਦਾ ਹੈ। ਨੇਤਾਵਾਂ ਦੀ ਸੋਚ ਹੁਣ ਵੋਟਾਂ ਅਤੇ ਨੋਟਾਂ ਤੱਕ ਹੀ ਸੀਮਿਤ ਰਹਿ ਗਈ ਹੈ। ਪੰਜਾਬ ਲਈ ਝੂਠੀ ਹਮਦਰਦੀ ਤੋਂ ਇਲਾਵਾ ਉਨ੍ਹਾਂ ਕੋਲ ਕੁਝ ਨਹੀਂ ਹੈ। ਚੋਣਾਂ ਵਿੱਚ ਜੋ ਸਬਜ਼ਬਾਗ ਦਿਖਾਏ ਜਾਂਦੇ ਹਨ, ਸਿਆਸੀ ਨੇਤਾ ਉਨ੍ਹਾਂ ਤੋਂ ਵੀ ਝੱਟ ਮੁੱਕਰ ਜਾਂਦੇ ਹਨ। ਪਿਛਲੇ ਕੁਝ ਦਹਾਕਿਆਂ ਤੋਂ ਨੇਤਾਵਾਂ ਦਾ ਸਵਾਰਥ ਲਗਾਤਾਰ ਭਾਰੂ ਅਤੇ ਵੱਡਾ ਹੁੰਦਾ ਜਾ ਰਿਹਾ ਹੈ। ਰਾਜਨੀਤੀ ਵਿੱਚ ਨਿਸ਼ਕਾਮ ਸੇਵਕਾਂ ਦੀ ਗਿਣਤੀ ਸੁੰਗੜਦੀ ਜਾ ਰਹੀ ਹੈ। ਇਮਾਨਦਾਰ ਸਿਆਸੀ ਨੇਤਾ ਅਤੇ ਵਰਕਰ ਖੂੰਜੇ ਲੱਗੇ ਖੜ੍ਹੇ ਹਨ। ਇਹ ਲਾਲਚਾਂ ਦੀ ਰਾਜਨੀਤੀ ਦਾ ਹੀ ਨਤੀਜਾ ਹੈ ਕਿ ਇਕ ਪਾਰਟੀ ਦੀਆਂ ਕਈ-ਕਈ ਸ਼ਾਖਾਵਾਂ ਬਣਦੀਆਂ ਜਾ ਰਹੀਆਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਮੈਦਾਨ ’ਚ ਉਤਰੀ ਆਮ ਆਦਮੀ ਪਾਰਟੀ ਦੇ ਵਿੱਚੋਂ ਨਿਕਲ ਰਹੇ ਸਾਰੇ ਨੇਤਾ ਆਪੋ-ਆਪਣੇ ਧੜੇ ਬਣਾਉਂਦੇ ਜਾ ਰਹੇ ਹਨ। ਇਸ ਆਪਾ-ਧਾਪੀ ਵਿੱਚ ਪੰਜਾਬ ਉਨ੍ਹਾਂ ਨੂੰ ਯਾਦ ਨਹੀਂ ਰਹਿੰਦਾ। ਰਾਜਨੀਤੀ ਨੂੰ ਸੇਵਾ ਕਹਿਣ ਵਾਲੇ ਵੀ ਤਜ਼ਾਰਤ ਕਰਦੇ ਹੀ ਦਿਸਦੇ ਹਨ। ਲੋਕਾਂ ਲਈ ਹੁਣ ਇਹ ਨਿਰਣਾ ਕਰਨਾ ਵੀ ਔਖਾ ਹੋ ਗਿਆ ਹੈ ਕਿ ਉਹ ਪੰਜਾਬ ਦੀ ਸਹੀ ਅਗਵਾਈ ਲਈ ਕਿਸ ਪਾਰਟੀ ਨੂੰ ਮੌਕਾ ਦੇਣ। ਜਿਨ੍ਹਾਂ ਨੂੰ ਅਤੀਤ ਵਿੱਚ ਮੌਕਾ ਦਿੱਤਾ ਗਿਆ ਹੈ, ਉਨ੍ਹਾਂ ਨੇ ਵੀ ਆਸਾਂ ਉਮੀਦਾਂ ਨੂੰ ਬੁਰੀ ਤਰ੍ਹਾਂ ਤੋੜਿਆ ਹੈ। ਵੱਡਾ ਦੁੱਖ ਤਾਂ ਇਹ ਹੈ ਕਿ ਰਾਜਨੀਤੀ ਦੀ ਇਸ ਸੁਆਰਥੀ ਖੇਡ ਵਿੱਚ ਪੰਜਾਬ ਰੁਲ ਗਿਆ ਹੈ। ਸਿਆਸੀ ਪਾਰਟੀਆਂ ਅਤੇ ਨੇਤਾਵਾਂ ਤੋਂ ਲੋਕਾਂ ਦੀਆਂ ਆਸਾਂ ਉਮੀਦਾਂ ਹੁਣ ਮੁੱਕ ਚੁੱਕੀਆਂ ਹਨ। ਨੌਜਵਾਨ ਸੂਬੇ ਨੂੰ ਛੱਡ ਕੇ ਭੱਜ ਰਹੇ ਹਨ। ਸਮਾਜ ਵਿੱਚ ਨਿਰਾਸ਼ਾ ਦੇ ਆਲਮ ਕਾਰਨ ਨਸ਼ਿਆਂ ਅਤੇ ਹੋਰ ਗਲਤ ਰੁਚੀਆਂ ਦਾ ਬੋਲਬਾਲਾ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਮੱਧ-ਵਰਗ ਅਤੇ ਹੇਠਲੇ ਵਰਗ ਦੇ ਲੋਕਾਂ ਨੂੰ ਰੁਜ਼ਗਾਰ ਅਤੇ ਰੋਟੀ ਦਾ ਫਿਕਰ ਸਤਾਅ ਰਿਹਾ ਹੈ। ਸਰਕਾਰਾਂ ਤੋਂ ਕਿਸੇ ਵੀ ਖੇਤਰ ਵਿੱਚ ਸੁਧਾਰ ਦੀ ਉਮੀਦ ਵੀ ਮੁੱਕ ਗਈ ਹੈ। ਸਰਕਾਰਾਂ ਦਾ ਕਾਰਜ ਸਿਰਫ ਟੈਕਸ ਵਸੂਲਣਾ ਹੀ ਰਹਿ ਗਿਆ ਹੈ। ਸਰਕਾਰੀ ਸੇਵਾਵਾਂ ਦਾ ਮੂੰਹ ਮੱਥਾ ਵਿਗੜ ਗਿਆ ਹੈ। ਸਰਕਾਰੀ ਹਸਪਤਾਲ, ਸਰਕਾਰੀ ਸਕੂਲ ਅਤੇ ਹੋਰ ਸਰਕਾਰੀ ਅਦਾਰੇ ਉਜੜਦੇ ਪ੍ਰਤੀਤ ਹੋ ਰਹੇ ਹਨ। ਦਫਤਰਾਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਲੁੱਟ ਦੇ ਇਸ ਬਾਜ਼ਾਰ ਵਿੱਚ ਹਰ ਕੋਈ ਆਪਣੇ ਹੱਥ ਰੰਗਣ ਲਈ ਤਿਆਰ ਬੈਠਾ ਹੈ। ਅਜਿਹੇ ਹਾਲਾਤਾਂ ਵਿੱਚ ਪੰਜਾਬ ਦੇ ਲੋਕ ਆਖਰ ਕਿੱਥੇ ਜਾਣ। ਪੰਜਾਬ ਦੀ ਆਰਥਿਕ ਹਾਲਤ ਬਹੁਤ ਬੁਰੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਖੇਤੀ ਆਰਥਿਕਤਾ ਤਾਂ ਪੂਰੀ ਤਰ੍ਹਾਂ ਚੌਪਟ ਹੋ ਗਈ ਹੈ। ਇਸ ਕਾਰਨ ਹੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕਰਜ਼ਾ ਮੁਆਫ਼ੀ ਦੇ ਬਾਵਜੂਦ ਕਿਸਾਨਾਂ ਦੀ ਹਾਲਤ ਨਹੀਂ ਸੁਧਰ ਰਹੀ। ਉਦਯੋਗ ਅਤੇ ਵਪਾਰ ਅਲੱਗ ਮੰਦਵਾੜੇ ਦਾ ਸ਼ਿਕਾਰ ਹਨ। ਫੈਕਟਰੀਆਂ ਨੂੰ ਜਿੰਦੇ ਲੱਗ ਰਹੇ ਹਨ। ਮਹਿੰਗੀ ਬਿਜਲੀ ਨੇ ਸਭ ਦਾ ਬੁਰਾ ਹਾਲ ਕਰ ਦਿੱਤਾ ਹੈ। ਹੋਰ ਸਰਕਾਰੀ ਸਹੂਲਤਾਂ ਵੀ ਦਿਨੋ-ਦਿਨ ਜੇਬ ’ਤੇ ਭਾਰ ਬਣਦੀਆਂ ਜਾ ਰਹੀਆਂ ਹਨ। ਅਜਿਹੇ ਹਾਲਾਤਾਂ ਵਿੱਚ ਲੋਕਾਂ ਦੀ ਕਿਧਰੇ ਸੁਣਵਾਈ ਵੀ ਨਹੀਂ ਹੋ ਰਹੀ। ਇਹ ਹੈਰਾਨੀ ਦੀ ਗੱਲ ਹੈ ਕਿ ਸਭ ਤਰ੍ਹਾਂ ਦੇ ਅਨਿਆਂ, ਜ਼ੁਲਮ, ਅਤਿਆਚਾਰ ਅਤੇ ਬੇਇਨਸਾਫੀ ਝੱਲਦੇ ਹੋਏ ਵੀ ਪੰਜਾਬ ਦੇ ਲੋਕ ਚੁੱਪ-ਚਾਪ ਘਰਾਂ ਵਿੱਚ ਬੈਠੇ ਹਨ। ਕਿਧਰੇ ਕੋਈ ਅੰਦੋਲਨ ਨਹੀਂ, ਨਾ ਕੋਈ ਆਵਾਜ਼ ਉਠਾਅ ਰਿਹਾ ਹੈ। ਮੀਡੀਆ ਵਿੱਚ ਇਸ ਪੰਜਾਬ ਦੀ ਤਸਵੀਰ ਕਿਧਰੇ ਨਹੀਂ ਛੱਪ ਰਹੀ। ਆਖਿਰ ਪੰਜਾਬ ਦਾ ਕੀ ਹੋਵੇਗਾ?
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11