Tuesday , 21 January 2020
Breaking News
You are here: Home » Editororial Page » ਸਿਆਸੀ ਕਾਵਾਂਰੌਲੀ ਨੂੰ ਦਰਕਿਨਾਰ ਕਰਦਿਆਂ ਆਉ ਗੁਰੂ ਨਾਨਕ ਦੇਵ ਜੀ ਦੀ ਮੰਨੀਏ!

ਸਿਆਸੀ ਕਾਵਾਂਰੌਲੀ ਨੂੰ ਦਰਕਿਨਾਰ ਕਰਦਿਆਂ ਆਉ ਗੁਰੂ ਨਾਨਕ ਦੇਵ ਜੀ ਦੀ ਮੰਨੀਏ!

ਮਨੁੱਖਤਾ ਦੇ ਪੈਗੰਬਰ ਜਗਤ ਗੁਰੂ ਸਾਹਿਬ ਸ੍ਰੀ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਉਤਸਵ ਦੁਨੀਆਂ ਭਰ ਵਿੱਚ ਬੜੀ ਧੂਮ ਧਾਮ ਤੇ ਬੜੇ ਵੱਡੇ ਖਰਚੀਲੇ ਤਰੀਕੇ ਨਾਲ਼ ਮਨਾਇਆ ਜਾ ਰਿਹਾ ਹੈ! ਇਸ ਵਾਰ “ਸ੍ਰੀ ਗੁਰੂ ਨਾਨਕ ਦੇਵ ਜੀ” ਦਾ ਇਹ ਗੁਰਪੁਰਬ ਜਿਥੇ 550ਵੇਂ ਵਰ੍ਹੇ ਕਰਕੇ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ ਉੱਥੇ ਲਹਿੰਦੇ ਪੰਜਾਬ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ “ਲਾਂਘਾ” ਚੜ੍ਹਦੇ ਪੰਜਾਬ (ਭਾਰਤ) ਵੱਲ ਖੁੱਲਣਾਂ ਹੋਰ ਵੀ ਮਹੱਤਤਾ ਰੱਖਦਾ ਹੈ ਕਿਉਂਕਿ ਪਿਛਲੇ 72 ਸਾਲਾਂ (1947 ਦੀ ਭਾਰਤ/ ਪਾਕਿਸਤਾਨ ਵੰਡ ਤੋਂ ਬਾਅਦ) ਤੋਂ ਪੂਰੀ ਸਿੱਖ ਕੌਮ ਪਾਕਿਸਤਾਨ ਰਹਿ ਗਏ। ਸਿੱਖ ਗੁਰਧਾਮਾਂ ਦੇ ਦਰਸ਼ਨਾਂ ਦੀ ਅਰਦਾਸ ਕਰਦੀ ਆ ਰਹੀ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਪਾਰ ਬਖਸ਼ਿਸ਼ ਤੇ ਦੋਵਾਂ ਦੇਸ਼ਾਂ ਦੇ ਪਰੋਟੋਕੋਲ ਅਧਿਕਾਰੀਆਂ ਦੀ ਆਪਸੀ ਸਹਿਮਤੀ ਨਾਲ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰਾਂ ਲਈ ਰਸਤਾ ਖੁੱਲ ਗਿਆ ਹੈ।।ਪੰਜਾਬ ਸਰਕਾਰ, ਭਾਰਤ ਸਰਕਾਰ, ਸ਼੍ਰੋਮਣੀ ਕਮੇਟੀ ਤੇ ਹੋਰ ਵੱਖ-ਵੱਖ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਲਈ ਆਪੋ ਆਪਣੇ ਸਾਧਨਾਂ ਨਾਲ ਜੁਟੀਆਂ ਹੋਈਆਂ ਹਨ ਤੇ ਨਾਲ ਹੀ ਆਪਣੀ ਹਾਊਮੇ ਨੂੰ ਪੱਠੇ ਪਾਉਣ ਲਈ ਲਾਂਘਾ ਖੁਲ੍ਹਵਾਉਣ ਦਾ ਸਿਹਰਾ ਆਪਣੇ ਆਪਣੇ ਸਿਰ ਲੈਣ ਲਈ ਤਰਲੋਮੱਛੀ ਹੋ ਰਹੀਆਂ ਹਨ ਪਰ ਦੋਨਾਂ ਦੇਸ਼ਾਂ ਦੇ ਅਵਾਮ ਦੇ ਦਿਲਾਂ ਦਾ ਦਰਦ ਕੋਈ ਮਹਿਸੂਸ ਨਹੀਂ ਕਰ ਰਿਹਾ। ਇੱਕ ਗੱਲ ਯਾਦ ਰੱਖਿਉ ਕਿ ਦੋਨਾਂ ਦੇਸ਼ਾਂ ਦੇ ਅਵਾਮ ਦੇ ਆਪਸੀ ਮਿਲਵਰਤਨ ਨਾਲ ਇਹਨਾਂ ਸਿਆਸੀ ਪਾਰਟੀਆਂ ਦੇ ਡਰ ਨਾਲ “ਧਰਨ” ਪੈ ਜਾਣੀ ਏ ਕਿਉਂਕਿ ਲੋਕਾਂ ਦੇ ਏਕੇ ਨਾਲ ਇਹਨਾਂ ਦਾ “ਸਿਆਸੀ ਧੰਦਾ “ਠੰਡਾ ਪੈ ਜਾਂਦਾ ਹੈ ।ਸਾਨੂੰ ਵੀ ਅੰਨ੍ਹੀ ਸ਼ਰਧਾ ਤੋਂ ਪਰਾਂ ਹੋ ਕੇ ਗੁਰੂਆਂ ਦੇ ਅਸਲ ਫਲਸਫੇ ਨੂੰ ਸਮਝਣਾ ਚਾਹੀਦਾ ਹੈ। ਜੇ ਅੰਨ੍ਹੀ ਸ਼ਰਧਾ ਤੋਂ ਪਰਾਂ ਹੋ ਕੇ ਥੋੜੀ ਦਲੀਲ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਇੱਕ ਪੰਛੀ ਝਾਤ ਪਾਈਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਕਿਰਤ ਕਰਕੇ ਹੱਕ ਦੀ ਖਾਣ ਤੇ ਸੱਚ ਤੇ ਖੜਨ ਦੀ ਸੋਚ ਤੇ ਪਹਿਰਾ ਦਿੱਤਾ ਹੈ, ਅਸੀਂ ਜਾਂ ਸਾਡੇ ਵਿਗਿਆਨੀ ਜੋ ਅੱਜ ਕਹਿੰਦੇ ਹਾਂ ਗੁਰੂ ਸਾਹਿਬ ਉਹਨਾਂ ਗੱਲਾਂ ਦਾ ਸੰਦੇਸ਼ 550 ਸਾਲ ਪਹਿਲਾਂ ਦੇ ਗਏ ਸਨ, ਪਰ ਅਸੀਂ ਬਾਬੇ ਨਾਨਕ ਨੂੰ ਤਾਂ ਮੰਨਦੇ ਹਾਂ ਪਰ ਬਾਬੇ ਨਾਨਕ ਦੀ ਨਹੀਂ ਮੰਨਦੇ! ਸ੍ਰੀ ਗੁਰੂ ਨਾਨਕ ਪਾਤਸ਼ਾਹ ਤਾਂ ਕਹਿੰਦੇ ਹਨ “ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ” ਪਰ ਅਸੀਂ ਇਸ ਦੇ ਬਿਲਕੁਲ ਉਲਟ ਦਿਸ਼ਾ ਵੱਲ ਜਾ ਰਹੇ ਹਾਂ, ਉਹਨਾਂ ਉਸ ਵਕਤ ਇਹਨਾਂ ਕੁਦਰਤੀ ਦਾਤਾਂ ਨੂੰ ਮਹਾਨ ਦਰਜਾ ਦੇ ਕੇ ਸਾਂਭਣ ਦੀ ਤਾਕੀਦ ਕੀਤੀ ਸੀ ਪਰ ਅਸੀਂ ਇਹਨਾਂ ਕੁਦਰਤੀ ਦਾਤਾਂ ਨੂੰ ਭੰਗ ਦੇ ਭਾਣੇ ਗੁਆ ਕੇ ਭੋਰਾ ਭਰ ਵੀ ਸ਼ਰਮ ਮਹਿਸੂਸ ਨਹੀਂ ਕਰਦੇ !ਤੇ ਨਾਲ ਹੀ ਧਾਰਮਿਕ ਸਥਾਨਾਂ ਤੇ ਮੱਥੇ ਰਗੜ ਕੇ ਜਾਂ ਮੂਰਤੀ ਪੂਜਾ ਕਰਕੇ ਬਾਬੇ ਨਾਨਕ ਨੂੰ ਮੰਨਣ ਦਾ ਢੌਂਗ ਕਰਕੇ ਸੰਤੁਸ਼ਟ ਹੋ ਜਾਨੇ ਹਾਂ ਪਰ ਨਹੀਂ ਇਹ ਬਾਬੇ ਨਾਨਕ ਨੂੰ ਸਹੀ ਸ਼ਰਧਾਂਜਲੀ ਨਹੀਂ ਕਿਉਂਕਿ “ਬਾਬਾ ਨਾਨਕ” ਤਾਂ ਕਹਿੰਦਾ ਪਰਮਾਤਮਾਂ ਹਰ ਇਨਸਾਨ ਦੇ ਅੰਦਰ ਏ ਪਰ ਅਸੀਂ ਇਨਸਾਨਾਂ ਨੂੰ ਨਫਰਤ ਕਰਦੇ ਹਾਂ ਤੇ ਬੁੱਤਾਂ ਨੂੰ ਪੂਜਦੇ ਹਾਂ ਜਦਕਿ ਸਿੱਖ ਧਰਮ ਵਿੱਚ ਬੁੱਤ ਪੂਜਾ ਦੀ ਸਖਤ ਮਨਾਹੀ ਹੈ।।ਬਾਬੇ ਨਾਨਕ ਨੇ ਤਾਂ ਵਪਾਰ ਲਈ ਰੱਖੇ 20 ਰੁਪਏ ਦਾ ਲੰਗਰ ਭੁੱਖੇ ਸਾਧੂਆਂ ਨੂੰ ਖੁਆ ਕੇ ਇਨਸਾਨੀਅਤ ਦੀ ਅਹਿਮੀਅਤ ਸਮਝਾਈ ਸੀ ਪਰ ਅਸੀਂ ਲੱਖਾਂ ਕਰੋੜਾਂ ਦਾ ਦੇਸੀ ਘਿਉ ਤੇ ਤੇਲ ਅਖੌਤੀ ਸ਼ਰਧਾ ਦੇ ਰੂਪ ਵਿੱਚ ਆ ਕੇ ਅੱਗ ਵਿੱਚ ਸਾੜ ਦਿੰਦੇ ਹਾਂ ਪਰ ਕਿਸੇ ਲੋੜਵੰਦ ਦੇ ਮੂੰਹ ਵਿੱਚ ਨਹੀਂ ਪੈਣ ਦਿੰਦੇ। ਬਾਬੇ ਨਾਨਕ ਦਾ ਤਾਂ ਇਹ ਸੰਦੇਸ਼ ਨਹੀਂ ਸੀ। ਫਿਰ ਅਸੀਂ ਆਪਣੇ ਝੂਠ ਤੇ ਹਾਊਮੇ ਉੱਪਰ ਸੇਵਾ ਦਾ ਮਖੌਟਾ ਚਾੜ ਕੇ ਕੀ ਬਾਬੇ ਨਾਨਕ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਉਹ ਤਾਂ ਜਾਣੀ ਜਾਣ ਏ ਫਿਰ ਇਹ ਦੂਹਰੇ ਚਿਹਰੇ ਕਿਉਂ?ਕਰੋੜਾਂ ਅਰਦਾਸਾਂ ਤੇ 72 ਸਾਲਾਂ ਦੀ ਲੰਮੇਰੀ ਉਡੀਕ ਪਿਛੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਦੇ ਸੌਖੇ ਰਾਹ ਖੁੱਲ ਰਹੇ ਹਨ ਤਾਂ ਆਉ ਦੇਸ਼ ਦੇ ਘੜੰਮ ਚੌਧਰੀਆਂ ਦੀ “ਸਿਆਸੀ ਕਾਵਾਂਰੌਲੀ” ਨੂੰ ਦਰਕਿਨਾਰ ਕਰਦਿਆਂ ਅੱਗੇ ਵਧੋ ਤੇ ਦੋਨਾਂ ਦੇਸ਼ਾਂ ਦੇ ਅਵਾਮ ਦੇ ਆਪਸੀ ਮਿਲਵਰਤਨ ਦੇ ਅਧੂਰੇ ਸੁਪਨਿਆਂ ਦੀ ਪੂਰਤੀ ਲਈ ਆਪਣਾਂ- ਆਪਣਾਂ ਯੋਗਦਾਨ ਪਾਈਏ ਤੇ “ਬਾਬੇ ਨਾਨਕ” ਨੂੰ ਮੰਨਣ ਦੇ ਨਾਲ ਨਾਲ “ਬਾਬੇ ਨਾਨਕ” ਦੀ ਵੀ ਮੰਨੀਏ।

Comments are closed.

COMING SOON .....


Scroll To Top
11