Saturday , 20 April 2019
Breaking News
You are here: Home » Editororial Page » ਸਾਹਿਤਕ ਖ਼ੁਸ਼ਬੋਆਂ ਦਾ ਵਣਜਾਰਾ ਸਮਾਜਿਕ ਸਰੋਕਾਰਾਂ ਦਾ ਸ਼ਾਇਰ : ਜਸਵੰਤ ਸਿੰਘ ਡਡਹੇੜੀ

ਸਾਹਿਤਕ ਖ਼ੁਸ਼ਬੋਆਂ ਦਾ ਵਣਜਾਰਾ ਸਮਾਜਿਕ ਸਰੋਕਾਰਾਂ ਦਾ ਸ਼ਾਇਰ : ਜਸਵੰਤ ਸਿੰਘ ਡਡਹੇੜੀ

ਪੰਜਾਬ ਦੀ ਧਰਤੀ ਨੂੰ ਮਾਣ ਹੈ ਕਿ ਇਸਨੇ ਪੰਜਾਬੀ ਮਾਂ ਬੋਲੀ ਦੀ ਵਿਕਾਸ ਅਤੇ ਸੇਵਾ ਕਰਨ ਵਾਲੇ ਮਹਾਨ ਸ਼ਾਇਰਾਂ ਨੂੰ ਜਨਮ ਦਿਤਾ ਹੈ। ਪੰਜਾਬੀ ਦੇ ਕਵੀਆਂ, ਕਿੱਸਾਕਾਰਾਂ, ਸਾਹਿਤਕਾਰਾਂ, ਲੋਕ ਗੀਤਕਾਰਾਂ ਅਤੇ ਗਾਇਕਾਂ ਨੇ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਵਿਚ ਆਪੋ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪੰਜਾਬੀ ਸਾਹਿਤ ਵਿਚ ਮੁੱਖ ਤੌਰ ’ਤੇ ਸਮਾਜਿਕ ਸਰੋਕਾਰਾਂ ਦੀਆਂ ਕਵਿਤਾਵਾਂ ਲਿਖਣ ਵਾਲਾ ਸ਼ਾਇਰ ਜਸਵੰਤ ਸਿੰਘ ਡਡਹੇੜੀ ਵਿਰਾਸਤੀ ਸ਼ਹਿਰ ਪਟਿਆਲਾ ਵਿਚ ਵਸਦਾ ਰਿਹਾ ਹੈ। ਉਹ ਪੰਜਾਬ, ਪੰਜਾਬੀ ਸਭਿਆਚਾਰ, ਸਾਹਿਤ ਅਤੇ ਪੰਜਾਬੀਅਤ ਦਾ ਮੁੱਦਈ ਖ਼ੁਸ਼ਬੋਆਂ ਦਾ ਵਣਜਾਰਾ ਬਣਕੇ ਸਾਹਿਤਕ ਮਹਿਕਾਂ ਵੰਡਦਾ ਹੋਇਆ, ਪੰਜਾਬੀ ਬੋਲੀ ਦੀ ਸੇਵਾ ਆਪਣੀ ਕਵਿਤਾ ਰਾਹੀਂ ਕਰਦਾ ਰਿਹਾ ਹੈ। ਲੁਧਿਆਣਾ ਜਿਲ੍ਹੇ ਦੇ ਪਿੰਡ ਡਡਹੇੜੀ ਵਿਚ ਮਾਤਾ ਬਲਬੰਤ ਕੌਰ ਅਤੇ ਪਿਤਾ ਸ੍ਰ ਲਾਭ ਸਿੰਘ ਘੁੰਮਣ ਮੱਧ ਵਰਗੀ ਜੱਟ ਸਿੱਖ ਕਿਸਾਨ ਪਰਿਵਾਰ ਦੇ ਘਰ 10 ਮਾਰਚ 1946 ਨੂੰ ਜਨਮ ਲੈ ਕੇ ਸਮੁੱਚੇ ਪੰਜਾਬ ਵਿਚ ਸਾਹਿਤਕ ਮਹਿਕਾਂ ਵੰਡਦਾ ਰਿਹਾ ਹੈ। ਪੰਜਾਬੀ ਦੇ ਪ੍ਰਗਤੀਸ਼ੀਲ ਲੇਖਕ ਸੰਤੋਖ ਸਿੰਘ ਧੀਰ, ਰਿਪਦੁਮਣ ਸਿੰਘ ਰੂਪ ਅਤੇ ਪੱਤਰਕਾਰ ਗੁਰਕਿਰਪਾਲ ਸਿੰਘ ਅਸ਼ਕ ਦਾ ਵੀ ਇਹੋ ਪਿੰਡ ਹੈ। ਇਸ ਪਿੰਡ ਨੂੰ ਸਾਹਿਤਕਾਰਾਂ ਅਤੇ ਪੱਤਰਕਾਰਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਸਾਹਿਤਕ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਿੰਡ ਤੋਂ ਹੀ ਮਿਲੀ। ਹੁਣ ਇਹ ਪਿੰਡ ਫਤਿਹਗੜ੍ਹ ਜਿਲ੍ਹੇ ਵਿਚ ਪੈਂਦਾ ਹੈ। ਅਸਲ ਵਿਚ ਜਸਵੰਤ ਸਿੰਘ ਘੁੰਮਣ ਗੋਤ ਦੇ ਸਨ ਪ੍ਰੰਤੂ ਉਨ੍ਹਾਂ ਨੇ ਆਪਣਾ ਸਾਹਿਤਕ ਨਾਮ ਜਸਵੰਤ ਸਿੰਘ ਡਡਹੇੜੀ ਰੱਖਿਆ ਸੀ। ਉਸਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਡਡਹੇੜੀ ਦੇ ਪ੍ਰਾਇਮਰੀ ਸਕੂਲ ਵਿਚੋਂ ਹੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪਲੱਸ ਟੂ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਤੋਂ ਪਾਸ ਕੀਤੀ। ਫਿਰ ਉਹ ਪਟਿਆਲੇ ਆ ਗਏ। ਥੋੜ੍ਹਾ ਸਮਾਂ ਆਪਨੇ ਬੱਸ ਕੰਡਕਟਰੀ ਵੀ ਕੀਤੀ ਪ੍ਰੰਤੂ ਸਾਹਿਤਕ ਸੋਚ ਨੂੰ ਇਹ ਕੰਮ ਰਾਸ ਨਾ ਆਇਆ। ਫਿਰ ਆਪਨੇ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਵਿਚ ਜੂਨੀਅਰ ਬੇਸਿਕ ਟਰੇਨਿੰਗ ਦਾ ਕੋਰਸ ਕਰਨ ਲਈ ਦਾਖਲਾ ਲੈ ਲਿਆ। ਇਸ ਕਾਲਜ ਵਿਚਲੇ ਦੋ ਸਾਲ ਦੇ ਸਮੇਂ ਵਿਚ ਆਪ ਪੰਜਾਬੀ ਦੇ ਉਭਰਦੇ ਕਵੀ ਦੇ ਤੌਰ ਤੇ ਸਥਾਪਤ ਹੋ ਗਏ ਕਿਉਂਕਿ ਇਸ ਸਮੇਂ ਦੌਰਾਨ ਉਸਨੂੰ ਸਾਹਿਤਕ ਮਹਿਫਲਾਂ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਰਿਹਾ। ਇਨ੍ਹਾਂ ਸਭਾਵਾਂ ਵਿਚ ਉਹ ਆਪਣੀਆਂ ਨਜ਼ਮਾ ਸੁਣਾਉਂਦਾ ਰਿਹਾ। ਫਿਰ ਆਪਨੇ ਪਹਿਲਾਂ ਗਿਆਨੀ ਅਤੇ ਫਿਰ ਬੀ ਏ ਪ੍ਰਾਈਵੇਟ ਉਮੀਦਵਾਰ ਦੇ ਤੌਰ ਤੇ ਪਾਸ ਕੀਤੀ। ਐਮ ਏ ਪੰਜਾਬੀ ਉਨ੍ਹਾਂ ਮਹਿੰਦਰਾ ਕਾਲਜ ਵਿਚੋਂ ਈਵਨਿੰਗ ਕਲਾਸਾਂ ਵਿਚ ਪਾਸ ਕੀਤੀ। ਸਕੂਲ ਵਿਚ ਪੜ੍ਹਦਿਆਂ ਹੀ ਉਸਨੇ ਕਵਿਤਾਵਾਂ ਲਿਖਣੀਆਂ ਅਤੇ ਪੜ੍ਹਨੀਆਂ ਸਕੂਲ ਦੇ ਸਭਿਆਚਾਰਕ ਸਮਾਗਮਾਂ ਵਿਚ ਸ਼ੁਰੂ ਕਰ ਦਿੱਤੀਆਂ ਸਨ। ਪਟਿਆਲਾ ਕਿਉਂਕਿ ਸਾਹਿਤਕ, ਸਭਿਆਚਾਰਕ ਅਤੇ ਰੰਗ ਮੰਚ ਦੀਆਂ ਸਰਗਰਮੀਆਂ ਦਾ ਕੇਂਦਰ ਸੀ, ਇਸ ਲਈ ਉਸਨੂੰ ਆਪਣੀ ਸਾਹਤਿਕ ਪ੍ਰਤਿਭਾ ਚਮਕਾਉਣ ਦਾ ਅਵਸਰ ਮਿਲਿਆ।। ਆਪਦੀਆਂ ਕਵਿਤਾਵਾਂ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ, ਚ¦ਤ ਮਸਲਿਆਂ ਅਤੇ ਸਮਾਜਿਕ ਬੁਰਾਈਆਂ ਤੇ ਵਿਅੰਗ ਕਸਦੀਆਂ ਸਨ। ਇਸ ਕਰਕੇ ਸਥਾਨਕ ਸਾਹਿਤਕ ਖੇਤਰ ਵਿਚ ਆਪ ਚਰਚਾ ਦਾ ਵਿਸ਼ਾ ਬਣ ਗਏ। ਆਪਦੀਆਂ ਕਵਿਤਾਵਾਂ ਦੀ ਕਮਾਲ ਇਹ ਹੁੰਦੀ ਸੀ ਕਿ ਗ਼ਮੀ ਦੇ ਹਾਲਾਤ ਨੂੰ ਵੀ ਖ਼ੁਸ਼ੀ ਵਿਚ ਬਦਲ ਦਿੰਦੀਆਂ ਸਨ। ਨੌਜਵਾਨ ਵਰਗ ਆਪਦੀਆਂ ਕਵਿਤਾਵਾਂ ਦਾ ਪ੍ਰਸੰਸਕ ਸੀ ਅਤੇ ਹਰ ਸਮਾਗਮ ਵਿਚ ਜਸਵੰਤ ਸਿੰਘ ਡਡਹੇੜੀ ਦੀਆਂ ਕਵਿਤਾਵਾਂ ਦੀ ਮੰਗ ਹੁੰਦੀ ਸੀ। ਹਰ ਦੁੱਖ ਸੁੱਖ ਵਿਚ ਉਹ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਬੁੱਧੀਜੀਵੀ ਇਨਸਾਨ ਸੀ। ਜ਼ਿੰਦਗੀ ਨੂੰ ਬਸਰ ਕਰਨ ਵਿਚ ਨਹੀਂ ਸਗੋਂ ਸਾਦਗੀ ਨਾਲ ਜਿਓਣ ਵਿਚ ਵਿਸ਼ਵਾਸ਼ ਰੱਖਦਾ ਸੀ। ਉਹ ਜਿੰਦਾਦਿਲ ਸੰਤ ਸੁਭਾਅ ਵਾਲਾ ਬਿਹਤਰੀਨ ਇਨਸਾਨ ਸੀ। ਨਮਰਤਾ, ਹਲੀਮੀ ਅਤੇ ਸੰਜੀਦਗੀ ਦਾ ਉਹ ਮੁਜੱਸਮਾ ਸੀ। ਉਸਦਾ ਕਦੀਂ ਵੀ ਕਿਸੇ ਨਾਲ ਤਕਰਾਰ ਨਹੀਂ ਹੋਇਆ, ਜੇਕਰ ਕੋਈ ਵਿਅਕਤੀ ਉਸ ਨਾਲ ਗੁੱਸੇ ਹੋ ਜਾਂਦਾ ਤਾਂ ਉਹ ਆਪ ਉਸਨੂੰ ਬੁਲਾ ਲੈਂਦਾ ਸੀ। ਉਸਦਾ ਕੋਈ ਦੁਸ਼ਮਣ ਨਹੀਂ ਸੀ। ਉਹ ਆਸ਼ਾਵਾਦੀ ਕਵੀ ਸੀ, ਉਸਦੀ ਕਵਿਤਾ ਵਿਚ ਉਸਾਰੂ ਦ੍ਰਿਸ਼ਟੀਕੋਣ ਹੁੰਦਾ ਸੀ। ਸਮਾਜਿਕ ਬੁਰਾਈਆਂ ਦਾਜ ਦਹੇਜ, ਖ਼ੁਦਕਸ਼ੀਆਂ, ਭਰਿਸ਼ਟਾਚਾਰ, ਮਹਿੰਗਾਈ ਅਤੇ ਸਰਕਾਰ ਦੀਆਂ ਜ਼ਿਆਦਤੀਆਂ ਉਸ ਦੀਆਂ ਕਵਿਤਾਵਾਂ ਦਾ ਮੁੱਖ ਕੇਂਦਰ ਹੁੰਦੀਆਂ ਸਨ। ਇਸ ਦੌਰਾਨ ਹੀ ਆਪਨੇ ਆਪਣੇ ਬੇਰੋਜ਼ਗਾਰ ਨੌਜਵਾਨ ਦੋਸਤਾਂ ਦਾ ਇਕ ਗਰੁਪ ਬਣਾਕੇ ਪੰਜਾਬੀ ਦਾ ਸਾਹਿਤਕ ਮਹੀਨੇਵਾਰ ਰਸਾਲਾ ‘‘ਵਹਿਣ’’ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ। ਤਵੱਕਲੀ ਮੋੜ ਤੇ ਇੱਕ ਦੋਸਤ ਹਰਸ਼ਰਨ ਸਿੰਘ ਨੇ ਆਪਣੇ ਘਰ ਵਿਚ ਇੱਕ ਕਮਰਾ ਰਸਾਲੇ ਦੇ ਦਫਤਰ ਲਈ ਦੇ ਦਿੱਤਾ। ਉਨ੍ਹਾਂ ਦਿਨਾਂ ਵਿਚ ਕੰਪੋਜਿੰਗ ਸਿੱਕੇ ਵਾਲੀ ਹੱਥ ਨਾਲ ਕੀਤੀ ਜਾਂਦੀ ਸੀ। ਸਾਰੀ ਸਾਰੀ ਰਾਤ ਉਹ ਧਰਮਪੁਰਾ ਬਾਜ਼ਾਰ ਵਿਚ ਪ੍ਰਿੰਟਿੰਗ ਪ੍ਰੈਸ ਵਿਚ ਬੈਠਕੇ ਰਸਾਲੇ ਦੇ ਪ੍ਰੂਫ ਪੜ੍ਹਦਾ ਰਹਿੰਦਾ ਸੀ। ਆਪ ਹੀ ਐਡਰੈਸ ਹੱਥ ਨਾਲ ਲਿਖਣੇ, ਪੋਸਟਲ ਟਿਕਟਾਂ ਲਾਉਣੀਆਂ ਅਤੇ ਆਪ ਹੀ ਡਾਕਘਰ ਜਾ ਕੇ ਪੋਸਟ ਕਰਕੇ ਆਉਣਾ। ਮੁੱਖ ਸੰਪਾਦਕ ਤੋਂ ਲੈ ਕੇ ਸਾਰੇ ਦਫਤਰੀ ਕੰਮ ਆਪ ਹੀ ਕਰਦਾ ਸੀ। ਉਹ ਬੜਾ ਸਿਰੜ੍ਹੀ, ਸਿਦਕਵਾਨ, ਹਿੰਮਤੀ, ਦਲੇਰ ਅਤੇ ਮਿਹਨਤੀ ਸੀ ਪ੍ਰੰਤੂ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਦਾ ਸੀ। ਹਰ ਮਹੀਨੇ 48 ਪੰਨਿਆਂ ਦਾ ਰਸਾਲਾ ਪ੍ਰਕਾਸ਼ਤ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਸੀ। ਰਸਾਲੇ ਦਾ ਮੁੱਖ ਕਵਰ ਰੰਗਦਾਰ ਹੁੰਦਾ ਸੀ। ਇਹ ਰਸਾਲਾ ਜਿਥੇ ਸਾਹਿਤਕ ਸੀ, ਉਥੇ ਹੀ ਇਸ ਵਿਚ ਵਰਤਮਾਨ ਸਥਿਤੀ ਅਤੇ ਘਟਨਾਵਾਂ ਬਾਰੇ ਆਪ ਬਹੁਤ ਹੀ ਧੜੱਲੇਦਾਰ ਅਤੇ ਬਗ਼ਾਬਤੀ ਸੁਰਾਂ ਵਾਲੀ ਸੰਪਾਦਕੀ ਲਿਖਦੇ ਸਨ। ਰਸਾਲੇ ਦੀਆਂ ਸੰਪਾਦਕੀਆਂ ਆਪਦੀ ਸਾਹਿਤਕ, ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਪ੍ਰਤਿਭਾ ਅਤੇ ਚੇਤਨਾ ਦੀਆਂ ਪ੍ਰਤੀਕ ਸਨ। ਉਨ੍ਹਾਂ ਦਿਨਾਂ ਵਿਚ ਜਿਹੜੇ ਨੌਜਵਾਨ ਸਾਥੀਆਂ ਨੇ ਰਸਾਲੇ ਦੀ ਪ੍ਰਕਾਸ਼ਨਾ ਲਈ ਆਰਥਿਕ ਮਦਦ ਦੇਣ ਦਾ ਵਾਅਦਾ ਕਰਕੇ ਇਹ ਰਸਾਲਾ ਸ਼ੁਰੂ ਕਰਵਾਇਆ ਸੀ, ਉਨ੍ਹਾਂ ਵਿਚੋਂ ਕੁੱਝ ਸਾਥ ਛੱਡ ਗਏ ਸਨ। ਪ੍ਰੰਤੂ ਜਸਵੰਤ ਸਿੰਘ ਡਡਹੇੜੀ ਨੇ ਗੁਪਤਚਰ ਏਜੰਸੀਆਂ ਦੀ ਮੰਗ ਠੁਕਰਾ ਦਿੱਤੀ ਅਤੇ ਆਪਣੇ ਦੋਸਤਾਂ ਦੇ ਸਹਿਯੋਗ ਨਾਲ ਇਹ ਰਸਾਲਾ ਪ੍ਰਕਾਸ਼ਤ ਕਰਦਾ ਰਿਹਾ। ਫਿਰ ਆਪਨੇ ਇਕ ਪ੍ਰਾਈਵੇਟ ਸਕੂਲ ਵਿਚ ਪੰਜਾਬੀ ਅਧਿਆਪਕ ਦੀ ਨੌਕਰੀ ਕਰ ਲਈ ਤਾਂ ਜੋ ਰਸਾਲਾ ਪ੍ਰਕਾਸ਼ਤ ਹੁੰਦਾ ਰਹੇ। ਸਕੂਲ ਦੇ ਮੈਗਜੀਨ ਸੰਪਾਦਕ ਦੇ ਤੌਰ ਤੇ ਕੰਮ ਕਰਦੇ ਰਹੇ। ਸਕੂਲ ਦੇ ਮੈਗਜੀਨ ਵਿਚ ਵੀ ਉਹ ਰੁਮਾਂਸਵਾਦ ਵਾਲੀਆਂ ਰਚਨਾਵਾਂ ਦੀ ਥਾਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਰਚਨਾਵਾਂ ਲਿਖਣ ਲਈ ਵਿਦਿਆਰਥੀਆਂ ਨੂੰ ਪ੍ਰੇਰਦੇ ਸਨ। ਜਸਵੰਤ ਸਿੰਘ ਡਡਹੇੜੀ ਦਾ ਵਿਆਹ ਰੂਪ ਕੌਰ ਨਾਲ ਹੋਇਆ। ਆਪਦੇ ਘਰ ਦੋ ਸਪੁੱਤਰ ਭਜਿੰਦਰਪਾਲ ਸਿੰਘ ਘੁੰਮਣ, ਅਮਰਿੰਦਰ ਸਿੰਘ ਘੁੰਮਣ ਅਤੇ ਇੱਕ ਲੜਕੀ ਜਤਿੰਦਰ ਕੌਰ ਨੇ ਜਨਮ ਲਿਆ। ਆਪ ਨੂੰ ਸਾਹਿਤਕ ਅਤੇ ਸਮਾਜਿਕ ਖੇਤਰ ਵਿਚ ਆਪਣਾ ਸ਼ੌਕ ਪੂਰਾ ਕਰਨ ਲਈ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ, ਆਪਦੇ ਘਰ ਹਮੇਸ਼ਾ ਦੋਸਤਾਂ ਮਿੱਤਰਾਂ ਦਾ ਮੇਲਾ ਲੱਗਿਆ ਰਹਿੰਦਾ ਸੀ ਪ੍ਰੰਤੂ ਆਪਨੇ ਅਤੇ ਪਰਿਵਾਰ ਨੇ ਕਦੀਂ ਮੱਥੇ ਵੱਟ ਨਹੀਂ ਪਾਇਆ। ਆਪ 26 ਅਤੂਬਰ ਇਸ ਫਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਜਸਵੰਤ ਸਿੰਘ ਡਡਹੇੜੀ ਦਾ ਪੱਤਰਕਾਰੀ ਅਤੇ ਸਾਹਿਤਕ ਖੇਤਰ ਵਿਚ ਪਾਇਆ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਇਆ ਕਰੇਗਾ।

Comments are closed.

COMING SOON .....


Scroll To Top
11